ਜ਼ਿੰਦਗੀ ਨਾਲ ਮੌਤ ਦਾ ਪੱਕਾ ਨਾਤਾ ਹੈ। ਜਿਸ ਦਿਨ ਮਨੁੱਖ ਜਨਮ ਲੈਂਦਾ ਹੈ, ਮੌਤ ਉਸੇ ਦਿਨ ਨੀਯਤ ਹੋ ਜਾਂਦੀ ਹੈ। ਜੋ ਜੰਮਿਆ ਹੈ, ਉਸ ਨੇ ਹਰ ਹਾਲ ’ਚ ਮਰਨਾ ਹੈ। ਜ਼ਿੰਦਗੀ ਜਿਊਣ ਲਈ ਹੀ ਹੈ। ਹਾਲਾਤ ਕਿੰਨੇ ਵੀ ਨਾਗਵਾਰ ਕਿਉਂ ਨਾ ਹੋਣ, ਜ਼ਿੰਦਗੀ ਕਿੰਨੀ ਵੀ ਔਖੀ ਹੋ ਜਾਵੇ, ਖ਼ੁਦ ਨੂੰ ਖ਼ਤਮ ਕਰ ਦੇਣਾ ਕਦੇ ਵੀ ਸਹੀ ਨਹੀਂ ਹੁੰਦਾ।

ਜ਼ਿੰਦਗੀ ਨਾਲ ਮੌਤ ਦਾ ਪੱਕਾ ਨਾਤਾ ਹੈ। ਜਿਸ ਦਿਨ ਮਨੁੱਖ ਜਨਮ ਲੈਂਦਾ ਹੈ, ਮੌਤ ਉਸੇ ਦਿਨ ਨੀਯਤ ਹੋ ਜਾਂਦੀ ਹੈ। ਜੋ ਜੰਮਿਆ ਹੈ, ਉਸ ਨੇ ਹਰ ਹਾਲ ’ਚ ਮਰਨਾ ਹੈ। ਜ਼ਿੰਦਗੀ ਜਿਊਣ ਲਈ ਹੀ ਹੈ। ਹਾਲਾਤ ਕਿੰਨੇ ਵੀ ਨਾਗਵਾਰ ਕਿਉਂ ਨਾ ਹੋਣ, ਜ਼ਿੰਦਗੀ ਕਿੰਨੀ ਵੀ ਔਖੀ ਹੋ ਜਾਵੇ, ਖ਼ੁਦ ਨੂੰ ਖ਼ਤਮ ਕਰ ਦੇਣਾ ਕਦੇ ਵੀ ਸਹੀ ਨਹੀਂ ਹੁੰਦਾ। ਹਰ ਕਿਸੇ ਦੀ ਜ਼ਿੰਦਗੀ ’ਚ ਅਜਿਹਾ ਸਮਾਂ ਜ਼ਰੂਰ ਆਉਂਦਾ ਹੈ, ਜਦੋਂ ਉਹ ਨਿਰਾਸ਼ ਹੋ ਜਾਂਦਾ ਹੈ, ਹਰ ਪਾਸਿਓਂ ਹਾਰ ਜਾਂਦਾ ਹੈ। ਉਸ ਦਾ ਜਿਊਣ ਨੂੰ ਜੀਅ ਨਹੀਂ ਕਰਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੌਤ ਨੂੰ ਚੁਣ ਲਵੇ।
ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਹਾਲਾਤ
ਮਨੁੱਖ ਨੂੰ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਉਹ ਹਰ ਹਾਲਾਤ ਦਾ ਸਾਹਮਣਾ ਕਰ ਸਕੇ। ਕਈ ਵਾਰ ਨਿਰਾਸ਼ਾ ਸਾਡੇ ’ਤੇ ਭਾਰੂ ਹੋ ਜਾਂਦੀ ਹੈ। ਇੰਜ ਲੱਗਦਾ ਹੈ, ਜਿਵੇਂ ਹੁਣ ਕੁਝ ਵੀ ਨਹੀਂ ਹੋ ਸਕਦਾ। ਅਜਿਹੇ ’ਚ ਮਨੁੱਖ ਨਿਰਾਸ਼ਾ ਦੀ ਗਹਿਰੀ ਖਾਈ ਵਿਚ ਜਾ ਡਿੱਗਦਾ ਹੈ ਪਰ ਫਿਰ ਵੀ ਉਹ ਕਿਸੇ ਨਾਲ ਗੱਲ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਅਜਿਹੇ ਸਮੇਂ ਵਿਚ ਉਸ ਨਾਲ ਗੱਲ ਕਰੇ ਤਾਂ ਉਸ ਨੂੰ ਸੰਭਾਲਿਆ ਜਾ ਸਕਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੇ ਕੋਈ ਤੁਹਾਡੇ ਕੋਲ ਅਜਿਹੇ ਹਾਲਾਤ ਵਿਚ ਆਉਂਦਾ ਹੈ ਤਾਂ ਉਸ ਦੀ ਗੱਲ ਸੁਣੋ, ਉਸ ਨੂੰ ਹੌਸਲਾ ਦਿਓ। ਉਸ ਨੂੰ ਇਹ ਸਮਝਾਓ ਕਿ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਬਹੁਤ ਜ਼ਰੂਰੀ ਹੈ ਕਿ ਨਿਰਾਸ਼ਾ ’ਚ ਡੁੱਬਦੇ ਜਾ ਰਹੇ ਉਸ ਵਿਅਕਤੀ ਦੀ ਬਾਂਹ ਫੜੀ ਜਾਵੇ ਤੇ ਉਸ ਨੂੰ ਨਿਰਾਸ਼ਾ ਦੀ ਗਹਿਰੀ ਖਾਈ ’ਚੋਂ ਬਾਹਰ ਕੱਢਿਆ ਜਾਵੇ।
ਨਿੱਕੀ ਜਿਹੀ ਕੋਸ਼ਿਸ਼ ਬਚਾ ਸਕਦੀ ਜ਼ਿੰਦਗੀ
ਕਿਸੇ ਤੋਂ ਬਹੁਤ ਜਿਆਦਾ ਉਮੀਦ ਰੱਖਣਾ, ਕਿਸੇ ਪ੍ਰਾਪਤੀ ਨੂੰ ਆਖ਼ਰੀ ਮੰਜ਼ਿਲ ਸਮਝ ਲੈਣਾ, ਜ਼ਿੰਦਗੀ ਦੇ ਮਕਸਦ ਤੋਂ ਪੱਛੜ ਜਾਣ ’ਤੇ ਨਿਰਾਸ਼ ਹੋ ਜਾਣਾ, ਕਿਸੇ ਨਿੱਕੀ ਜਿਹੀ ਗੱਲ ਨੂੰ ਦਿਲ ’ਤੇ ਲਾ ਲੈਣਾ, ਆਪਣੀਆਂ ਨਜ਼ਰਾਂ ਵਿਚ ਡਿੱਗ ਜਾਣਾ, ਦੂਜਿਆਂ ਤੋਂ ਬਹੁਤ ਉਮੀਦਾਂ ਰੱਖਣੀਆਂ, ਨਿੱਕੀ ਜਿਹੀ ਹਾਰ ਨੂੰ ਬਰਦਾਸ਼ਤ ਨਾ ਕਰਨਾ, ਇਹ ਸਭ ਸਾਨੂੰ ਖ਼ੁਦਕੁਸ਼ੀ ਦੇ ਰਾਹ ਵੱਲ ਲੈ ਜਾਂਦੇ ਹਨ। ਇਹ ਕੰਮ ਔਖਾ ਜ਼ਰੂਰ ਹੋ ਸਕਦਾ ਹੈ ਪਰ ਨਾਮੁਮਕਿਨ ਨਹੀਂ ਹੈ। ਤੁਹਾਡੀ ਨਿੱਕੀ ਜਿਹੀ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਜੋ ਨਿਰਾਸ਼ ਹੋ ਚੁੱਕਿਆ ਹੈ, ਉਸ ਨੂੰ ਤਾਂ ਸੱਚੀਂ ਹੀ ਕੁਝ ਦਿਖਾਈ ਨਹੀਂ ਦੇ ਰਿਹਾ ਪਰ ਤੁਹਾਡੇ ਯਤਨ ਉਸ ਨੂੰ ਕਿਤੇ ਰੋਸ਼ਨੀ ਦੀ ਇਕ ਚਿਣਗ਼ ਦੇ ਜਾਣਗੇ। ਜਦੋਂ ਵੀ ਕਦੇ ਤੁਹਾਨੂੰ ਲੱਗੇ ਕਿ ਕੋਈ ਨਿਰਾਸ਼ ਹੈ ਤਾਂ ਉਸ ਨੂੰ ਸਮਾਂ ਦਿਓ। ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਉਸ ਦੀ ਗੱਲ ਸੁਣੋ। ਉਸ ਨੂੰ ਪਿਆਰ ਨਾਲ ਸਮਝਾਓ। ਤੁਹਾਡੇ ਇਨ੍ਹਾਂ ਯਤਨਾਂ ਨਾਲ ਬੇਸ਼ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ।
ਸਮੱਸਿਆ ਦਾ ਹੱਲ ਨਹੀਂ ਖ਼ੁਦਕੁਸ਼ੀ
ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਖ਼ੁਦਕੁਸ਼ੀ ਕਰਨ ਦਾ ਇਕ ਪਲ ਹੀ ਹੁੰਦਾ ਹੈ। ਉਹ ਇਕ ਪਲ ਜਿਸ ਵਿਚ ਨਾਕਾਮ ਹੋਇਆ, ਮਨੁੱਖ ਮੌਤ ਨੂੰ ਗਲੇ ਲਗਾ ਲੈਂਦਾ ਹੈ। ਜੇ ਅਜਿਹੇ ਪਲ ਵਿਚ ਅਸੀਂ ਉਸ ਦਾ ਹੱਥ ਫੜ ਲਈਏ ਤਾਂ ਉਹ ਜ਼ਿੰਦਗੀ ਵੱਲ ਨੂੰ ਮੁੜ ਆਉਂਦਾ ਹੈ। ਅੱਜ ਦੇ ਸਮੇਂ ਵਿਚ ਅਕਸਰ ਕਿਸੇ ਕੋਲ ਸਮਾਂ ਹੀ ਨਹੀਂ ਕਿ ਦੂਜੇ ਵੱਲ ਧਿਆਨ ਦੇਵੇ। ਜੇ ਤੁਹਾਡਾ ਕੋਈ ਸਾਥੀ ਨਿਰਾਸ਼ ਹੈ ਤਾਂ ਉਸ ਨੂੰ ਆਪਣੇ ਸਮੇਂ ਵਿੱਚੋਂ ਸਮਾਂ ਦਿਓ। ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਜਿੱਥੋਂ ਤੱਕ ਹੋ ਸਕੇ ਉਸ ਨੂੰ ਇਕੱਲਿਆਂ ਨਾ ਛੱਡੋ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਜ਼ਰੂਰਤ ਤੋਂ ਜ਼ਿਆਦਾ ਖ਼ੁਸ਼ ਹੈ ਤਾਂ ਉਸ ਦੇ ਪਿੱਛੇ ਦੀ ਉਦਾਸੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਹੁਤੀ ਵਾਰ ਉਹ ਖ਼ੁਸ਼ ਹੁੰਦਾ ਨਹੀਂ, ਸਿਰਫ਼ ਖ਼ੁਸ਼ ਦਿਖਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਵਿਅਕਤੀ ਨੂੰ ਤੁਹਾਡੀ ਜ਼ਰੂਰਤ ਹੈ।
ਦੋਸਤਾਂ-ਮਿੱਤਰਾਂ ਵੱਲ ਦੇਈਏ ਧਿਆਨ
ਕਿਸੇ ਨਾਲ ਸਾਂਝਾ ਕੀਤਾ ਚਾਹ ਦਾ ਇਕ ਕੱਪ ਤੇ ਕੁਝ ਗੱਲਾਂ ਉਸ ਨੂੰ ਕੋਈ ਗ਼ਲਤ ਫੈਸਲਾ ਲੈਣ ਤੋਂ ਰੋਕ ਸਕਦੀਆਂ ਹਨ। ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਦੋਸਤਾਂ-ਮਿੱਤਰਾਂ ਵੱਲ ਧਿਆਨ ਦੇਈਏ। ਆਪਣੇ ਪਰਿਵਾਰ ਦੇ ਹਰ ਜੀਅ ਨੂੰ ਧਿਆਨ ਨਾਲ ਵਾਚੀਏ। ਕਿਸੇ ਦੇ ਵਿਹਾਰ ’ਚ ਨਿੱਕਾ ਜਿਹਾ ਬਦਲਾਅ ਵੀ ਇਕ ਸੰਕੇਤ ਹੁੰਦਾ ਹੈ। ਕਿਸੇ ਦੀ ਉਦਾਸੀ, ਬਿਨਾਂ ਵਜ੍ਹਾ ਖ਼ੁਸ਼ੀ, ਬਿਨਾਂ ਗੱਲ ਤੋਂ ਹੰਝੂਆਂ ਵਿਚ ਗਵਾਚ ਜਾਣਾ, ਨਿੱਕੀ ਜਿਹੀ ਗੱਲ ’ਤੇ ਬਹੁਤ ਸੰਵੇਦਨਸ਼ੀਲ ਹੋ ਜਾਣਾ, ਨਿੱਕੀ ਜਿਹੀ ਗੱਲ ’ਤੇ ਬਹੁਤ ਪਰੇਸ਼ਾਨ ਹੋ ਜਾਣਾ, ਚੁੱਪ ਕਰ ਜਾਣਾ ਇਹ ਸਭ ਸੰਕੇਤ ਹਨ ਕਿ ਉਹ ਨਿਰਾਸ਼ਾ ਵੱਲ ਜਾ ਰਿਹਾ ਹੈ। ਕਿਸੇ ਨੂੰ ਖ਼ੁਦਕੁਸ਼ੀ ਦੇ ਰਾਹ ’ਤੇ ਚੱਲਣ ਤੋਂ ਰੋਕਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਹ ਯਤਨ ਆਪਣੇ ਤੇ ਬੇਗ਼ਾਨਿਆਂ ਸਭ ਲਈ ਹੀ ਕਰਨਾ ਜ਼ਰੂਰੀ ਹੈ। ਕਿਸੇ ਦੀ ਜ਼ਿੰਦਗੀ ਬਚਾਉਣਾ ਸਬਾਬ ਦਾ ਕੰਮ ਹੈ। ਇਹ ਬਹੁਤਾ ਔਖਾ ਨਹੀਂ ਬਸ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ।
- ਹਰਪ੍ਰੀਤ ਕੌਰ ਸੰਧੂ