ਨਵੀਂ ਦਿੱਲੀ : ਅੱਜਕਲ੍ਹ ਸੈਕੰਡ ਹੈਂਡ ਕਾਰਾਂ ਦੀ ਮੰਗ ਵਧਦੀ ਜਾ ਰਹੀ ਹੈ ਜਿਨ੍ਹਾਂ ਵਿਚ ਕੁਝ ਲੋਕ ਅਜਿਹੇ ਹਨ ਜਿਹੜੇ ਪਹਿਲੀ ਵਾਰ ਕਾਰ ਚਲਾਉਣ ਲਈ ਪੁਰਾਣੀਆਂ ਕਾਰਾਂ ਦਾ ਇਸਤੇਮਾਲ ਕਰਦੇ ਹਨ। ਲੜਕਾ ਹੋਵੇ ਜਾਂ ਲੜਕੀ, ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਵੀ ਚੰਗੀ ਡਰਾਈਵਿੰਗ ਆਵੇ, ਪਰ ਆਤਮ ਵਿਸ਼ਵ ਦੀ ਘਾਟ ਕਾਰਨ ਕਾਫ਼ੀ ਲੜਕੇ ਤੇ ਲੜਕੀਆਂ ਡਰਾਈਵਿੰਗ ਸਿੱਖਣ ਤੋਂ ਪਿੱਛੇ ਹਟ ਜਾਂਦੇ ਹਨ। ਅੱਜ ਅਸੀਂ ਆਪਣੀ ਇਸ ਖ਼ਬਰ 'ਚ ਉਨ੍ਹਾਂ ਲੋਕਾਂ ਲਈ ਕੁਝ ਟਿਪਸ ਲਿਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਆਸਾਨੀ ਨਾਲ ਕਾਰ ਚਲਾਉਣੀ ਸਿੱਖੀ ਜਾ ਸਕਦੀ ਹੈ ਅਤੇ ਇਹ ਤੁਹਾਡੇ ਕਾਫ਼ੀ ਕੰਮ ਵੀ ਆਵੇਗੀ।

ਕਾਰ ਬਾਰੇ ਲਓ ਸਹੀ ਜਾਣਕਾਰੀ : ਜੇਕਰ ਤੁਸੀਂ ਪਹਿਲੀ ਵਾਰ ਕਾਰ ਚਲਾਉਣੀ ਸਿੱਖ ਰਹੇ ਹੋ ਤਾਂ ਕਾਰ ਬਾਰੇ ਸਹੀ ਜਾਣਕਾਰੀ ਲੈਣੀ ਤੁਹਾਡੇ ਲਈ ਜ਼ਰੂਰੀ ਹੈ। ਇਸ ਲਈ ਤੁਹਾਨੂੰ ਸਟਿਅਰਿੰਗ, ਗਿਅਰ, ਕਲੱਚ, ਬ੍ਰੇਕ, ਐਕਸਲਰੇਟਰ ਅਤੇ ਹੈਂਡ ਬ੍ਰੇਕ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਜੋ ਡਰਾਈਵਿੰਗ ਦੌਰਾਨ ਇਹ ਜਾਣਕਾਰੀਆਂ ਤੁਹਾਡੇ ਕੰਮ ਆਉਣ।

ਸੀਟਿੰਗ ਪੁਜ਼ੀਸ਼ਨ : ਡਰਾਈਵਰ ਸੀਟ 'ਤੇ ਕਾਰ 'ਚ ਬੈਠਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੀ ਹਾਈਟ ਦੇ ਹਿਸਾਬ ਨਾਲ ਸੀਟ ਐਡਜਸਟ ਕਰੋ ਅਤੇ ਸਟਿਅਰਿੰਗ ਨੂੰ ਵੀ ਆਪਣੇ ਅਨੁਸਾਰ ਐਡਜਸਟ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਸਟਿਅਰਿੰਗ ਦੀ ਸਹੀ ਪਕੜ, ਆਸਾਨੀ ਨਾਲ ਬ੍ਰੇਕ ਅਤੇ ਕਲੱਚ ਤਕ ਪਹੁੰਚ ਰੱਖ ਸਕੋਗੇ ਤਾਂ ਜੋ ਇਨ੍ਹਾਂ ਦੇ ਇਸਤੇਮਾਲ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।

ਧਿਆਨ ਦੇਣਾ ਹੈ ਜ਼ਰੂਰੀ : ਡਰਾਈ ਕਰਨ ਦੌਰਾਨ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਇਕਾਗਰਤਾ ਪੂਰੀ ਤਰ੍ਹਾਂ ਡਰਾਈਵਿੰਗ 'ਤੇ ਹੈ। ਇਸ ਲਈ ਰਿਅਰ ਵਿਊ ਮਿਰਰ ਅਤੇ ਸਾਈਡ ਮਿਰਰ ਨੂੰ ਆਪਣੇ ਮੁਤਾਬਿਕ ਸੈੱਟ ਕਰ ਲਓ ਤਾਂ ਜੋ ਤੁਹਾਡੀਆਂ ਨਜ਼ਰਾਂ ਚਾਰੋ ਪਾਸੇ ਰਹਿਣ।

ਡਰਾਈਵਿੰਗ ਦੌਰਾਨ ਸ਼ਾਂਤ ਰੱਖੋ ਦਿਮਾਗ਼ : ਹਮੇਸ਼ਾ ਤੁਹਾਡਾ ਸਾਰਾ ਧਿਆਨ ਗੱਡੀ ਚਲਾਉਂਦੇ ਸਮੇਂ ਡਰਾਈਵਿੰਗ 'ਤੇ ਹੋਣਾ ਜ਼ਰੂਰੀ ਹੈ ਤੇ ਇਸ ਦੇ ਲਈ ਦਿਮਾਗ਼ ਦਾ ਸ਼ਾਂਤ ਹੋਣਾ ਬੇਹੱਦ ਜ਼ਰੂਰੀ ਹੈ। ਦਿਮਾਗ਼ ਸ਼ਾਂਤ ਨਾ ਰਹਿਣ 'ਤੇ ਕਿਸੇ ਉਲਝਣ 'ਚ ਆ ਕੇ ਬ੍ਰੇਕ ਦੀ ਬਜਾਏ ਐਕਸਲਰੇਟਰ 'ਤੇ ਪੈਰ ਰੱਖ ਦਿੰਦੇ ਹਨ ਜਿਸ ਕਾਰਨ ਅਕਸਰ ਉਹ ਹਾਦਸਾਗ੍ਰਸਤ ਹੋ ਜਾਂਦੇ ਹਨ। ਇਸ ਲਈ ਸ਼ਾਂਤ ਚਿੱਤ ਨਾਲ ਡਰਾਈਵ ਕਰਨ 'ਤੇ ਤੁਸੀਂ ਬਿਹਤਰ ਤਰੀਕੇ ਨਾਲ ਗੱਡੀ ਚਲਾ ਸਕੋਗੇ ਅਤੇ ਤੁਹਾਡਾ ਧਿਆਨ ਵੀ ਡਰਾਈਵਿੰਗ 'ਤੇ ਰਹੇਗਾ।

ਸੜਕ 'ਤੇ ਬਣਾਓ ਢੁਕਵੀਂ ਦੂਰੀ : ਜਦੋਂ ਵੀ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਸੜਕ 'ਤੇ ਢੁਕਵੀਂ ਦੂਰੀ ਬਣਾ ਕੇ ਰੱਖੋ। ਅਜਿਹਾ ਇਸ ਲਈ ਕਿਉਂਕਿ ਕਈ ਵਾਰ ਅੱਗੇ ਚੱਲ ਰਹੀ ਗੱਡੀ ਅਚਾਨਕ ਬ੍ਰੇਕ ਮਾਰ ਦਿੰਦੀ ਹੈ ਤੇ ਤੁਸੀਂ ਡਰਾਈਵਿੰਗ 'ਚ ਨਵੇਂ-ਨਵੇਂ ਹੋਣ ਕਾਰਨ ਗੱਡੀ ਠੋਕ ਦਿੰਦੇ ਹੋ। ਇਸ ਲਈ ਇਸ ਗੱਲ ਦਾ ਵੀ ਧਿਆਨ ਰੱਖੋ ਤੇ ਘੱਟ ਸਪੀਡ 'ਚ ਹੀ ਗੱਡੀ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਢੁਕਵੀਂ ਦੂਰੀ 'ਤੇ ਚਲਾਓ।

Posted By: Seema Anand