ਜਦੋਂ ਜ਼ਿੰਦਗੀ ’ਚ ਹਨੇਰਾ ਅਤੇ ਉਦਾਸੀ ਛਾ ਜਾਵੇ ਤਾਂ ਕੁਝ ਲੋਕ ਹਿੰਮਤ ਹਾਰ ਜਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਘੋਰ ਨਿਰਾਸ਼ਾ, ਦੁੱਖ, ਤਸੀਹਿਆਂ ਤੇ ਅਨੇਕਾਂ ਮੁਸੀਬਤਾਂ ’ਚ ਘਿਰੇ ਹੋਣ ਦੇ ਬਾਵਜੂਦ ਸੁਨਹਿਰੀ ਸੁਪਨੇ ਸਿਰਜਦੇ ਹਨ ਤੇ ਇਨ੍ਹਾਂ ਸੁਪਨਿਆਂ ਦੀਆਂ ਸੁਨਹਿਰੀ ਤੰਦਾਂ ਨੂੰ ਫੜ ਹਨੇਰਿਆਂ ਤੋਂ ਪਾਰ ਲੰਘਦੇ ਨੇ ਤੇ ਦੂਸਰਿਆਂ ਲਈ ਚਾਨਣ ਦੇ ਵਣਜਾਰੇ ਬਣਦੇ ਹਨ। ਚਾਨਣ ਦੇ ਇਹ ਵਣਜਾਰੇ ਸਾਡੇ ਲਈ ਆਸ, ਉਮੀਦ, ਵਿਸ਼ਵਾਸ ਅਤੇ ਪਿਆਰ ਲੈ ਕੇ ਆਉਂਦੇ ਹਨ। ਇਹ ‘ਹਈ ਸ਼ਾ...’ ਆਖ ਕੇ ਸਾਨੂੰ ਸਖ਼ਤ ਮਿਹਨਤ ਲਈ ਪ੍ਰੇਰਦੇ ਹਨ। ਇਨ੍ਹਾਂ ਦੇ ਸਿਰਜੇ ਖਿਡੌਣੇ ਸਾਨੂੰ ਕਲਪਨਾ ਦੇ ਖੰਭਾਂ ਨਾਲ ਉਡਾ ਕੇ ਜਾਦੂਈ ਦੁਨੀਆ ’ਚ ਲੈ ਜਾਂਦੇ ਹਨ। ਇਨ੍ਹਾਂ ਦੀਆਂ ਬਣਾਈਆਂ ਫਿਲਮਾਂ ਸਾਨੂੰ ਉਦਾਸੀ ’ਚੋਂ ਕੱਢ ਕੇ ਚਾਨਣ ਦੀ ਦਹਿਲੀਜ਼ ’ਤੇ ਲੈ ਆਉਂਦੀਆਂ ਹਨ। ਇਨ੍ਹਾਂ ਦੀਆਂ ਲਿਖੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਸਚਿੱਤਰ ਕਿਤਾਬਾਂ ਸਾਡੀ ਉਂਗਲੀ ਫੜ ਕੇ ਸਾਨੂੰ ਨਾਲ ਲੈ ਤੁਰਦੀਆਂ ਨੇ। ਕੁਝ ਅਜਿਹੇ ਚਾਨਣ ਦੇ ਵਣਜਾਰਿਆਂ ਦੇ ਰੂ-ਬ-ਰੂ ਹੋਵਾਂਗੇ ਇਸ ਲੜੀਵਾਰ ਆਸ ਵਿਸ਼ਵਾਸ ਜਗਾਉਣ ਵਾਲੇ ਸੁਪਨਸਾਜ਼ਾਂ ਦੇ ਸੰਗ....

ਬੁੱਤ ਦਾ ਚਿਹਰਾ ਤਾਂ ਸ਼ਾਇਦ ਨਾ ਪਛਾਣਿਆ ਜਾਏ, ਪਰ ਇਸ ਦੀਆਂ ਰਚਨਾਵਾਂ ਦੁਨੀਆ ਭਰ ਦੇ ਲੋਕਾਂ ਵਿਚ ਖ਼ਾਸ ਕਰਕੇ ਬੱਚਿਆਂ ਵਿਚ ਅੱਜ ਵੀ ਬਹੁਤ ਹਰਮਨ ਪਿਆਰੀਆਂ ਹਨ। ‘ਟੀਨ ਦੇ ਸਿਪਾਹੀ’, ‘ਬਰਫ਼ ਦੀ ਰਾਜਕੁਮਾਰੀ’, ‘ਬਦਸੂਰਤ ਬੱਤਖ’,

‘ਰਾਜੇ ਦੀ ਪੁਸ਼ਾਕ’ ਆਦਿ ਅਨੇਕਾਂ ਕਹਾਣੀਆਂ ਦੇ ਸਿਰਜਕ ਹਾਂਸ ਐਂਡਰਸਨ ਦੀ ਆਪਣੀ ਜੀਵਨ ਕਹਾਣੀ ਪਰੀ-ਕਥਾ ਤੋਂ ਘੱਟ ਦਿਲਚਸਪ ਨਹੀਂ।

ਹਾਂਸ ਕਿ੍ਰਸਚੀਅਨ ਐਂਡਰਸਨ ਦੀਆਂ 156 ਪਰੀ ਕਹਾਣੀਆਂ ਨੌਂ ਜਿਲਦਾਂ ਵਿਚ 125 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਨੇ। ਉਸ ਦੀਆਂ ਕਹਾਣੀਆਂ ’ਤੇ ਅਧਾਰਿਤ ਅਨੇਕਾਂ ਬੈਲੇ, ਨਾਟਕ, ਐਨੀਮੇਸ਼ਨ ਅਤੇ ਫੀਚਰ ਫਿਲਮਾਂ ਬਣ ਚੁੱਕੀਆਂ ਨੇ।

ਐਂਡਰਸਨ ਦਾ ਜਨਮ ਡੈਨਮਾਰਕ ਦੇ ਇਕ ਛੋਟੇ ਜਿਹੇ ਸ਼ਹਿਰ ਉਦੇਂਸ਼ ਵਿਚ 2 ਅਪ੍ਰੈਲ 1805 ਨੂੰ ਹੋਇਆ। ਉਸ ਦੇ ਮਾਂ-ਬਾਪ ਬਹੁਤ ਹੀ ਗ਼ਰੀਬ ਸਨ। ਪਿਤਾ ਇੱਕ ਸੜਕ ਦੇ ਕੰਢੇ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ ਤੇ ਮਾਂ ਅਮੀਰ ਘਰਾਂ ਦੇ ਕੱਪੜੇ ਧੋਇਆ ਕਰਦੀ ਸੀ। ਇੱਕ ਬਸਤੀ ਵਿਚ ਉਨ੍ਹਾਂ ਦਾ ਇੱਕੋ ਕਮਰੇ ਦਾ ਘਰ ਸੀ , ਜਿੱਥੇ ਐਂਡਰਸਨ ਨੇ ਆਪਣਾ ਸਾਰਾ ਬਚਪਨ ਬਿਤਾਇਆ ਸੀ। ਉਸ ਦੇ ਮਾਂ-ਬਾਪ ਉਸ ਨੂੰ ਬਹੁਤ ਪਿਆਰ ਕਰਦੇ ਸਨ। ਉਸ ਲਈ ਬਾਪ ਨੇ ਖਿਡੌਣਾ ਨਾਟਕ ਘਰ ਤੇ ਮਾਂ ਨੇ ਖਿਡੌਣੇ ਪਾਤਰਾਂ ਦੀਆਂ ਪੁਸ਼ਾਕਾਂ ਬੜੀ ਰੀਝ ਨਾਲ ਬਣਾ ਕੇ ਦਿੱਤੀਆਂ। ਘਰ ਵਿਚ ਅਤਿ ਦੀ ਗ਼ਰੀਬੀ ਰਹਿੰਦੀ ਸੀ, ਕਿਉਂਕਿ ਬਾਪ ਕੋਈ ਬਹੁਤ ਵਧੀਆ ਕਾਰੀਗਰ ਨਹੀਂ ਸੀ ਇਸ ਕਰ ਕੇ ਉਸ ਕੋਲ ਬਸ ਗ਼ਰੀਬ ਤੋਂ ਗ਼ਰੀਬ ਗਾਹਕ ਆਉਂਦੇ ਸਨ। ਫੇਰ ਪਿਤਾ ਨੂੰ ਪਹਿਲੇ ਵਿਸ਼ਵ-ਯੁੱਧ ਵਿੱਚ ਜਾਣਾ ਪਿਆ। ਜਦ ਪਰਤਿਆ ਤਾਂ ਉਹ ਬਹੁਤ ਥੱਕ-ਹਾਰ ਚੁੱਕਾ ਸੀ ਤੇ ਜ਼ਿਆਦਾ ਦੇਰ ਜ਼ਿੰਦਾ ਨਾ ਰਿਹਾ। ਮਾਂ ਨੂੰ ਹੋਰ ਮੁਸੀਬਤਾਂ ਝੱਲਣੀਆਂ ਪਈਆਂ। ਸਰਦੀਆਂ ਦੀ ਰੁੱਤ ਵਿੱਚ ਵੀ ਉਹ ਹਰ ਰੋਜ਼ ਠੰਢੇ ਪਾਣੀ ਵਿੱਚ ਖਲੋਤੀ, ਪੱਥਰ ’ਤੇ ਚਾਦਰਾਂ ਕੁੱਟ-ਕੁੱਟ ਧੋਂਦੀ, ਪਰ ਉਹ ਕਦੇ ਨਿਰਾਸ਼ ਨਹੀਂ ਹੋਈ, ਉਹ ਆਖਿਆ ਕਰਦੀ ਸੀ, “ਮਾੜੇ ਦਿਨਾਂ ਤੋਂ ਬਾਅਦ ਚੰਗੇ ਦਿਨ ਵੀ ਆਉਂਦੇ ਨੇ।’’

ਉਨ੍ਹਾਂ ਦੇ ਗੁਆਂਢ ਵਿੱਚ ਇੱਕ ਬੱਚਾ ਪੜ੍ਹਨ ਵਿੱਚ ਬੜਾ ਹੋਸ਼ਿਆਰ ਸੀ। ਉਹ ਅਕਸਰ ਉੱਚੀ-ਉੱਚੀ ਬੋਲ ਕੇ ਆਪਣਾ ਸਬਕ ਯਾਦ ਕਰਿਆ ਕਰਦਾ ਸੀ। ਉਸ ਨੂੰ ਸੁਣ-ਸੁਣ ਕੇ ਐਂਡਰਸਨ ਦੇ ਮਨ ਵਿੱਚ ਵੀ ਪੜ੍ਹਨ-ਲਿਖਣ ਦੀ ਇੱਛਾ ਜਾਗੀ, ਪਰ ਉਸ ਨੂੰ ਸਕੂਲ ਜਾਣਾ ਨਸੀਬ ਨਾ ਹੋਇਆ। ਮਾਂ ਨੇ ਉਸ ਨੂੰ ਕੰਮ-ਧੰਦੇ ਵਿੱਚ ਲਾਣਾ ਚਾਹਿਆ। ਪਹਿਲਾਂ ਉਹ ਹੱਥ-ਖੱਡੀ ਦਾ ਕੰਮ ਸਿੱਖਣ ਲੱਗਾ, ਫਿਰ ਦਰਜੀ ਦਾ ਤੇ ਫੇਰ ਇਕ ਕਾਰਖਾਨੇ ਵਿਚ ਦਿਹਾੜੀ ਕਰਨ ਲੱਗਾ ਪਰ ਉਸ ਦਾ ਕਿਧਰੇ ਵੀ ਜੀਅ ਨਾ ਲੱਗਾ।

ਆਪਣੇ ਹਨੇਰੇ ਕਮਰੇ ਵਿਚ ਐਂਡਰਸਨ ਘੰਟਿਆਂ ਬੱਧੀ ਆਪਣੇ ਖਿਡੌਣਿਆਂ ਨਾਲ ਖੇਡਦਾ ਰਹਿੰਦਾ। ਉਸ ਦੀ ਦਾਦੀ-ਮਾਂ ਬਾਤਾਂ ਦੀ ਭੰਡਾਰ ਸੀ। ਉਸ ਤੋਂ ਸੁਣੀਆਂ ਕਹਾਣੀਆਂ ਐਂਡਰਸਨ ਨੂੰ ਬਹੁਤ ਹੀ ਚੰਗੀਆਂ ਲੱਗਦੀਆਂ ਸਨ, ਉਹ ਅਕਸਰ ਉਨ੍ਹਾਂ ਕਹਾਣੀਆਂ ਨੂੰ ਨਾਟਕ ਬਣਾ ਕੇ ਆਪਣੇ ਖਿਡੌਣੇ ਪਾਤਰਾਂ ਰਾਹੀਂ ਖੇਡਿਆ ਕਰਦਾ ਸੀ। ਉਹ ਇਕੱਲਾ ਹੀ ਦਰਸ਼ਕ ਹੁੰਦਾ, ਆਪ ਹੀ ਨਾਟਕਕਾਰ ਤੇ ਆਪ ਹੀ ਅਦਾਕਾਰ। ਉਸ ਨੂੰ ਕਈ ਨਾਟਕ ਜ਼ੁਬਾਨੀ ਯਾਦ ਸਨ, ਨਕਲ ਉਤਾਰਨ ਤੇ ਬਾਜ਼ੀਗਰਾਂ ਵਾਂਗ ਕਰਤਬ ਕਰਨ ਦਾ ਸ਼ੌਕ ਉਸ ਨੂੰ ਕਿਸੇ ਕਮਾਈ ਵਾਲੇ ਧੰਦੇ ਵਿੱਚ ਲੱਗਣ ਨਹੀਂ ਸੀ ਦਿੰਦਾ।

ਤੰਬਾਕੂ ਦੇ ਕਾਰਖਾਨੇ ਵਿੱਚ ਛੁੱਟੀ ਵੇਲੇ ਉਹ ਕਾਮਿਆਂ ਨੂੰ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਬੜਾ ਭਾਵੁਕ ਹੋ ਕੇ ਸੁਣਾਇਆ ਕਰਦਾ ਸੀ। ਉਸ ਦੀ ਆਵਾਜ਼ ਅਤੇ ਯਾਦਾਸ਼ਤ ਕਾਫੀ ਚੰਗੀ ਸੀ, ਪਰ ਉਸ ਦਾ ਸਰੀਰ ਬੜਾ ਬੇਢਬਾ ਜਿਹਾ ਸੀ, ਆਪਣੀ ਉਮਰ ਤੋਂ ਉਹ ਕਾਫੀ ਵੱਡਾ ਲੱਗਦਾ ਸੀ। ਉਸ ਦੇ ਨੈਣ-ਨਕਸ਼ ਵੀ ਅਜੀਬ ਜਿਹੇ ਸਨ, ਲੰਮਾ ਨੱਕ ਤੇ ਚੁੰਨ੍ਹੀਆਂ ਅੱਖਾਂ, ਹੱਥ ਪੈਰ ਬਹੁਤ ਲੰਬੇ-ਲੰਬੇ। ਜਦ ਉਹ ਭਾਵੁਕ ਹੋ ਕੇ ਰੋਣ ਦੀ ਅਦਾਕਾਰੀ ਕਰਦਾ ਤਾਂ ਵੇਖਣ ਵਾਲੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੇ ਸਨ।

ਖਿਡੌਣਿਆਂ ਨਾਲ ਨਾਟਕ ਖੇਡਦਿਆਂ-ਖੇਡਦਿਆਂ ਉਸ ਦੇ ਮਨ ਵਿਚ ਅਦਾਕਾਰ ਬਣਨ ਦਾ ਇਰਾਦਾ ਘਰ ਕਰ ਚੁੱਕਾ ਸੀ। ‘ਓਦੇਂਸ’ ਸ਼ਹਿਰ ਹੁਣ ਉਸ ਨੂੰ ਬਹੁਤ ਨਿੱਕਾ-ਨਿੱਕਾ ਲਗਦਾ ਸੀ। ਅਦਾਕਾਰ ਬਣਨ ਲਈ ਉਸ ਨੇ ਕੋਪਨਹੈਗਨ ਜਾਣ ਦਾ ਇਰਾਦਾ ਬਣਾ ਲਿਆ। ਮਾਂ ਨੇ ਬਥੇਰਾ ਸਮਝਾਇਆ ਪਰ ਐਂਡਰਸਨ ਆਪਣੀ ਜ਼ਿੱਦ ’ਤੇ ਕਾਇਮ ਰਿਹਾ, ਖੈਰ ਕੁਝ ਸਿੱਕੇ ਤੇ ਮਾਂ ਤੋਂ ਅਸ਼ੀਰਵਾਦ ਲੈ ਕੇ 14 ਵਰ੍ਹਿਆਂ ਦਾ ਉਹ ਗ਼ਰੀਬ ਅਨਪੜ੍ਹ, ਰਾਇਲ-ਥੇਟਰ ਵਿਚ ਐਕਟਰ ਬਣਨ ਲਈ ਪਹੁੰਚ ਗਿਆ। ਸਿਰ ’ਤੇ ਵੱਡਾ ਸਾਰਾ ਟੋਪ, ਟਾਕੀਆਂ ਲੱਗੇ ਕੱਪੜੇ ਤੇ ਬੇਢਬੇ ਸਰੀਰ ਨਾਲ ਉਹ ਅਦਾਕਾਰ ਸ਼ੌਲ ਦੇ ਘਰ ਜਾ ਪਹੁੰਚਿਆ। ਉਸ ਨੇ ਆਪਣਾ ਨਿ੍ਰਤ ਵਿਖਾਉਣ ਦੀ ਜ਼ਿੱਦ ਕੀਤੀ ਤੇ ਸ਼ੌਲ ਦੇ ਮਹਿਮਾਨਖਾਨੇ ਵਿਚ ਇਕ ਹੱਥ ਵਿਚ ਆਪਣਾ ਟੋਪ ਫੜ ਕੇ ਉਹ ਦੁੜੰਗੇ ਤੇ ਟਪੂਸੀਆਂ ਮਾਰਨ ਲੱਗਾ। ਆਖਰ ਜਦੋਂ ਉਸ ਦਾ ਨਾਚ ਮੁੱਕਿਆ ਤਾਂ ਸ਼ੌਲ ਨੇ ਸੁੱਖ ਦਾ ਸਾਹ ਲਿਆ। ਉਸ ਨੂੰ ਲੱਗਿਆ ਕਿ ਇਹ ਕੋਈ ਨੀਮ ਪਾਗਲ ਹੈ। ਜਦੋਂ ਐਂਡਰਸਨ ਨੇ ਸੁਣਿਆ ਕਿ ਉਸ ਵਿੱਚ ਕਿਰਤ ਜਾਂ ਅਦਾਕਾਰੀ ਦਾ ਕੋਈ ਗੁਣ ਨਹੀਂ ਅਤੇ ਉਸ ਨੂੰ ਕੋਈ ਕੰਮ ਨਹੀਂ ਮਿਲ ਸਕਦਾ ਤਾਂ ਉਹ ਉੱਥੇ ਹੀ ਫੁੱਟ-ਫੁੱਟ ਰੋਣ ਲੱਗ ਪਿਆ ਪਰ ਸਿਵਾਏ ਉਸ ਦਿਨ ਦੇ ਖਾਣੇ ਤੋਂ ਉਸ ਨੂੰ ਹੋਰ ਕੁਝ ਨਸੀਬ ਨਾ ਹੋਇਆ। ਫਿਰ ਉਸ ਨੂੰ ਖ਼ਿਆਲ ਆਇਆ ਕਿ ਉਸ ਕੋਲ ਆਵਾਜ਼ ਹੈ, ਉਸ ਨੂੰ ਕਿੰਨੀਆਂ ਕਵਿਤਾਵਾਂ ਯਾਦ ਨੇ, ਕਿਉਂ ਨਾ ਉਹ ਗਾਇਕ ਬਣ ਜਾਵੇ, ਜਦ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਆਪਣੀ ਗਾਇਕੀ ਪੇਸ਼ ਕਰਨ ਦਾ ਮੌਕਾ ਮਿਲਿਆ ਤਾਂ ਉਸ ਦੀ ਆਵਾਜ਼ ਨੇ ਉਸ ਦੇ ਸਾਥ ਨਾ ਦਿੱਤਾ। ਪੰਦਰਵੇਂ ਵਰ੍ਹੇ ਵਿਚ ਉਸ ਦੇ ਗਲ ਦੀ ਘੰਢੀ ਫੁੱਟ ਰਹੀ ਸੀ, ਇੰਜ ਉਸ ਦੀ ਆਵਾਜ਼ ਹੁਣ ਫਟਣ ਲੱਗ ਪਈ ਸੀ। ਇਸ ਆਵਾਜ਼ ਦੇ ਬਦਲਣ ਕਾਰਨ ਉਸ ਦਾ ਗਾਇਕ ਬਣਨ ਦਾ ਸੁਪਨਾ ਅੱਧਵਾਟਿਉਂ ਹੀ ਟੁੱਟ ਗਿਆ। ਉਸ ਦੀ ਗਾਇਕੀ, ਉਸ ਦੀ ਅਦਾਕਾਰੀ ਉਸ ਦੇ ਨਿ੍ਰਤ ਨੂੰ ਵੇਖ ਕੇ ਹਰ ਕੋਈ ਹੱਸਣ ਲੱਗਦਾ ਤੇ ਆਖਦਾ, “ਇਹ ਕਦੀ ਕਾਮਯਾਬ ਨਹੀਂ ਹੋ ਸਕਦਾ।’’

ਪਰ ਇਹ ਤਿ੍ਰਸਕਾਰ ਤੇ ਤਨਜ਼ ਵੀ ਉਸ ਦੇ ਬੁਲੰਦ ਇਰਾਦਿਆਂ ਨੂੰ ਤੋੜ ਨਾ ਸਕੇ। ਇੱਕ ਦਿਨ ਉਹ ਪ੍ਰਸਿੱਧ ਕਲਾਕਾਰ ਸਿਯੋਨੀ ਨੂੰ ਮਿਲਣ ਗਿਆ। ਉਹ ਆਪਣੇ ਮਿੱਤਰ ਕਲਾਕਾਰਾਂ ਨਾਲ ਵਿਚਾਰ ਚਰਚਾ ਕਰ ਰਿਹਾ ਸੀ। ਜਦ ਐਂਡਰਸਨ ਨੇ ਉਸ ਦੇ ਬੂਹੇ ਦਸਤਕ ਦਿੱਤੀ ਤਾਂ ਉਸ ਦੀ ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ। ਉਸ ਨੂੰ ਲੱਗਿਆ ਕੋਈ ਭਿਖਾਰੀ ਭੀਖ ਮੰਗਣ ਆਇਆ ਹੈ, ਪਰ ਐਂਡਰਸਨ ਨੇ ਮੱਲੋ-ਜ਼ੋਰੀ ਉਸ ਨੂੰ ਆਪਣੀ ਰਾਮ-ਕਹਾਣੀ ਸੁਣਾਈ ਤੇ ਸਿਯੋਨੀ ਨੂੰ ਮਿਲ ਕੇ ਹੀ ਜਾਣ ਦੀ ਗੱਲ ਦੁਹਰਾਈ। ਹਾਰ ਕੇ ਸਿਯੋਨੀ ਦੀ ਘਰ ਵਾਲੀ ਉਸ ਨੂੰ ਅੰਦਰ ਲੈ ਕੇ ਗਈ ਤੇ ਕਲਾਕਾਰਾਂ ਨਾਲ ਮਿਲਾਇਆ। ਸਿਯੋਨੀ ਨੇ ਪੁੱਛਿਆ ਕਿ ਤੂੰ ਕਿਹੜੀ ਕਲਾ ਜਾਣਦਾ ਏਂ? ਤੇ ਐਂਡਰਸਨ ਝੱਟ ਆਪਣਾ ਕੋਟ ਲਾਹ ਕੇ ਅਦਾਕਾਰੀ ਕਰਨ ਲੱਗਾ। ਉਸ ਨੇ ਬੜੇ ਹੀ ਭਾਵੁਕ ਸੰਵਾਦ ਬੋਲੇ, ਉਸ ਦੀਆਂ ਅੱਖਾਂ ’ਚੋਂ ਹੰਝੂ ਕਿਰਣ ਲੱਗੇ, ਪਰ ਅੱਜ ਪਹਿਲੀ ਵਾਰ ਸੀ ਕਿ ਵੇਖਣ ਵਾਲੇ ਉਸ ਦੀ ਅਦਾਕਾਰੀ ’ਤੇ ਹੱਸ ਨਹੀਂ ਸਨ ਰਹੇ।

ਸਿਯੋਨੀ ਤੇ ਉਸ ਦੇ ਸਾਥੀ ਕਲਾਕਾਰ ਕੋਮਲ ਭਾਵਨਾਵਾਂ ਨੂੰ ਜਾਣਨ ਵਾਲੇ ਸਨ, ਉਨ੍ਹਾਂ ਜਾਣ ਲਿਆ ਸੀ ਕਿ ਇਸ ਬੱਚੇ ਕੋਲ ਸ਼ਿੱਦਤ ਤਾਂ ਹੈ, ਪਰ ਸ਼ਾਇਦ ਅਜੇ ਪੂਰੀ ਸੂਝ ਨਹੀਂ। ਸਿਯੋਨੀ ਦੀ ਸਿਫਾਇਸ਼ ਤੇ ਐਂਡਰਸਨ ਨੂੰ ਵਜ਼ੀਫਾ ਮਿਲਿਆ ਤੇ ਉਸ ਨੂੰ ਸਕੂਲ ਵਿਚ ਪੜ੍ਹਨ ਲਈ ਭੇਜਿਆ ਗਿਆ। ਆਪਣੇ ਸਹਿਪਾਠੀਆਂ ਲਈ ਉਹ ਸਾਰੀ ਜਮਾਤ ਵਿਚ ਸਭ ਤੋਂ ਵੱਡਾ ਸੀ। ਉਹ ਹਰੇਕ ਦੇ ਮਜ਼ਾਕ ਦਾ ਪਾਤਰ ਬਣ ਗਿਆ। ਅਧਿਆਪਕ ਵੀ ਉਸ ਦਾ ਮੌਜੂ ਬਣਾਉਂਦੇ ਸਨ। ਖ਼ਾਸ ਕਰਕੇ ਹੈੱਡਮਾਸਟਰ ਉਸ ਦੇ ਕਵੀ ਤੇ ਕਲਾਕਾਰ ਬਣਨ ਦੇ ਇਰਾਦੇ ਨੂੰ ਲੈ ਕੇ ਖੂਬ ਠੱਠਾ-ਮਜ਼ਾਕ ਕਰਿਆ ਕਰਦੇ ਸਨ।

ਨਿਰਾਦਰ ਤੇ ਵਿਅੰਗ ਦਾ ਅਹਿਸਾਸ ਐਂਡਰਸਨ ਨੂੰ ਹਰ ਦਿਨ ਝੱਲਣਾ ਪਿਆ। ਜਦ ਸਕੂਲ ਦੇ ਬੇਰਹਿਮ ਦਿਨ ਖ਼ਤਮ ਹੋਏ ਤਾਂ ਐਂਡਰਸਨ ਨੇ ਸੁੱਖ ਦਾ ਸਾਹ ਲਿਆ। ਪਰ ਇਨ੍ਹਾਂ ਵਰ੍ਹਿਆਂ ਵਿਚ ਐਂਡਰਸਨ ਨੇ ਭਾਸ਼ਾ ਉੱਤੇ ਮੁਹਾਰਿਤ ਹਾਸਿਲ ਕੀਤੀ। ਚੰਗੀਆਂ-ਚੰਗੀਆਂ ਕਿਤਾਬਾਂ ਪੜ੍ਹੀਆਂ ਤੇ ਜ਼ਿੰਦਗੀ ਨੂੰ ਇੱਕ ਨਵੇਂ ਦਿ੍ਰਸ਼ਟੀਕੋਣ ਤੋਂ ਵੇਖਿਆ।

ਉਸ ਨੇ ਕਵਿਤਾਵਾਂ ਤੇ ਨਾਟਕ ਲਿਖਣੇ ਸ਼ੁਰੂ ਕੀਤੇ ਪਰ ਨਾਟਕ ਕੰਪਨੀ ਨੇ ਉਸ ਦੇ ਲਿਖੇ ਨਾਟਕ ਠੁਕਰਾ ਦਿੱਤੇ। ਇੱਕ ਤੋਂ ਬਾਅਦ ਦੂਜਾ ਨਾਟਕ ਵੀ ਨਾਕਾਰ ਦੇਣ ਦੇ ਬਾਵਜੂਦ ਐਂਡਰਸਨ ਨੇ ਲਿਖਣਾ ਨਾ ਛੱਡਿਆ। ਜਲਦੀ ਹੀ ਉਸ ਦਾ ਲਿਖਿਆ ਇਕ ਨਾਟਕ ਪ੍ਰਵਾਨ ਹੋਇਆ ਤੇ ਮੰਚ ’ਤੇ ਖੂਬ ਕਾਮਯਾਬ ਹੋਇਆ। ਹੁਣ ਉਸ ਦੀਆਂ ਬਾਲ ਕਹਾਣੀਆਂ ਨੂੰ ਇੱਕ ਪ੍ਰਕਾਸ਼ਕ ਮਿਲ ਗਿਆ। ਫੇਰ ਕੀ ਸੀ, ਉਸ ਨੂੰ ਆਖ਼ਰ ਆਪਣੇ ਪਾਠਕ ਲੱਭ ਪਏ, ਬਾਲ ਕਹਾਣੀਆਂ ਨੂੰ ਪੜ੍ਹਨ ਵਾਲੇ। ਉਸ ਦੀਆਂ ਕਿਤਾਬਾਂ ਧੜਾਧੜ ਵਿਕਣ ਲੱਗੀਆਂ। ਉਸ ਦੀ ਆਮ ਬੋਲ-ਚਾਲ ਦੀ ਮੁਹਾਵਰੇਦਾਰ ਭਾਸ਼ਾ ਪਾਠਕਾਂ ਵਿਚ ਬਹੁਤ ਹਰਮਨ ਪਿਆਰੀ ਹੋਈ।

ਉਹ ਪੂਰਾ ਯੂਰਪ ਘੁੰਮਿਆ, ਸਫ਼ਰਨਾਮੇ ਲਿਖੇ, ਨਾਵਲ ਲਿਖੇ, ਆਤਮ-ਕਥਾ ਲਿਖੀ, ਡਾਇਰੀਆਂ ਤੇ ਲੇਖ-ਲੜੀਆਂ ਲਿਖੀਆਂ। ਉਹ ਪ੍ਰਸਿੱਧ ਸਾਹਿਤਕਾਰਾਂ ਨੂੰ ਮਿਲਿਆ। ਹੌਲੀ-ਹੌਲੀ ਐਂਡਰਸਨ ਦਾ ਨਾਂ ਸਾਹਿਤ ਜਗਤ ਵਿਚ ਜਾਣਿਆ ਜਾਣ ਲੱਗਾ। ਡੈਨਮਾਰਕ ਦੇ ਰਾਜੇ ਨੇ ਉਸ ਨੂੰ ਮਾਣ ਸਤਿਕਾਰ ਅਤੇ ਰੁਤਬਾ ਦਿੱਤਾ। ਜਦ ਵੀ ਉਸ ਨੂੰ ਆਪਣਾ ਸ਼ਹਿਰ, ਆਪਣੀ ਮਾਂ ਯਾਦ ਆਉਂਦੇ ਉਹ ਕੁਝ ਦਿਨਾਂ ਲਈ ਆਪਣੇ ਸ਼ਹਿਰ ਆ ਜਾਇਆ ਕਰਦਾ ਸੀ। ਪਰ ਮਾਂ ਦੀ ਮੌਤ ਤੋਂ ਬਾਅਦ ਉਸ ਦਾ ਜਾਣਾ ਬਹੁਤ ਹੀ ਘਟ ਗਿਆ ਸੀ। ਇਕ ਦਿਨ ਉਸ ਨੂੰ ਆਪਣੇ ਸ਼ਹਿਰ ਤੋਂ ਸੱਦਾ-ਪੱਤਰ ਮਿਲਿਆ। ਸ਼ਹਿਰ ਵਾਸੀ ਉਸ ਨੂੰ ਆਦਰ-ਮਾਣ ਦੇਣਾ ਚਾਹੁੰਦੇ ਸਨ। ਜਦ ਉਹ ਸ਼ਹਿਰ ਪਹੁੰਚਿਆ ਤਾਂ ਸਾਰਾ ਸ਼ਹਿਰ ਦੁਲਹਨ ਵਾਂਗ ਸਜਿਆ ਹੋਇਆ ਸੀ।

ਜਗ-ਮਗ ਰੌਸ਼ਨੀਆਂ ਵਿਚ ਸਾਰੇ ਸ਼ਹਿਰ ਵਾਸੀ ਉਸ ਨੂੰ ‘ਜੀ ਆਇਆਂ’ ਕਹਿਣ ਲਈ ਬਰੂਹਾਂ ਤਕ ਆਏ ਹੋਏ ਸਨ। ਇਨ੍ਹਾਂ ਰੰਗ-ਬਿਰੰਗੀਆਂ ਰੋਸ਼ਨੀਆਂ ਵਿਚ ਉਸ ਦਾ ਇਕ ਨਿੱਕਾ ਜਿਹਾ, ਇੱਕੋ ਕਮਰੇ ਵਾਲਾ ਘਰ ਤੇ ਘਰ ਦੇ ਬਾਹਰ ਇਕ ਪੁਰਾਣਾ ਲੋਹੇ ਦਾ ਬੈਂਚ ਜਿਸ ਦੇ ਕੋਲ ਬਹਿ ਕੇ ਉਸ ਦਾ ਪਿਤਾ ਲੋਕਾਂ ਦੀਆਂ ਜੁੱਤੀਆਂ ਗੰਢਿਆ ਕਰਦਾ ਸੀ, ਅਜੇ ਵੀ ਉਸੇ ਤਰ੍ਹਾਂ ਸਨ। ਅਦਾਕਾਰ ਬਣਨ ਗਿਆ, ਇਸ ਸ਼ਹਿਰ ਦਾ ਇਕ ਭੌਂਦੂ ਮੁੰਡਾ ਹੁਣ ਦੁਨੀਆ ਦਾ ਮਹਾਨ ਲੇਖਕ ਬਣ ਕੇ ਪਰਤਿਆ।

ਬਾਲਾਂ ਦੇ ਮਾਸੂਮ ਮਨਾਂ ਨੂੰ ਜਾਣਨ ਵਾਲਾ, ਬਾਲਾਂ ਲਈ ਪਰੀ-ਕਥਾਵਾਂ ਦੇ ਸੁਪਨੀਲੇ ਸੰਸਾਰ ਰਚਣ ਵਾਲਾ, ਬਾਲਾਂ ਦੇ ਮਨ ਦੀਆਂ ਰੀਝਾਂ, ਉਮੰਗਾਂ ਤੇ ਇਛਾਵਾਂ ਨੂੰ ਜਾਣਨ ਵਾਲਾ ਖ਼ੁਦ ਬੇ-ਔਲਾਦ ਸੀ। ਉਮਰ ਭਰ ਉਹ ਇਕੱਲਾ ਹੀ ਰਿਹਾ। ਆਪਣੇ ਖਿਡੌਣਾ-ਮੰਚ ਦੇ ਇਕ ਬੇਜਾਨ ਪੁਤਲੀ ਪਾਤਰ ਵਾਂਗ 4 ਅਗਸਤ 1875 ਨੂੰ ਉਸ ਇਸ ਦੁਨੀਆ ਨੂੰ ਅਲਵਿਦਾ ਕਹੀ ਪਰ ਉਸ ਨੇ ਬਾਲ-ਕਥਾਵਾਂ ਨੂੰ ਇਕ ਅਜਿਹੀ ਜ਼ਿੰਦਗੀ ਦਿੱਤੀ ਜਿਹੜੀ ਅੱਜ ਵੀ ਧੜਕ ਰਹੀ ਹੈ। ਤੁਸੀਂ ਐਂਡਰਸਨ ਦੀ ਲਿਖੀ ਕਹਾਣੀ ‘ਅੱਗਲੀ ਡਕਲਿੰਗ’ ਪੜ੍ਹੀ ਹੋਵੇਗੀ। ‘ਅੱਗਲੀ ਡਕਲਿੰਗ’ ਦੀ ਕਹਾਣੀ ਐਂਡਰਸਨ ਦੀ ਆਪਣੀ ਕਹਾਣੀ ਹੈ।

ਆਪਣੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ ਹਾਂਸ ਨੇ ਇਕ ਸੰਗੀਤਕਾਰ ਨੂੰ ਬੁਲਾਇਆ ਤੇ ਕਹਿਣ ਲੱਗਾ, “ਮੇਰੇ ਜਨਾਜ਼ੇ ’ਤੇ ਆਉਣ ਵਾਲੇ ਲੋਕਾਂ ਵਿਚ ਵੱਡੀ ਗਿਣਤੀ ਬੱਚਿਆਂ ਦੀ ਹੋਵੇਗੀ। ਇਸ ਲਈ ਤੂੰ ਉਥੇ ਵਜਾਏ ਜਾਣ ਵਾਲੇ ਸੰਗੀਤ ਦੀ ਲੈਅ ਨਿੱਕੇ ਨਿੱਕੇ ਕਦਮਾਂ ਦੇ ਨਾਲ-ਨਾਲ ਵੱਜਣ ਵਾਲੀ ਬਣਾਈਂ।’’

- ਹਰਜੀਤ ਸਿੰਘ

Posted By: Harjinder Sodhi