ਸ਼ੁੱਭ ਮਹੂਰਤ : ਬਸੰਤ ਪੰਚਮੀ ਮਾਂ ਸਰਸਵਤੀ ਦਾ ਜਨਮ ਦਿਨ ਹੋਣ ਕਾਰਨ ਅੱਜ ਦੇ ਦਿਨ ਬਾਲਕਾਂ ਦਾ ਵਿੱਦਿਆ ਆਰੰਭ ਸੰਸਕਾਰ ਸ਼ੁੱਭ ਮੰਨਿਆ ਜਾਂਦਾ ਹੈ। 10 ਫਰਵਰੀ ਨੂੰ ਸਰਸਵਤੀ ਪੂਜਾ ਦਾ ਮਹੂਰਤ ਸਵੇਰ ਤੋਂ ਲੈ ਕੇ ਦੁਪਹਿਰ 2:19 ਤਕ ਸਰਬੋਤਮ ਹੈ। ਪੰਚਮੀ ਮਿਤੀ 'ਚ ਰੇਵਤੀ ਨਕਸ਼ਤਰ ਸਵੇਰ ਤੋਂ ਲੈ ਕੇ ਸ਼ਾਮ 7:48 ਤਕ ਸ਼ੁੱਭ ਹੀ ਰਹੇਗਾ। ਇਸ ਕਾਰਨ ਦੂਸਰਾ ਮਹੂਰਤ 12:30 ਤੋਂ ਸ਼ਾਮ ਤਕ 7:02 ਤਕ ਸ਼ੁੱਭ ਯੋਗ ਰਹੇਗਾ।


ਪੰਚਮੀ ਮਿਤੀ ਦੀ ਸ਼ੁਰੂਆਤ ਸ਼ਨਿਚਰਵਾਰ 9 ਫਰਵਰੀ ਦੀ ਦੁਪਹਿਰ 12:25 ਤੋਂ ਹੋਵੇਗੀ। ਮਿਤੀ ਸਮਾਪਤੀ ਐਤਵਾਰ 10 ਫਰਵਰੀ ਨੂੰ ਦੁਪਹਿਰ 2:08 ਵਜੇ ਤਕ ਹੋਵੇਗੀ। ਇਸ ਦਿਨ ਤੋਂ ਹੀ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਵੀ ਮੰਨੀ ਜਾਂਦੀ ਹੈ।

ਉੱਤਰੀ ਭਾਰਤ ਵਿਚ ਬਸੰਤ ਪੰਚਮੀ ਤੋਂ ਫਾਗ ਸੁਣਨਾ ਸ਼ੁਰੂ ਹੋ ਜਾਂਦਾ ਹੈ ਜੋ ਫੱਗਣ ਪੂਰਨਿਮਾ ਤਕ ਚੱਲਦਾ ਹੈ। ਨਾਲ ਹੀ ਹੋਲਿਕਾ ਦੀ ਲਕੜੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਦਿਨ ਮਥੁਰਾ, ਵਰਿੰਦਾਵਨ ਖੇਤਰ ਵਿਚ ਜਿਸ ਜਗ੍ਹਾ ਹੋਲਿਕਾ ਦਹਿਨ ਹੁੰਦਾ ਹੈ ਉੱਥੇ ਕਿੱਲਾ ਗੱਡਣ ਦੀ ਪਰੰਪਰਾ ਵੀ ਨਿਭਾਈ ਜਾਂਦੀ ਹੈ।

ਪੂਜਾ ਦੀ ਵਿਧੀ : ਇਸ ਦਿਨ ਭਗਵਾਨ ਵਿਸ਼ਣੂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਸਵੇਰੇ ਇਸ਼ਨਾਨ ਕਰ ਕੇ ਪੀਲੇ ਵਸਤਰ ਧਾਰਨ ਕਰ ਕੇ, ਵਿਸ਼ਣੂ ਭਗਵਾਨ ਦੀ ਵਿਧੀ ਪੂਰਵਕ ਪੂਜਾ ਕਰਨੀ ਚਾਹੀਦੀ ਹੈ। ਇਸ ਉਪਰੰਤ ਪਿੱਤਰ ਤਰਪਣ ਅਤੇ ਬ੍ਰਾਹਮਣ ਨੂੰ ਭੋਜਨ ਕਰਵਾਉਣਾ ਚਾਹੀਦਾ ਹੈ।

ਪਹਿਲਾਂ ਗਣੇਸ਼, ਸੂਰਜ, ਵਿਸ਼ਣੂ ਤੇ ਸ਼ਿਵ ਆਦਿ ਦੇਵਤਿਆਂ ਦੀ ਪੂਜਾ ਕਰ ਕੇ ਸਰਸਵਤੀ ਦੇਵੀ ਦੀ ਪੂਜਾ ਕਰਨੀ ਚਾਹੀਦੀ ਹੈ। ਸਰਸਵਤੀ ਪੂਜਨ ਲਈ ਇਕ ਦਿਨ ਪਹਿਲਾ ਸੰਜਮ ਨਿਯਮ ਨਾਲ ਰਹਿਣਾ ਚਾਹੀਦਾ ਹੈ ਤੇ ਦੂਜੇ ਦਿਨ ਇਸ਼ਨਾਨ ਉਪਰੰਤ ਕਲਸ਼ ਸਥਾਪਿਤ ਕਰ ਕੇ ਪੂਜਾ ਕਰਨੀ ਚਾਹੀਦੀ ਹੈ। ਬਸੰਤ ਪੰਚਮੀ 'ਤੇ ਮਨਾਏ ਜਾਣ ਵਾਲੇ ਬਸੰਤ ਉਤਸਵ ਤੇ ਪੀਲੇ ਵਸਤਰ ਜ਼ਰੂਰ ਧਾਰਨ ਕਰੋ।

Posted By: Arundeep