ਇਨਸਾਨ ਅਤੇ ਸੰਸਾਰ ਦੇ ਬਾਕੀ ਜੀਵ ਜੰਤੂਆਂ ਵਿਚ ਮੁੱਖ ਵੱਖਰੇਵਾਂ ਇਹ ਹੈ ਕਿ ਇਨਸਾਨ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ ਜਦੋਂ ਕਿ ਬਾਕੀ ਜੀਵ ਜੰਤੂ ਇਨ੍ਹਾਂ ਗੁਣਾਂ ਤੋਂ ਵਿਹੂਣੇ ਹਨ। ਬਾਣੀ ਦੀ ਸ਼ਕਤੀ ਨਾਲ ਹੀ ਰਿਸ਼ਤਿਆਂ ਦੀ ਪਹਿਚਾਣ ਹੋਈ ਤੇ ਸਮਾਜ ਹੋਂਦ ਵਿਚ ਆਇਆ। ਮੁਸਕਰਾਹਟ ਅਤੇ ਹੱਸਣ ਨਾਲ ਆਪਸੀ ਪਿਆਰ ਵਿਚ ਵਾਧਾ ਹੋਇਆ ਤੇ ਰਿਸ਼ਤੇ ਮਜ਼ਬੂਤ ਹੋਏ। ਕਦੇ ਸਮਾਂ ਸੀ ਮਨੁੱਖ ਆਪਣੇ ਸਾਰੇ ਕਾਰੋਬਾਰ ਰਲ ਮਿਲ ਕੇ ਭਾਈਚਾਰੇ ਦੇ ਰੂਪ ਵਿਚ ਕਰਦਾ ਸੀ। ਵਿਗਿਆਨਕ ਵਿਕਾਸ ਨਾਲ ਜਿੱਥੇ ਸੁੱਖ ਸਹੂਲਤਾਂ ਵਿਚ ਵਾਧਾ ਹੋਇਆ ਉੱਥੇ ਇਕ ਦੂਜੇ ਉਤੇ ਨਿਰਭਰਤਾ ਵੀ ਘੱਟ ਗਈ। ਸੰਸਾਰ ਵਿਚ ਪੈਸਾ ਪ੍ਰਧਾਨ ਹੋ ਗਿਆ ਅਤੇ ਸਾਰਾ ਕਾਰੋਬਾਰ ਪੈਸੇ ਨਾਲ ਹੋਣ ਲੱਗ ਪਿਆ।
ਹੌਲੀ-ਹੌਲੀ ਮਨੁੱਖ ਆਪੇ ਵਿਚ ਹੀ ਸੁੰਗੜ ਕੇ ਰਹਿ ਗਿਆ ਹੈ। ਸਾਂਝੇ ਪਰਿਵਾਰ ਟੁੱਟ ਰਹੇ ਹਨ, ਰਲਮਿਲ ਕੰਮ ਕਰਨ ਦੀ ਲੋੜ ਖ਼ਤਮ ਹੋ ਰਹੀ ਹੈ। ਮਾਇਆ ਦੀ ਦੌੜ ਵਿਚ ਮਨੁੱਖ ਇੰਨਾ ਰੁੱਝ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਨਾਲ ਬੈਠ ਹੱਸਣ ਖੇਡਣ ਦਾ ਸਮਾਂ ਨਹੀਂ ਮਿਲ ਰਿਹਾ। ਇੰਝ ਜੀਵਨ ਵਿਚੋਂ ਹਾਸਾ ਗਾਇਬ ਹੋ ਰਿਹਾ ਹੈ। ਮਨੁੱਖਾਂ ਅੰਦਰ ਵੱਧ ਰਹੀਆਂ ਬਿਮਾਰੀਆਂ ਦਾ ਇਕ ਮੁੱਖ ਕਾਰਨ ਇਕੱਲਤਾ, ਘੁੱਟਣ ਅਤੇ ਖੁੱਲ੍ਹ ਕੇ ਹੱਸਣ ਦਾ ਮਨਫ਼ੀ ਹੋਣਾ ਹੈ। ਚਿਹਰਿਆਂ ਉਤੇ ਮੁਸਕਰਾਹਟ ਗਾਇਬ ਹੋ ਰਹੀ ਹੈ। ਖੁੱਲ੍ਹ ਕੇ ਹੱਸਣ ਨਾਲ ਜਿੱਥੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਉਥੇ ਚਿਹਰੇ ਦੀ ਮੁਸਕਰਾਹਟ ਆਪਸੀ ਸਾਂਝ ਅਤੇ ਪਿਆਰ ਵਿਚ ਵਾਧਾ ਕਰਦੀ ਹੈ। ਮੁਸਕਰਾਹਟ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਸਾਰੇ ਹੀ ਸਮਝਦੇ ਹਨ ਇਸੇ ਕਰਕੇ ਇਸ ਨੂੰ ਸੰਸਾਰ ਭਾਸ਼ਾ ਵੀ ਆਖਿਆ ਜਾਂਦਾ ਹੈ। ਰੋਜ਼ਾਨਾ ਖੁੱਲ੍ਹ ਕੇ ਹੱਸਣ ਨਾਲ ਕੇਵਲ ਸਰੀਰ ਹੀ ਤੰਦਰੁਸਤ ਨਹੀਂ ਰਹਿੰਦਾ ਸਗੋਂ ਉਮਰ ਵਿਚ ਵਾਧਾ ਵੀ ਹੁੰਦਾ ਹੈ। ਆਪਸੀ ਸਾਂਝ ਬਣਦੀ ਹੈ ਅਤੇ ਜੀਵਨ ਵਿਚ ਕੁਝ ਨਵਾਂ ਕਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ। ਹਾਸਾ ਗੁੱਸੇ ਅਤੇ ਦੁੱਖ ਦਰਦ ਦਾ ਵੈਰੀ ਹੈ, ਸਰੀਰ ਨੂੰ ਚੁਸਤ ਅਤੇ ਦਰੁਸਤ ਰੱਖਦਾ ਹੈ, ਸੰਸਾਰ ਵਿਚ ਉਨ੍ਹਾਂ ਕੌਮਾਂ ਨੇ ਹੀ ਵਿਕਾਸ ਕੀਤਾ ਹੈ ਜਿਹੜੀਆਂ ਆਪਣੇ ਆਪ ਉੱਤੇ ਹੱਸਣਾ ਜਾਣਦੀਆਂ ਹਨ।
ਇਸ ਨਾਲ ਸਰੀਰ ਵਿਚ ਇਕ ਰਸਾਇਣ ਜਿਸ ਨੂੰ ਇੰਡੋਫ਼ਿਲਨਜ਼ ਆਖਿਆ ਜਾਂਦਾ ਹੈ ਬਣਦਾ ਹੈ, ਜਿਹੜਾ ਚਿੰਤਾ, ਤਣਾਵ ਅਤੇ ਉਦਾਸੀ ਨੂੰ ਦੂਰ ਕਰਦਾ ਹੈ। ਕੁਦਰਤ ਵਲੋਂ ਬਖ਼ਸ਼ੀ ਇਸ ਦਾਤ ਦੀ ਖੁੱਲ੍ਹ ਕੇ ਵਰਤੋਂ ਕੀਤਿਆਂ ਅਸੀਂ ਆਪਣੇ ਆਪ ਨੂੰ ਹੀ ਅਨੰਦਿਤ ਨਹੀਂ ਰੱਖ ਸਕਦੇ ਸਗੋਂ ਆਪਣੇ ਚੌਗਿਰਦੇ ਨੂੰ ਵੀ ਖ਼ੁਸ਼ਗਵਾਰ ਬਣਾ ਸਕਦੇ ਹਾਂ ਅਤੇ ਦੋਸਤੀਆਂ ਵਿਚ ਵਾਧਾ ਕਰ ਸਕਦੇ ਹਾਂ।
ਇਕ ਵਿਗਿਆਨਕ ਸੋਚ ਅਨੁਸਾਰ ਮਨੁੱਖ ਬਾਂਦਰ ਦਾ ਵਿਕਸਤ ਰੂਪ ਹੈ। ਜਦੋਂ ਉਸ ਦੇ ਪਿੱਛੋਂ ਪੂਛ ਖ਼ਤਮ ਹੋ ਗਈ ਤਾਂ ਇਹ ਇਨਸਾਨ ਬਣ ਗਿਆ। ਪਰ ਬਦਕਿਸਮਤੀ ਕਿ ਹੁਣ ਵੀ ਇਨਸਾਨ ਉਸੇ ਪੂਛ ਨੂੰ ਝੂਰਦਾ ਫਿਰਦਾ ਹੈ। ਉਹ ਹਮੇਸ਼ਾ ਇਸੇ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ ਕਿ ਉਸ ਦੇ ਪਿੱਛੇ ਕੋਈ ਪੂਛ ਲੱਗ ਜਾਵੇ ਪਰ ਜਦੋਂ ਕਿਸੇ ਦੂਜੇ ਦੇ ਪਿੱਛੇ ਪੂਛ ਲੱਗ ਜਾਵੇ ਤਾਂ ਖ਼ੁਸ਼ ਹੋਣ ਦੀ ਥਾਂ ਉਹ ਈਰਖ਼ਾ ਕਰਨ ਲੱਗਦਾ ਹੈ, ਉਸ ਦੀ ਨਿੰਦਿਆ ਕਰਦਾ ਹੈ ਅਤੇ ਟੰਗ ਖਿਚਾਈ ਦਾ ਹਰ ਸੰਭਵ ਯਤਨ ਕਰਦਾ ਹੈ। ਅਜਿਹੀ ਮਾਨਸਿਕ ਸਥਿਤੀ ਵਿਚ ਉਸ ਦੇ ਬੁੱਲ੍ਹਾਂ ਉਤੇ ਮੁਸਕ੍ਰਾਹਟ ਕਿਵੇਂ ਆ ਸਕਦੀ ਹੈ, ਉਹ ਖੁੱਲ੍ਹ ਕੇ ਕਿਵੇਂ ਹੱਸ ਸਕਦਾ ਹੈ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੂਛ ਖ਼ਤਮ ਹੋਣ ਨਾਲ ਹੀ ਇਨਸਾਨ ਬਣੇ ਹਾਂ, ਫਿਰ ਮੁੜ ਕੇ ਪੂਛ ਲਈ ਇੰਨੀ ਭੱਜ-ਦੌੜ ਕਿਉ ਕੀਤੀ ਜਾਂਦੀ ਹੈ। ਈਰਖਾ, ਸਾੜਾ, ਝੂਰਨਾ, ਚੁਗਲੀ ਵਰਗੇ ਦੁਸ਼ਮਣਾਂ ਦੇ ਘੇਰੇ ਵਿਚ ਆ ਕੇ ਅਸੀਂ ਆਪਣੇ ਹੱਥੀਂ ਖ਼ੁਸ਼ੀ ਨੂੰ ਤਿਆਗ ਦਿੰਦੇ ਹਾਂ। ਅਜਿਹਾ ਮਨੁੱਖ ਆਪਣੇ ਪਰਿਵਾਰਕ ਮੈਂਬਰਾਂ ਅਤੇ ਸੰਗੀ ਸਾਥੀਆਂ ਨਾਲ ਬੈਠ ਕੇ ਕਦੇ ਵੀ ਖੁੱਲ੍ਹ ਕੇ ਹੱਸ ਨਹੀਂ ਸਕਦਾ। ਇਸ ਸੋਚ ਦਾ ਹੌਲੀ-ਹੌਲੀ ਅਜਿਹਾ ਅਸਰ ਹੁੰਦਾ ਹੈ ਕਿ ਈਰਖਾ, ਚੁਗਲੀ, ਗੁੱਸਾ, ਜੀਵਨ ਦਾ ਅੰਗ ਬਣ ਜਾਂਦੇ ਹਨ। ਹੱਸਣਾ ਤੇ ਖ਼ੁਸ਼ ਰਹਿਣਾ ਜੀਵਨ ਵਿੱਚੋਂ ਅਲੋਪ ਹੋ ਜਾਂਦੇ ਹਨ। ਜੇਕਰ ਅਜਿਹਾ ਮਨੁੱਖ ਕਦੇ ਹੱਸਦਾ ਵੀ ਹੈ ਤਾਂ ਉਹ ਦੂਸਰਿਆਂ ਦੀ ਬੇਵਸੀ, ਲਾਚਾਰੀ ਜਾਂ ਅਸਫਲਤਾ ਉਤੇ ਹੱਸਦਾ ਹੈ। ਇੰਝ ਉਸ ਦੀ ਸੋਚ ਬਿਮਾਰ ਹੋ ਜਾਂਦੀ ਹੈ। ਕਦੇ ਵੀ ਕਿਸੇ ਦੀ ਬੇਵਸੀ, ਲਾਚਾਰੀ ਜਾਂ ਦੁੱਖ ਵੇਖ ਕੇ ਹੱਸਣਾ ਨਹੀਂ ਚਾਹੀਦਾ।
ਖੁੱਲ੍ਹ ਕੇ ਹੱਸਣ ਤੋਂ ਉਦੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ, ਜਦੋਂ ਤੁਸੀਂ ਕਿਸੇ ਅਜਿਹੀ ਬਿਮਾਰੀ ਦੇ ਮਰੀਜ਼ ਹੋਵੋ ਜਿਸ ਵਿਚ ਹੱਸਣ ਨਾਲ ਵਾਧਾ ਹੋ ਸਕਦਾ ਹੈ। ਜਦੋਂ ਰਕਤਚਾਪ ਵੱਧ ਹੋਵੇ, ਦਿਲ ਦਾ ਮਰੀਜ਼ ਹੋਵੇ ਜਾਂ ਕਿਸੇ ਹੋਰ ਅਜਿਹੀ ਬਿਮਾਰੀ ਸਮੇਂ ਖੁੱਲ੍ਹ ਕੇ ਹੱਸਣਾ ਨਹੀਂ ਚਾਹੀਦਾ। ਅੱਜ-ਕੱਲ੍ਹ ਹੱਸਣ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਥਾਵੀਂ ਹੱਸਣ ਕਲੱਬ ਬਣ ਰਹੇ ਹਨ, ਜਿੱਥੇ ਮੈਂਬਰ ਇਕੱਠੇ ਹੋ ਕੇ ਖੁੱਲ੍ਹ ਕੇ ਹੱਸਦੇ ਹਨ। ਕੋਸ਼ਿਸ਼ ਇਹੋ ਹੋਣੀ ਚਾਹੀਦੀ ਹੈ ਕਿ ਕੁਦਰਤੀ ਹਾਸਾ ਹੱਸਿਆ ਜਾਵੇ, ਮੁਸਕਰਾਹਟ ਤੁਹਾਡੇ ਬੁੱਲ੍ਹਾਂ ਉਤੇ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਆਪਣੇ ਘਰ ਵੜੋ ਤਾਂ ਮੁਸਕਰਾਹਟ ਨਾਲ ਲੈ ਕੇ ਆਵੋ। ਦਫ਼ਤਰ ਵਿਚ ਆ ਕੇ ਵੀ ਸਾਰਿਆਂ ਨਾਲ ਮੁਸਕੁਰਾ ਕੇ ਗੱਲ ਕਰੋ। ਕਿਸੇ ਮੀਟਿੰਗ ਵਿਚ ਵੀ ਮੁਸਕਰਾਹਟ ਸਮੇਤ ਖਿੜੇ-ਮੱਥੇ ਜਾਵੋ। ਤੁਹਾਡੇ ਚਿਹਰੇ ਦੀ ਮੁਸਕਰਾਹਟ ਤੁਹਾਡੀ ਸਫਲਤਾ ਦੀ ਨੀਂਹ ਰੱਖ ਦਿੰਦੀ ਹੈ। ਪੰਜਾਬੀ ਦੀ ਪ੍ਰਸਿੱਧ ਕਹਾਵਤ ਨੂੰ ਹਮੇਸ਼ਾਂ ਯਾਦ ਰੱਖੋ :
‘ਹੱਸਦਿਆਂ ਦੇ ਘਰ ਵੱਸਦੇ’
ਇਸੇ ਤਰ੍ਹਾਂ ਇਕ ਲੋਕ-ਬੋਲੀ ਨੂੰ ਆਪਣੇ ਚੇਤੇ ਵਿਚ ਵਸਾਇਆ ਜਾਵੇ :
‘ਉਹਦੇ ਨਾਲ ਕੀ ਬੋਲਣਾ
ਜਿਹਦੇ ਪਿਆ ਮੱਥੇ ਵੱਟ ਰਹਿੰਦਾ।’
ਮਨੁੱਖੀ ਜੀਵਨ ਅਨਮੋਲ ਹੈ। ਜੇਕਰ ਇਸ ਦੇ ਹਰ ਪਲ ਦਾ ਅਨੰਦਾ ਲੈਣਾ ਹੈ ਤਾਂ ਹੱਸਣਾ ਸਿੱਖੋ। ਚਿਹਰੇ ਦੀ ਮੁਸਕਰਾਹਟ ਰਿਸ਼ਤਿਆਂ ਨੂੰ ਜੋੜਦੀ ਹੈ, ਦੋਸਤਾਂ ਦਾ ਘੇਰਾ ਵੱਡਾ ਹੁੰਦਾ ਹੈ, ਸੰਗੀ-ਸਾਥੀਆਂ ਦਾ ਸਾਥ ਤੇ ਪਿਆਰ ਮਿਲਦਾ ਹੈ ਤੇ ਘਰੋਗੀ ਮਾਹੌਲ ਖ਼ੁਸ਼ਗਵਾਰ ਬਣ ਜਾਂਦਾ ਹੈ। ਫਿਰ ਕਿਉ ਨਾ ਚਿਹਰੇ ’ਤੇ ਮੁਸਕਰਾਹਟ ਨੂੰ ਰੱਖਿਆ ਜਾਵੇ। ਮੱਥੇ ਵੱਟ ਪਾਉਣ ਲਈ ਮੁਸਕਰਾਹਟ ਤੋਂ ਵੱਧ ਸ਼ਕਤੀ ਵਰਤੀ ਜਾਂਦੀ ਹੈ ਤੇ ਇਸ ਨਾਲ ਰਿਸ਼ਤਿਆਂ ਵਿਚ ਤ੍ਰੇੜਾਂ ਆਉਦੀਆਂ ਹਨ, ਦੋਸਤਾਂ ਦਾ ਘੇਰਾ ਸੁੰਗੜਦਾ ਹੈ, ਕੰਮ-ਕਾਜੀ ਮਾਹੌਲ ਵਿਚ ਤਣਾਅ ਬਣਿਆ ਰਹਿੰਦਾ ਹੈ, ਫਿਰ ਭਲਾ ਮੱਥੇ ਉਤੇ ਵੱਟ ਪਾ ਕੇ ਆਪਣੇ ਆਪ ਨੂੰ ਦੁਖੀ ਕਿਉ ਕੀਤਾ ਜਾਵੇ। ਜੇਕਰ ਸਫਲ-ਸੁਖਾਵਾਂ ਜੀਵਨ ਜਿਊਣਾ ਹੈ, ਜੀਵਨ ਦੇ ਹਰ ਪਲ ਦਾ ਅਨੰਦ ਮਾਣਨਾ ਹੈ ਤਾਂ ਹਮੇਸ਼ਾ ਖ਼ੁਸ਼ ਰਹੋ। ਦੁੱਖ ਸਮੇਂ ਵੀ ਚਿਹਰੇ ’ਤੇ ਮੁਸਕਰਾਹਟ ਰੱਖੋ, ਦੁੱਖ ਘਟ ਜਾਵੇਗਾ। ਆਪਣੇ ਪਰਿਵਾਰ ਨਾਲ ਕੁਝ ਸਮਾਂ ਜ਼ਰੂਰ ਬਿਤਾਵੋ। ਖੁੱਲ੍ਹ ਕੇ ਹੱਸੋ, ਪਰਿਵਾਰਿਕ ਮੈਂਬਰਾਂ ਨਾਲ ਦੋਸਤੀ ਪੱਕੀ ਹੋਵੇਗੀ। ਕਿਸੇ ਦੇ ਰੁੱਖੇ ਬੋਲਾਂ ਦਾ ਉੱਤਰ ਵੀ ਮੁਸਕਰਾਹਟ ਵਿਚ ਦੇਵੋ, ਅਗਲਾ ਆਪਣੇ ਆਪ ਸ਼ਰਮਿੰਦਾ ਹੋ ਜਾਵੇਗਾ। ਫਿਰ ਕਿਸੇ ਪਤਨੀ ਨੂੰ ਆਪਣੇ ਪਤੀ ਦੇ ਮੱਥੇ ਉਤੇ ਪਏ ਰਹਿੰਦੇ ਵੱਟਾਂ ਨੂੰ ਵੇਖ ਕੇ ਇਹ ਨਹੀਂ ਆਖਣਾ ਪਵੇਗਾ :
‘ਆਖੀਂ ਕੀ ਨਨਾਣੇ ਆਪਣੇ ਵੀਰ ਨੂੰ
ਕਦੇ ਤਾਂ ਭੈੜਾ ਹੱਸਿਆ ਕਰੇ।’
ਦਫ਼ਤਰ ਜਾਂ ਕਾਰੋਬਾਰੀ ਥਾਂ ਸਾਰਿਆਂ ਨਾਲ ਮੁਸਕਰਾ ਕੇ ਗੱਲ-ਬਾਤ ਕਰੋ। ਸਾਰਿਆਂ ਦੇ ਦੁੱਖ-ਸੁੱਖ ਵਿਚ ਭਾਗੀਦਾਰ ਬਣੋ। ਇੰਝ ਸਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਬਣ ਜਾਵੇਗਾ। ਰਲ ਕੇ ਬੈਠ, ਖੁੱਲ੍ਹ ਕੇ ਹੱਸ, ਹਮੇਸ਼ਾ ਖ਼ੁਸ਼ੀ ਦਾ ਅਨੰਦ ਮਾਣ।
- ਡਾ. ਰਣਜੀਤ ਸਿੰਘ
Posted By: Harjinder Sodhi