ਗੁਹਾਟੀ (ਪੀਟੀਆਈ) : ਕੋੋਵਿਡ-19 ਮਹਾਮਾਰੀ ਦੇ ਦੌਰ 'ਚ ਹੋਈ ਇਕ ਨਿਲਾਮੀ ਵਿਚ ਗੁਹਾਟੀ ਚਾਹ ਨਿਲਾਮੀ ਕੇਂਦਰ (ਜੀਟੀਏਸੀ) ਨੇ ਚਾਹ ਪੱਤੀ ਦੀ ਵਿਸ਼ੇਸ਼ ਕਿਸਮ ਮਨੋਹਾਰੀ ਗੋਲਡ ਦੀ ਵਿਕਰੀ 75 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਰਿਕਾਰਡ ਦਰ 'ਤੇ ਕੀਤੀ ਹੈ। ਇਸ ਤੋਂ ਪਹਿਲੇ ਇਸ ਚਾਹ ਪੱਤੀ ਦੀ ਰਿਕਾਰਡ ਵਿਕਰੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਕਿਲੋ ਸੀ।

ਗੁਹਾਟੀ ਚਾਹ ਨਿਲਾਮੀ ਖ਼ਰੀਦਦਾਰ ਸੰਗਠਨ (ਜੀਟੀਏਬੀਏ) ਦੇ ਸਕੱਤਰ ਦਿਨੇਸ਼ ਬਿਹਾਨੀ ਨੇ ਕਿਹਾ ਕਿ ਇਕ ਸਾਲ ਪਿੱਛੋਂ ਜੀਟੀਏਸੀ ਨੂੰ ਮਨੋਹਾਰੀ ਗੋਲਡ ਸਪੈਸ਼ਲਿਟੀ ਚਾਹ ਦੀ ਨਿਲਾਮੀ 75 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਦਰ 'ਤੇ ਕਰਨ ਦਾ ਮੌਕਾ ਮਿਲਿਆ। ਪਿਛਲੇ ਸਾਲ 13 ਅਗਸਤ ਨੂੰ ਅਪਰ ਅਸਾਮ ਦੇ ਡਿਕਾਮ ਟੀ ਅਸਟੇਟ ਨੇ ਆਪਣੀ ਵਿਸ਼ੇਸ਼ ਅਸਾਮ ਚਾਹ ਗੋਲਡਨ ਬਟਰਫਲਾਈ ਨੂੰ ਜੀਟੀਏਸੀ ਵਿਚ 75 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚਣ 'ਚ ਕਾਮਯਾਬੀ ਹਾਸਲ ਕੀਤੀ ਸੀ। ਮਨੋਹਾਰੀ ਗੋਲਡ ਸਪੈਸ਼ਲਿਟੀ ਚਾਹ ਦੀ ਵਿਕਰੀ ਕੰਟੈਪਰੇਰੀ ਬ੍ਰੋਕਰਸ ਪ੍ਰਾਈਵੇਟ ਲਿਮਟਿਡ ਨੇ ਕੀਤੀ ਅਤੇ ਇਸ ਨੂੰ ਗੁਹਾਟੀ ਸਥਿਤ ਚਾਹ ਕਾਰੋਬਾਰੀ ਵਿਸ਼ਣੂ ਟੀ ਕੰਪਨੀ ਨੇ ਖ਼ਰੀਦਿਆ। ਵਿਸ਼ਣੂ ਟੀ ਕੰਪਨੀ ਆਪਣੀ ਈ-ਕਾਮਰਸ ਵੈੱਬਸਾਈਟ ਨਾਈਨਏਐੱਮਟੀ ਡਾਟ ਕਾਮ ਦੇ ਮਾਧਿਅਮ ਰਾਹੀਂ ਇਸ ਚਾਹ ਪੱਤੀ ਦੀ ਦੁਨੀਆ ਭਰ ਵਿਚ ਵਿਕਰੀ ਕਰੇਗੀ। ਬਿਹਾਨੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਮਹਾਮਾਰੀ ਤੋਂ ਪ੍ਰਭਾਵਿਤ ਹੈ, ਇਹ ਇਕ ਵੱਡੀ ਉਪਲੱਬਧੀ ਹੈ। ਮਨੋਹਾਰੀ ਟੀ ਅਸਟੇਟ ਨੇ ਇਸ ਵਿਸ਼ੇਸ਼ ਕਿਸਮ ਦੇ ਉਤਪਾਦਨ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਉਸ ਨੂੰ ਵਿਕਰੀ ਲਈ ਜੀਟੀਏਸੀ ਕੋਲ ਭੇਜਿਆ। ਪਿਛਲੇ ਸਾਲ ਜੀਟੀਏਸੀ ਵਿਚ ਕੀਮਤ ਦੇ ਲਿਹਾਜ਼ ਨਾਲ ਦੋ ਹੋਰ ਵੱਡੇ ਰਿਕਾਰਡ ਬਣੇ ਸਨ। ਇਸ ਤਹਿਤ ਆਰਥੋਡਾਕਸ ਗੋਲਡਨ ਟੀ ਟਿਪਸ 70,501 ਰੁਪਏ ਪ੍ਰਤੀ ਕਿਲੋ ਅਤੇ ਉਸ ਤੋਂ ਪਹਿਲੇ ਮਨੋਹਾਰੀ ਗੋਲਡ ਟੀ 50 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਦਰ 'ਤੇ ਵਿਕੀ ਸੀ।