ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਨਾ ਹੀ ਇਸ ਦੀ ਰਫ਼ਤਾਰ ਢਿੱਲ ਹੁੰਦੀ ਨਾ ਤੇਜ਼। ਸਮੇਂ ਦੇ ਬਦਲਣ ਨਾਲ ਰੁੱਤਾਂ ਬਦਲਦੀਆਂ ਹਨ। ਹਰ ਰੁੱਤ ਆਪਣੇ ਨਿਸ਼ਚਤ ਸਮੇਂ ’ਤੇ ਆ ਕੇ ਹਾਜ਼ਰੀ ਦਰਜ ਕਰਵਾਉਂਦੀ ਹੈ। ਹਾੜ ਮਹੀਨਾ ਗਰਮੀ ਨਾਲ ਲੋਕਾਂ ਦੇ ਹਾੜੇ ਕਢਵਾ ਦਿੰਦਾ ਹੈ। ਇਸ ਮਹੀਨੇ ਨੂੰ ਅਸਾੜ, ਅਖਾੜ ਅਤੇ ਅਹਾੜ ਵੀ ਕਿਹਾ ਜਾਂਦਾ ਹੈ। ਹਾੜ ਨਾਨਕਸ਼ਾਹੀ ਕੈਲੰਡਰ ਅਨੁਸਾਰ ਚੌਥਾ ਮਹੀਨਾ ਹੁੰਦਾ ਹੈ। ਇਹ ਗ੍ਰੇਗਰੀ ਅਤੇ ਜੂਲੀਅਨ ਕੈਲੰਡਰਾਂ ਦੇ ਜੂਨ ਅਤੇ ਜੁਲਾਈ ਮਹੀਨਿਆਂ ਦੇ ਵਿਚਾਲੇ ਆਉਂਦਾ ਹੈ। ਹਾੜ ਮਹੀਨੇ ਵਗਦੀਆਂ ਗਰਮ ਲੂਆਂ ਬਨਸਪਤੀ ਝੁਲਸਾ ਦਿੰਦੀਆਂ ਹਨ ਅਤੇ ਧਰਤੀ ਵੀ ਤਿ੍ਰਹਾਈ ਲੱਗਦੀ ਹੈ।

ਵਾਤਾਵਰਨ ’ਚ ਆਏ ਵਿਗਾੜ, ਪੱਛਮੀਂ ਪੌਣਾਂ ’ਚ ਪੈਦਾ ਹੁੰਦੀ ਗੜਬੜੀ, ਗਲੋਬਲ ਵਾਰਮਿੰਗ ਕਾਰਨ ਰੁੱਤਾਂ ਆਪਣਾ ਸਮਾਂ ਬਦਲਦੀਆਂ ਜਾਪਦੀਆਂ ਹਨ। ਸ਼ਾਇਦ ਇਸੇ ਕਾਰਨ ਇਸ ਵਾਰ ਗਰਮੀਆਂ ਦੀ ਰੁੱਤ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਕੇ ਹੁਣ ਹਾੜ ਮਹੀਨੇ ਭਰ ਜੋਬਨ ’ਤੇ ਪਹੰੁਚੀ ਹੋਈ ਹੈ।

ਸਾਹਿਤ ’ਚ ਹਾੜ ਮਹੀਨਾ

ਸੂਫ਼ੀ ਕਾਵਿ ਅਤੇ ਪੰਜਾਬੀ ਕਾਵਿ ’ਚ ਵੀ ਹਾੜ ਮਹੀਨੇ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ-

* ਹਾੜ ਸੋਹੇ ਮੋਹੇ ਝਟ ਪਟੇ ਜੋ ਲੱਗੀ ਪ੍ਰੇਮ ਕੀ ਆਗ।

ਜਿਸ ਲਾਗੇ ਤਿਸ ਜਲ ਬੁਝੇ ਜੋ ਭੌਰ ਜਲਾਵੇ ਭਾਗ।

ਹੁਣ ਕੀ ਕਰਾਂ ਜੋ ਆਇਆ ਹਾੜ,

ਤਨ ਵਿਚ ਇਸ਼ਕ ਤਪਾਇਆ ਭਾੜ,

ਤੇਰੇ ਇਸ਼ਕ ਨੇ ਦਿੱਤਾ ਸਾੜ,

ਰੋਵਣ ਅੱਖੀਆਂ ਕਰਨ ਪੁਕਾਰ,

ਤੇਰੇ ਹਾਵੜੇ।

ਹਾੜੇ ਘੱਤਾਂ ਸ਼ਾਮੀ ਅੱਗੇ,

ਕਾਸਦ ਲੈ ਕੇ ਪਾਤਰ ਵੱਗੇ,

ਕਾਲੇ ਗਏ ਤੇ ਆਏ ਬੱਗੇ,

ਬੁੱਲ੍ਹਾ ਸ਼ੌਹ ਬਿਨ ਜ਼ਰਾ ਨਾ ਤੱਗੇ,

ਸ਼ਾਮੀ ਬਾਹਵੜੇ ।੧੦।

(ਬਾਰਹ ਮਾਹ ਬਾਬਾ ਬੁੱਲ੍ਹੇ ਸ਼ਾਹ)

*ਚੜ੍ਹਿਆ ਹਾੜੋ੍ਹਂ ਮਹੀਨਾ,

ਬਾਰ੍ਹਾਂ ਭੱਠ ਤਪੇਂਦੇ,

ਲੌਂਦੇ ਕਾਵਾਂ ਤੇ ਚਿੜੀਆਂ,

ਮੈਂ ਵਧ ਸਹਿਕਦੀ ਪਈਆਂ ।

(ਬਾਰਾਂ ਮਾਹ ਭਾਈ ਵੀਰ ਸਿੰਘ)

ਹਾੜ ਮਹੀਨੇ ਹੌਕੇ ਭਰ ਭਰ,

ਤਰਲੇ ਕਰਦੀ ਰਹਿੰਦੀ ਹਾਂ ।

ਆਵੀਂ ਮਾਹੀ, ਆਵੀਂ ਮਾਹੀ,

ਪੜ੍ਹਦੀ ਉਠਦੀ ਬਹਿੰਦੀ ਹਾਂ।

ਦੁੱਖ ਵਿਛੋੜਾ ਤੇਰਾ ਦਿਲਬਰ,

ਮਰ ਮਰ ਕੇ ਪਈ ਸਹਿੰਦੀ ਹਾਂ।

ਵਕਤ ਸੁਬਹ ਦੇ ਹਾਲ ਹਵਾ ਨੂੰ,

‘ਸ਼ਰਫ਼’ ਬੰਦੀ ਮੈਂ ਕਹਿੰਦੀ ਹਾਂ।

(ਬਾਬੂ ਫ਼ੀਰੋਜ਼ਦੀਨ ਸ਼ਰਫ਼)

* ਹਾੜ ਨਾ ਜਾਈਂ ਚੰਨਾਂ,

ਧੁੱਪਾਂ ਡਾਢੀਆਂ

* ਚੜ੍ਹਿਆ ਮਹੀਨਾ ਹਾੜ

ਤਪਣ ਪਹਾੜ

ਕਿ ਬਲਣ ਅੰਗੀਠੀਆਂ ।

* ਹਾੜ ਦੇ ਮਹੀਨੇ ਜੀ ਦੁਪੱਟੇ ਸੀਵਾਂ,

ਮੇਰਾ ਲਾਲ ਪਰਦੇਸ ਜੀ

ਮੈਂ ਘੜੀ ਨ ਜੀਵਾਂ।

* ਹਾੜ ਦਾ ਮਹੀਨਾ,

ਵਗੇ ਤੱਤੀ ਤੱਤੀ ਲੋਅ,

ਧੁੱਪ ਵਿਚ ਗਿਆ

ਗੋਰਾ ਰੰਗ ਚੋਅ

* ਹਾੜ ਮਹੀਨਾ ਚੋ ਚੋ ਪੈਂਦਾ,

ਭਿੱਜ ਗਈ ਲਾਲ ਪਰਾਂਦੀ,

ਛਤਰੀ ਦੀ ਛਾਂ ਕਰ ਵੇ,

ਮੈਂ ਅੰਬ ਚੂਪਦੀ ਜਾਂਦੀ।

* ਤਪੇ ਹਾੜ ਦਾ ਮਹੀਨਾ,

ਚੋਂਦਾ ਮੱਥੇ ’ਚੋਂ ਪਸੀਨਾ

ਕੀਤੇ ਤੱਤੀਆਂ ਲੋਆਂ ਨੇ ਰੰਗ ਕਾਲੇ,

ਵੇ ਸ਼ਰਬਤ ਪਿਲਾ ਦੇ ਮਿੱਤਰਾ,

ਬੁੱਲ ਸੁੱਕ ਗਏ ਦੰਦਾਸੇ ਵਾਲੇ।

ਬਰਸਾਤ ਲਈ ਸਫ਼ਰ ਸ਼ੁਰੂ

ਹਾੜ ਮਹੀਨੇ ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਵਿਚ ਆਏ ਜਵਾਰਭਾਟੇ ਕਾਰਨ, ਵਾਵਰੋਲਾ ਅਤੇ ਚੱਕਰਵਾਤ ਬਣ ਕੇ ਸਮੁੰਦਰ ਦੀਆਂ ਲਹਿਰਾਂ ਨਾਲ ਖਹਿ-ਖਹਿ ਕੇ ਚਲਦੀਆਂ ਨਮਕੀਨ ਤੇ ਸਿੱਲੀਆਂ ਸਮੁੰਦਰੀ ਹਵਾਵਾਂ ਕਾਰਨ ਪੈਦਾ ਹੋਈ ਨਮੀ ਦੌਰਾਨ ਇਹ ਹਵਾਵਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਭਾਰੀ ਬਰਸਾਤ ਕਰਨ ਲਈ ਆਪਣਾ ਲੰਬਾ ਸਫ਼ਰ ਤੈਅ ਕਰਨਾ ਆਰੰਭ ਕਰ ਦਿੰਦੀਆਂ ਹਨ। ਸਭ ਤੋਂ ਪਹਿਲਾਂ ਇਹ ਹਵਾਵਾਂ ਯਾਨੀ ਮੌਨਸੂਨ ਭਾਰਤ ਦੇ ਦੱਖਣ ਪੱਛਮੀਂ ਤੱਟ ’ਤੇ ਪਹੰੁਚਦੀ ਹੈ ਅਤੇ ਕੇਰਲ ਦੇ ਸਮੁੰਦਰੀ ਕੰਢੇ ਤੋਂ ਪੂਰੇ ਕੇਰਲ ਵਿਚ ਹੁੰਦੀ ਹੋਈ ਭਾਰੀ ਬਰਸਾਤ ਕਰਦੀ ਆਪਣਾ ਅਗਲਾ ਸਫ਼ਰ ਤੈਅ ਕਰਦੀ ਹੋਈ। ਸਾਵਣ ਤੇ ਭਾਦੋਂ ਮਹੀਨੇ ਪੰਜਾਬ ਸਮੇਤ ਉੱਤਰੀ ਭਾਰਤ ’ਚ ਪੁੱਜਦੀ ਹੈ।

ਕਈ ਵਾਰ ਇਹ ਮੌਨਸੂਨ ਸਮੇਂ ਤੋਂ ਪਹਿਲਾਂ ਆ ਜਾਂਦੀ ਹੈ ਜਿਸ ਕਰਕੇ ਕਈ ਵਾਰ ਹਾੜ ਦੇ ਅੰਤਲੇ ਦਿਨਾਂ ਦੌਰਾਨ ਸਾਵਣ ਮਹੀਨੇ ਦੇ ਛਰਾਟਿਆਂ ਵਰਗਾ ਆਨੰਦ ਵੇਖਣ ਨੂੰ ਮਿਲ ਜਾਂਦਾ ਹੈ। ਇਸ ਵਾਰ ਵੀ ਇਹ ਮੌਨਸੂਨ ਕੇਰਲ ’ਚ ਸਮੇਂ ਤੋਂ ਪਹਿਲਾਂ ਪਹੰੁਚ ਗਈ ਅਤੇ ਭਾਰੀ ਬਰਸਾਤ ਕਰ ਕੇ ਕੇਰਲ ਦਾ ਜਨ ਜੀਵਨ ਪ੍ਰਭਾਵਿਤ ਕਰ ਕੇ ਅਗਲੇ ਸਫ਼ਰ ’ਤੇ ਤੁਰਦੀ ਹੋਈ ਪੰਜਾਬ ਵੱਲ ਆ ਰਹੀ ਹੈ।

ਕਿਸਾਨੀ ਲਈ ਹਾੜ ਮਹੀਨੇ ਦਾ ਮਹੱਤਵ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇੱਥੋਂ ਦੇ ਵੱਡੀ ਗਿਣਤੀ ਵਸਨੀਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਖੇਤੀਬਾੜੀ ਨਾਲ ਸਬੰਧਿਤ ਧੰਦੇ ਹਨ। ਹਾੜ ਮਹੀਨਾ ਕਿਸਾਨੀ ’ਚ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਹਾੜ ਮਹੀਨੇ ਕਿਸਾਨ ਆਪਣੀ ਹਾੜੀ ਦੀ ਫ਼ਸਲ ਵੇਚ ਵੱਟ ਚੁੱਕੇ ਹੁੰਦੇ ਹਨ ਅਤੇ ਕਮਾਈ ਉਨ੍ਹਾਂ ਦੇ ਬੋਝੇ ਵਿਚ ਹੁੰਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਸਾਉਣੀ ਦੀ ਫ਼ਸਲ ਦੀ ਬਿਜਾਈ ਹਾੜ ਮਹੀਨੇ ਸ਼ੁਰੂ ਕੀਤੀ ਜਾਂਦੀ ਹੈ। ਹਾੜ ਮਹੀਨੇ ਕਿਸਾਨ ਖੇਤਾਂ ’ਚ ਹਲ ਜਾਂ ਟਰੈਕਟਰ ਚਲਾ ਕੇ ਸਾਉਣੀ ਦੀ ਫ਼ਸਲ ਬੀਜਣ ਲਈ ਖੇਤਾਂ ਨੂੰ ਤਿਆਰ ਕਰਦੇ ਹਨ। ਹਾੜ ਮਹੀਨੇ ਕਿਸਾਨਾਂ ਦੇ ਰੁਝੇਵੇਂ ਕਾਫ਼ੀ ਵਧੇ ਹੁੰਦੇ ਹਨ।

ਸ਼ਹਿਰਾਂ ’ਚ ਖੇਤੀਬਾੜੀ ਨਾਲ ਸਬੰਧਿਤ ਕੰਮ ਧੰਦਿਆਂ ਵਾਲੀਆਂ ਵਰਕਸ਼ਾਪਾਂ, ਖਾਦਾਂ ਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ, ਬੀਜਾਂ ਤੇ ਸਪਰੇਅ ਵਾਲੀਆਂ ਦੁਕਾਨਾਂ ’ਤੇ ਵੀ ਰੌਣਕਾਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਆੜਤੀਆਂ ਦੀਆਂ ਦੁਕਾਨਾਂ ’ਤੇ ਵੀ ਕਿਸਾਨਾਂ ਦੀ ਆਉਣੀ ਜਾਣੀ ਕਾਫ਼ੀ ਰਹਿੰਦੀ ਹੈ, ਕਿਉਂਕਿ ਹਰ ਕੰਮ ਪੈਸੇ ਨਾਲ ਹੁੰਦੇ ਹਨ ਅਤੇ ਕਿਸਾਨਾਂ ਲਈ ਆੜਤੀਏ ਅਜੇ ਵੀ ਉਨ੍ਹਾਂ ਦਾ ਨਿੱਜੀ ਅਤੇ ਭਰੋਸੇਯੋਗ ਬੈਂਕ ਹਨ।

ਗਾਹਕਾਂ ਦੀ ਉਡੀਕ

ਦੂਜੇ ਪਾਸੇ ਹਾੜ ਮਹੀਨੇ ਸ਼ਹਿਰਾਂ ਦੀਆਂ ਵੱਖ-ਵੱਖ ਧੰਦਿਆਂ ਨਾਲ ਸਬੰਧਿਤ ਵੱਡੀ ਗਿਣਤੀ ਦੁਕਾਨਾਂ ’ਤੇ ਦੁਪਹਿਰ ਸਮੇਂ ਵਿਰਾਨੀ ਛਾਈ ਰਹਿੰਦੀ ਹੈ, ਕਿਉਂਕਿ ਦੁਪਹਿਰ ਸਮੇਂ ਤੇਜ਼ ਧੁੱਪ ਅਤੇ ਚੱਲਦੀਆਂ ਗਰਮ ਲੂਆਂ ਕਾਰਨ ਲੋਕ ਖ਼ਰੀਦਦਾਰੀ ਕਰਨ ਲਈ ਘਰਾਂ ਤੋਂ ਬਾਹਰ ਨਹੀਂਂ ਨਿਕਲਦੇ, ਇਸ ਲਈ ਅਕਸਰ ਅਨੇਕਾਂ ਦੁਕਾਨਦਾਰ ਹਾੜ ਮਹੀਨੇ ਦੌਰਾਨ ਦੁਪਹਿਰ ਸਮੇਂ ਜਾਂ ਤਾਂ ਸੁਸਤਾਉਂਦੇ ਮਿਲਦੇ ਹਨ, ਜਾਂ ਆਪਸ ਵਿਚ ਮਿਲ ਕੇ ਤਾਸ਼ ਜਾਂ ਕੁਝ ਹੋਰ ਖੇਡਦੇ ਹਨ ਜਾਂ ਫਿਰ ਮੋਬਾਇਲ ਜਾਂ ਟੀ ਵੀ ਵੇਖ ਕੇ ਸਮਾਂ ਬਤੀਤ ਕਰਦੇ ਹੋਏ ਗਾਹਕਾਂ ਦੀ ਉਡੀਕ ਕਰਦੇ ਹਨ।

ਹਾੜ ਮਹੀਨੇ ਦੌਰਾਨ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਨਵੀਆਂ ਜਮਾਤਾਂ ਵਿਚ ਦਾਖ਼ਲੇ ਆਰੰਭ ਹੋ ਜਾਂਦੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਚਿਹਰੇ ਖ਼ੁਸ਼ੀ ਵਿਚ ਹੰਸੂ-ਹੰਸੂ ਕਰ ਰਹੇ ਹੁੰਦੇ ਹਨ। ਨਵੀਂ ਜਮਾਤ ’ਚ ਅਕਸਰ ਵਿਦਿਆਰਥੀਆਂ ਨੂੰ ਨਵੇਂ ਸਾਥੀ ਮਿਲਦੇ ਹਨ ਅਤੇ ਨਵੇਂ ਮੇਲ ਜੋਲ ਤੇ ਨਵੀਆਂ ਦੋਸਤੀਆਂ ਹੋਂਦ ’ਚ ਆਉਂਦੀਆਂ ਹਨ।

ਬਹਾਰਾਂ ਦਾ ਇੰਤਜ਼ਾਰ

ਮਜ਼ਦੂਰਾਂ ਅਤੇ ਘੱਟ ਤਨਖ਼ਾਹ ’ਤੇ ਪ੍ਰਾਈਵੇਟ ਨੌਕਰੀਆਂ ਕਰਦੇ ਲੋਕਾਂ ਲਈ ਕੋਈ ਵੀ ਰੁੱਤ ਕੋਈ ਅਹਿਮੀਅਤ ਨਹੀਂ ਰੱਖਦੀ। ਉਨ੍ਹਾਂ ਲੋਕਾਂ ਨੂੰ ਤਾਂ ਹਰ ਮੌਸਮ ਅਤੇ ਹਰ ਰੁੱਤ ’ਚ ਆਪਣੀ ਰੋਜ਼ੀ ਰੋਟੀ ਅਤੇ ਖ਼ਰਚੇ ਪੂਰੇ ਕਰਨ ਦਾ ਫ਼ਿਕਰ ਪਿਆ ਹੁੰਦਾ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਜਿਹੇ ਲੋਕ ਬਚਪਨ ਤੋਂ ਬਾਅਦ ਸਿੱਧੇ ਅਧਖੜ ਜਾਂ ਬੁਢਾਪੇ ’ਚ ਪਹੁੰਚ ਜਾਂਦੇ ਹਨ। ਜਵਾਨੀ ਤਾਂ ਇਨ੍ਹਾਂ ਦੇ ਗੁਆਂਢੋਂ ਹੀ ਪੈਲਾਂ ਪਾਉਂਦੀ ਨਿਕਲ ਜਾਂਦੀ ਹੈ ਅਤੇ ਇਹ ਚੜ੍ਹਦੀ ਉਮਰੇ ਪੇਟ ਦੀ ਅਗਨ ਸ਼ਾਂਤ ਕਰਨ ਲਈ ਮਿਹਨਤ ਦੀ ਭੱਠੀ ਵਿਚ ਆਪਣਾ ਹੱਡ-ਮਾਸ ਝੋਕ ਦਿੰਦੇ ਹਨ ਅਤੇ ਫਿਰ ਸੁਪਨਿਆਂ ਵਿਚ ਬਹਾਰ ਦੀ ਉਡੀਕ ਕਰਦੇ ਹਨ। ਅੱਜ ਦੇ ਮਸ਼ੀਨੀਕਰਨ ਦੇ ਯੁੱਗ ਵਿਚ ਵੱਡੀ ਗਿਣਤੀ ’ਚ ਲੋਕ ਮਸ਼ੀਨਾਂ ਵਾਂਗ ਕੰਮ ਕਰਦੇ ਨਜ਼ਰ ਆਉਂਦੇ ਹਨ।

ਹਾੜ ਮਹੀਨੇ ਸੂਰਜ ਦੀ ਤੇਜ਼ ਧੁੱਪ ਅੱਗ ਵਰ੍ਹਾਉਂਦੀ ਲੱਗਦੀ ਹੈ। ਆਮ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਜ਼ਰੂਰੀ ਕੰਮ ਧੰਦੇ ਲਈ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ। ਦੁਪਹਿਰ ਵੇਲੇ ਸੜਕਾਂ ’ਤੇ ਸੁੰਨ ਸਾਂਅ ਛਾਈ ਹੁੰਦੀ ਹੈ। ਢੱਕੀਆਂ ਓਹਲੇ ਵਸੇ ਪਿੰਡਾਂ ਵਿਚ ਵੀ ਹਾੜ ਮਹੀਨੇ ਗਰਮੀ ਆਪਣਾ ਅਸਰ ਦਿਖਾਉਂਦੀ ਹੈ। ਗਰਮ ਲੂਆਂ ਦਾ ਰਾਹ ਢੱਕੀਆਂ ਵੀ ਨਹੀਂ ਰੋਕ ਸਕਦੀਆਂ।

ਬੋਲਦਾ ਮਹੀਨਾ

ਹਾੜ ਦੀ ਤੇਜ਼ ਧੁੱਪ ਵਿਚ ਮਨੁੱਖਾਂ ਦੇ ਨਾਲ-ਨਾਲ ਪਸ਼ੂ ਅਤੇ ਪੰਛੀ ਵੀ ਰੁੱਖਾਂ ਦੀ ਠੰਢੀ ਛਾਂ ਭਾਲਦੇ ਹਨ। ਹਾੜ ਮਹੀਨੇ ਪੈ ਰਹੀ ਤੇਜ਼ ਗਰਮੀ ਦੌਰਾਨ ਰੁੱਖਾਂ ਹੇਠ ਬੀਂਡੇ ਵੀ ਆਪਣੀ ਆਵਾਜ਼ ਵਿਚ ਬੋਲਦੇ ਰਹਿੰਦੇ ਹਨ। ਇਸੇ ਕਾਰਨ ਹਾੜ ਮਹੀਨੇ ਨੂੰ ਬੋਲਦਾ ਮਹੀਨਾ ਕਿਹਾ ਜਾਂਦਾ ਹੈ। ਕੁਝ ਬਜ਼ੁਰਗ ਕਹਿੰਦੇ ਹਨ ਕਿ ਪੁਰਾਣੇ ਸਮੇਂ ਵਿਚ ਹਾੜ ਮਹੀਨੇ ਰੋਹੀਆਂ-ਕੱਲਰਾਂ ਵਿਚ ਤਿੱਖੀ ਦੁਪਹਿਰ ਸਮੇਂ ਭੂਤ ਪ੍ਰੇਤ ਵਿਚਰਦੇ ਅਤੇ ਬੋਲਦੇ ਸਨ, ਜਿਨ੍ਹਾਂ ਨੂੰ ਹਾੜ ਬੋਲਦੇ ਵੀ ਕਿਹਾ ਜਾਂਦਾ ਸੀ। ਕੁਝ ਵਿਦਵਾਨਾਂ ਅਨੁਸਾਰ ਹਾੜ ਮਹੀਨੇ ਵਿੱਚੋਂ ਜੇ ਹਾਹਾ ਹਟਾ ਦਿੱਤਾ ਜਾਵੇ ਤਾਂ ਹਾੜ ਬਣਦਾ ਹੈ ਜਿਸਦਾ ਅਰਥ ਭੂਤ ਜਾਂ ਪ੍ਰੇਤ ਹੁੰਦਾ ਹੈ। ਅਸਲ ਵਿਚ ਹਾੜ ਮਹੀਨੇ ਗਰਮ ਲੂਆਂ ਅਤੇ ਅੱਤ ਦੀ ਗਰਮੀ ਕਾਰਨ ਮਨੁੱਖ ਦੇ ਨਾਲ-ਨਾਲ ਹਰ ਪਸ਼ੂ ਪੰਛੀ ਵੀ ਤਿਹਾਏ ਹੁੰਦੇ ਹਨ। ਇਹ ਪਸ਼ੂ ਪੰਛੀ ਪਿਆਸ ਤੋਂ ਬੇਹਾਲ ਹੋਏ ਅਕਸਰ ਆਪੋ ਆਪਣੀ ਆਵਾਜ਼ ਵਿਚ ਬੋਲਦੇ ਹਨ, ਇਸੇ ਤਰ੍ਹਾਂ ਹਾੜ ਮਹੀਨੇ ਵਗਦੀਆਂ ਤੇਜ਼ ਗਰਮ ਲੂਆਂ ਦੌਰਾਨ ਰੁੱਖਾਂ ਦੇ ਪੱਤੇ ਵੀ ਸਾਂ-ਸਾਂ ਦੀ ਆਵਾਜ਼ ਪੈਦਾ ਕਰਦੇ ਹਨ, ਜਿਸ ਕਰਕੇ ਹਾੜ ਮਹੀਨੇ ਨੂੰ ਬੋਲਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਹਾੜ੍ਹ ਮਹੀਨੇ ਦੀ ਸਿਖ਼ਰ ਦੁਪਹਿਰੇ ਚਮਕਦੀ ਤੇਜ਼ ਧੁੱਪ ਵਿਚ ਗੋਰੀਆਂ ਕੁੜੀਆਂ ਦੇ ਮੂੰਹ ਵੀ ਗੁਲਾਬੀ ਭਾਅ ਮਾਰਦੇ ਦੂਰੋਂ ਚਮਕਦੇ ਹਨ ਅਤੇ ਉਨ੍ਹਾਂ ਦੇ ਮੁੱਖੜੇ ਦੀ ਲਾਲੀ ਵੇਖ ਕੇ ਤੇਜ਼ ਧੁੱਪ ਨੂੰ ਵੀ ਤਰੇਲੀਆਂ ਆਉਣ ਲੱਗਦੀਆਂ ਹਨ। ਗੋਰੀਆਂ ਮੁਟਿਆਰਾਂ ਦਾ ਸੰਧੂਰੀ ਅੰਬ ਵਰਗਾ ਰੰਗ ਤੇਜ਼ ਧੁੱਪ ਵਿਚ ਤਿਪ ਤਿਪ ਕਰ ਕੇ ਚੋਣ ਲੱਗਦਾ ਜਾਪਦਾ ਹੈ।

ਹਾੜ ਮਹੀਨੇ ਇਕ ਪਾਸੇ ਪੂਰੀ ਬਨਸਪਤੀ ਕੁਮਲਾਅ ਜਾਂਦੀ ਹੈ ਪਰ ਗੁਲਮੋਹਰ ਅਤੇ ਅਮਲਤਾਸ ਦੇ ਰੁੱਖਾਂ ’ਤੇ ਜਵਾਨੀ ਪੈਲਾਂ ਪਾਉਣ ਲੱਗਦੀ ਹੈ। ਗੁਲਮੋਹਰ ਦੇ ਲਾਲ ਰੰਗੇ ਫੁੱਲਾਂ ਨੂੰ ਦੂਰੋਂ ਵੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜੰਗਲ ਨੂੰ ਅੱਗ ਲੱਗ ਗਈ ਹੋਵੇ। ਦੂਜੇ ਪਾਸੇ ਅਮਲਤਾਸ ਦੇ ਖਿੜੇ ਪੀਲੇ ਫੁੱਲ ਹਾੜ ਮਹੀਨੇ ਦੀ ਤੇਜ਼ ਗਰਮੀ ਦੌਰਾਨ ਸ਼ੀਤਲਤਾ ਦਿੰਦੇ ਹਨ ਅਤੇ ਮਨੁੱਖ ਨੂੰ ਸੁਨੇਹਾ ਦਿੰਦੇ ਹਨ ਕਿ ਉਸ ਨੂੰ ਹਰ ਮੌਸਮ ਵਿਚ ਵੀ ਆਪਣਾ ਮਨ ਚੜ੍ਹਦੀਕਲਾ ਵਿਚ ਰੱਖਣਾ ਚਾਹੀਦਾ ਹੈ।

ਪੰਜਾਬ ਵਿਚ ਹਰ ਪਾਸੇ ਫੈਲੇ ਹੋਏ ਨਸ਼ੇ ਦੀ ਲਪੇਟ ਵਿਚ ਆਏ ਪੰਜਾਬੀ ਗੱਭਰੂਆਂ ਦੀਆਂ ਨਸ਼ੇ ਦੀ ਓਵਰਡੋਜ਼ ਨਾਲ ਜਾਂ ਹੋਰ ਕਿਸੇ ਕਾਰਨ ਹੁੰਦੀਆਂ ਮੌਤਾਂ ਕਾਰਨ ਜਿੱਥੇ ਪੰਜਾਬ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਸ਼ਮਸ਼ਾਨਘਾਟਾਂ ਵਿਚ ਬਲਦੇ ਸਿਵਿਆ ਵਿੱਚੋਂ ਦਿਨ ਸਮੇਂ ਧੂੰਆਂ ਉਠਦਾ ਦਿਖਾਈ ਦਿੰਦਾ ਹੈ, ਉੱਥੇ ਨਸ਼ੇੜੀ ਪੁੱਤਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਦੀ ਜ਼ਿੰਦਗੀ ਵੀ ਧੁਆਂਖੀਂ ਜਾਂਦੀ ਹੈ। ਨਸ਼ੇੜੀ ਨੌਜਵਾਨ ਦੀ ਮੌਤ ਤੋਂ ਬਾਅਦ ਸਭ ਤੋਂ ਬੁਰਾ ਹਾਲ ਉਸਦੀ ਪਤਨੀ ਅਤੇ ਬੱਚਿਆਂ ਦਾ ਹੁੰਦਾ ਹੈ, ਭਰ ਜਵਾਨੀ ਵਿਚ ਵਿਧਵਾ ਹੋਈ ਮੁਟਿਆਰ ਨੂੰ ਪਤਾ ਨਹੀਂ ਲੱਗਦਾ ਕਿ ਉਹ ਹੁਣ ਕਿਸ ਆਸਰੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਤੀਤ ਕਰੇ। ਹਾੜ ਮਹੀਨੇ ਦੀ ਤੇਜ਼ ਧੁੱਪ ਨਾਲੋਂ ਵੱਧ ਸੇਕ ਅਜਿਹੀਆਂ ਭਰ ਜਵਾਨ ਵਿਧਵਾ ਮੁਟਿਆਰਾਂ ਦੀ ਹਿੱਕ ਵਿੱਚੋਂ ਨਿਕਲਦਾ ਹੈ, ਉਹ ਉਹਲੇ ਬੈਠ ਕੇ ਧੂੰਏਂ ਦੇ ਪੱਜ ਰੌਂਦੀਆਂ ਹਨ ਅਤੇ ਹੋਂਕੇ ਭਰਦੀਆਂ ਆਪਣੇ ਡਾਵਾਂਡੋਲ ਹੋਏ ਭਵਿੱਖ ਬਾਰੇ ਸੋਚਦੀਆਂ ਰਹਿੰਦੀਆਂ ਹਨ।

ਦੂਜੇ ਪਾਸੇ ਜਿਹੜੇ ਨਸ਼ੇੜੀ ਨੌਜਵਾਨ ਜਿਉਂਦੇ ਵੀ ਹਨ, ਉਨ੍ਹਾਂ ਵਿੱਚੋਂ ਕਈਆਂ ਦੀ ਜ਼ਿੰਦਗੀ ਤਾਂ ਮਰਿਆਂ ਨਾਲੋਂ ਵੀ ਭੈੜੀ ਹੋ ਚੁੱਕੀ ਹੈ। ਅਜਿਹੇ ਨਸ਼ੇੜੀ ਪੁੱਤਾਂ ਦੀਆਂ ਮਾਵਾਂ ਅਕਸਰ ਆਪਣੇ ਪੁੱਤਾਂ ਲਈ ਮੌਤ ਦੀ ਦੁਆ ਮੰਗਦੀਆਂ ਹਨ ਕਿਉਂਕਿ ਉਨ੍ਹਾਂ ਕੋਲੋਂ ਨਸ਼ੇੜੀ ਪੁੱਤਾਂ ਦਾ ਦੁੱਖ ਵੇਖਿਆ ਨਹੀਂ ਜਾਂਦਾ। ਜਦੋਂ ਨਸ਼ੇੜੀ ਪੁੱਤ ਨਸ਼ੇ ਖਰੀਦਣ ਲਈ ਆਪਣੇ ਮਾਂ ਬਾਪ ਤੋਂ ਜਬਰਦਸਤੀ ਪੈਸੇ ਮੰਗਦੇ ਹਨ ਤਾਂ ਮਾਂ ਬਾਪ ਕੋਲੋਂ ਪੈਸੇ ਨਾ ਮਿਲਣ ’ਤੇ ਅਕਸਰ ਉਹਨਾਂ ਦੀ ਕੁੱਟ ਮਾਰ ਕਰ ਦਿੰਦੇ ਹਨ ਤਾਂ ਅਜਿਹੇ ਨਸ਼ੇੜੀ ਪੁੱਤਾਂ ’ਤੇ ਮਾਪੇ ਜਿਉਂਦੇ ਜੀ ਮਰ ਜਾਂਦੇ ਹਨ। ਹਾੜ ਮਹੀਨੇ ਕੜਕਦੀ ਧੁੱਪ ਵਿਚ ਇਕ ਪਿੰਡ ਤੋਂ ਦੂਜੇ ਪਿੰਡ ਜਾਂਦੀਆਂ ਚਿੱਟੀਆਂ ਚੁੰਨੀਆਂ ਵਾਲੀਆਂ ਬੀਬੀਆਂ ਦੀਆਂ ਮਕਾਨਾਂ ਪੰਜਾਬ ਦੀ ਮੋਜੂਦਾ ਤਸਵੀਰ ਪੇਸ਼ ਕਰਦੀਆਂ ਹਨ।

ਹਾੜ ਦੀ ਸ਼ੁਰੂਆਤ ਮੌਕੇ ਹਰ ਮਨੁੱਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਸਮਾਜ ਵਿਚ ਫੈਲੀਆਂ ਅਲਾਮਤਾਂ, ਨਸ਼ੇ ਦੇ ਕੋਹੜ ਨੂੰ ਦੂਰ ਕਰਨ ਵਿਚ ਆਪਣਾ ਯੋਗਦਾਨ ਪਾਵੇਗਾ ਅਤੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਵੇਗਾ।

- ਜਗਮੋਹਨ ਸਿੰਘ ਲੱਕੀ

Posted By: Harjinder Sodhi