ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਦੌਰਾਨ ਸਮਾਜ ’ਚ ਵਿਚਰਨ ਵਾਲੇ ਹਰ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਕਿਸੇ ਦੇ ਸਿਰ ਕਰਜ਼ਾ ਹੋਵੇ ਜਾਂ ਕੋਈ ਲੜਾਈ-ਝਗੜਾ, ਘਰ ਵਿਚ ਗ਼ਰੀਬੀ ਹੋਵੇ ਜਾਂ ਬੇਰੁਜ਼ਗਾਰੀ ਦਾ ਸਾਇਆ, ਕਿਸੇ ਦੇ ਸਿਰ ’ਤੇ ਕੰਮ ਦਾ ਜ਼ਿਆਦਾ ਬੋਝ ਹੋਵੇ ਜਾਂ ਕੋਈ ਆਪਣੇ ਨਿੱਜੀ ਅਤੇ ਪਰਿਵਾਰਕ ਕਾਰਨਾਂ ਦੀ ਵਜ੍ਹਾ ਨਾਲ ਦੁਖੀ ਹੋਵੇ, ਅਕਸਰ ਵਿਅਕਤੀ ਤਣਾਅ ਵਿਚ ਰਹਿਣ ਲੱਗ ਪੈਂਦਾ ਹੈ ਤੇ ਹੌਲੀ-ਹੌਲੀ ਉਸ ਦੀ ਮਾਨਸਿਕ ਸਥਿਤੀ ਕਮਜ਼ੋਰ ਹੋਣ ਲੱਗ ਪੈਂਦੀ ਹੈ। ਵਿਅਕਤੀ ਦੀ ਜ਼ਿੰਦਗੀ ਪ੍ਰਤੀ ਰੁਚੀ ਘਟਣ ਕਾਰਨ ਇਹ ਬੇਸੁਆਦੀ ਜਿਹੀ ਲੱਗਣ ਲੱਗ ਪੈਦੀ ਹੈ। ਯਾਦ ਸ਼ਕਤੀ ਘਟ ਜਾਂਦੀ ਹੈ। ਵਿਅਕਤੀ ਦੀਆਂ ਭਾਵਨਾਵਾਂ ਜ਼ਖ਼ਮੀ ਹੋ ਕੇ ਉਸ ਨੂੰ ਡਿਪਰੈਸ਼ਨ ਵੱਲ ਧੱਕਣ ਲੱਗਦੀਆਂ ਹਨ ਅਤੇ ਕਈ ਵਾਰ ਹੰਝੂਆਂ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਹਨ। ਤਣਾਅ ਅਤੇ ਉਦਾਸੀ ਕਾਰਨ ਵਿਅਕਤੀ ਖ਼ੁਦ ਨੂੰ ਦੁਖੀ, ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਹਾਲਤ ਵਿਚ ਹਾਸਾ ਅਤੇ ਖ਼ੁਸ਼ੀ ਇਨਸਾਨੀ ਚਿਹਰਿਆਂ ਤੋਂ ਗਾਇਬ ਹੁੰਦੀ ਜਾ ਰਹੀ ਹੈ। ਮੁਕਾਬਲੇਬਾਜ਼ੀ ਦੀ ਦੌੜ ਵਿਚ ਅੱਵਲ ਆਉਣ ਦੀ ਚਾਹਤ ’ਚ ਇਨਸਾਨ ਨੇ ਆਪਣਾ ਸੁੱਖ-ਚੈਨ ਸਭ ਕੁਝ ਦਾਅ ’ਤੇ ਲਾ ਦਿੱਤਾ ਹੈ। ਗੱਲ-ਗੱਲ ’ਤੇ ਇਕ-ਦੂਜੇ ਨਾਲ ਤੁਲਨਾ ਕਰ ਕੇ ਅਸੀਂ ਆਪਣੀ ਮਹੱਤਤਾ ਗੁਆ ਰਹੇ ਹਾਂ। ਪਦਾਰਥਵਾਦੀ ਸੋਚ ਨਾਲ ਭਰੇ ਦਿਮਾਗ਼ ਦੇ ਪਿੱਛੇ ਲੱਗ ਕੇ ਵੱਧ ਤੋਂ ਵੱਧ ਆਪਣੇ ਵੱਲ ਸੁੱਟ ਲੈਣ ਦੀ ਸੌੜੀ ਚਾਹਤ ਕਾਰਨ ਸਾਡੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿਸ ਕਾਰਨ ਜੀਵਨ ਵਿਚ ਵਧਦਾ ਕਲੇਸ਼ ਸਾਨੂੰ ਨਾਂਹ-ਪੱਖੀ ਬਣਾਉਣ ’ਤੇ ਉਤਾਰੂ ਹੈ ਜਿਸ ਕਰਕੇ ਅਸੀਂ ਆਪਣੇ ਆਨੰਦ ਦੇ ਅਹਿਸਾਸ ਵਿਚ ਸੰਨ੍ਹ ਲਾ ਰਹੇ ਹਾਂ। ਕੁਝ ਜ਼ਿਆਦਾ ਹਾਸਲ ਕਰ ਲੈਣ ਦੀ ਕਾਮਨਾ ਜੀਵਨ ਵਿਚ ਉਦਾਸੀ ਨੂੰ ਜਗ੍ਹਾ ਦੇ ਰਹੀ ਹੈ। ਦਿਮਾਗ਼ੀ ਥਕੇਵਾਂ ਅਤੇ ਉਦਾਸੀ ਸਾਡੇ ਸਾਥੀ ਬਣ ਗਏ ਹਨ ਕਿਉਂਕਿ ਅਸੀਂ ਕਿਸੇ ਵੀ ਸਮੇਂ ਪੂਰਨ ਨਹੀਂ ਹੁੰਦੇ ਬਲਕਿ ਵੰਡੇ ਹੋਏ ਹੁੰਦੇ ਹਾਂ।

ਜਿਹੜੇ ਲੋਕ ਸਦਾ ਨਿਰਾਸ਼ਾ ਵਿਚ ਹੀ ਜਿਊਂਦੇ ਹਨ, ਉਨ੍ਹਾਂ ਦਾ ਜੀਵਨ ਮੌਤ ਤੋਂ ਵੀ ਬਦਤਰ ਹੁੰਦਾ ਹੈ ਕਿਉਂਕ ਨਿਰਾਸ਼ਾ ਦੇ ਸਮੁੰਦਰ ਦੀਆਂ ਲਹਿਰਾਂ ਜੀਵਨ ਦੇ ਉਤਸ਼ਾਹ ਦੇ ਨਾਲ ਹੀ ਜੀਵਨ ਦੀਆਂ ਖ਼ੁਸ਼ੀਆਂ ਨੂੰ ਵੀ ਵਹਾਅ ਕੇ ਲੈ ਜਾਂਦੀਆਂ ਹਨ। ਇਸ ਲਈ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ ਤਾਂ ਉਦਾਸ ਨਾ ਹੋਵੋ।

ਸਮੇਂ ਤੋਂ ਪਹਿਲਾਂ ਹੀ ਜ਼ਿੰਦਗੀ ਖ਼ਤਮ ਕਰ ਲੈਣਾ ਕੋਈ ਇਲਾਜ ਨਹੀਂ ਬਲਕਿ ਵਕਤ ਨੂੰ ਸੰਭਾਲਣ ਅਤੇ ਆਈ ਤਕਲੀਫ਼ ਦਾ ਮੁਕਾਬਲਾ ਕਰਨਾ ਬਣਦਾ ਹੈ। ਸਥਿਤੀਆਂ ਕਦੇ ਵੀ ਸਮੱਸਿਆਵਾਂ ਨਹੀਂ ਬਣਦੀਆਂ, ਇਹ ਸਮੱਸਿਆਵਾਂ ਕੇਵਲ ਉਦੋਂ ਬਣਦੀਆਂ ਹਨ ਜਦੋਂ ਸਾਨੂੰ ਇਨ੍ਹਾਂ ਨਾਲ ਨਜਿੱਠਣਾ ਨਹੀਂ ਆਉਂਦਾ ਜਾਂ ਅਸੀਂ ਜੀਵਨ ਨੂੰ ਨਿਰਾਸ਼ਾ ਦੇ ਲੱਗੇ ਘੁਣ ਕਾਰਨ ਹਿੰਮਤ ਕਰਨ ਤੋਂ ਮੂੰਹ ਮੋੜ ਲੈਦੇ ਹਾਂ। ਆਤਮਘਾਤ ਤਾਂ ਇਕ ਕਮਜ਼ੋਰ ਦਿਲ ਅਤੇ ਆਪਣੇ-ਆਪ ’ਤੇ ਭਰੋਸਾ ਨਾ ਰੱਖਣ ਵਾਲੇ ਬੁਜ਼ਦਿਲਾਂ ਦਾ ਰਸਤਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਉਦਾਸੀ ਤਾਂ ਇਕ ਮਾਨਸਿਕ ਬਿਮਾਰੀ ਹੈ ਅਤੇ ਕੇਵਲ ਇਸ ਦਾ ਮਾਨਸਿਕ ਇਲਾਜ ਹੀ ਸੰਭਵ ਹੈ। ਜ਼ਿੰਦਗੀ ਤਕਲੀਫ਼ਾਂ ਦਾ ਸਾਹਮਣਾ ਕਰਨ ਲਈ ਹੈ ਨਾ ਕਿ ਜ਼ਿੰਦਗੀ ਨੂੰ ਖ਼ਤਮ ਕਰਨ ਲਈ। ਇਹ ਜ਼ਿੰਦਗੀ ਗ਼ਲਤੀਆਂ ਕਰ ਕੇ ਨਮੋਸ਼ੀ ਖੱਟਣ ਲਈ ਤਾਂ ਨਹੀਂ ਬਣੀ। ਅਸਲ ਵਿਚ ਆਮ ਤੌਰ ’ਤੇ ਅਸੀਂ ਆਪਣਾ ਦੁੱਖ ਜਾਂ ਉਦਾਸੀ ਕਿਸੇ ਨਾਲ ਸਾਂਝਾ ਕਰਨ ਵਿਚ ਹਿਚਕਚਾਹਟ ਮਹਿਸੂਸ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਕੀ ਸੋਚੇਗਾ। ਇਸ ਕਾਰਨ ਚਿੰਤਾ ਅਤੇ ਦੁੱਖ ਹੌਲੀ-ਹੌਲੀ ਸਾਡੇ ਦਿਮਾਗ਼ ਦਾ ਬੋਝ ਵਧਾਉਣ ਲੱਗਦੇ ਹਨ। ਬੇਸ਼ੱਕ ਕੁਝ ਪੁਰਾਣੇ ਕੌੜੇ ਤਜਰਬੇ ਵੀ ਨਿਰਾਸ਼ ਕਰਨ ’ਚ ਕੋਈ ਕਸਰ ਨਹੀਂ ਛੱਡਦੇ ਪਰ ਨਿਰਾਸ਼ਾ ਨਾਲ ਕੁਝ ਹਾਸਲ ਵੀ ਤਾਂ ਨਹੀਂ ਹੋਵੇਗਾ ਸਗੋਂ ਮਨ ਹੀ ਦੁਖੀ ਹੋਵੇਗਾ। ਅੱਜ-ਕੱਲ੍ਹ ਨਿੰਦਕ ਤਾਂ ਬਿਨਾਂ ਬੁਲਾਏ ਹੀ ਹਰ ਜਗ੍ਹਾ ਮਿਲ ਜਾਂਦੇ ਹਨ ਜੋ ਤੁਹਾਡੀ ਇੱਜ਼ਤ ਨੂੰ ਮਿੱਟੀ ’ਚ ਮਿਲਾਉਣ ਲਈ ਇਕ ਪਲ ਵੀ ਨਹੀਂ ਲਗਾਉਂਦੇ। ਜੇਕਰ ਅਸੀਂ ਇਨ੍ਹਾਂ ਸਿਰਫਿਰਿਆਂ ਅਤੇ ਚਾਪਲੂਸਾਂ ਦੇ ਚੱਕਰ ’ਚ ਆ ਕੇ ਕੋਮਲਤਾ ਦੇ ਰੰਗ ਵਿਚ ਰੰਗੀ ਆਪਣੀ ਖ਼ੂਬਸੂਰਤ ਜ਼ਿੰਦਗੀ ਤੋਂ ਜੁਦਾ ਹੋ ਰਹੇ ਹਾਂ ਤਾਂ ਬਹੁਤ ਵੱਡੀ ਮੂਰਖਤਾ ਕਰ ਰਹੇ ਹਾਂ।

ਇਸ ਲਈ ਦੋਸਤੋ, ਉਠੋ, ਬਾਹਰ ਨਿਕਲੋ, ਆਲੇ ਦੁਆਲੇ ਨਿਗਾਹ ਮਾਰੋ। ਦੁਨੀਆ ਤਾਂ ਪਰ੍ਹੇ ਤੋਂ ਪਰ੍ਹੇ ਦੁਖੀ ਪਈ ਏ। ਨਿਗਾਹ ਮਾਰੋ ਉਨ੍ਹਾਂ ’ਤੇ ਜਿਨ੍ਹਾਂ ਕੋਲ ਖਾਣ ਨੂੰ ਰੋਟੀ ਨਹੀ, ਸਿਰ ’ਤੇ ਛੱਤ ਨਹੀਂ, ਸਰੀਰਕ ਪਰੇਸ਼ਾਨੀਆਂ ਨਾਲ ਵੀ ਗ੍ਰਸਤ ਨੇ ਪਰ ਫਿਰ ਵੀ ਆਪਣੀ ਹਿੰਮਤ ਨਾਲ ਜ਼ਿੰਦਗੀ ਨੂੰ ਤੋਰੀ ਜਾ ਰਹੇ ਹਨ। ਮੁਸੀਬਤਾਂ ਆ ਜਾਣ ’ਤੇ ਜੇਕਰ ਅਸੀਂ ਕਮਜ਼ੋਰ ਚਿੱਤ ਪੈ ਜਾਈਏ ਅਤੇ ਢਿੱਗੀ ਢਾਹ ਕੇ ਬੈਠ ਜਾਈਏ ਤਾਂ ਫਿਰ ਕਿਹੜਾ ਸਮੱਸਿਆਵਾਂ ਨੇ ਪੈਂਤੜਾ ਬਦਲ ਲੈਣਾ ਏਂ, ਉਨ੍ਹਾਂ ਨੇ ਤਾਂ ਆਪਣੀ ਪੁਗਾ ਕੇ ਹੀ ਸਾਹ ਲੈਣਾ ਹੈ। ਇਸ ਲਈ : ‘ਆਓ, ਉਠੋ, ਜਾਗੋ, ਦੌੜੋ ਤੇ ਜ਼ਿੰਦਗੀ ਦੀਆਂ ਖ਼ੁਸ਼ੀਆਂ ਬਟੋਰੋ ਜ਼ਿੰਦਗੀ ਦੀ ਆਖਰੀ ਸੀਟੀ ਵੱਜਣ ਤੋਂ ਪਹਿਲਾਂ ਹੀ ਮੌਤ ਨੂੰ ਨਾ ਸਹੇੜੋ।’’

ਜ਼ਿੰਦਗੀ ਦੇ ਮੁੂਲ ਮੰਤਰ

ਜਿਹੜੇ ਇਨਸਾਨ ਉਦਾਸੀ ਦਾ ਪੱਲਾ ਫੜੀ ਰੱਖਦੇ ਹਨ, ਇਕ ਦਿਨ ਆਪਣੀ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ। ਖ਼ੁਦਕੁਸ਼ੀ ਕਰ ਕੇ ਪਰਿਵਾਰ ਲਈ ਲਾਹਨਤ ਬਣਦੇ ਹਨ। ਉਦਾਸੀ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਜੀਵਨ ਦਾ ਮਹੱਤਵ ਹੀ ਨਹੀਂ ਸਮਝਿਆ ਬਲਕਿ ਜੀਵਨ ਨੂੰ ਕੇਵਲ ਦੁੱਖਾਂ ਦਾ ਘਰ ਹੀ ਸਮਝ ਛੱਡਿਆ ਹੈ। ਇਹ ਠੀਕ ਹੈ ਕਿ ਅਜਿਹੇ ਹਾਲਾਤਾਂ ਵਿਚਕਾਰ ਜ਼ਿੰਦਗੀ ਜਿਊਣਾ ਜਹਾਜ਼ ਵਿੱਚੋਂ ਬਿਨਾਂ ਪੈਰਾਸ਼ੂਟ ਦੇ ਛਾਲ ਮਾਰਨ ਵਰਗਾ ਹਿੰਮਤ ਭਰਿਆ ਕੰਮ ਹੈ ਪਰ ਜਿਸ ਨੂੰ ਜਿਊਣਾ ਆਉਂਦਾ ਹੋਵੇ ਉਸ ਨੂੰ ਕੋਈ ਨਹੀਂ ਮਾਰ ਸਕਦਾ। ਹੌਸਲਾ, ਇਤਫਾਕ, ਸੰਘਰਸ਼ ਤੇ ਦਿ੍ਰਸ਼ਟੀਕੋਣ ਜ਼ਿੰਦਗੀ ਦੇ ਮੂਲ ਮੰਤਰ ਹਨ। ਜਿਹੜੇ ਵਿਅਕਤੀ ਹਮੇਸ਼ਾ ਹਰ ਸਮੱਸਿਆ ਦੇ ਦੁੱਖ ਦਾ ਸਾਹਮਣਾ ਸ਼ਾਂਤ ਮਨ ਨਾਲ ਕਰਦੇ ਹਨ, ਉਨ੍ਹਾਂ ਨੂੰ ਪ੍ਰਸੰਨ ਰਹਿਣ ਤੋਂ ਕੋਈ ਨਹੀਂ ਰੋਕ ਸਕਦਾ।

- ਕੈਲਾਸ਼ ਚੰਦਰ ਸ਼ਰਮਾ

Posted By: Harjinder Sodhi