ਹਰ ਮਨੁੱਖ ਨੇ ਕੁਝ ਸਮਾਂ ਇਸ ਧਰਤੀ 'ਤੇ ਰਹਿਣਾ ਹੈ। ਡਾਕਟਰੀ ਵਿਗਿਆਨ ਨੇ ਮਨੁੱਖ ਦੀ ਔਸਤਨ ਉਮਰ ਨੂੰ ਵਧਾਇਆ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਡਾਕਟਰੀ ਵਿਗਿਆਨ ਮਨੁੱਖ ਦੀ ਉਮਰ ਦੇ ਕੁਝ ਵਰ੍ਹੇ ਹੋਰ ਵੱਧ ਕਰ ਲਵੇ ਪਰ ਆਖ਼ਰ ਹਰ ਇਕ ਨੂੰ ਇੱਥੋਂ ਰੁਖ਼ਸਤ ਹੋਣਾ ਹੋਵੇਗਾ। ਮਨੁੱਖ ਦੀ ਮਨੋਬਿਰਤੀ ਤੇ ਵਿਵਹਾਰ ਅਜਿਹਾ ਹੈ ਕਿ ਜਿਵੇਂ ਇਸ ਨੇ ਕਦੇ ਇੱਥੋਂ ਜਾਣਾ ਹੀ ਨਹੀਂ, ਮਨੁੱਖਤਾ ਨੂੰ ਦਰਪੇਸ਼ ਅਜੋਕੇ ਦੌਰ ਦੀਆਂ ਜ਼ਿਆਦਾਤਰ ਸਮੱਸਿਆਵਾਂ ਵੀ ਮਨੁੱਖ ਦੀ ਇਸੇ ਮਨੋਬਿਰਤੀ ਦੀ ਉਪਜ ਹਨ।

ਬੇਸ਼ੱਕ ਮਨੁੱਖ ਦੇ ਅਜੋਕੇ ਦੌਰ ਦੇ ਸੰਕਟਾਂ ਦੇ ਅਨੇਕ ਕਾਰਨ ਹਨ ਪਰ ਉਸ ਦਾ ਮੌਜੂਦਾ ਜਿਊਣ ਢੰਗ ਇਸ ਲਈ ਗੰਭੀਰ ਸੰਕਟ ਬਣ ਰਿਹਾ ਹੈ। ਮਨੁੱਖੀ ਜ਼ਿੰਦਗੀ ਬੜੀ ਤੇਜ਼ੀ ਨਾਲ ਦਿਨੋ ਦਿਨ ਗੁੰਝਲਦਾਰ ਹੁੰਦੀ ਜਾ ਰਹੀ ਹੈ। ਇਹ ਜਿੰਨੀ ਤੇਜ਼ੀ ਨਾਲ ਗੁੰਝਲਦਾਰ ਹੋਵੇਗੀ ਓਨਾ ਹੀ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾਵੇਗਾ ਅਤੇ ਜਿੰਨਾ ਅਸੀਂ ਕੁਦਰਤ ਤੋਂ ਦੂਰ ਹੋਵਾਂਗੇ ਓਨੇ ਹੀ ਵਧੇਰੇ ਸੰਕਟ ਸਾਡੇ ਲਈ ਪੈਦਾ ਹੋਣਗੇ। ਕੁਝ ਵਿਕਸਤ ਮੁਲਕਾਂ 'ਚ ਇਹ ਹੁਣ ਹੋਣ ਲੱਗਾ ਹੈ ਕਿ ਕਈ ਪੜ੍ਹੇ-ਲਿਖੇ ਲੋਕ ਵੱਡੀਆਂ-ਵੱਡੀਆਂ ਨੌਕਰੀਆਂ ਤੇ ਰੁਤਬਿਆਂ ਨੂੰ ਛੱਡ ਕੇ ਸ਼ਹਿਰ ਦੀ ਚਮਕ ਦਮਕ ਵਾਲੀ ਜ਼ਿੰਦਗੀ ਨੂੰ ਅਲਵਿਦਾ ਆਖ ਕੁਦਰਤ ਨਾਲ ਇਕਮਿਕ ਹੋ ਕੇ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਉਹ ਸਮਝਣ ਲੱਗ ਪਏ ਹਨ ਕਿ ਕੁਦਰਤ ਅਨੁਸਾਰ ਜੀਵਨ ਜਿਊਣ ਵਿਚ ਜੋ ਮਜ਼ਾ ਹੈ ਉਹ ਹੋਰ ਕਿਧਰੇ ਨਹੀਂ ਹੈ। ਇਸ ਦੀ ਇਕ ਮਿਸਾਲ ਦਿੱਲੀ ਆਈ ਆਈ ਟੀ ਦੇ ਪ੍ਰੋ. ਅਲੋਕ ਸਾਗਰ ਵੀ ਹਨ ਜੋ ਅਮਰੀਕਾ ਦੀ ਹਿਉਸਟਨ ਯੂਨੀਵਰਸਿਟੀ ਤੋਂ ਪੀ ਐੱਚ ਡੀ ਕਰਨ ਉਪਰੰਤ ਦਿੱਲੀ ਆਈ ਆਈ ਟੀ ਵਿਚ ਪ੍ਰੋਫੈਸਰ ਬਣੇ।

ਸ਼ਹਿਰ ਦੀ ਚਕਾਚੌਂਧ ਭਰੀ ਜ਼ਿੰਦਗੀ ਨੂੰ ਅਲਵਿਦਾ ਆਖ ਪ੍ਰੋ. ਸਾਗਰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਇਕ ਆਦਿ ਵਾਸੀ ਪਿੰਡ ਕੋਚਾਮਾਉ ਵਿਚ ਆ ਕੇ ਰਹਿਣ ਲੱਗ ਪਏ। ਉਨ੍ਹਾਂ ਨੇ ਇਕ ਕਰਮਯੋਗੀ ਵਾਂਗ ਇੱਥੇ ਆਲੇ ਦੁਆਲੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ 50 ਹਜ਼ਾਰ ਦੇ ਕਰੀਬ ਪੌਦੇ ਲਾਏ। ਉਨ੍ਹਾਂ ਦੀ ਸਿੱਖਿਆ ਦਾ ਅਸਰ ਇਹ ਹੋਇਆ ਕਿ ਇੱਥੇ ਪਿੰਡਾਂ ਦੇ ਲੋਕਾਂ ਨੇ ਰੁੱਖ ਵੱਢਣੇ ਛੱਡ ਦਿੱਤੇ। ਵਿਖਾਵਾ ਕਰਨ ਦੀ ਮਨੋਬਿਰਤੀ ਤੋਂ ਕੋਹਾਂ ਦੂਰ ਹੋ ਕੇ ਅੱਜ ਵੀ ਉਹ ਇਕ ਰਿਸ਼ੀ ਵਾਂਗ ਸਾਦਾ ਜੀਵਨ ਬਤੀਤ ਕਰ ਰਹੇ ਹਨ। ਅਲੋਕ ਸਾਗਰ ਵਰਗੇ ਮਨੁੱਖ ਉਨ੍ਹਾਂ ਲਈ ਇਕ ਵੱਡੀ ਉਦਾਹਰਣ ਹਨ ਜੋ ਇਸ ਧਰਤੀ 'ਤੇ ਰਹਿੰਦਿਆਂ ਆਪਣੇ ਆਲੇ ਦੁਆਲੇ ਦੇ ਕਈ ਤਰ੍ਹਾਂ ਦੇ ਵਿਕਾਰਾਂ ਨੂੰ ਪੈਦਾ ਕਰ ਕੇ ਇੱਥੋਂ ਰੁਖ਼ਸਤ ਹੁੰਦੇ ਹਨ।

ਆਦਿ ਕਾਲ ਦਾ ਮਨੁੱਖ ਆਪਣੀ ਸੰਤਾਨ ਪੈਦਾ ਕਰਦਾ ਸੀ ਤੇ ਜ਼ਰੂਰੀ ਲੋੜਾਂ ਲਈ ਜਿਉਂਦਾ ਸੀ। ਅੱਜ ਦਾ ਮਨੁੱਖ ਲੋੜਾਂ ਲਈ ਨਹੀਂ, ਬਲਕਿ ਵੱਖ-ਵੱਖ ਤਰ੍ਹਾਂ ਦੇ ਰੁਤਬਿਆਂ ਲਈ ਜਿਉੂਣ ਲੱਗਿਆ ਹੈ। ਇਹੋ ਵੱਖ-ਵੱਖ ਤਰ੍ਹਾਂ ਦੇ ਰੁਤਬਿਆਂ ਦੀ ਚਾਹਤ ਹੀ ਕਈ ਤਰ੍ਹਾਂ ਦੇ ਸਮਾਜਿਕ ਵਿਗਾੜ ਪੈਦਾ ਕਰਦੀ ਹੈ। ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਹੋੜ, ਪੁੱਠੇ ਸਿੱਧੇ ਢੰਗ ਨਾਲ ਵੱਧ ਸਰਮਾਇਆ ਇਕੱਠਾ ਕਰ ਕੇ ਵਿਖਾਵਾ ਕਰਨ ਦੀ ਮਨੋਬਿਰਤੀ ਹਰ ਵਰਗ ਦੇ ਲੋਕਾਂ ਵਿਚ ਲਗਾਤਾਰ ਵਧ ਰਹੀ ਹੈ। ਸਟੇਟਸ ਲਈ ਲੱਗੀ ਦੌੜ ਵਿਅਕਤੀ ਅਤੇ ਪਰਿਵਾਰਾਂ ਤਕ ਹੀ ਸੀਮਤ ਨਹੀਂ ਸਗੋਂ ਦੁਨੀਆ ਭਰ ਦੇ ਦੇਸ਼ ਵੀ ਇਸ 'ਚ ਸ਼ਾਮਲ ਹਨ। ਇਕ ਦੂਜੇ ਨੂੰ ਛੋਟਾ ਵਿਖਾਉਣ ਦੀ ਲੱਗੀ ਹੋੜ ਵਿਚ ਤਬਾਹੀ ਦੇ ਔਜਾਰ ਇਕੱਠੇ ਹੋ ਰਹੇ ਹਨ ਉਨ੍ਹਾਂ ਦੇ ਪ੍ਰੀਖਣ ਹੋ ਰਹੇ ਹਨ। ਮਨੁੱਖ ਦੇ ਅਜੋਕੇ ਲਾਈਫ ਸਟਾਈਲ, ਜਿਸ ਦੀਆਂ ਸਿਰਜਕ ਬਜ਼ਾਰੂ ਤਾਕਤਾਂ ਹਨ ਨੇ ਮਨੁੱਖਤਾ ਲਈ ਇਕ ਤਰ੍ਹਾਂ ਨਾਲ ਬੜੀ ਭਿਆਨਕ ਸਥਿਤੀ ਪੈਦਾ ਕਰ ਦਿੱਤੀ ਹੈ। ਇਕ ਪਾਸੇ ਸ਼ਹਿਰਾਂ ਮਹਾਂਨਗਰਾਂ 'ਚ ਚਕਾਚੌਂਧ ਭਰੀ ਚਮਕ ਦਮਕ ਵਾਲੀ ਜ਼ਿੰਦਗੀ ਹੈ ਦੂਜੇ ਪਾਸੇ ਇਨ੍ਹਾਂ ਹੀ ਮਹਾਂਨਗਰਾਂ ਵਿਚ ਗੰਦਗੀ, ਕੂੜੇ ਕਚਰੇ ਦੇ ਉੱਚੇ ਢੇਰ ਪੈਦਾ ਹੋ ਰਹੇ ਹਨ। ਆਪਣੇ ਲਈ ਵਿਕਾਸ ਦਾ ਭਰਮ ਸਿਰਜਣ ਵਾਲੇ ਮਨੁੱਖ ਨੇ ਧਰਤੀ ਦੇ ਉਪਰ, ਧਰਤੀ ਦੇ ਹੇਠਾਂ ਅਤੇ ਅਸਮਾਨਾਂ ਵਿਚ ਗੰਦ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਜਿਵੇਂ ਇਕ ਮੁਹੱਲੇ ਵਿਚ ਲੋਕ ਇਕ ਦੂਜੇ ਦੇ ਵੱਧ ਕੂੜਾ ਪੈਦਾ ਕਰਨ ਤੋਂ ਲੜਨ ਇਸੇ ਤਰ੍ਹਾਂ ਦੁਨੀਆਂ ਦੇ ਵੱਖ-ਵੱਖ ਦੇਸ਼ ਇਕ ਦੂਜੇ ਨੂੰ ਵੱਧ ਪ੍ਰਦੂਸ਼ਣ ਪੈਦਾ ਕਰਨ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਇਸ ਸਬੰਧੀ ਵਿਸ਼ਵ ਪੱਧਰੀ ਕਾਨਫਰੰਸਾਂ ਹੁੰਦੀਆਂ ਹਨ। ਫ਼ਿਕਰ ਪ੍ਰਗਟ ਕੀਤੇ ਜਾਂਦੇ ਹਨ। ਦੁਨੀਆ ਦੇ ਦੇਸ਼ ਗਰੀਨ ਹਾਊਸ ਗੈਂਸਾਂ ਦੇ ਪ੍ਰਭਾਵ ਦੀ ਚਿੰਤਾ ਕਰਦੇ ਹਨ ਪਰ ਇਸ ਸਬੰਧੀ ਜੋ ਕੁਝ ਹੋਣਾ ਚਾਹੀਦਾ ਉਹ ਹੁੰਦਾ ਨਜ਼ਰ ਕਿਸੇ ਪਾਸੇ ਨਹੀਂ ਆ ਰਿਹਾ। ਦੁਨੀਆ ਵਿਚ ਇਕ ਪਾਸੇ ਗੰਦੀਆਂ ਬਸਤੀਆਂ ਵਿਚ ਲੋਕ ਕੀੜਿਆਂ ਮਕੌੜਿਆਂ ਤੋਂ ਵੀ ਭੈੜੀ ਜ਼ਿੰਦਗੀ ਜਿਉੂਣ ਲਈ ਮਜਬੂਰ ਹਨ। ਇਕ ਪਾਸੇ ਬੇਤਹਾਸ਼ਾ ਬੇਲੋੜੀਆਂ ਵਸਤਾਂ ਤਿਆਰ ਵੀ ਹੋ ਰਹੀਆਂ ਹਨ ਅਤੇ ਬੜੀ ਤੇਜ਼ੀ ਨਾਲ ਇਹ ਕਚਰੇ ਦਾ ਰੂਪ ਵੀ ਲੈ ਰਹੀਆਂ ਹਨ। ਅੱਜ ਤੋਂ ਪੰਜਾਹ ਸਾਲ ਪਹਿਲਾਂ ਇਹ ਕੁਝ ਨਹੀਂ ਸੀ। ਅਸੀਂ ਸ਼ਹਿਰਾਂ ਤੇ ਪਿੰਡਾਂ ਨੂੰ ਸਾਫ਼ ਸੁਥਰਾ ਕਰਨ ਦੀ ਗੱਲ ਕਰਦੇ ਹਾਂ। ਇਸ ਸਾਫ਼ ਸਫ਼ਾਈ ਤੋਂ ਭਾਵ ਕਿਤੇ ਪਿਆ ਕੂੜਾ ਸਾਫ਼ ਕਰਨ ਤਕ ਨਹੀਂ ਹੋਣਾ ਚਾਹੀਦਾ। ਇਸ ਧਰਤੀ ਦੀ ਮਿੱਟੀ ਪਾਣੀ ਤੇ ਹਵਾ ਵੀ ਇਸ ਦੇ ਦਾਇਰੇ ਵਿਚ ਆਉਂਦੇ ਹਨ। ਅੱਜ ਤੋਂ ਪੰਜਾਹ ਸਾਲ ਪਹਿਲਾਂ ਸਾਡੇ ਪਿੰਡ, ਸ਼ਹਿਰ ਅੱਜ ਦੇ ਮੁਕਾਬਲੇ ਜ਼ਿਆਦਾ ਸਾਫ਼ ਸਨ। ਸਾਡੀਆਂ ਨਦੀਆਂ ਵਧੇਰੇ ਸਾਫ਼ ਸਨ ਤੇ ਫਿਰ ਕਿਹੜੀਆਂ ਤਰਜੀਹਾਂ 'ਤੇ ਚੱਲ ਕੇ ਅੱਜ ਸ਼ਹਿਰਾਂ ਮਹਾਂਨਗਰਾਂ ਵਿਚ ਕੂੜੇ ਕਚਰੇ ਦੇ ਵੱਡੇ ਢੇਰ ਉਸਰ ਗਏ ਹਨ? ਇਸ ਸਭ ਕੁਝ ਲਈ ਸ਼ਵੱਸ਼ ਭਾਰਤ ਦੀ ਬਿਆਨਬਾਜ਼ੀਆਂ ਜਿੰਨੀਆਂ ਮਰਜ਼ੀ ਆਈ ਜਾਣ ਕੁਝ ਨਹੀਂ ਹੋਵੇਗਾ। ਸਾਨੂੰ ਉਨ੍ਹਾਂ ਸਭ ਤਰ੍ਹਾਂ ਦੀਆਂ ਤਰਜੀਹਾਂ ਦੀ ਸ਼ਨਾਖ਼ਤ ਕਰਨੀ ਪਵੇਗੀ ਜਿਨ੍ਹਾਂ 'ਤੇ ਚੱਲਦਿਆਂ ਸਾਡਾ ਆਲਾ ਦੁਆਲਾ ਮਨੁੱਖਾਂ ਅਤੇ ਪਸ਼ੂ ਪੰਛੀਆਂ ਦੇ ਰਹਿਣਯੋਗ ਨਹੀਂ ਰਿਹਾ। ਮਨੁੱਖ ਦੀ ਜ਼ਿੰਦਗੀ ਲਈ ਜੋ ਲੋੜੀਂਦੇ ਮੁੱਢਲੇ ਤੱਤ ਹਨ ਜਿਸ ਤੋਂ ਬਗ਼ੈਰ ਜੀਵਨ ਸੰਭਵ ਹੀ ਨਹੀਂ ਉਹ ਤਾਂ ਗਵਾਚ ਤੇ ਗੰਦੇ ਹੋ ਰਹੇ ਹਨ। ਪਲੀਤ ਹੋ ਰਹੇ ਹਨ ਪਰ ਇਸ ਸਭ ਤੋਂ ਬੇਪਰਵਾਹ ਹੋਇਆ ਮਨੁੱਖ ਬਾਹਰੀ ਚਮਕ ਦਮਕ ਅਤੇ ਆਪਣਾ ਸਟੇਟਸ ਕਾਇਮ ਰੱਖਣ ਲਈ ਕਿਤੋਂ ਤਕ ਜਾਣ ਨੂੰ ਵੀ ਤਿਆਰ ਹੈ।

ਮਨੁੱਖੀ ਜੀਵਨ ਲਈ ਲੋੜੀਦੀਆਂ ਵਸਤਾਂ ਸ਼ੁੱਧ ਖਾਣ ਪੀਣ, ਹਵਾ, ਮਿੱਟੀ ਪਾਣੀ ਪਲੀਤ ਹੋ ਰਹੇ ਹਨ ਜਿਸ ਸਦਕਾ ਸਾਡੀ ਤੰਦਰੁਸਤੀ ਲਗਾਤਾਰ ਗਵਾਚਦੀ ਜਾ ਰਹੀ ਹੈ ਪਰ ਇਸ ਸਭ ਦੀ ਪਰਵਾਹ ਕੀਤੇ ਬਗ਼ੈਰ ਮਨੁੱਖ ਪੈਸੇ ਦੀ ਅੰਨ੍ਹੀ ਦੌੜ ਲਗਾਤਾਰ ਦੌੜ ਰਿਹਾ ਹੈ। ਜੀਵਨ ਦੀਆਂ ਲੋੜਾਂ ਲਈ ਸੰਘਰਸ਼ ਤੋਂ ਉਭਰਨ ਤੋਂ ਬਾਅਦ ਮਨੁੱਖ ਨੇ ਆਪਣੇ ਆਪ ਲਈ ਜਿਸ ਵਿਕਾਸ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਉਹ ਇਸ ਲਈ ਹੁਣ ਸੰਕਟ ਬਣਨ ਲੱਗ ਪਿਆ। ਕੁਦਰਤ ਨਾਲ ਇਕਮਿਕਤਾ ਰੱਖ ਕੇ ਜਿਊਣਾ ਅਤੇ ਵਸਤਾਂ ਦੀ ਅੰਨ੍ਹੀ ਦੌੜ ਦੌੜਦਿਆਂ ਸਮਾਜਿਕ ਰੁਤਬੇ ਲਈ ਜਿਉੂਣਾ ਇਨ੍ਹਾਂ ਦੋ ਤਰਾਂ ਦੇ ਜਿਊਣ ਤਰੀਕਿਆਂ 'ਚੋਂ ਦੂਜਾ ਹੁਣ ਫੇਲ੍ਹ ਹੋਣ ਜਾ ਰਿਹਾ ਹੈ ਅਤੇ ਮਨੁੱਖ ਨੂੰ ਕੁਦਰਤ ਨਾਲ ਇਕਮਿਕਤਾ ਪੈਦਾ ਕਰਨ ਲਈ ਦੁਬਾਰਾ ਸੋਚਣਾ ਪਵੇਗਾ।

ਜੀਵਨ ਪਹਿਲਾਂ ਦੇ ਮੁਕਾਬਲੇ ਵਧੇਰੇ ਸੁਖਾਲਾ ਹੋਇਆ ਹੈ ਪਰ ਮਾਨਸਿਕ ਵਿਕਾਰ ਵਧ ਰਹੇ ਹਨ। ਆਤਮ-ਹੱਤਿਆਵਾਂ ਲਗਾਤਾਰ ਵਧ ਰਹੀਆਂ ਹਨ। ਇਹ ਠੀਕ ਹੈ ਵੱਖ-ਵੱਖ ਖਿੱਤਿਆਂ ਵਿਚ ਨਿੱਘਰੀ ਆਰਥਿਕਤਾ ਵੀ ਇਸ ਦਾ ਬਹੁਤ ਵੱਡਾ ਕਾਰਨ ਹੈ ਪਰ ਜੇ ਬਹੁਤ ਡੂੰਘਾਈ ਨਾਲ ਇਨ੍ਹਾਂ ਵਰਤਾਰਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਕ ਗੱਲ ਜ਼ਰੂਰ ਸਾਹਮਣੇ ਆਵੇਗੀ ਕਿ ਜਿਸ ਜਿਉੂਣ ਢੰਗ ਨੂੰ ਅਸੀਂ ਤਰਜੀਹ ਦਿੱਤੀ ਹੈ ਜਾਂ ਇੰਝ ਕਹਿ ਲਈਏ ਕਿ ਸਾਡੀ ਰਾਜਨੀਤਕ ਵਿਵਸਥਾ ਨੇ ਸਾਨੂੰ ਜਿਨ੍ਹਾਂ ਰਾਹਾਂ 'ਤੇ ਤੋਰਿਆ ਹੈ ਉਹ ਜਿਊਣ ਢੰਗ ਹੀ ਸਾਡੇ ਲਈ ਸੰਕਟ ਪੈਦਾ ਕਰ ਰਿਹਾ ਹੈ। ਇਸ ਵਿਵਸਥਾ 'ਤੇ ਚੱਲਦਿਆਂ ਮਾੜੀ ਆਰਥਿਕਤਾ ਦਾ ਮਸਲਾ ਜੇ ਹੱਲ ਵੀ ਹੋ ਜਾਵੇ ਤਾਂ ਆਤਮ-ਹੱਤਿਆਵਾਂ ਜਾਰੀ ਰਹਿਣਗੀਆਂ। ਵਿਕਸਤ ਮੁਲਕਾਂ ਜਿੱਥੇ ਆਰਥਿਕਤਾ ਵੱਡਾ ਮਸਲਾ ਨਹੀਂ ਹੈ ਉੱਥੇ ਵੀ ਆਤਮ-ਹੱਤਿਆਵਾਂ ਬੜੀ ਤੇਜੀ ਨਾਲ ਵਧ ਰਹੀਆਂ ਹਨ। ਇਸ ਦਾ ਕਾਰਨ ਇਹ ਹੀ ਹੈ ਕਿ ਜਿਸ ਲਾਈਫ ਸਟਾਈਲ ਨੂੰ ਅਸੀਂ ਸਮਰਪਿਤ ਹੋ ਰਹੇ ਹਾਂ ਉਹ ਹੁਣ ਫੇਲ ਹੋਣ ਜਾ ਰਿਹਾ ਹੈ।

ਇੱਥੇ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਉਹ ਧਿਰਾਂ ਜੋ ਮਨੁੱਖ ਨੂੰ ਸਾਦਾ ਜੀਵਨ ਬਤੀਤ ਕਰਨ ਤੇ ਕੁਦਰਤ ਨਾਲ ਇਕਮਿਕ ਹੋ ਕੇ ਜੀਵਨ ਦੀ ਸੋਝੀ ਦਿੰਦੀਆਂ ਸਨ ਉਹ ਆਪ ਹੁਣ ਪੈਸੇ ਦੀ ਚਮਕ ਦਮਕ ਨੂੰ ਸਮਰਪਿਤ ਹੋ ਗਈਆਂ ਹਨ। ਇਹ ਧਿਰਾਂ ਹੁਣ ਇਮਾਰਤਾਂ ਦੇ ਜੰਗਲ ਉਸਾਰ ਕੇ ਹਰ ਹਰਬਾ ਵਰਤ ਕੇ ਕਮਾਈਆਂ ਕਰਨ ਦੇ ਸਾਧਨ ਤਲਾਸ਼ ਕਰਨ ਲੱਗ ਪਈਆਂ ਹਨ। ਇੱਥੇ ਹੀ ਬਸ ਨਹੀਂ ਆਪਣੇ ਖਾਸੇ ਤੋਂ ਉਲਟ ਉਹ ਹੁਣ ਮਨੁੱਖ ਦੀਆਂ ਬੇਲਗਾਮ ਇੱਛਾਵਾਂ ਨੂੰ ਬਲ ਬਖ਼ਸ਼ਣ ਦਾ ਕੰਮ ਵੀ ਕਰਨ ਲੱਗੀਆਂ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਆਪਣੇ ਆਪੇ ਨਾਲ ਜੁੜਨ ਦੀ ਸਮਝ ਕਿੱਥੋਂ ਲਵੇ? ਇਹ ਅੱਜ ਦੇ ਮਨੁੱਖ ਅੱਗੇ ਬੜਾ ਵੱਡਾ ਸੰਕਟ ਹੈ। ਉਸ ਲਈ ਅਜਿਹੇ ਰੋਲ ਮਾਡਲ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਗਲਿਆਰਿਆਂ ਵਿਚ ਬਹੁਤ ਘੱਟ ਨਜ਼ਰ ਆਉਂਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਆਦਰਸ਼ ਮੰਨ ਕੇ ਮੌਜੂਦਾ ਦੌਰ ਦੇ ਸੰਕਟਾਂ ਤੋਂ ਬਾਹਰ ਨਿਕਲ ਸਕੇ।

ਕੁਦਰਤੀ ਵਰਤਾਰਿਆਂ ਅਤੇ ਔਖੀਆਂ ਜਿਊੁਣ ਹਾਲਤਾਂ ਨਾਲ ਸੰਘਰਸ਼ ਕਰਦਾ ਮਨੁੱਖ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਨਿਕਲਿਆ ਸੀ ਪਰ ਅੱਜ ਜ਼ਿੰਦਗੀ ਦੇ ਜਿਸ ਰਾਹ ਦਾ ਉਹ ਪਾਂਧੀ ਬਣ ਗਿਆ ਹੈ ਇਸ ਵਿਚ ਉਸ ਨੇ ਆਪਣੀ ਜ਼ਿੰਦਗੀ ਨੂੰ ਹੋਰ ਵਧੇਰੇ ਔਖਾ ਬਣਾ ਲਿਆ ਹੈ। ਜੀਵਨ ਦੀ ਇਕ ਉਲਝਣ ਨੂੰ ਸੁਲਝਾਉਂਦਿਆਂ ਚਾਰ ਉਲਝਣਾਂ ਹੋਰ ਪੈਦਾ ਹੋ ਜਾਂਦੀਆਂ ਹਨ। ਅਸੀਂ ਜ਼ਿੰਦਗੀ ਨੂੰ ਬੜਾ ਔਖਾ ਬਣਾ ਦਿੱਤਾ ਹੈ। ਇੱਥੋਂ ਤਕ ਕਿ ਨਿੱਕੇ-ਨਿੱਕੇ ਬੱਚਿਆਂ ਦਾ ਬਚਪਨ ਵੀ ਅਸੀਂ ਖੋਹ ਲਿਆ ਹੈ। ਉਨ੍ਹਾਂ ਨਾਲ ਅਸੀਂ ਮਨੁੱਖਾਂ ਵਰਗਾ ਵਿਵਹਾਰ ਕਰਨ ਲੱਗੇ ਹਾਂ ਅਤੇ ਉਨ੍ਹਾਂ ਤੋਂ ਅਜਿਹੇ ਹੀ ਵਿਵਹਾਰ ਦੀ ਤਵੱਕੋ ਵੀ ਰੱਖਦੇ ਹਾਂ। ਜੇ ਅਜਿਹਾ ਨਹੀਂ ਹੁੰਦਾ ਤਾਂ ਕਈ ਰੂਪਾਂ ਵਿਚ ਸਾਡਾ ਤਸ਼ੱਦਦ ਉਨ੍ਹਾਂ 'ਤੇ ਸ਼ੁਰੂ ਹੁੰਦਾ ਹੈ।

ਆਓ ਸਮਾਜਿਕ ਰੁਤਬਿਆਂ ਦੀ ਪਰਵਾਹ ਕੀਤੇ ਬਗ਼ੈਰ ਸਾਦਾ ਜੀਵਨ ਜਿਉੂਣ ਨੂੰ ਤਰਜੀਹ ਦੇਈਏ। ਜ਼ਿੰਦਗੀ ਇਕ ਕਲਾ ਹੈ ਤੇ ਇਸ ਨੂੰ ਸਿੱਖਣ ਲਈ ਵਸਤਾਂ ਦੇ ਜੰਜਾਲ ਤੋਂ ਬਾਹਰ ਨਿਕਲਣਾ ਪਵੇਗਾ। ਸਿਰਾਂ 'ਤੇ ਲੱਗੀਆਂ ਅਹੁਦੇਦਾਰੀਆਂ ਦੀਆਂ ਕਲਗੀਆਂ

ਸਾਡੀ ਹਾਊਮੈਂ ਨੂੰ ਤ੍ਰਿਪਤ ਨਹੀਂ ਕਰ ਸਕਦੀਆਂ। ਆਪਣੀ ਹਉਮੈਂ ਨੂੰ ਪੱਠੇ ਪਾਉਣ ਦੀ ਮਨੋਬਿਰਤੀ ਸਾਨੂੰ ਚੈਨ ਨਹੀਂ ਲੈਣ ਦਿੰਦੀ। ਅੱਜ ਦੇ ਮਨੁੱਖ ਨੇ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹਜ਼ਾਰਾਂ ਵਸਤਾਂ ਇਕੱਠੀਆਂ ਕਰ ਲਈਆਂ ਹਨ ਪਰ ਜ਼ਿੰਦਗੀ ਜਿਊਣ ਦੀ ਕਲਾ ਗਵਾ ਲਈ ਹੈ। ਆਓ ਆਪਣੇ ਅੰਦਰ ਕੁਦਰਤ ਨਾਲ ਇਕਮਿਕਤਾ ਪੈਦਾ ਕਰਨ ਦਾ ਹੁਨਰ ਪੈਦਾ ਕਰੀਏ।

ਗੁਰਚਰਨ ਸਿੰਘ ਨੂਰਪੁਰ

98550-51099

Posted By: Harjinder Sodhi