ਜ਼ਿੰਦਗੀ ਇਕ ਅਖਾੜਾ ਹੈ। ਇਸ ਅਖਾੜੇ ਵਿਚ ਮਨੁੱਖ ਕਈ ਤਰ੍ਹਾਂ ਦੇ ਘੋਲ ਕਰਦਾ ਰਹਿੰਦਾ ਹੈ। ਇਨ੍ਹਾਂ ਘੋਲਾਂ ਵਿਚ ਕਦੇ ਮਨੁੱਖ ਜਿੱਤ ਦਾ ਮਾਣ ਪ੍ਰਾਪਤ ਕਰਦਾ ਹੈ ਤੇ ਕਦੇ ਹਾਰ ਵੀ ਮੂੰਹ ਦਿਖਾÀੁਂਦੀ ਹੈ। ਦਰਅਸਲ ਜ਼ਿੰਦਗੀ ਇਕ ਘੋਲ ਹੈ। ਜਿਹੜਾ ਇਸ ਘੋਲ ਨੂੰ ਆਪਣੇ ਜੀਵਨ ਲਈ ਜ਼ਰੂਰੀ ਮੰਨਕੇ ਸੰਘਰਸ਼ ਕਰਦਾ ਹੈ, ਉਹੀ ਮਨੁੱਖ ਜ਼ਿੰਦਗੀ ਨੂੰ ਮਾਣ ਸਕਦਾ ਹੈ। ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ। ਹਰੇਕ ਮਨੁੱਖ ਆਰੰਭ ਤੋਂ ਅੰਤ ਸਮੇਂ ਤਕ ਸੰਘਰਸ਼ ਕਰਦਾ ਹੈ। ਸੰਘਰਸ਼ ਹੀ ਮਨੁੱਖ ਨੂੰ ਮਹਾਨ ਬਣਾਉਦਾ ਹੈ। ਜਿਹੜੇ ਵਿਅਕਤੀ ਸਵੈਮਾਣ ਨਾਲ ਜਿਊਂਦੇ ਹੋਏ, ਸੰਘਰਸ਼ ਤੋਂ ਬਿਨਾਂ ਘਬਰਾਏ ਅਗਾਂਹ ਵਧਦੇ ਰਹਿੰਦੇ ਹਨ ਓਹੀ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਾਉਂਦੇ ਹਨ। ਮਨੁੱਖ ਨੂੰ ਆਪਣੇ ਤੇ ਦੂਜਿਆਂ ਲਈ ਸਰਵੋਤਮ ਜ਼ਿੰਦਗੀ ਵਾਸਤੇ ਸੁਖਾਵਾਂ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਜਿਸ ਨਾਲ ਦੇਸ਼ ਤਰੱਕੀ ਦੀਆਂ ਸਿਖ਼ਰਾਂ ਨੂੰ ਛੂਹੇ। ਕਿਉਂਕਿ ਤਰੱਕੀ ਪਸੰਦ ਲੋਕ ਦੂਜਿਆਂ ਨੂੰ ਪ੍ਰੇਰਨਾ ਦੇ ਨਾਲ-ਨਾਲ ਚਾਨਣ ਮੁਨਾਰਾ ਬਣਨਗੇ। ਜਿਸ ਨਾਲ ਸਮਾਜ ਤਰੱਕੀ ਦੀਆਂ ਲੀਹਾਂ ਵੱਲ ਵਧੇਗਾ ਤੇ ਲੋਕਾਂ ਲਈ ਨਵੇਂ ਰਾਹ ਖੁਲ੍ਹਣਗੇ। ਸਾਨੂੰ ਹਮੇਸ਼ਾ ਆਪਣਾ ਫਰਜ਼ ਪਛਾਣਦੇ ਹੋਏ ਮਨੁੱਖਤਾ ਦੇ ਭਲੇ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।

ਗਤੀਸ਼ੀਲਤਾ ਹੈ ਜ਼ਰੂਰੀ

ਸਰੀਰ ਨੂੰ ਗਤੀਸ਼ੀਲ ਰੱਖਣ ਲਈ ਸਾਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਕਿÀੁਂਕਿ ਕੰਮ ਤੋਂ ਬਿਨਾਂ ਨਾ ਸਰੀਰ ਦੀ ਸੁੰਦਰਤਾ ਕਾਇਮ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਜ਼ਿੰਦਗੀ ਜਿਊਣ ਜੋਗੀ ਹੁੰਦੀ ਹੈ। ਇਕ ਕਹਾਵਤ ਹੈ ਕੰਮ ਹੀ ਪੂਜਾ ਹੈ। ਕੰਮ ਹੀ ਵਿਅਕਤੀ ਦੀ ਅਸਲੀ ਪਛਾਣ ਬਣਾÀੁਂਦਾ ਹੈ। ਵਿਅਕਤੀ ਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਜੋ ਉਸਦੇ ਬਾਰੇ ਬੋਲੇ। ਜਦੋਂ ਤੁਹਾਡਾ ਕੰਮ ਬੋਲਦਾ ਹੈ ਫਿਰ ਖ਼ੁਦ ਕੁਝ ਬੋਲਣ ਦੀ ਲੋੜ ਨਹੀਂ ਰਹਿੰਦੀ। ਕੰਮ ਕਰਨ ਨਾਲ ਜਿੱਥੇ ਵਿਅਕਤੀ ਦਾ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ ਉੱਥੇ ਕੰਮ ਨਾਲ ਮਿਲੀ ਪਛਾਣ ਵੀ ਉਮਰ ਭਰ ਰਹਿੰਦੀ ਹੈ। ਕੰਮ ਨਾਲ ਪ੍ਰੇਮ ਕਰਨ ਵਾਲੇ ਇਨਸਾਨ ਦਾ ਜੀਵਨ ਸੁੱਖਮਈ ਹੁੰਦਾ ਹੈ। ਗ਼ਮ ਅਤੇ ਉਦਾਸੀ ਦਾ ਸਰਵੋਤਮ ਇਲਾਜ ਕੰਮਕਾਰ ਵਿਚ ਰੁਝੇ ਰਹਿਣਾ ਹੈ। ਕੋਈ ਵੀ ਵਿਅਕਤੀ ਜਨਮ ਤੋਂ ਮਹਾਨ ਨਹੀਂ ਹੁੰਦਾ ਆਪਣੇ ਕੰਮ ਨਾਲ ਮਹਾਨ ਬਣਦਾ ਹੈ। ਸਾਨੂੰ ਆਪਣਾ ਕੰਮ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਭਵਿੱਖ ਵਿਚ ਪਰੇਸ਼ਾਨੀਆਂ ਤੋ ਬਚ ਸਕੀਏ। ਜਿੰਨਾ ਅਸੀਂ ਕਿਸੇ ਕੰਮ ਦੇ ਪ੍ਰਤੀ ਗਹਿਰਾਈ ਵਿਚ ਜਾਵਾਂਗੇ, ਓਨਾ ਹੀ ਅਸੀਂ ਉੱਪਰ ਉਠਦੇ ਜਾਵਾਂਗੇ। ਜ਼ਿੰਦਗੀ ਵਿਚ ਮਨੁੱਖ ਨੂੰ ਸੱਚ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਸੱਚ 'ਤੇ ਚੱਲਣ ਵਾਲਾ ਮਨੁੱਖ ਦਿਲ ਦਾ ਸਾਫ਼ ਹੁੰਦਾ ਹੈ। ਸੱਚ 'ਤੇ ਚੱਲਣ ਵਾਲੇ ਮਨੁੱਖ ਜ਼ਿੰਦਗੀ ਵਿਚ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਦੇ। ਸੱਚ ਦਾ ਪੱਲਾ ਫੜਕੇ ਜਿਉੂਣ ਵਾਲੇ ਮਨੁੱਖ ਜ਼ਿੰਦਗੀ ਵਿਚ ਬੇਝਿਜਕ ਹੋ ਕੇ ਅਤੇ ਬਿਨਾਂ ਭੈਅ ਦੇ ਜੀਵਨ ਬਸਰ ਕਰਦੇ ਹਨ। ਭਾਵੇਂ ਸੱਚ ਦਾ ਰਾਹ ਮੁਸ਼ਕਿਲ ਹੈ। ਸੱਚ ਦੇ ਰਾਹ 'ਤੇ ਹਜ਼ਾਰਾਂ ਚੱਲਣ ਦੀ ਸੋਚਦੇ ਹਨ ਪਰ ਸੌ ਹੀ ਚੱਲ ਪਾÀਂਦੇ ਹਨ। ਨੌਂ ਸੌ ਤਾਂ ਸੋਚਦੇ ਹੀ ਰਹਿ ਜਾਂਦੇ ਹਨ। ਜੋ ਸੌ ਚੱਲਦੇ ਹਨ ਉਨ੍ਹਾਂ 'ਚੋਂ ਸਿਰਫ਼ 10 ਹੀ ਪਹੁੰਚਦੇ ਹਨ। ਨੱਬੇ ਤਾਂ ਰਾਹ ਵਿਚ ਹੀ ਭਟਕ ਜਾਂਦੇ ਹਨ ਅਤੇ ਜੋ 10 ਪਹੁੰਚਦੇ ਹਨ ਉਨ੍ਹਾਂ ਵਿੱਚੋਂ ਇਕ ਹੀ ਸੱਚ ਤਕ ਪਹੁੰਚਦਾ ਹੈ। 9 ਫਿਰ ਵੀ ਕਿਨਾਰੇ 'ਤੇ ਆ ਕੇ ਡੁੱਬ ਜਾਂਦੇ ਹਨ। ਤਾਂ ਹੀ ਕਹਿੰਦੇ ਹਨ ਕਿ ਸੱਚ ਇਕ ਹੈ। ਸੱਚ ਵਿਚ ਬਹੁਤ ਵੱਡੀ ਤਾਕਤ ਹੈ। ਜੀਵਨ ਵਿਚ ਹੱਕ ਸੱਚ ਦੇ ਮਾਰਗ 'ਤੇ ਮਨੁੱਖ ਨੂੰ ਚੱਲਣਾ ਚਾਹੀਦਾ ਹੈ। ਇਹੋ ਸੱਚੀ ਸੁੱਚੀ ਮਨੁੱਖਤਾ ਅਤੇ ਮਾਨਵਤਾ ਹੈ। ਸੱਚ ਪਰੇਸ਼ਾਨ ਤਾਂ ਹੋ ਸਕਦਾ ਹੈ ਪਰ ਹਾਰ ਕਦੇ ਨਹੀਂ ਸਕਦਾ।

ਸਮੇਂ ਦਾ ਮਹੱਤਵ

ਜ਼ਿੰਦਗੀ ਵਿਚ ਸਮੇਂ ਦਾ ਬਹੁਤ ਮਹੱਤਵ ਹੈ। ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ। ਸਮੇਂ ਦੀ ਤੋਰ ਕਦੇ ਵੀ ਇਕੋ ਜਿਹੀ ਨਹੀਂ ਰਹਿੰਦੀ। ਇਹ ਲਗਾਤਾਰ ਆਪਣੀ ਚਾਲੇ ਚਲਦੀ ਬਦਲਦੀ ਰਹਿੰਦੀ ਹੈ। ਸਮਾਂ ਬਹੁਤ ਕੀਮਤੀ ਹੈ। ਜ਼ਿੰਦਗੀ ਵਿਚ ਹਰ ਪਲ ਦਾ ਆਪਣਾ ਮਹੱਤਵ ਹੈ। ਜ਼ਿੰਦਗੀ 'ਚ ਹਰ ਸਾਲ ਦਾ ਮਹੱਤਵ ਹੈ। ਇਹ ਇਸੇ ਸਾਲ ਫੇਲ੍ਹ ਹੋਇਆ ਵਿਦਿਆਰਥੀ ਹੀ ਦੱਸ ਸਕਦਾ ਹੈ। ਸੱਤ ਦਿਨ ਦੇ ਮਹੱਤਵ ਬਾਰੇ ਹਫ਼ਤਾਵਾਰੀ ਮੈਗਜ਼ੀਨ ਦੇ ਸੰਪਾਦਕ ਨੂੰ ਮਿਲਕੇ ਜਾਣਿਆ ਜਾ ਸਕਦਾ ਹੈ। ਇਕ ਦਿਨ ਦਾ ਮਹੱਤਵ ਦਿਹਾੜੀਦਾਰ ਮਜ਼ਦੂਰ ਹੀ ਦੱਸ ਸਕਦਾ ਹੈ। ਜਿਸ ਨੂੰ ਇਕ ਦਿਨ ਮਜ਼ਦੂਰੀ ਨਹੀਂ ਮਿਲੀ। ਇਕ ਮਹੀਨੇ ਦੇ ਮਹੱਤਵ ਬਾਰੇ ਉਹ ਮਾਂ ਦੱਸ ਸਕਦੀ ਹੈ ਜਿਸ ਨੇ ਅੱਠ ਮਹੀਨੇ ਵਾਲੇ ਬੱਚੇ ਨੂੰ ਜਨਮ ਦਿੱਤਾ। ਇਕ ਮਿੰਟ ਦਾ ਮਹੱਤਵ ਉਸ ਕਿਸਮਤ ਵਾਲੇ ਨੂੰ ਪੁੱਛੋ ਜੋ ਵਰਲਡ-ਟਰੇਡ-ਸੈਂਟਰ ਦੀ ਇਮਾਰਤ ਡਿੱਗਣ ਤੋਂ ਠੀਕ ਇਕ ਮਿੰਟ ਪਹਿਲਾਂ ਹੀ ਬਾਹਰ ਸੁਰੱਖਿਅਤ ਨਿਕਲਿਆ ਸੀ। ਇਕ ਸੈਕੰਡ ਦਾ ਮਹੱਤਵ ਉਸ ਦੌੜਾਕ ਤੋਂ ਪੁੱਛੋ ਜੋ ਇਸੇ ਇਕ ਸੈਕੰਡ ਦੀ ਵਜ੍ਹਾ ਨਾਲ ਸੋਨੇ ਦਾ ਮੈਡਲ ਜਿੱਤਦਾ-ਜਿੱਤਦਾ ਚਾਂਦੀ ਦੇ ਮੈਡਲ 'ਤੇ ਰਹਿ ਗਿਆ। ਇਕ ਘੰਟੇ ਦਾ ਮਹੱਤਵ ਜਾਨਣਾ ਹੈ ਤਾਂ ਸਿਕੰਦਰ ਤੋਂ ਪੁੱਛੋ ਜਿਸ ਨੂੰ ਅੱਧਾ ਸੂਬਾ ਦੇ ਕੇ ਇਕ ਘੰਟੇ ਦੀ ਮੌਤ ਨੂੰ ਟਾਲਣ ਦੀ ਅਪੀਲ ਕੀਤੀ ਸੀ। ਜ਼ਿੰਦਗੀ ਵਿਚ ਸਭ ਕੁਝ ਸੋਚ 'ਤੇ ਹੀ ਨਿਰਭਰ ਹੈ। ਮਨੁੱਖ ਨੂੰ ਹਮੇਸ਼ਾ ਸਹੀ ਸੋਚ ਅਪਣਾਉਣੀ ਚਾਹੀਦੀ ਹੈ। ਸੋਚ ਉੱਚੀ ਹੋਣੀ ਚਾਹੀਦੀ ਹੈ। ਸੋਚ ਉਚੀ ਹੋਣ 'ਤੇ ਰੁਤਬਾ ਆਪੇ ਉੱਚਾ ਹੋ ਜਾਂਦਾ ਹੈ। ਚੰਗੀ ਸੋਚ, ਚੰਗੇ ਵਿਚਾਰ, ਚੰਗੀ ਭਾਵਨਾ ਮਨ ਨੂੰ ਹਲਕਾ ਕਰਦੇ ਹਨ। ਮਨੁੱਖ ਮਹਾਨਤਾ ਦੇ ਸਭ ਤੋਂ ਨੇੜੇ ਉਦੋਂ ਹੁੰਦਾ ਹੈ ਜਦੋਂ ਉਹ ਨਿਮਰਤਾ ਵਿਚ ਮਹਾਨ ਹੁੰਦਾ ਹੈ। ਮਨੁੱਖ ਜੋ ਕੁਝ ਵੀ ਸੋਚਦਾ ਹੈ, ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਸੋਚ ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਣਾਉਂਦੀ ਹੈ। ਸੋਚ ਹੀ ਵਿਅਕਤੀ ਨੂੰ ਉਚਾਈ ਜਾਂ ਨਿਵਾਣ ਵੱਲ ਲੈ ਕੇ ਜਾਂਦੀ ਹੈ। ਸੋਚ ਮਨੁੱਖ ਦੇ ਨਜ਼ਰੀਏ ਤੇ ਨਿਰਭਰ ਕਰਦੀ ਹੈ। ਮਨੁੱਖ ਨੂੰ ਹਮੇਸ਼ਾ ਹੀ ਸਕਾਰਾਤਮਕ ਸੋਚ ਅਪਣਾਕੇ ਆਪਣੇ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।

ਖ਼ੁਸ਼ੀ ਲਈ ਸਥਿਤੀ ਬਦਲਣ ਨੂੰ ਦਿਓ ਪਹਿਲ

ਦੁਨੀਆ ਵਿਚ ਹਰ ਵਿਅਕਤੀ ਖ਼ੁਸ਼ ਰਹਿਣਾ ਚਾਹੁੰਦਾ ਹੈ ਪਰ ਅੱਜ ਦੇ ਸਮੇਂ 'ਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਖ਼ੁਸ਼ ਰਹਿਣਾ ਮੁਸ਼ਕਿਲ ਕੰਮ ਹੋ ਗਿਆ ਹੈ। ਜਦੋਂ ਤੁਸੀਂ ਕਿਸੇ ਵੱਡੇ ਬਜ਼ੁਰਗ ਦੇ ਪੈਰ ਛੂੰਹਦੇ ਹੋ ਤਾਂ ਉਹ ਅਸੀਸ ਦੇ ਰੂਪ ਵਿਚ ਤੁਹਾਨੂੰ ਖ਼ੁਸ਼ ਰਹੋ ਕਹਿੰਦੇ ਹਨ। ਤੁਸੀਂ ਵੀ ਆਪਣੇ ਨਾਲੋਂ ਛੋਟੇ ਨੂੰ ਅਸੀਸ ਦੇਣ ਵੇਲੇ ਖ਼ੁਸ਼ ਰਹੋ ਕਹਿੰਦੇ ਹੋ। ਪਰ ਹਰ ਵਿਅਕਤੀ ਉਦਾਸ ਹੈ। ਭਾਵੇ ਉਹ ਸਫਲ ਹੋਵੇ, ਭਾਵੇਂ ਸੰਘਰਸ਼ਸ਼ੀਲ ਭਾਵੇਂ ਜਵਾਨ ਹੋਵੇ ਜਾਂ ਬਜ਼ੁਰਗ, ਸਿਹਤਮੰਦ ਹੋਵੇ ਜਾਂ ਬਿਮਾਰ। ਹਰੇਕ ਵਿਅਕਤੀ ਕੋਲ ਕਾਸ਼ ਦੇ ਆਪਣੇ ਕਾਰਨ ਹਨ। ਜਿਨ੍ਹਾਂ ਨੂੰ ਸਹੀ ਮੰਨਦਿਆਂ ਉਹ ਨਾਖ਼ੁਸ਼ ਰਹਿੰਦਾ ਹੈ ਅਤੇ ਅਖੀਰ ਵਿਚ ਡਿਪਰੈਸ਼ਨ ਦੇ ਜਾਲ ਵਿਚ ਉਲਝ ਜਾਂਦਾ ਹੈ। ਜਿੱਥੋਂ ਉਹ ਇਕੱਲਾ ਬਾਹਰ ਨਹੀਂ ਨਿਕਲ ਸਕਦਾ। ਅਜਿਹੇ ਵੇਲੇ ਉਸ ਨੂੰ ਇਕ ਉੱਚ ਸ਼ਕਤੀ ਦੀ ਮਦਦ ਦੀ ਲੋੜ ਹੁੰਦੀ ਹੈ। ਜੋ ਉਸ ਨੂੰ ਉਦਾਸੀ ਦੇ ਜਾਲ ਵਿੱਚੋਂ ਬਾਹਰ ਕੱਢੇ। ਇਸੇ ਉੱਚ ਸ਼ਕਤੀ ਨੂੰ ਗੁਰੂ ਕਿਹਾ ਗਿਆ ਹੈ। ਉਦਾਸੀ ਦੀ ਸਿਖ਼ਰ ਅਵਸਥਾ ਵਿਅਕਤੀ ਅੰਦਰ ਖ਼ੁਸ਼ੀਆਂ ਮਹਿਸੂਸ ਕਰਨ ਦੀ ਸਮਰੱਥਾ ਘਟ ਕਰ ਦਿੰਦੀ ਹੈ। ਖ਼ੁਸ਼ੀਆਂ ਨੂੰ ਲੱਭਣਾ ਪੈਂਦਾ ਹੈ। ਜੇ ਤੁਸੀ ਖ਼ੁਸ਼ੀ ਨੂੰ ਆਪਣੇ ਜੀਵਨ ਵਿਚ ਲੱਭ ਨਹੀਂ ਸਕਦੇ ਤਾਂ ਕਿਸੇ ਹੋਰ ਵਿਅਕਤੀ ਦੀ ਖ਼ੁਸ਼ੀ ਦਾ ਕਾਰਨ ਜ਼ਰੂਰ ਬਣਨਾ ਚਾਹੀਦਾ ਹੈ। ਇਸ ਪ੍ਰਕਿਰਿਆ ਨਾਲ ਤੁਸੀਂ ਵੀ ਖ਼ੁਸ਼ ਹੋ ਜਾਉਂਗੇ। ਕਿਸੇ ਹੋਰ ਵਿਅਕਤੀ ਨੂੰ ਤੁਸੀਂ ਖ਼ੁਸ਼ੀ ਦਿਉਗੇ ਤਾਂ ਉਸ ਵੇਲੇ ਤੁਹਾਨੂੰ ਵੀ ਬਹੁਤ ਚੰਗਾ ਲੱਗੇਗਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਹਮੇਸ਼ਾ ਪਰਮਾਤਮਾ ਪ੍ਰਤੀ ਸ਼ੁਕਰਗੁਜ਼ਾਰ ਰਹੋ। ਇਸ ਕੰਮ ਵਿਚ ਗੁਰੂ ਤੁਹਾਨੂੰ ਉਤਸ਼ਾਹਤ ਕਰਨਗੇ। ਪਰ ਸ਼ਰਧਾ ਤੇ ਵਿਸ਼ਵਾਸ ਤਾਂ ਤੁਹਾਡੇ ਵਿਚ ਹੋਣਾ ਹੀ ਚਾਹੀਦਾ ਹੈ। ਖ਼ੁਸ਼ ਰਹਿਣ ਲਈ ਦੋ ਗੱਲਾਂ ਦਾ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ। ਪਹਿਲੀ ਗੱਲ ਸਥਿਤੀ ਨੂੰ ਬਦਲਣ ਦੀ ਪਹਿਲ ਕਰੋ ਜੋ ਤੁਹਾਨੂੰ ਦੁਖੀ ਕਰ ਰਹੀ ਹੈ। ਦੂਜੀ ਜੇ ਸਥਿਤੀ ਬਦਲਣਾ ਸੰਭਵ ਨਾ ਹੋਵੇ ਤਾਂ ਉਸਦੇ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਮਝੋ ਜ਼ਿੰਦਗੀ ਦੇ ਗੁੱਝੇ ਭੇਤ

ਜੀਵਨ ਬਹੁਤ ਭੇਤ ਭਰਿਆ ਹੈ। ਜੀਵਨ ਨੂੰ ਸਮਝ ਸਕਣਾ ਆਸਾਨ ਨਹੀਂ ਹੈ। ਜੀਵਨ ਅਥਾਹ ਸਮੁੰਦਰ ਵਾਂਗ ਕਦੇ ਨਾ ਖ਼ਤਮ ਹੋਣ ਵਾਲਾ ਅਤੇ ਗੁੱਝਾ ਵਿਸ਼ਾ ਹੈ। ਇਸ ਵਿਚ ਜਿੰਨਾ ਗੋਤਾ ਲਾਉਂਦੇ ਜਾਵੋਗੇ ਓਨੇ ਹੀ ਨਵੇਂ ਭੇਤ ਮਿਲਦੇ ਜਾਣਗੇ। ਕੋਈ ਨਹੀਂ ਜਾਣਦਾ ਕਿ ਪੈਦਾ ਹੋਣ ਤੋਂ ਪਹਿਲਾਂ ਅਸੀਂ ਕਿੱਥੇ ਸੀ ਅਤੇ ਮੌਤ ਤੋਂ ਬਾਅਦ ਕਿੱਥੇ ਜਾਵਾਂਗੇ। ਸਾਨੂੰ ਕੱਲ੍ਹ ਦਾ ਪਤਾ ਨਹੀਂ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ। ਸਮੇਂ, ਕਾਲ ਤੇ ਸਥਿਤੀ ਅਨੁਸਾਰ ਸਭ ਕੁਝ ਬਦਲ ਜਾਂਦਾ ਹੈ। ਜੋ ਅੱਜ ਬਹੁਤ ਪਿਆਰਾ ਹੈ, ਹੋ ਸਕਦਾ ਹੈ ਕੱਲ੍ਹ ਪਿਆਰਾ ਨਾ ਰਹੇ। ਰੱਬੀ ਭਗਤੀ ਹੀ ਅਜਿਹਾ ਰਸਤਾ ਹੈ, ਜੋ ਜੀਵਨ ਦੇ ਭੇਤਾਂ ਨੂੰ ਆਸਾਨੀ ਨਾਲ ਹੱਲ ਕਰ ਦਿੰਦੀ ਹੈ ਅਤੇ ਇਨਸਾਨ ਦੇ ਜੀਵਨ ਨੂੰ ਪਾਰ ਲਾ ਦਿੰਦੀ ਹੈ। ਜਦੋਂ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਤਾਂ ਜੀਵਨ ਵਿਚ ਕੋਈ ਭੇਦ ਨਹੀਂ ਬਚਦਾ। ਇਨਸਾਨ ਨੂੰ ਸੰਸਾਰਕ ਦੁੱਖ ਝੂਠੇ ਲੱਗਣ ਲੱਗਦੇ ਹਨ ਅਤੇ ਵਿਅਕਤੀ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠਕੇ ਕਦੇ ਨਾ ਖ਼ਤਮ ਹੋਣ ਵਾਲੀ ਆਨੰਦ ਦੀ ਸਥਿਤੀ ਵਿਚ ਪਹੁੰਚ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਨਸਾਨੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਭਗਤੀ ਇਨ੍ਹਾਂ ਪੰਜ ਦੁਸ਼ਮਣਾਂ ਤੋਂ ਬਚਾਅ ਕਰਦੀ ਹੈ। ਅਜਿਹੀ ਹਾਲਤ ਵਿਚ ਇਨਸਾਨ ਲਈ ਪੂਰਾ ਬ੍ਰਹਿਮੰਡ ਆਪਣਾ ਹੁੰਦਾ ਹੈ ਤੇ ਕੋਈ ਪਰਾਇਆ ਨਹੀਂ ਰਹਿੰਦਾ। ਵਿਅਕਤੀ ਦਾ ਮਨ ਪ੍ਰੇਮਮਈ ਜੋ ਜਾਂਦਾ ਹੈ ਤੇ ਉਹ ਸਾਰਿਆਂ ਨਾਲ ਪਿਆਰ ਕਰਨ ਲੱਗਦਾ ਹੈ। ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਤਾਂ ਬ੍ਰਹਿੰਮਡ ਵਿਚ ਪੱਤਾ ਵੀ ਨਹੀਂ ਹਿੱਲ ਸਕਦਾ। ਪਰਮਾਤਮਾ ਸਮੇਂ-ਸਮੇਂ 'ਤੇ ਆਪਣੀ ਸ਼ਕਤੀ ਦਾ ਅਹਿਸਾਸ ਵੀ ਕਰਵਾਉਂਦਾ ਰਹਿੰਦਾ ਹੈ।

ਨਾ ਕਰੋ ਧਨ ਦੌਲਤ ਦਾ ਹੰਕਾਰ

ਆਮ ਤੌਰ 'ਤੇ ਜਦੋਂ ਧਨ ਦੌਲਤ ਲੋਕਾਂ ਕੋਲ ਵਧ ਜਾਂਦੀ ਹੈ ਤਾਂ ਉਹ ਖ਼ੁਦ ਨੂੰ ਵੱਡੇ ਸਮਝਣ ਲੱਗ ਪੈਂਦੇ ਹਨ ਅਤੇ ਬਾਕੀ ਲੋਕਾਂ ਤੋਂ ਦੂਰ ਰਹਿਣ ਲੱਗਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਅਜਿਹੇ ਵਿਅਕਤੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨਾਲ ਸਮਾਨਤਾ ਦਾ ਵਤੀਰਾ ਕਰਨਾ ਤਾਂ ਦੂਰ, ਉਨ੍ਹਾਂ ਨੂੰ ਵਿਅਰਥ ਸਮਝਦੇ ਹੋਏ ਬੇਧਿਆਨਾ ਕਰਨ ਲੱਗਦੇ ਹਨ। ਧਨ ਦੌਲਤ ਦਾ ਹੰਕਾਰ ਛੱਡਕੇ ਦੋਸਤਾਂ, ਰਿਸ਼ਤੇਦਾਰਾਂ ਨਾਲ ਸਮਾਨਤਾ ਦਾ ਵਤੀਰਾ ਕਰਨ ਦੇ ਨਾਲ-ਨਾਲ ਸਮਾਜ ਵਿਚ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਹੋ ਸਕੇ ਤਾਂ ਸਮਾਜ ਸੇਵੀ ਸੰਸਥਾਵਾਂ ਰਾਹੀਂ ਦੇਸ਼ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਿਨਾਂ ਸਵਾਰਥ ਮਦਦ ਦਾ ਮੁੱਲ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ। ਅਜਿਹੀ ਮਿਸ਼ਾਲ ਸਟੈਨਫੋਰਡ ਯੂਨੀਵਰਸਿਟੀ ਦੇ ਇਕ ਮਿਹਨਤੀ ਵਿਦਿਆਰਥੀ ਹਰਬਰਟ ਦੀ ਹੈ। ਪੜ੍ਹਾਈ ਦੌਰਾਨ ਇਕ ਵਾਰ ਹਰਬਰਟ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਗਈ ਤੇ ਪੜ੍ਹਾਈ ਦਾ ਖ਼ਰਚਾ ਜੁਟਾਉਣਾ ਉਸ ਲਈ ਮੁਸ਼ਕਿਲ ਹੋ ਗਿਆ ਸੀ। ਉਸਨੇ ਆਪਣੇ ਦੋਸਤਾਂ ਨਾਲ ਮਿਲੇ ਮਹਾਨ ਪਿਆਨੋਵਾਦਕ ਇਗਨੇਸੀ ਪੈਡਰੇਸਕੀ ਨੂੰ ਸੱਦਣ ਬਾਰੇ ਸੋਚਿਆ। ਇਨਗਨੇਸੀ ਦੇ ਮੈਨੇਜਰ ਨੇ 2 ਹਜ਼ਾਰ ਡਾਲਰ ਦੀ ਗਾਰੰਟੀ ਮੰਗੀ। ਹਰਬਰਟ ਤੇ ਉਸ ਦੇ ਦੋਸਤਾਂ ਨੇ ਅਮਾਨਤ ਦੇ ਤੌਰ 'ਤੇ 1600 ਡਾਲਰ ਜਮ੍ਹਾਂ ਕਰਵਾ ਦਿੱਤੇ ਅਤੇ 400 ਡਾਲਰ ਚੁਕਾਉਣ ਦਾ ਇਕਰਾਰਨਾਮਾ ਕਰ ਲਿਆ ਪਰ ਬਾਕੀ ਰਹਿੰਦੇ 400 ਡਾਲਰ ਇਕੱਠੇ ਨਹੀਂ ਕਰ ਸਕੇ। ਇਗਨੇਸੀ ਨੂੰ ਜਦੋਂ ਪਤਾ ਲੱਗਿਆ ਤਾ ਉਸ ਨੇ ਇਕਰਾਰਨਾਮਾ ਪਾੜ ਸੁੱਟਿਆ। ਇਗਨੇਸੀ ਨੇ 1600 ਡਾਲਰ ਮੁੰਡਿਆਂ ਨੂੰ ਵਾਪਸ ਕਰ ਦਿੱਤੇ ਅਤੇ ਬੋਲੇ ''ਮੈਨੂੰ ਪੜ੍ਹਾਈ ਪ੍ਰਤੀ ਲਗਨਸ਼ੀਲ ਬੱਚਿਆਂ ਤੋਂ ਕੁਝ ਨਹੀਂ ਚਾਹੀਦਾ। ਇਸ ਵਿੱਚੋਂ ਪ੍ਰੋਗਰਾਮ ਦਾ ਖ਼ਰਚਾ ਕੱਢ ਲੈ ਅਤੇ ਬਚੀ ਰਕਮ ਵਿੱਚੋ 10 ਫ਼ੀਸਦੀ ਆਪਣੇ ਮਿਹਨਤਾਨੇ ਦੇ ਤੌਰ 'ਤੇ ਰੱਖ ਲਓ, ਬਾਕੀ ਮੈਂ ਰੱਖ ਲਵਾਂਗਾ'' ਮੁੰਡੇ ਇਗਨੇਸੀ ਦੀ ਇਸ ਮਹਾਨਤਾ ਅੱਗੇ ਨਤਮਸਤਕ ਸਨ। ਸਮਾਂ ਲੰਘਦਾ ਗਿਆ ਇਗਨੇਸੀ ਪੋਲੈਂਡ ਦੇ ਪ੍ਰਧਾਨ ਮੰਤਰੀ ਬਣੇ। ਆਪਣੇ ਦੇਸ਼ ਦੇ ਭੁੱਖ ਨਾਲ ਤੜਫਦੇ ਹਜ਼ਾਰਾਂ ਲੋਕਾਂ ਲਈ ਭੋਜਨ ਜਟਾਉਣ ਲਈ ਉਹ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਦੀ ਮਦਦ ਸਿਰਫ ਯੂ.ਐੱਸ. ਫੂਡ ਰਿਲੀਫ ਬਿਊਰਾ ਦਾ ਅਧਿਕਾਰੀ ਹਰਬਰਟ ਹੁਵਰ ਕਰ ਸਕਦਾ ਸੀ। ਜਦੋ ਹਰਬਰਟ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਬਿਨ੍ਹਾਂ ਦੇਰੀ ਕੀਤਿਆਂ ਹਜ਼ਾਰਾਂ ਟਨ ਅਨਾਜ ਉੱਥੇ ਭਿਜਵਾ ਦਿੱਤਾ। ਇਗਨੇਸੀ ਨਿਜੀ ਤੋਰ ਤੇ ਹਰਬਰਟ ਨੂੰ ਧੰਨਵਾਦ ਦੇਣ ਲਈ ਗਏ। ਹਰਬਰਟ ਬੋਲਿਆ ''ਸਰ ਧੰਨਵਾਦ ਦੀ ਕੋਈ ਲੋੜ ਨਹੀਂ।'' ਕਾਲਜ ਵਿਚ ਤੁਸੀ ਮੇਰੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਕੀਤੀ ਸੀ। ਇਹ ਸੁਣ ਸਇਗਨੇਸੀ ਪੈਡਰੇਸਕ ਦੀਆਂ ਅੱਖਾਂ ਨਮ ਹੋ ਗਈਆ।

ਦੁੱਖ-ਸੁੱਖ ਸਮ ਕਰ ਜਾਣੋ

ਹਾਲਾਤ ਸਦਾ ਇਕੋ ਜਿਹੇ ਨਹੀਂ ਰਹਿੰਦੇ। ਜ਼ਿੰਦਗੀ ਵਿਚ ਮਾਫਕ ਤੇ ਉਲਟ ਦੋਵੇਂ ਤਰ੍ਹਾਂ ਦੇ ਹਾਲਾਤ ਆਉਂਦੇ ਹਨ। ਇਹ ਸੰਭਵ ਨਹੀਂ ਕਿ ਸਦਾ ਮਾਫਕ ਹਾਲਾਤ ਦਾ ਹੀ ਨਿਰਮਾਣ ਹੋਵੇ। ਜੋ ਅਸੀਂ ਚਾਹੁੰਦੇ ਹਾਂ ਉਹ ਕਈ ਵਾਰ ਮਾਫਕ ਹਾਲਾਤ ਵਿਚ ਪ੍ਰਾਪਤ ਹੋਣ ਦੇ ਨਾਲ-ਨਾਲ ਵਿਪਰੀਤ ਹਾਲਾਤ ਵਿਚ ਮਨਚਾਹਿਆ ਵਾਪਰ ਜਾਂਦਾ ਹੈ। ਸਾਡੀ ਬਿਰਤੀ ਦੋਵੇਂ ਤਰ੍ਹਾਂ ਦੇ ਹਾਲਾਤ ਵਿਚ ਇਕ ਤਰ੍ਹਾਂ ਦੀ ਬਣਨੀ ਚਾਹੀਦੀ ਹੈ। ਜਦੋਂ ਤਕ ਸਾਡੇ ਅੰਦਰ ਸੁੱਖ ਅਤੇ ਦੁੱਖ ਵਿਚ ਸੰਤੁਲਨ ਬਣਾਉਣ ਦੀ ਸਮਰੱਥਾ ਵਿਕਸਤ ਨਹੀਂ ਹੁੰਦੀ ਉਦੋਂ ਤਕ ਵਿਅਕਤੀ ਦੁੱਖ ਨੂੰ ਸੁੱਖ ਵਿਚ ਬਦਲਣ ਦੀ ਕਲਾ ਨਹੀਂ ਸਿੱਖ ਸਕਦਾ। ਜ਼ਿੰਦਗੀ ਵਿਚ ਸ਼ਾਂਤੀ ਹਾਲਾਤ ਠੀਕ ਕਰਨ ਨਾਲ ਨਹੀਂ ਮਿਲਦੀ ਬਲਕਿ ਇਹ ਜਾਣ ਲੈਣ 'ਤੇ ਮਿਲਦੀ ਹੈ ਕਿ ਤੁਸੀਂ ਅੰਦਰੋਂ ਕੀ ਹੋ? ਜਦੋਂ ਮਨ ਵਿਚ ਸ਼ਾਂਤੀ ਦੇ ਫੁੱਲ ਖਿੜਦੇ ਹਨ ਤਾਂ ਕੰਡਿਆਂ ਵਿਚ ਵੀ ਫੁੱਲਾਂ ਦਾ ਦਰਸ਼ਨ ਹੁੰਦਾ ਹੈ। ਜਦੋਂ ਮਨ ਵਿਚ ਅਸ਼ਾਂਤੀ ਹੋਵੇ ਤਾਂ ਫੁੱਲਾਂ ਵਿਚ ਵੀ ਚੋਭ ਅਤੇ ਪੀੜਾ ਦਾ ਅਹਿਸਾਸ ਹੁੰਦਾ ਹੈ।

ਅਸੀਮ ਊਰਜਾ ਭੰਡਾਰ

ਧਰਤੀ 'ਤੇ ਹਰ ਜਗ੍ਹਾ ਊਰਜਾ ਹੈ। ਸੂਰਜ ਦੇ ਚਾਨਣ ਵਿਚ ਊਰਜਾ ਹੈ। ਉਚਾਈ ਤੋਂ ਹੇਠਾਂ ਡਿੱਗਦੇ ਪਾਣੀ ਵਿਚ ਊਰਜਾ ਹੈ। ਤੀਰ ਕਮਾਨ ਦੀ ਖਿੱਚੀ ਜਾਣ ਵਾਲੀ ਡੋਰੀ ਵਿਚ ਊਰਜਾ ਹੈ। ਮਨੁੱਖ ਦੇ ਅੰਦਰ ਅਸੀਮ ਊਰਜਾ ਹੁੰਦੀ ਹੈ। ਊਰਜਾ ਦੇ ਬਲਬੂਤੇ ਮਨੁੱਖ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ। ਮਨੁੱਖ ਦੀ ਊਰਜਾ ਦਾ ਪੱਧਰ ਸਾਰਾ ਦਿਨ ਵੱਧਦਾ ਘੱਟਦਾ ਰਹਿੰਦਾ ਹੈ। ਜਿਸ ਸਮੇਂ ਵਿਅਕਤੀ ਅੰਦਰ ਊਰਜਾ ਦਾ ਪੱਧਰ ਵੱਧ ਹੋਵੇ ਤਾਂ ਉਸ ਸਮੇਂ ਮਹੱਤਵਪੂਰਨ ਕੰਮ ਨੂੰ ਕਰਨਾ ਚਾਹੀਦਾ ਹੈ। ਕਿਉਂਕਿ ਜੋਸ਼ ਅਤੇ ਊਰਜਾ ਕਾਰਨ ਵਿਅਕਤੀ ਮਹੱਤਵਪੂਰਨ ਕੰਮ ਕਰਨ ਵਿਚ ਜ਼ਿਆਦਾ ਸਫਲ ਹੋਣਗੇ। ਇਸ ਨਾਲ ਵਿਅਕਤੀ ਦੀ ਪ੍ਰਸੰਨਤਾ ਅਤੇ ਕੰਮ ਦੋਹਾਂ ਦਾ ਪੱਧਰ ਉੱਚਾ ਰਹੇਗਾ। ਜਦੋਂ ਸਰੀਰ ਥਕਾਵਟ ਮਹਿਸੂਸ ਕਰਨ ਲੱਗੇ ਤਾਂ ਵਿਅਕਤੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਊਰਜਾ ਦਾ ਪੱਧਰ ਘੱਟ ਹੋ ਰਿਹਾ ਹੈ ਤੇ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੈ। ਆਰਾਮ ਕਰਨ ਤੇ ਨੀਂਦ ਪੂਰੀ ਕਰ ਲੈਣ ਤੋਂ ਬਾਅਦ ਊਰਜਾ ਦਾ ਪੱਧਰ ਵਧ ਜਾਂਦਾ ਹੈ। ਸਰੀਰ ਹਲਕਾ ਹੋ ਜਾਂਦਾ ਹੈ। ਇਸ ਸਮੇਂ ਊਰਜਾ ਚੱਕਰ ਪੂਰੀ ਗਤੀ ਤੇ ਵਿਸ਼ਵਾਸ ਨਾਲ ਮਨੁੱਖ ਨੂੰ ਨਵੇਂ ਸਫ਼ਰ ਤੇ ਲਿਜਾਣ ਲਈ ਤਿਆਰ ਹੋ ਚੁੱਕਾ ਹੁੰਦਾ ਹੈ। ਮਨੁੱਖ ਅੰਦਰ ਊਰਜਾ ਬਹੁਤ ਵੱਡੀ ਮਾਤਰਾ ਵਿਚ ਹੈ। ਸਾਨੂੰ ਊਰਜਾ ਦੀ ਹਮੇਸ਼ਾ ਚੰਗੇ ਕੰਮਾਂ ਲਈ ਵਰਤੋਂ ਕਰਨੀ ਚਾਹੀਦੀ ਹੈ। ਊਰਜਾ ਹੀ ਵਿਸ਼ਵ ਅਤੇ ਸੰਪੂਰਨ ਮਨੁੱਖੀ ਜਾਤੀ ਨੂੰ ਚਲਾਉਂਦੀ ਹੈ। ਕਿÀੁਂਕਿ ਜੇ ਜੀਵਨ ਵਿਚ ਊਰਜਾ ਨਿਕਲ ਜਾਵੇ ਤਾਂ ਸਭ ਕੁਝ ਸਮਾਪਤ ਹੋ ਜਾਵੇ।

ਤਬੀਅਤ ਦੀ ਅਮੀਰੀ-ਗ਼ਰੀਬੀ

ਤਬੀਅਤ ਵੀ ਅਮੀਰੀ ਗ਼ਰੀਬੀ ਦੇ ਜਾਮੇ ਹੰਢਾਉਂਦੀ ਹੈ। ਕੁਝ ਇਨਸਾਨ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਵਾਧਾ ਕਰਦੇ ਹਨ। ਅਜਿਹੇ ਇਨਸਾਨ ਅਮੀਰ ਤਬੀਅਤ ਦੇ ਹੁੰਦੇ ਹਨ। ਦੂਸਰੇ ਪਾਸੇ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਕਿਸੇ ਦੂਸਰੇ ਦੀ ਜ਼ਿੰਦਗੀ ਵਿਚ ਕੁਝ ਜਮ੍ਹਾਂ ਕਰਨ ਯੋਗ ਨਹੀਂ ਹੁੰਦੇ ਤੇ ਉਨ੍ਹਾਂ ਦਾ ਯੋਗਦਾਨ ਲੱਭਦਾ ਨਹੀਂ। ਉਹ ਤਬੀਅਤ ਦੇ ਗ਼ਰੀਬ ਹੁੰਦੇ ਹਨ। ਕਿਸੇ ਦੂਸਰੇ ਵਿਅਕਤੀ ਦੀ ਆਤਮਾ ਨੂੰ ਦੁਖੀ ਕਰਨਾ, ਸਨਮਾਨ ਨੂੰ ਠੇਸ ਪਹੁੰਚਾਉਣਾ, ਲਫ਼ਜ਼ੀ ਵਾਰ ਕਰਨਾ, ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ, ਅਗਲੇ ਦੀ ਜ਼ਿੰਦਗੀ ਵਿੱਚੋਂ ਚਾਅ ਖੋਹ ਲੈਣਾ ਸਭ ਗ਼ਰੀਬ ਤਬੀਅਤ ਦੀਆਂ ਕਾਰਵਾਈਆਂ ਹਨ। ਅੰਦਰ ਦਾ ਰੱਜ ਕਿਸੇ ਦੀ ਭੁੱਖ ਵੇਖਕੇ ਖ਼ੁਸ਼ ਨਹੀਂ ਹੁੰਦਾ। ਥੋੜ੍ਹੇ ਲੋਕ ਹੀ ਕਿਸੇ ਦੂਜੇ ਦੀ ਤਰੱਕੀ ਹੁੰਦੀ ਵੇਖਕੇ ਰਾਜ਼ੀ ਹੁੰਦੇ ਹਨ। ਸੁੱਖ ਸਾਧਨ ਸ਼ਾਇਦ ਏਨੀ ਤਾਕਤ ਨਹੀਂ ਰੱਖਦੇ ਜਿੰਨੇ ਚੰਗੇ ਰਿਸ਼ਤੇ ਜ਼ਿੰਦਗੀ ਨੂੰ ਅਮੀਰੀ ਦੇਣ ਲਈ ਰੱਖਦੇ ਹਨ। ਸਤਿਆਜੀਤ ਰੇਅ, ਮੁਨਸ਼ੀ ਪ੍ਰੇਮ ਚੰਦ ਵਰਗੇ ਲੇਖਕ ਫਿਲਮ ਨਿਰਦੇਸ਼ਕ ਇਕੱਲ ਵਿਚ ਕਲਾ ਕਮਾ ਗਏ। ਦੁਨੀਆ ਨੂੰ ਅਹਿਮ ਫਲਸਫ਼ਾ ਦੇ ਗਏ। ਆਪਣੀ ਸੋਚ ਨੂੰ ਇਕ ਅਜਿਹੇ ਪੱਧਰ 'ਤੇ ਪਹੁੰਚਾ ਕੇ ਰਚ ਗਏ ਕਿ ਮੀਲ ਪੱਥਰ ਗੱਡਿਆ ਗਿਆ। ਜਦੋਂ ਸੋਚ ਇਕ ਹੱਦ ਤੋਂ ਅਗਾਂਹ ਕੱਦ ਕੱਢ ਜਾਂਦੀ ਹੈ, ਉਦੋਂ ਆਪ ਹੀ ਇਨਸਾਨ ਦਾ ਮਾਰਗ ਦਰਸ਼ਕ ਬਣ ਜਾਂਦੀ ਹੈ। ਮਨੁੱਖ ਦੀ ਜ਼ਮੀਰ ਉਸ ਨੂੰ ਕਿਸੇ ਛੋਟੀ ਹਰਕਤ ਦੀ ਇਜਾਜ਼ਤ ਨਹੀਂ ਦਿੰਦੀ। ਫਿਰ ਮਨੁੱਖ ਦੀ ਉਡਾਨ ਰਵਾਨਗੀ ਫੜ ਲੈਂਦੀ ਹੈ ਤੇ ਉਹ ਸਧਾਰਨ ਵਰਗ ਕਿਤੇ ਉੱਪਰ ਆ ਜਾਂਦਾ ਹੈ। ਲੋੜ ਹੈ ਆਪਣੀ ਚਾਲ ਨੂੰ ਸਥਿਰ ਰੱਖਣ, ਰਾਹਵਾਂ 'ਤੇ ਪਥਰੀਲੇਪਣ ਨੂੰ ਨਜ਼ਰਅੰਦਾਜ਼ ਕਰ ਕੇ ਪੈਰ ਟਿਕਾ ਕੇ ਰੱਖਣ ਤੇ ਸਫ਼ਰ ਨਾਲ ਕਰਾਰ ਪੱਕਾ ਕਰਨ ਦੀ। ਫਿਰ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ ਮੰਜ਼ਿਲਾਂ ਵੀ ਵਚਨਬੱਧ ਹੋ ਜਾਂਦੀਆਂ ਹਨ। ਕਿਉਂਕਿ ਤਬੀਅਤ ਦੀ ਅਮੀਰੀ ਖ਼ਜ਼ਾਨੇ ਭਰਪੂਰ ਹੁੰਦੀ ਹੈ।

- ਨਰਿੰਦਰ ਸਿੰਘ


Posted By: Harjinder Sodhi