ਜੇਐੱਨਐੱਨ, ਨਵੀਂ ਦਿੱਲੀ : Bird Flu Outbreak : ਬਰਡ ਫਲੂ ਹਿਮਾਚਲ ਪ੍ਰਦੇਸ਼ ਦੇ ਜੰਗਲੀ ਗੀਜ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕਾਵਾਂ ਤੇ ਕੇਰਲ ਦੀਆਂ ਬੱਤਖਾਂ 'ਚ ਰਿਪੋਰਟ ਕੀਤਾ ਗਿਆ ਹੈ। ਹਰਿਆਣਾ 'ਚ ਪਿਛਲੇ ਕੁਝ ਦਿਨਾਂ 'ਚ ਲਗਪਗ ਚਾਰ ਲੱਖ ਪੋਲਟਰੀ ਪੰਛੀਆਂ ਦੀ ਰਹੱਸਮਈ ਢੰਗ ਨਾਲ ਮੌਤ ਹੋ ਚੁੱਕੀ ਹੈ।

ਹਿਮਾਚਲ ਦੇ ਪੌਂਗ ਡੈਮ ਲੇਕ 'ਚ ਕਰੀਬ 1800 ਪਰਵਾਸੀ ਪੰਛੀ ਮ੍ਰਿਤ ਪਾਏ ਗਏ। ਉੱਥੇ ਹੀ ਕੇਰਲ ਦੇ ਦੋ ਜ਼ਿਲ੍ਹਿਆਂ ਵਿਚ ਬਰਡ ਫਲੂ ਪਾਇਆ ਗਿਆ ਹੈ ਤੇ ਅਧਿਕਾਰੀਆਂ ਨੂੰ ਬੱਤਖਾਂ ਨੂੰ ਮਾਰਨ ਦੇ ਹੁਕਮ ਵੀ ਦਿੱਤੇ ਗਏ ਹਨ। ਰਾਜਸਥਾਨ 'ਚ ਵੀ ਬਰਡ ਫਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿੱਥੇ 6 ਜ਼ਿਲ੍ਹਿਆਂ 'ਚ 250 ਤੋਂ ਜ਼ਿਆਦਾ ਕਾਂ ਮ੍ਰਿਤ ਪਾਏ ਗਏ ਹਨ।

ਕੀ ਹੁੰਦਾ ਹੈ ਏਵੀਅਨ ਇਨਫਲੂਏਂਜ਼ਾ ਜਾਂ ਬਰਡ ਫਲੂ?

ਬਰਡ ਫਲੂ ਦੀ ਬਿਮਾਰੀ ਏਵੀਏਨ ਇਨਫਲੂਏਂਜ਼ਾ ਵਾਇਰਸ H5N1 ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਇਕ ਬੇਹੱਦ ਇਨਫੈਕਟਿਡ ਵਾਇਰਲ ਬਿਮਾਰੀ ਹੈ ਜਿਹੜੀ ਇਨਫਲੂਏਂਜ਼ਾ ਟਾਈਪ-ਏ ਵਾਇਰਸ ਕਾਰਨ ਹੁੰਦੀ ਹੈ ਤੇ ਆਮ ਤੌਰ 'ਤੇ ਮੁਰਗੀਆਂ ਤੇ ਟਰਕੀ ਵਰਗੇ ਪੰਛੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਵਾਇਰਲ ਪੰਛੀਆਂ ਤੋਂ ਇਲਾਵਾ ਇਨਸਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਾ ਹੈ। ਬਰਡ ਫਲੂ ਇਨਫੈਕਸ਼ਨ ਮੁਰਗੀ, ਟਰਕੀ, ਗੀਸ, ਮੋਰ ਤੇ ਬੱਤਖ ਵਰਗੇ ਪੰਛੀਆਂ 'ਚ ਤੇਜ਼ੀ ਨਾਲ ਫੈਲਦਾ ਹੈ। ਇਹ ਇਨਫਲੂਏਂਜ਼ਾ ਵਾਇਰਸ ਏਨਾ ਖ਼ਤਰਨਾਕ ਹੁੰਦਾ ਹੈ ਕਿ ਇਸ ਨਾਲ ਇਨਸਾਨ ਤੇ ਪੰਛੀਆਂ ਦੀ ਮੌਤ ਵੀ ਹੋ ਸਕਦੀ ਹੈ। ਹੁਣ ਤਕ ਬਰਡ ਫਲੂ ਦਾ ਵੱਡਾ ਕਾਰਨ ਪੰਛੀਆਂ ਨੂੰ ਵੀ ਮੰਨਿਆ ਜਾਂਦਾ ਹੈ, ਪਰ ਕਈ ਵਾਰ ਇਹ ਇਨਸਾਨ ਤੋਂ ਇਨਸਾਨ ਨੂੰ ਵੀ ਹੋ ਜਾਂਦਾ ਹੈ।

ਬਰਡ ਫਲੂ ਕਿਵੇਂ ਫੈਲਦਾ ਹੈ?

ਜੰਗਲੀ ਪਾਣੀ ਦੇ ਪੰਛੀ ਜਿਵੇਂ ਬੱਤਖ ਤੇ ਗੀਜ਼ ਕੁਦਰਤੀ ਤੌਰ 'ਤੇ ਇਨਫਲੂਏਂਜ਼ਾ-ਏ- ਵਾਇਰਸ ਕੈਰੀ ਕਰਦੇ ਹਨ। ਕਈ ਪੰਛੀਆਂ ਦੇ ਸਰੀਰ 'ਚ ਇਹ ਫਲੂ ਮੌਜੂਦ ਹੁੰਦਾ ਪਰ ਉਹ ਇਸ ਨਾਲ ਬਿਮਾਰ ਨਹੀਂ ਪੈਂਦੇ ਤੇ ਮਲ ਜ਼ਰੀਏ ਵਾਇਰਸ ਨੂੰ ਸਰੀਰ 'ਚੋਂ ਕੱਢ ਦਿੰਦੇ ਹਨ ਕਿਉਂਕਿ ਪੰਛੀ ਉੱਡਦੇ ਸਮੇਂ ਵੀ ਮਲਤਿਆਗ ਕਰਦੇ ਹਨ, ਜਿਸ ਕਾਰਨ ਇਨਫਲੂਏਂਜ਼ਾ ਵਾਇਰਸ ਦੁਨੀਆ ਭਰ 'ਚ ਆਸਾਨੀ ਨਾਲ ਫੈਲਣ ਲਗਦਾ ਹੈ ਤੇ ਲੰਬਾ ਸਫ਼ਰ ਤੈਅ ਕਰਨ ਵਾਲੇ ਪਰਵਾਸੀ ਪੰਛੀ ਫਲੂ ਨੂੰ ਆਪਣੇ ਨਾਲ ਲੈ ਜਾਂਦੇ ਹਨ ਜਿਸ ਨਾਲ ਇਹ ਪੋਲਟਰੀ ਤੇ ਸਥਾਨਕ ਪੰਛੀਆਂ ਤਕ ਫੈਲ ਜਾਂਦਾ ਹੈ। ਕਈ ਵਾਰ ਇਹ ਵਾਇਰਸ ਸੂਅਰ, ਘੋੜੇ, ਬਿੱਲੀ ਤੇ ਕੁੱਤਿਆਂ 'ਚ ਵੀ ਫੈਲ ਜਾਂਦਾ ਹੈ।

ਕਦੋਂ ਤੇ ਕਿਵੇਂ ਇਨਸਾਨ ਵੀ ਬਰਡ ਫਲੂ ਨਾਲ ਇਨਫੈਕਟਿਡ ਹੋਣ ਲਗਦੈ ?

ਬਰਡ ਫਲੂ ਸਦੀਆਂ ਤੋਂ ਦੁਨੀਆ ਭਰ 'ਚ ਪੋਲਟਰੀ ਨੂੰ ਪ੍ਰਭਾਵਿਤ ਕਰਦਾ ਆਇਆ ਹੈ, ਜਿਸ ਦੀ ਵਜ੍ਹਾ ਨਾਲ ਇਨਫੈਕਟਿਡ ਪੰਛੀਆਂ ਨੂੰ ਮਾਰਿਆ ਜਾਂਦਾ ਹੈ ਜਿਹੜਾ ਇਸ ਇਨਫੈਕਸ਼ਨ ਨੂੰ ਰੋਕਣ ਦਾ ਇਕਮਾਤਰ ਤਰੀਕਾ ਹੈ। ਪਰ ਸਾਲ 1997 'ਚ ਪਹਿਲੀ ਵਾਰ ਇਨਸਾਨਾਂ 'ਚ ਬਰਡ ਫਲੂ ਦੇਖਿਆ ਗਿਆ। ਇਹ ਫਲੂ ਹਾਂਗਕਾਂਗ ਦੇ ਇਕ ਜੀਵਤ ਪੰਛੀ ਬਾਜ਼ਾਰ ਤੋਂ ਫੈਲਣਾ ਸ਼ੁਰੂ ਹੋਇਆ ਸੀ। 18 ਲੋਕ ਇਸ ਫਲੂ ਦੀ ਲਪੇਟ 'ਚ ਆਏ ਸਨ ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਗਈ ਸੀ।

ਕੁਝ ਸਾਲਾਂ ਬਾਅਦ ਇਹ ਇਨਫੈਕਸ਼ਨ ਦੁਬਾਰਾ ਉੱਭਰ ਕੇ ਆਈ ਤੇ ਦੁਨੀਆ ਭਰ 'ਚ ਸੈਂਕੜੇ ਇਨਸਾਨਾਂ ਦੀ ਮੌਤ ਦਾ ਕਾਰਨ ਬਣਿਆ ਵਿਸ਼ੇਸ਼ ਰੂਪ 'ਚ ਦੱਖਣੀ ਪੂਰਬੀ ਏਸ਼ੀਆ 'ਚ। ਇਨਫੈਕਟਿਡ ਮੁਰਗਿਆਂ ਤੇ ਪਰਵਾਸੀ ਪੰਛੀਆਂ ਦੀ ਆਵਾਜਾਈ ਤੇ ਨਾਜਾਇਜ਼ ਪੰਛੀ ਵਪਾਰ ਨੂੰ ਇਸ ਵਾਇਰਸ ਦੇ ਫੈਲਣ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਦੌਰਾਨ ਬਿੱਲੀਆਂ ਤੇ ਸ਼ੇਰ ਵੀ ਇਸ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ।

ਕੀ ਬਰਡ ਫਲੂ ਇਨਸਾਨਾਂ ਤੋਂ ਇਨਸਾਨਾਂ 'ਚ ਫੈਲ ਜਾਂਦਾ ਹੈ ?

ਨਹੀਂ ਇਹ ਆਸਾਨੀ ਨਾਲ ਇਨਸਾਨਾਂ 'ਚ ਨਹੀਂ ਫੈਲਦਾ। ਆਮ ਤੌਰ 'ਤੇ ਜੇਕਰ ਇਨਸਾਨ ਕਿਸੇ ਅਜਿਹੇ ਪੰਛੀ ਦੇ ਸੰਪਰਕ ਵਿਚ ਆਉਣ ਜਿਹੜਾ H5N1 ਨਾਲ ਇਨਫੈਕਟਿਡ ਹੋਵੇ (ਜਿੰਦਾ ਜਾਂ ਮ੍ਰਿਤ),ਤਾਂ ਉਨ੍ਹਾਂ ਨੂੰ ਵੀ ਬਰਡ ਫਲੂ ਹੋ ਸਕਦਾ ਹੈ। WHO ਅਨੁਸਾਰ, ਆਮਤੌਰ 'ਤੇ ਬਰਡ ਫਲੂ ਇਕ ਇਨਸਾਨ ਤੋਂ ਦੂਸਰੇ ਇਨਸਾਨ 'ਚ ਨਹੀਂ ਫੈਲਦਾ। ਅਜਿਹਾ ਵੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿੱਥੇ ਲੋਕਾਂ ਨੂੰ ਚੰਗਾ ਤਰ੍ਹਾਂ ਪੱਕੇ ਹੋਏ ਮੁਰਗੇ ਜਾਂ ਆਂਡੇ ਖਾ ਕੇ ਬਰਡ ਫਲੂ ਹੋਇਆ ਹੋਵੇ। ਇਹ ਵਾਇਰਸ ਗਰਮ ਤਾਪਮਾਨ ਸਹਿਣ ਨਹੀਂ ਕਰ ਸਕਦਾ ਇਸ ਲਈ ਪੱਕਣ ਤੋਂ ਬਾਅਦ ਮਰ ਜਾਂਦਾ ਹੈ।

ਫਿਰ ਕਿਉਂ ਬਰਡ ਫਲੂ ਤੋਂ ਡਰ ਰਹੇ ਹਨ ਲੋਕ ?

H5N1 ਇਕ ਗੰਭੀਰ ਤੇ ਜਾਨਲੇਵਾ ਵਾਇਰਸ ਹੈ ਜਿਸ ਦੀ ਵਜ੍ਹਾ ਨਾਲ 10 ਵਿਚੋਂ 6 ਇਨਸਾਨਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ. ਜੇਕਰ ਵਾਇਰਸ ਮਿਊਟੇਟ ਹੋ ਜਾਂਦਾ ਹੈ ਤੇ ਆਪਣੇ ਅਕਾਰ 'ਚ ਬਦਲਾਅ ਕਰ ਕੇ ਇਨਸਾਨੀ ਸੈੱਲ ਨੂੰ ਫੜ ਲੈਂਦਾ ਹੈ ਤੇ ਇਨਸਾਨ ਤੋਂ ਇਨਸਾਨ 'ਚ ਆਸਾਨੀ ਨਾਲ ਫੈਲਣ ਲਗਦਾ ਹੈ ਤਾਂ ਇਹ ਇਕ ਮਹਾਮਾਰੀ ਦਾ ਰੂਪ ਵੀ ਲੈ ਸਕਦਾ ਹੈ। ਫਲੂ ਦੇ ਵਾਇਰਸ ਆਸਾਨੀ ਨਾਲ ਮਿਊਟੇਟ ਕਰ ਜਾਂਦੇ ਹਨ ਕਿਉਂਕਿ ਉਸ ਵਿਚ ਖੰਡਿਤ ਜੀਨੋਮ ਹੁੰਦਾ ਹੈ। ਹੁਣ ਤਕ ਅਸੀਂ ਜਿੰਨੇ ਵੀ ਫਲੂ ਬਾਰੇ ਜਾਣਦੇ ਹਾਂ ਜਿਵੇਂ ਮੌਸਮੀ ਫਲੂ ਤੇ ਕੋਰੋਨਾ ਵਾਇਰਸ, ਇਸੇ ਤਰ੍ਹਾਂ ਮਿਊਟੇਟ ਕਰ ਕੇ ਪੰਛੀਆਂ ਤੋਂ ਇਨਸਾਨਾਂ 'ਚ ਫੈਲਣੇ ਸ਼ੁਰੂ ਹੋ ਗਏ।

ਭਾਰਤ 'ਚ ਬਰਡ ਫਲੂ

ਭਾਰਤ 'ਚ ਹੁਣ ਤਕ ਇਨਸਾਨਾਂ 'ਚ ਬਰਡ ਫਲੂ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪਸ਼ੂ ਵਿਭਾਗ ਦੀ ਰਿਪੋਰਟ ਅਨੁਸਾਰ, ਸਾਲ 2006 ਤੋਂ ਲੈ ਕੇ 2015 ਤਕ 15 ਸੂਬਿਆਂ 'ਚ ਪੋਲਟਰੀ 'ਚ H5N1 ਬਰਡ ਫਲੂ ਦੇ 25 ਐਪੀਸੋਡ ਪਾਏ ਗਏ। ਤੁਹਾਨੂੰ ਦੱਸ ਦੇਈਏ ਕਿ 2006 'ਚ ਦੇਸ਼ ਵਿਚ ਪਹਿਲੀ ਵਾਰ ਮਹਾਰਾਸ਼ਟਰ ਤੇ ਗੁਜਰਾਤ 'ਚ ਬਰਡ ਫਲੂ ਦੇ ਮਾਮਲੇ ਦੇਖੇ ਗਏ ਸਨ। ਇਨ੍ਹਾਂ ਕਾਵਾਂ 'ਚ ਵੀ ਦੇਖਿਆ ਗਿਆ ਹੈ।

Disclaimer : ਲੇਖ ਵਿਚ ਦਿੱਤੀ ਸਲਾਹ ਤੇ ਸੁਝਾਅ ਸਿਰਫ਼ ਆਮ ਸੂਚਨਾ ਦੇ ਉਦੇਸ਼ ਲਈ ਹੈ ਤੇ ਇਨ੍ਹਾਂ ਨੂੰ ਪੇਸ਼ੇਵਰ ਮਾਹਿਰ ਦੀ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।

Posted By: Seema Anand