ਭਾਰਤ ਸਰਕਾਰ ਨੇ ਗਲਵਾਨ ਵਾਦੀ 'ਚ ਹੋਈਆਂ ਭਾਰਤੀ-ਚੀਨੀ ਫ਼ੌਜਾਂ ਦੀਆਂ ਹਿੰਸਕ ਝਡ਼ਪਾਂ ਜਿਨ੍ਹਾਂ 'ਚ ਦੁਵੱਲਿਓਂ ਕਈ ਜਵਾਨ ਮਾਰੇ ਗਏ, ਪਿੱਛੋਂ ਚੀਨ ਦੀ ਆਰਥਿਕ ਘੇਰਾਬੰਦੀ ਕਰਦਿਆਂ ਉਸ ਦੀਆਂ 59 ਮੋਬਾਈਲ ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਕੇਂਦਰ ਨੇ ਇਸ ਕਾਰਵਾਈ ਨੂੰ ਚੀਨ ਵਿਰੁੱਧ 'ਡਿਜੀਟਲ ਸਰਜੀਕਲ ਸਟ੍ਰਾਈਕ' ਕਿਹਾ ਹੈ। ਕਦੇ 'ਹਿੰਦੀ-ਚੀਨੀ ਨਹੀਂ ਭਾਈ-ਭਾਈ' ਦਾ ਨਾਅਰਾ ਬਹੁਤ ਪ੍ਰਚੱਲਿਤ ਰਿਹਾ ਪਰ ਹੁਣ ਇਹ ਤੰਦਾਂ ਟੁਟ ਗਈਆਂ ਹਨ। ਚੀਨ ਦੀਆਂ ਪਸਾਰਵਾਦੀ ਨੀਤੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਭਾਰਤ ਨੇ ਉਸ ਦੇ ਜਿਨ੍ਹਾਂ ਐਪਸ 'ਤੇ ਪਾਬੰਦੀ ਲਾਈ ਹੈ ਉਨ੍ਹਾਂ 'ਚ ਸਭ ਤੋਂ ਵਧੇਰੇ ਹਰਮਨ ਪਿਆਰੀ ਐਪ ਟਿਕਟੌਕ ਹੈ। ਇਹ ਐਪ ਬਹੁਤ ਸਾਰੇ ਲੋਕਾਂ ਲਈ ਕਮਾਈ ਦਾ ਸਾਧਨ ਸੀ। ਇਸ 'ਚ ਬਹੁਤਾ ਕਰ ਕੇ ਮਜ਼ਾਹੀਆ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਸਨ ਪਰ ਟਾਵੀਂ-ਟਾਵੀਂ ਗੰਭੀਰ ਤੇ ਗਿਆਨਵਰਧਕ ਵੀਡੀਓ ਵੀ ਦੇਖਣ ਨੂੰ ਮਿਲ ਜਾਂਦੀ ਸੀ। ਟਿਕ-ਟੌਕ 'ਤੇ ਪਾਬੰਦੀ ਲਾਏ ਜਾਣ ਕਾਰਨ ਇਸ ਐਪ ਦੇ ਕਈ ਦੀਵਾਨਿਆਂ ਦੇ ਦਿਲਾਂ ਨੂੰ ਭਾਰੀ ਸੱਟ ਵੱਜੀ ਹੈ। ਕਈਆਂ ਨੇ ਤਾਂ ਮੌਤ ਨੂੰ ਵੀ ਸਸਤਾ ਜਾਣਿਆ। ਪਰ ਦੇਸ਼ ਦੇ ਹਿੱਤ ਉਨ੍ਹਾਂ ਦੀਵਾਨਿਆਂ ਦੀਆਂ ਭਾਵਨਾਵਾਂ ਨਾਲੋਂ ਕਿਤੇ ਉੱਪਰ ਹਨ।

ਭਾਰੀ ਗਿਣਤੀ 'ਚ ਚੀਨੀ ਐਪਸ 'ਤੇ ਪਾਬੰਦੀ ਲਾਏ ਜਾਣ ਦਾ ਕਾਰਨ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਤਾਂ ਹੈ ਹੀ, ਚੀਨ ਨੂੰ ਆਰਥਿਕ ਸੱਟ ਮਾਰਨਾ ਵੀ ਹੈ। ਚੰਗਾ ਹੋਵੇ ਜੇ ਸਰਕਾਰ ਕੋਰੀਆਈ ਐਪ ਪੱਬਜੀ ਵਾਲੀ ਐਪ 'ਤੇ ਵੀ ਪਾਬੰਦੀ ਲਾਏ। ਅੱਜ ਇਹ ਐਪ ਬੱਚਿਆਂ ਅਤੇ ਨੌਜਵਾਨ ਵਰਗ ਦਾ ਸਭ ਤੋਂ ਵੱਧ ਸਮਾਂ ਬਰਬਾਦ ਕਰ ਰਹੀ ਹੈ। ਕਈ ਹਿਰਦੇਵੇਧਕ ਘਟਨਾਵਾਂ ਵੀ ਇਸ ਨਾਲ ਜੁਡ਼ੀਆਂ ਸੁਣਨ ਦੇਖਣ 'ਚ ਆਉਂਦੀਆਂ ਰਹਿੰਦੀਆਂ ਹਨ। ਮੋਬਾਈਲ/ਇੰਟਰਨੈੱਟ ਅਜੋਕੇ ਸਮਿਆਂ ਦੀ ਸਹੂਲਤ ਤਾਂ ਹੈ ਹੀ ਇਸ 'ਤੇ ਗਿਆਨ ਵਧਾਊ ਸਮੱਗਰੀ ਦੇਖੀ, ਪਡ਼੍ਹੀ-ਸੁਣੀ ਜਾਵੇ ਤਾਂ ਠੀਕ ਹੈ, ਜੇਕਰ ਇਹ ਮਹਿਜ਼ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਜਾਵੇ ਤਾਂ ਖ਼ਤਰਨਾਕ ਤੇ ਨੁਕਸਾਨਦੇਹ ਹੈ। ਮਨੋਰੰਜਨ ਲਈ ਖੇਡਾਂ ਦੇ ਮੈਦਾਨ ਤੇ ਸਾਹਿਤ ਪਡ਼੍ਹਨਾ ਬਿਹਤਰ ਤਰਜੀਹ ਹੋਣੇ ਚਾਹੀਦੇ ਹਨ।

ਚੀਨ ਦੀਆਂ 59 'ਚੀਨੀ ਐਪਜ਼' 'ਤੇ ਪਾਬੰਦੀ ਲਾਏ ਜਾਣ 'ਤੇ ਲੋਕਾਂ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਹਨ ਕਿ ਜੋ ਐਪ ਪਹਿਲਾਂ ਤੋਂ ਹੀ ਮੋਬਾਈਲਾਂ ਵਿਚ ਡਾਊਨਲੋਡ ਨੇ ਉਹ ਆਪਣਾ ਕੰਮ ਕਰਨਾ ਬੰਦ ਕਰ ਦੇਣਗੇ ਜਾਂ ਫਿਰ ਨਵੇਂ ਡਾਊਨਲੋਡ ਨਹੀਂ ਹੋਣਗੇ?

ਟੈਲੀਗ੍ਰਾਮ ਐਕਟ ਦੇ ਤਹਿਤ ਸੰਚਾਰ ਮੰਤਰਾਲਾ ਇੰਟਰਨੈਟ ਸਰਵਿਸਸ ਪ੍ਰੋਵਾਈਡਰ ਨੂੰ ਕਿਸੇ ਵੀ ਵੈੱਬਸਾਇਟ ਜਾਂ ਐਪ ਦਾ ਡਾਟਾ ਰੋਕਣ ਲਈ ਵੀ ਕਹਿ ਸਕਦਾ ਹੈ। ਇਸ ਤੋਂ ਪਹਿਲਾਂ ਚੀਨ ਵਿਚ 'ਫੇਸ ਬੁੱਕ' ਤੇ 'ਗੂਗਲ' ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਦੁਬਈ ਦੀ ਗੱਲ ਕਰੀਏ ਉੱਥੇ ਵੀ 'ਵ੍ਹੱਟਸਐਪ ਚੈਟ' ਤਾਂ ਕਰ ਸਕਦੇ ਹਾਂ ਪਰ 'ਵੱ੍ਹਟਸਐਪ ਕਾਲ' ਨਹੀਂ ਕਰ ਸਕਦੇ। ਗ੍ਰਹਿ ਮੰਤਰਾਲੇ ਨੇ ਇਨ੍ਹਾਂ ਐਪਜ਼ ਦੇ ਦਾਅਵਿਆਂ ਦਾ ਵੀ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਦਾ ਸਰਵਰ ਸਿੰਗਾਪੁਰ 'ਚ ਹੈ ਤੇ ਜਿਸ ਕਾਰਨ ਡਾਟਾ ਚੀਨ ਨਹੀਂ ਜਾਂਦਾ। ਇਹ ਵੀ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ। ਐਪਲ ਦੀ ਰਿਪੋਰਟ ਨੇ ਵੀ ਦਾਅਵਾ ਕੀਤਾ ਹੈ ਕਿ ਡਾਟਾ ਸੁਰੱਖਿਅਤ ਨਹੀਂ ਹੈ। ਇਸ ਲਈ ਇਨ੍ਹਾਂ 59 ਚੀਨੀ ਐਪਜ਼ 'ਤੇ ਰੋਕ ਲਾਉਣੀ ਜ਼ਰੂਰੀ ਹੋ ਗਈ। ਕੁਝ ਐਪ ਦਾ ਪ੍ਰਯੋਗ ਲੋਕ ਮਨੋਰੰਜਨ ਲਈ ਵੀ ਕਰਦੇ ਹਨ। ਨੌਜਵਾਨਾਂ 'ਚ ਇਨ੍ਹਾਂ ਐਪਜ਼ ਦਾ ਬਹੁਤ ਕ੍ਰੇਜ਼ ਸੀ। ਉਹ ਇਨ੍ਹਾਂ ਦੀ ਵਰਤੋਂ ਮਨੋਰੰਜਨ ਤੇ ਆਪਣੇ ਖ਼ੁਸ਼ੀ ਦੇ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਛੋਟੇ-ਛੋਟੇ ਵੀਡੀਓ ਕਲਿਪ ਤਿਆਰ ਕਰ ਕੇ ਕਰਦੇ ਸਨ।

ਟਿਕ-ਟੌਕ

ਭਾਰਤ 'ਚ ਨੌਜਵਾਨਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਉਣ ਵਾਲਾ ਅਤੇ ਸਭ ਤੋਂ ਵੱਧ ਪ੍ਰਚਲਿਤ ਐਪ ਟਿਕ-ਟੌਕ ਹੈ। ਟਿਕ-ਟੌਕ ਇਕ ਅਜਿਹੀ ਐਪ ਹੈ ਜਿਸ 'ਚ ਛੋਟੇ ਲਿਪ-ਸਿੰਕ, ਕਾਮੇਡੀ ਅਤੇ ਛੋਟੇ ਵੀਡੀਓ ਬਣਾ ਕੇ ਅਪਲੋਡ ਕੀਤੇ ਜਾਂਦੇ ਹਨ। ਇਹ ਐਪ ਦੇਸ਼ 'ਚ ਸਾਰੇ ਤਬਕਿਆਂ ਦੇ ਲੋਕਾਂ ਦੇ ਸਮਾਰਟਫੋਨ 'ਚ ਡਾਊਨਲੋਡ ਕੀਤੇ ਮਿਲ ਜਾਣਗੇ। ਇਥੋਂ ਤਕ ਕਿ ਕਈ ਨਾਮੀ ਹਸਤੀਆਂ ਨੇ ਵੀ ਇਸ ਐਪ ਨੂੰ ਡਾਊਨਲੋਡ ਕੀਤਾ ਹੈ। ਇਸ ਐਪ ਨੂੰ 2017 'ਚ ਚੀਨੀ ਦੇ ਬਾਹਰ ਦੇ ਬਾਜ਼ਾਰਾਂ ਲਈ ਲਾਂਚ ਕੀਤਾ ਗਿਆ ਸੀ। ਇਹ ਐਪ 150 ਤੋਂ ਵੱਧ ਬਾਜ਼ਾਰਾਂ ਅਤੇ 75 ਭਾਸ਼ਾਵਾਂ 'ਚ ਉਪਲੱਬਧ ਹੈ। ਹਰਿਆਣਾ ਦੇ ਤਿੰਨ ਵਿਦਿਆਰਥੀਆਂ ਨੇ ਮਿਲ ਕੇ ਟਿਕ-ਟੌਕ ਵਰਗਾ ਇਕ ਐਪ ਬਣਾਇਅਆ ਹੈ। 'ਦੇਸੀ ਕਲਾਕਾਰ' ਨਾਂ ਦੇ ਇਸ ਐਪ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਟਿਕ-ਟੌਕ ਦੇ ਭਾਰਤ 'ਚ ਲਗਪਗ 20 ਕਰੋਡ਼ ਸਬਸਕ੍ਰਾਈਬਰ ਹਨ ਜਦ ਕਿ ਸ਼ਾਓਮੀ ਸਭ ਤੋਂ ਵੱਡਾ ਮੋਬਾਈਲ ਬ੍ਰਾਂਡ ਹੈ।

ਯੂਕੈਮ

ਇਨ੍ਹਾਂ 59 ਐਪਸ 'ਚੋਂ 'ਯੂਕੈਮ' ਇਕ ਬਿਊਟੀ ਐਪ ਹੈ ਜਿਸ ਨੂੰ 2014 ਵਿਚ 'ਪਰਫੈਕਟ ਕਾਪਰ' ਨਾਂ ਦੀ ਚੀਨੀ ਐਪ ਵਿਕਸਿਤ ਕਰਨ ਵਾਲੀ ਕੰਪਨੀ ਨੇ ਲਾਂਚ ਕੀਤਾ ਸੀ। ਇਸ ਕੰਪਨੀ ਦਾ ਸੀ.ਈ.ਓ. ਤੇ ਸੰਸਥਾਪਕ ਅਲਾਇਸ ਚਾਂਗ ਹੈ। ਵਰਤੋਂਕਾਰ ਯੂਕੈਮ ਐਪ ਰਾਹੀਂ ਫੋਟੋਆਂ ਨੂੰ ਆਪਣੇ ਮਨਪਸੰਦ ਤਰੀਕੇ ਨਾਲ ਐਡਿਟ ਕਰ ਸਕਦੇ ਸੀ ਤੇ ਆਪਣੀ ਫੋਟੋ ਨੂੰ ਇਕ ਫਰੇਮ 'ਚ ਜੋਡ਼ ਕੇ ਵੱਖ-ਵੱਖ ਤਰ੍ਹਾਂ ਨਾਲ ਐਡਿਟ ਕਰ ਸਕਦੇ ਸੀ। ਹੁਣ ਭਾਰਤ ਨੇ ਇਸ ਐਪ ਦੇ ਮੁਕਾਬਲੇ ਇੰਡੀਆ ਸੈਲਫੀ ਕੈਮਰਾ ਐਪ ਬਣਾ ਲਈ ਹੈ ਜੋ ਯੂਕੈਮ ਨੂੰ ਟੱਕਰ ਦੇਵੇਗੀ।

ਸ਼ੇਅਰਇਟ

ਭਾਰਤ 'ਚ ਸ਼ੇਅਰਇਟ ਬਹੁਤ ਪ੍ਰਚਲਿਤ ਮੰਨੀ ਜਾਂਦੀ ਹੈ। ਸ਼ੇਅਰਇਟ ਦੇ ਭਾਰਤ ਅਤੇ ਇੰਡੋਨੇਸ਼ੀਆ 'ਚ 60 ਕਰੋਡ਼ ਤੋਂ ਵੱਧ ਯੂਜ਼ਰਜ਼ ਹਨ। ਇਹ ਇਕ ਤਰ੍ਹਾਂ ਦੀ ਫੋਟੋ ਵੀਡੀਓ ਫਾਈਲ ਜਾਂ ਕਿਸੇ ਤਰ੍ਹਾਂ ਦੀ ਕੋਈ ਮੋਬਾਈਲ ਐਪਲੀਕੇਸ਼ਨਜ਼ ਸ਼ੇਅਰ ਕਰਨ ਦੇ ਕੰਮ ਆਉਂਦੀ ਹੈ। ਇਸ ਐਪ ਰਾਹੀਂ ਦੋ ਮੋਬਾਈਲ ਫੋਨ 'ਚ ਕਿਸੇ ਵੀ ਫਾਈਲ ਭਾਵੇਂ ਉਹ ਕਿੰਨੀ ਲੰਬੀ ਕਿਉਂ ਨਾ ਹੋਵੇ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਲਈ ਦੋਵੇਂ ਮੋਬਾਈਲ 'ਚ ਇਸ ਐਪ ਦਾ ਹੋਣਾ ਜ਼ਰੂਰੀ ਹੈ। ਸਾਲ 2018 'ਚ ਇਹ ਐਪ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਸੀ।

ਜ਼ੈਂਡਰ

ਜ਼ੈਂਡਰ ਵੀ ਸ਼ੇਅਰਇਟ ਵਾਂਗ ਫਾਈਲ ਸ਼ੇਅਰਿੰਗ ਐਪ ਹੈ। ਇਸ 'ਚ ਵੀ ਸ਼ੇਅਰਇਟ ਦੀ ਤਰ੍ਹਾਂ ਫੋਟੋ, ਵੀਡੀਓ, ਫਿਲਮ, ਡਾਕੂਮੈਂਟ ਜਾਂ ਕੋਈ ਵੀ ਮੋਬਾਈਲ ਐਪਲੀਕੇਸ਼ਨਜ਼ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਜ਼ੈਂਡਰ ਨਾਲ ਇਕ ਫਾਈਲ ਨੂੰ ਸ਼ੇਅਰ ਕਰਨ ਲਈ ਦੂਸਰੇ ਫੋਨ 'ਚ ਵੀ ਜ਼ੈਂਡਰ ਐਪ ਦਾ ਹੋਣਾ ਬਹੁਤ ਜ਼ਰੂਰੀ ਹੈ। ਸਰਕਾਰ ਵਲੋਂ ਜਾਰੀ ਵੈਨ ਵਾਲੀ ਸੂਚੀ 'ਚ ਜ਼ੈਂਡਰ ਐਪ ਦਾ ਨਾਂ ਵੀ ਸ਼ਾਮਲ ਹੈ।

ਬਿਊਟੀ ਪਲੱਸ

ਬਿਊਟੀ ਪਲੱਸ ਇਕ ਤਰ੍ਹਾਂ ਦੀ ਫੋਟੋ ਐਡੀਟਿੰਗ ਅਤੇ ਸੈਲਫ਼ੀ ਫਿਲਟਰ ਵਾਲੀ ਐਪ ਹੈ। ਇਸ ਐਪ ਜ਼ੀਰਏ ਸੈਲਫ਼ੀ ਲੈਣ 'ਤੇ ਉਸ 'ਚ ਕਈ ਤਰ੍ਹਾਂ ਦੇ ਫਿਲਟਰ ਦੀ ਵਰਤੋਂ ਕਰ ਕੇ ਫੋਟੋ ਨੂੰ ਹੋਰ ਸੁੰਦਰ ਬਣਾਇਆ ਜਾਂਦਾ ਹੈ। ਇਹ ਐਪ ਚੀਨੀ ਕੰਪਨੀ ਮੀਡੂ ਵਲੋਂ ਬਣਾਈ ਗਈ ਹੈ ਅਤੇ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਐਪ 'ਤੇ ਵੀ ਪਾਬੰਦੀ ਲਾਈ ਗਈ ਹੈ।

ਕੈਮ ਸਕੈਨਰ

ਕੈਮ ਸਕੈਨਰ ਦੀ ਸਹਾਇਤਾ ਨਾਲ ਯੂਜ਼ਰ ਕਿਸੇ ਡਾਕੂਮੈਂਟ ਨੂੰ ਸੌਖਿਆਂ ਸਕੈਨ ਕਰ ਕੇ ਕਿਸੇ ਵੀ ਵੈੱਬਸਾਈਟ 'ਤੇ ਅਪਲੋਡ ਕਰ ਸਕਦਾ ਹੈ। ਇਸ ਨੂੰ ਵੀ ਪਾਬੰਦੀ ਵਾਲੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਹ ਐਪ ਵੀ ਭਾਰਤ 'ਚ ਕਾਫ਼ੀ ਹਰਮਨ ਪਿਆਰਾ ਹੈ। ਸੀਸੀ ਇੰਟੈਲੀਜੈਂਸ ਨੇ ਇਸ ਐਪ ਨੂੰ ਵਿਕਸਤ ਕੀਤਾ ਪਰ ਅਗਸਤ 2019 'ਚ ਇਸ ਐਪ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਸੀ। ਅਜਿਹਾ ਦੋਸ਼ ਹੈ ਕਿ ਇਸ ਐਪ 'ਚ ਕਈ ਮਾਲਵੇਅਰ ਪਾਏ ਗਏ ਸਨ।

ਯੂਵੀਡੀਓ

ਯੂਵੀਡੀਓ ਇਕ ਅਜਿਹੀ ਐਪ ਹੈ ਜੋ ਯੂਜ਼ਰਜ਼ ਨੂੰ ਅਪਲੋਡ ਕੀਤੀ ਗਈ ਵੀਡੀਓ ਨੂੰ ਡਾਊਨਲੋਡ ਕਰਨ ਦੀ ਇਜਾਜ਼ਤ ਦਿੰਦੀ ਹੈ। ਇਸ ਐਪ ਜ਼ਰੀਏ ਵਰਤੋਂਕਾਰ ਛੋਟੀਆਂ-ਛੋਟੀਆਂ ਵੀਡੀਓ ਨੂੰ ਡਾਊਨਲੋਡ ਕਰ ਕੇ ਆਪਣੇ ਵ੍ਹੱਟਸਐਪ ਜਾਂ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰ ਸਕਦਾ ਹੈ। ਇਹ ਵੀਡੀਓ ਭਾਰਤ 'ਚ ਕਾਫ਼ੀ ਪ੍ਰਚਲਿਤ ਹੈ ਅਤੇ ਇਸੇ ਨੂੰ ਵੀ ਪਾਬੰਦੀ ਵਾਲੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਮੌਜੂਦਾ ਸਮੇਂ ਗੂਗਲ ਪਲੇਅ ਸਟੋਰ 'ਤੇ ਇਸ ਐਪ 'ਚ ਪੰਜ ਕਰੋਡ਼ ਤੋਂ ਜ਼ਿਆਦਾ ਡਾਊਨਲੋਡ ਹਨ।

ਡੀਯੂ ਕਲੀਨਰ

ਤੁਹਾਡੇ ਡਿਵਾਈਸ ਨੂੰ ਵਧੀਆ ਸਥਿਤੀ 'ਚ ਰੱਖਣ ਲਈ ਡੀਯੂ ਕਲੀਨਰ ਇਕ ਸ਼ਾਨਦਾਰ ਉਪਕਰਣ ਹੈ। ਡੀਯੂ ਕਲੀਨਰ ਇਕ ਐਪ ਹੈ ਜੋ ਤੁਹਾਨੂੰ ਤੁਹਾਡੇ ਫੋਨ ਜਾਂ ਟੈਬਲੇਟ ਦੀ ਕੀਮਤੀ ਮੈਮਰੀ ਦੇ ਸਪੇਸ ਖਾਨੇ ਵਾਲੇ ਬੇਕਾਰ ਦੇ ਕੈਸ਼ ਅਤੇ ਫਾਈਲਾਂ ਮਿਟਾਉਣ ਤੇ ਐਂਡਰਾਈਡ ਡਿਵਾਈਸ ਨੂੰ ਸਾਫ਼ ਕਰਨ ਦੀ ਸਹੂਲਤ ਦਿੰਦਾ ਹੈ। ਇਸ ਦੀ ਸੌਖੀ ਵਰਤੋਂ ਇਸ ਨੂੰ ਵਿਸ਼ੇਸ਼ ਤੌਰ 'ਤੇ ਗੌਲਣਯੋਗ ਉਪਕਰਨ ਬਣਾਉਂਦੀ ਹੈ। ਡੀਯੂ ਕਲੀਨਰ ਤੁਹਾਡੇ ਲਈ ਪਹਿਲਾਂ ਤੋਂ ਇੰਸਟਾਲ ਕੀਤੇ ਗਏ ਏਪੀਕੇ ਫਾਈਲ ਹਟਾਉਣ ਦਾ ਪ੍ਰਬੰਧ ਕਰਦਾ ਹੈ। ਕਿਸੇ ਏਪੀਕੇ ਫਾਈਲ ਨੂੰ ਡਾਊਨਲੋਡ ਕਰਨਾ, ਫੋਨ 'ਚ ਇੰਸਟਾਲ ਕਰਨਾ ਅਤੇ ਉਨ੍ਹਾਂ ਡਾਊਨਲੋਡ ਫਾਈਲਾਂ 'ਚ ਰੱਖ ਕੇ ਭੁੱਲ ਜਾਣਾ ਆਮ ਗੱਲ ਹੈ। ਇਹ ਐਪ ਠੀਕ ਇਸੇ ਸਥਿਤੀ 'ਚ ਕੰਮ ਆਉਂਦਾ ਹੈ। ਜੇ ਤੁਹਾਨੂੰ ਇਨ੍ਹਾਂ ਵਾਧੂ ਫਾਈਲਾਂ ਦੀ ਲੋਡ਼ ਨਾ ਹੋਵੇ ਤਾਂ ਇਹ ਐਪ ਉਨ੍ਹਾਂ ਨੂੰ ਕੁਝ ਸਕਿੰਟਾਂ 'ਚ ਮਿਟਾ ਦਿੰਦਾ ਹੈ।

ਵਿਗੋ ਵੀਡੀਓ

ਵਿਗੋ ਵੀਡੀਓ ਦੀ ਵਰਤੋਂ ਬਹੁਤ ਸੁਖਾਲੀ ਹੈ। ਇਕ ਸਰਲ ਅਤੇ ਸਿੱਧੇ ਤਰੀਕੇ ਨਾਲ ਦਿਨ ਭਰ ਦੇ ਕੰਟੈਂਟ ਬਣਾਉਣ ਵਾਲਿਆਂ ਲਈ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਸਾਹਮਣੇ ਜਾਂ ਪਿੱਛੇ ਦੇ ਕੈਮਰੇ ਨਾਲ ਤੁਸੀਂ ਕਿਸੇ ਵੀ ਸੰਦੇਸ਼ ਜਾਂ ਘਟਨਾ ਦਾ 25 ਸਕਿੰਟ ਤਕ ਰਿਕਾਰਡ ਕਰ ਸਕਦੇ ਹੋ, ਬਾਅਦ 'ਚ ਦਰਜਨਾਂ ਫਿਲਟਰ 'ਚੋਂ ਇਕ ਦੀ ਵਰਤੋਂ ਕਰ ਸਕਦੇ ਹੋ ਅਤੇ ਅੰਤ 'ਚ ਟੈਕਸਟ ਜੋਡ਼ ਕੇ ਇਕ ਦਿਲਕਸ਼ ਵੀਡੀਓ ਬਣਾ ਸਕਦੇ ਹੋ।

ਯੂਸੀ ਬ੍ਰਾਊਜ਼ਰ

ਯੂਸੀ ਬ੍ਰਾਊਜ਼ਰ ਇਕ ਵੈੱਬ ਬ੍ਰਾਊਜ਼ਰ ਹੈ ਜਿਸ ਨੂੰ ਸਾਲ 2004 'ਚ ਇਕ ਚੀਨੀ ਮੋਬਾਈਲ ਕੰਪਨੀ ਯੂਸੀ ਵੈੱਬ ਨੇ ਵਿਕਸਤ ਕੀਤਾ। ਯੂਸੀ ਵੈੱਬ ਅਲੀਬਾਬਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਹੈ। ਇਸ ਨੂੰ ਯੂਜ਼ਰਜ਼ ਵੱਲੋਂ ਪਸੰਦ ਕੀਤੇ ਜਾਣ ਕਾਰਨ ਇਹ ਚਾਇਨਾ ਦੀਆਂ ਨੰਬਰ 1 ਕੰਪਨੀਆਂ 'ਚ ਸ਼ੁਮਾਰ ਹੋ ਗਈ। ਜਿਵੇਂ ਗੂਗਲ ਕ੍ਰੋਮ, ਓਪੇਰਾ ਆਦਿ ਵੈੱਬ ਬ੍ਰਾਊਜ਼ਰ ਕੰਮ ਕਰਦੇ ਹਨ, ਉਸੇ ਤਰ੍ਹਾਂ ਯੂਸੀ ਬ੍ਰਾਊਜ਼ਰ ਕੰਮ ਕਰਦਾ ਹੈ। ਇਸ ਦੀ ਫੁੱਲ ਫੋਰਮ ਯੂਨੀਵਰਸਲ ਕੰਟਰੋਲ ਬ੍ਰਾਊਜ਼ਰ ਹੈ। 2014 ਦੀ ਇਕ ਰਿਪੋਰਟ ਅਨੁਸਾਰ ਵਿਸ਼ਵ 'ਚ ਇਸ ਦੇ 500 ਮਿਲੀਅਨ ਤੋਂ ਵੀ ਜ਼ਿਆਦਾ ਯੂਜ਼ਰ ਹਨ। ਭਾਰਤ 'ਚ ਵੱਡੀ ਗਿਣਤੀ 'ਚ ਇਸਤੇਮਾਲ ਹੋਣ ਕਰ ਕੇ ਇਸ ਨੂੰ ਖੇਤਰੀ ਭਾਸ਼ਾਵਾਂ ਤਾਮਿਲ, ਬੰਗਲਾ, ਉਰਦੂ ਆਦਿ 'ਚ ਵੀ ਮੁਹੱਈਆ ਕਰਵਾਇਆ ਗਿਆ। ਭਾਰਤ ਦੇ ਬ੍ਰਾਊਜ਼ਰ ਮਾਰਕੀਟ ਸ਼ੇਅਰ 'ਚ ਯੂਸੀ ਬ੍ਰਾਊਜ਼ਰ ਦਾ 12.59 ਫੀਸਦੀ ਹਿੱਸਾ ਹੈ।

ਇਸ ਨੂੰ ਡਾਟਾ ਦੀ ਬਚਤ, ਵੀਡੀਓ ਡਾਊਨਲੋਡਿੰਗ ਸਪੀਡ, ਡਾਊਨਲੋਡ ਮੈਨੇਜਰ ਆਦਿ ਫੀਚਰਜ਼ ਕਰਕੇ ਵਧੇਰੇ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਇਸ ਬ੍ਰਾਊਜ਼ਰ 'ਚ ਕੋਈ ਵੀ ਵੈੱਬ ਪੇਜ ਇਕ ਵਾਰੀ ਖੋਲ੍ਹਣ ਤੋਂ ਬਾਅਦ ਉਸ ਦਾ ਐਡਰੈੱਸ ਦੁਬਾਰਾ ਭਰਨ ਦੀ ਜ਼ਰੂਰਤ ਨਹੀਂ ਪੈਂਦੀ। ਯੂਸੀ ਬ੍ਰਾਊਜ਼ਰ 'ਚ ਬਾਰਕੋਡ ਸਕੈਨਿੰਗ ਦੀ ਆਪਸ਼ਨ ਵੀ ਹੈ। ਇਹ ਸਾਈਟਸ 'ਤੇ ਨਜ਼ਰ ਆਉਣ ਵਾਲੇ ਇਸ਼ਤਿਹਾਰਾਂ ਨੂੰ ਕਾਫੀ ਹੱਦ ਤਕ ਕੰਟਰੋਲ ਕਰਦਾ ਹੈ।

ਯੂਸੀ ਬ੍ਰਾਊਜ਼ਰ 'ਤੇ ਕਈ ਵਾਰ ਯੂਜ਼ਰਜ਼ ਦਾ ਡਾਟਾ ਲੀਕ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਪਰ ਇਸ ਨੂੰ ਉਨ੍ਹਾਂ ਯੂਜ਼ਰਜ਼ ਲਈ ਖ਼ਤਰਾ ਨਹੀਂ ਮੰਨਿਆ ਜਾਂਦਾ ਜਿਨ੍ਹਾਂ ਨੂੰ ਡਾਟਾ ਲੀਕ ਹੋਣ ਦੀ ਚਿੰਤਾ ਨਹੀਂ ਹੁੰਦੀ।

ਗੂਗਲ ਕ੍ਰੋਮ, ਮੋਜ਼ੀਲਾ ਫਾਇਰਫੌਕਸ ਆਦਿ ਕਿਸੇ ਵੀ ਬ੍ਰਾਊਜ਼ਰ ਨੂੰ ਯੂਸੀ ਬ੍ਰਾਊਜ਼ਰ ਦੇ ਬਦਲ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਹਰੇਕ ਬ੍ਰਾਊਜ਼ਰ ਨਿਊਜ਼ ਆਦਿ ਮੁਹੱਈਆ ਕਰਵਾਉਂਦਾ ਹੈ।

ਵੀਵਾ ਵੀਡੀਓ

ਵੀਵਾ ਵੀਡੀਓ ਐਪ ਦੁਨੀਆ ਦਾ ਸਭ ਤੋਂ ਵਧੇਰੇ ਡਾਊਨਲੋਡ ਕੀਤਾ ਜਾਣ ਵਾਲਾ ਵੀਡੀਓ ਸੰਪਾਦਨ ਐਪ ਹੈ। ਇਹ 50 ਕਰੋਡ਼ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਨੂੰ 1977 ਵਿਚ ਚੀਨੀ ਐਪ ਵਿਕਸਿਤ ਕਰਨ ਵਾਲੀ ਕੰਪਨੀ 'ਕੁਆ ਵੀਡੀਓ ਇਕ' ਨੇ ਲਾਂਚ ਕੀਤਾ ਸੀ। ਇਸ ਦਾ ਸੀ.ਈ.ਓ. ਤੇ ਸੰਸਥਾਪਕ ਹੈਂਗ ਹਾਨ ਹੈ। ਉਹ ਇਸ ਤੋਂ ਪਹਿਲਾਂ ਅਮਰੀਕੀ ਕੰਪਨੀ 'ਅਮੇਰਿਕਨ ਆਰਕਸਾਫਟ' ਵਿਚ ਵਾਇਸ ਚੇਅਰਮੈਨ ਮਾਰਕੀਟਿੰਗ ਸੀ। ਵੀਵਾ ਵੀਡੀਓ 'ਚ ਆਪਣੇ ਫੋਨ 'ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋਆਂ ਲਾ ਕੇ ਉਨ੍ਹਾਂ ਦੀ ਬੈਕਗਰਾਊਂਡ 'ਚ ਕੋਈ ਵੀ ਗਾਣਾ ਲਾ ਸਕਦੇ ਹਾਂ। ਇਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਥੀਮ ਵੀ ਲਾ ਸਕਦੇ ਹਾਂ। ਇਸ ਵਿਚ ਸੈਲਫੀ ਦੇ ਪ੍ਰਯੋਗ ਵਿਚ ਵੀ ਵੱਖ-ਵੱਖ ਤਰ੍ਹਾਂ ਦੇ ਫਰੇਮ ਲਾ ਸਕਦੇ ਹਾਂ। ਹੁਣ ਭਾਰਤ ਨੇ ਇਸ ਦੇ ਮੁਕਾਬਲੇ ਫੋਟੋ ਵੀਡੀਓ ਮੇਕਰ ਬਣਾਇਆ ਹੈ। ਇਹ ਵੀ ਵੀਵਾ ਦੀ ਤਰ੍ਹਾਂ ਹੀ ਫੋਟੋ ਵੀਡੀਓ ਐਡੀਟਿੰਗ ਐਪ ਹੈ।

ਲਾਈਕੀ

ਲਾਈਕੀ ਐਪ ਵੀ ਟਿਕ-ਟੌਕ ਅਤੇ ਹੈਲੋ ਵਾਂਗ ਇਕ ਸ਼ੌਰਟ ਵੀਡੀਓ ਐਪ ਹੈ। ਭਾਰਤ 'ਚ ਲਾਈਕੀ ਦੇ ਵਰਤੋਂਕਾਰਾਂ ਦੀ ਗਿਣਤੀ ਅੱਠ ਕਰੋਡ਼ ਤੋਂ ਵੱਧ ਹੈ। ਇਸ ਐਪ 'ਚ ਵੀਡੀਓ ਐਡੀਟਿੰਗ ਦੀ ਵੀ ਸਹੂਲਤ ਹੈ।

ਵੀਮੇਟ

ਵੀਮੇਟ ਵੀ ਟਿਕ-ਟੌਕ ਵਾਂਗ ਇਕ ਸੋਸ਼ਲ ਨੈਟਵਰਕਿੰਗ ਪਲੈਟਫਾਰਮ ਹੈ। ਇਸ 'ਚ ਵੀ ਛੋਟੇ-ਛੋਟੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਅਕਾਊਂਟ ਤੋਂ ਅਪਲੋਡ ਕੀਤਾ ਜਾਂਦਾ ਹੈ। ਭਾਰਤ 'ਚ ਇਸ ਐਪ ਦੇ ਵੀ ਲੱਖਾਂ ਵਰਤੋਂਕਾਰ ਹਨ। ਇਹ ਐਪ ਵੀ ਪਾਬੰਦੀ ਅਧੀਨ ਆਏ ਐਪ 'ਚ ਸ਼ਾਮਲ ਹੈ।

ਰੋਪੋਸੋ

ਇਸ ਨੂੰ ਗੁਰੂਗ੍ਰਾਮ ਦੇ ਇਕ ਡਿਵੈਲਪਰ ਨੇ ਲਾਂਚ ਕੀਤਾ ਹੈ। ਇਸ ਨੂੰ ਐਂਡਰਾਈਡ ਅਤੇ ਆਈਓਐੱਸ ਦੋਹਾਂ ਪਲੈਟਫਾਰਮਾਂ 'ਤੇ ਉਪਲੱਬਧ ਕਰਾਇਆ ਗਿਆ ਹੈ। ਇਸ 'ਤੇ ਵੀਡੀਓ ਕੰਟੈਂਟ ਸ਼ੇਅਰ ਕਰ ਸਕਦੇ ਹੋ। ਇਸ 'ਚ ਯੂਜ਼ਰਜ਼ ਨੂੰ ਵੀਡੀਓ ਬਣਾਉਣ ਨਾਲ ਹੀ ਇਸ ਨੂੰ ਐਡਿਟ ਕਰਨ ਦੀ ਸਹੂਲਤ ਮਿਲਦੀ ਹੈ। ਜਿਸ ਨਾਲ ਤੁਸੀਂ ਵੀਡੀਓ ਨੂੰ ਹੋਰ ਬਿਹਤਰ ਅਤੇ ਅਸਰਦਾਰ ਬਣਾ ਸਕਦੇ ਹੋ।

ਬੋਲੋ ਇੰਡੀਆ

ਇਸ ਐਪ ਨੂੰ ਮੁੰਬਈ ਦੇ ਇਕ ਸਟਾਰਟਅਪ ਵਲੋਂ ਲਾਂਚ ਕੀਤਾ ਗਿਆ ਹੈ। ਇਸ 'ਚ ਤੁਹਾਨੂੰ ਨਿਊਜ਼, ਰਿਲੇਸ਼ਨਸ਼ਿਪ, ਇੰਗਲਿਸ਼ ਲਰਨਿੰਗ, ਟ੍ਰੈਵਲ, ਫੂਡ ਅਤੇ ਅਜਿਹੇ ਹੀ ਦੂਜੇ ਵਿਸ਼ਿਆਂ ਨਾਲ ਜੁਡ਼ੇ ਵੀਡੀਓ ਮਿਲ ਜਾਣਗੇ। ਆਪਣੀ ਰੁਚੀ ਅਨੁਸਾਰ ਵੀਡੀਓ ਚੁਣ ਕੇ ਤੁਸੀਂ ਇਨ੍ਹਾਂ ਦਾ ਆਨੰਦ ਲੈ ਸਕਦੇ ਹੋ ਅਤੇ ਬਹੁਤ ਕੁਝ ਸਿੱਖ ਵੀ ਸਕਦੇ ਹੋ। ਇਹ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਉਪਲੱਬਧ ਹੈ।

ਚਿੰਗਾਰੀ

ਅਸੀਂ ਚਿੰਗਾਰੀ ਦੀ ਵਰਤੋਂ ਚੀਨ ਦੇ ਟਿਕ-ਟੌਕ ਦੇ ਬਦਲ ਜਾਂ ਆਖੀਏ ਬਿਹਤਰ ਬਦਲ ਦੇ ਰੂਪ 'ਚ ਕਰ ਸਕਦੇ ਹਾਂ। ਇਸ ਭਾਰਤੀ ਐਪ ਨੂੰ 50 ਲੱਖ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਚੀਨੀ ਐਪਸ 'ਤੇ ਪਾਬੰਦੀ ਲੱਗਣ ਪਿੱਛੋਂ ਲੋਕਾਂ ਦਾ ਇਸ ਵੱਲ ਝੁਕਾਅ ਵਧਿਆ ਹੈ। ਚੀਨੀ ਐਪ 'ਤੇ ਪਾਬੰਦੀ ਲਾਏ ਜਾਣ ਪਿੱਛੋਂ ਇਸ ਨੂੰ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਨੂੰ ਤਿਆਰ ਕਰਨ 'ਚ ਉਡ਼ੀਸਾ ਅਤੇ ਕਰਨਾਟਕ ਦੇ ਡਿਵੈਲਪਰ ਨੇ ਛੱਤੀਸਗਡ਼੍ਹ ਦੇ ਆਈਟੀ ਪ੍ਰੋਫੈਸ਼ਨਲਜ਼ ਨਾਲ ਕੰਮ ਕੀਤਾ ਹੈ। ਇਹ ਅੰਗਰੇਜ਼ੀ, ਹਿੰਦੀ, ਬੰਗਲਾ, ਗੁਜਰਾਤੀ, ਮਰਾਠੀ, ਕੰਨਡ਼,ਪੰਜਾਬੀ, ਮਲਿਆਲਮ, ਤਮਿਲ ਅਤੇ ਤੇਲਗੂ ਭਾਸ਼ਾ 'ਚ ਉਪਲੱਬਧ ਹੈ।

ਮਿੱਤਰੋਂ

ਟਿਕ-ਟੌਕ ਅਤੇ ਅਜਿਹੇ ਹੀ ਦੂਜੇ ਚੀਨੀ ਐਪਸ ਦਾ ਇਕ ਬਦਲ 'ਮਿੱਤਰੋਂ' ਐਪ ਵੀ ਹੈ। ਗੂਗਲ ਪਲੇਅ ਸਟੋਰ ਨੇ ਇਕ ਵਾਰ ਇਸ ਨੂੰ ਆਪਣੀ ਪਾਲਿਸੀ ਦੀ ਉਲੰਘਣਾ ਕਰਨ ਕਾਰਨ ਸਸਪੈਂਡ ਕਰ ਦਿੱਤਾ ਸੀ। ਹਾਲਾਂਕਿ ਦੋਬਾਰਾ ਇੰਟਰੀ ਮਿਲਣ ਪਿੱਛੋਂ ਇਹ ਵਰਤੋਂਕਾਰਾਂ 'ਚ ਕਾਫ਼ੀ ਹਰਮਨ ਪਿਆਰਾ ਹੋਇਆ ਹੈ। ਇਸ ਨੂੰ ਇਕ ਕਰੋਡ਼ ਯੂਜ਼ਰਜ਼ ਡਾਊਨਲੋਡ ਕਰ ਚੁੱਕੇ ਹਨ। ਅਸੀਂ ਸ਼ਾਰਟ ਵੀਡੀਓ ਬਣਾ ਕੇ ਇਸ ਪਲੈਟਫਾਰਮ 'ਤੇ ਸ਼ੇਅਰ ਕਰ ਸਕਦੇ ਹਾਂ।

ਹੋਰ

ਚੀਨੀ ਐਪਸ ਵੀਮੈਟ, ਵੀਚੈਟ ਦੀ ਥਾਂ ਫੇਸਬੁੱਕ, ਇੰਸਟਾਗ੍ਰਾਮ, ਵੱ੍ਹਟਸਐਪ, ਹੈਗੋਪਲੇ ਦੀ ਹਾਊਸਪਾਰਟੀ, ਚੀਨੀ ਐਪ ਸ਼ੇਅਰਇਟ, ਜ਼ੈਂਡਰ, ਈਐੱਸ ਫਾਈਲ ਅਤੇ ਐਕਸਪਲੋਰਰ ਦੀ ਥਾਂ ਬਿਹਤਰ ਬਦਲ ਵਜੋਂ ਫਾਈਲਜ਼ ਗੋ, ਸੈਂਡ ਐਨੀਵੇਅਰ, ਗੂਗਲ ਡ੍ਰਾਈਵ, ਡ੍ਰਾਪਬਾਕਸ, ਸ਼ੇਅਰ ਆਲ, ਜਿਓ ਸਵਿੱਚ ਤੇ ਸਮਾਰਟ ਸ਼ੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਯੂਸੀ ਬ੍ਰਾਊਜ਼ਰ, ਡੀਸੀ ਬ੍ਰਾਊਜ਼ਰ, ਸੀਐੱਮ ਬ੍ਰਾਊਜ਼ਰ, ਆਪੁਸ ਬ੍ਰਾਊਜ਼ਰ ਦੀ ਥਾਂ ਗੂਗਲ ਕ੍ਰੋਮ, ਮੋਜ਼ਿਲਾ ਫਾਇਰਫੌਕਸ, ਮਾਈਕ੍ਰੋਸਾਫਟ ਐਜ,ਆਪੇਰਾ, ਜਿਓ ਬ੍ਰਾਊਜ਼ਰ ਨੂੰ ਅਪਣਾਇਆ ਜਾ ਸਕਦਾ ਹੈ। ਮੋਬਾਈਲ ਲਿਜੇਂਸ ਦੀ ਥਾਂ ਫੋਰਟਨਾਈਟ ਬੈਟਲ ਰਾਇਲ ਲੀਜੈਂਡਸ ਆਫ ਲੀਜੈਂਡਸ, ਪਬਜੀ, ਬਾਯਡੂ ਮੈਪ ਦੀ ਥਾਂ ਗੂਗਲ ਮੈਪਸ, ਐਪਲ ਮੈਪਸ, ਸ਼ੀਨ, ਕਲੱਬ ਫੈਕਟਰੀ, ਰੋਮਵੀ ਐਪ ਦੀ ਥਾਂ ਮਿੰਤਰਾ, ਫਲਿਪਕਾਰਟ, ਅਮੇਜਨ, ਲਾਈਮਰੋਡ, ਇਸੇ ਤਰ੍ਹਾਂ ਕੈਮਸਕੈਨਰ ਦੀ ਥਾਂ ਐਡੋਬ ਸਕੈਨ, ਮਾਈਕ੍ਰੋਸਾਫਟ ਆਫਿਸ ਲੈਨਜ਼, ਫੋਟੋ ਸਕੈਨ, ਚੀਨੀ ਐਪ ਯੂਕੈਨ ਮੇਕਅਪ, ਸੈਲਫੀਸਿਟੀ, ਮੀਟੂ ਦੀ ਬਜਾਏ ਬੀ 612 ਬਿਊਟੀ ਐਂਡ ਫਿਲਟਰ ਕੈਮਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡੀਯੂ ਬੈਟਰੀ ਸੇਵਰ ਦੀ ਥਾਂ ਬੈਟਰੀ ਸੇਵਰ ਐਂਡ ਚਾਰਜ ਆਪਟੀਮਾਈਜ਼ਰ ਅਤੇ ਨਿਊਜ਼ਡਾਗ, ਯੂਸੀ ਨਿਊਜ਼, ਨਿਊਜ਼ਫੀਡ ਐਪ ਦੀ ਜਗ੍ਹਾ ਗੂਗਲ ਨਿਊਜ਼, ਐਪਲ ਨਿਊਜ਼ ਅਤੇ ਇਨਸ਼ਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਪਾਬੰਦੀਸ਼ੁਦਾ ਚੀਨੀ ਐਪਸ ਦੇ ਬਦਲ

ਚੀਨ ਦੇ ਪਾਬੰਦੀਸ਼ੁਦਾ ਐਪ ਦੇ ਬਦਲ ਵਜੋਂ ਭਾਰਤੀ ਐਪ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਧੀ ਹੈ। ਚੀਨ ਦੇ ਇਨ੍ਹਾਂ ਐਪਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲੱਖਾਂ-ਕਰੋਡ਼ਾਂ 'ਚ ਸੀ। ਕਈ ਭਾਰਤੀ ਐਪ ਅਜਿਹੇ ਹਨ ਜਿਹਡ਼ੇ ਚੀਨੀ ਐਪਸ ਦਾ ਬਦਲ ਬਣਨ ਦੇ ਹਰ ਤਰ੍ਹਾਂ ਸਮਰੱਥ ਹਨ। ਟਿਕ-ਟੌਕ ਅਤੇ ਇਸ ਵਰਗੇ ਦੂਜੇ ਚੀਨੀ ਐਪਸ ਦਾ ਭਾਰਤ 'ਚ ਲੋਕ ਵੱਡੀ ਗਿਣਤੀ 'ਚ ਵਰਤੋਂ ਕਰ ਰਹੇ ਹਨ। ਹਾਲਾਂਕਿ ਟਿਕ-ਟੌਕ ਨਾਲੋਂ ਬਿਹਤਰ ਕਈ ਭਾਰਤੀ ਬਦਲ ਸਾਡੇ ਕੋਲ ਮੌਜੂਦ ਹਨ।ਪਾਬੰਦੀ ਲੱਗਣ ਨਾਲ ਚੀਨ ਨੂੰ ਵੱਜੀ ਆਰਥਿਕ ਸੱਟ

ਟਿਕ-ਟੌਕ ਅਤੇ ਹੈਲੋ 'ਤੇ ਪਾਬੰਦੀ ਲੱਗਣ ਨਾਲ ਹੀ ਬਾਈਟਡਾਂਸ ਨੂੰ ਛੇ ਬਿਲੀਅਨ (45000 ਕਰੋਡ਼ ਰੁਪਏ) ਦਾ ਨੁਕਸਾਨ ਹੋਣ ਵਾਲਾ ਹੈ। ਇਹ ਗੱਲ ਖ਼ੁਦ ਚੀਨੀ ਸਰਕਾਰ ਦੇ ਮੁੱਖ ਅਖ਼ਬਾਰ 'ਗਲੋਬਲ ਟਾਈਮਜ਼' ਦੁਆਰਾ ਆਖੀ ਗਈ ਹੈ। ਚੀਨੀ ਐਪ 'ਤੇ ਪਾਬੰਦੀ ਲੱਗਣ ਨਾਲ ਭਾਰਤ ਸਰਕਾਰ ਦੇ ਫ਼ੈਸਲੇ ਨਾਲ ਚੀਨੀ ਕੰਪਨੀਆਂ ਦਾ ਭਾਰੀ ਨੁਕਸਾਨ ਹੋਣਾ ਤੈਅ ਹੈ। ਸਿਰਫ਼ ਟਿਕ-ਟੌਕ ਅਤੇ ਹੈਲੋ 'ਤੇ ਪਾਬੰਦੀ ਲੱਗਣ ਨਾਲ ਹੀ ਚੀਨੀ ਕੰਪਨੀ ਬਾਈਟਡਾਂਸ ਨੂੰ ਛੇ ਬਿਲੀਅਨ ਡਾਲਰ (ਲਗਪਗ 45,000 ਕਰੋਡ਼ ਰੁਪਏ) ਦਾ ਨੁਕਸਾਨ ਹੋਣ ਵਾਲਾ ਹੈ। ਗਲੋਬਲ ਟਾਈਮਜ਼ ਨੇ ਇਕ ਟਵੀਟ ਕਰ ਕੇ ਕਿਹਾ, 'ਭਾਰਤ-ਚੀਨ ਸੀਮਾ 'ਤੇ ਜਾਰੀ ਤਣਾਓ ਪਿੱਛੋਂ ਭਾਰਤ ਸਰਕਾਰ ਦੁਆਰਾ ਟਿਕ-ਟੌਕ ਸਮੇਤ 59 ਚੀਨੀ ਐਪ 'ਤੇ ਪਾਬੰਦੀ ਲਾ ਦੇਣ ਪਿੱਛੋਂ ਟਿਕ-ਟੌਕ ਦੀ ਮੂਲ ਕੰਪਨੀ ਨੂੰ 6 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਟਿਕਟੌਕ 'ਤੇ ਪਾਬੰਦੀ ਲੱਗਣ ਨਾਲ 'ਮਿੱਤਰੋਂ' ਐੈਪ ਦੇ ਰੋਜ਼ਾਨਾ ਦੇ ਟ੍ਰੈਫਿਕ 'ਚ 11ਗੁਣਾ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਫੰਡਿੰਗ 'ਮਿੱਤਰੋਂ' ਐਪ ਦੇ ਇਕ ਕਰੋਡ਼ ਡਾਊਨਲੋਡ ਹੋਣ ਦੇ ਪੰਜ ਦਿਨ ਬਾਅਦ ਮਿਲੀ ਹੈ। ਇਕ ਪਾਸੇ ਜਿੱੱਥੇ ਮਿੱਤਰਂੋ ਐਪ ਨੂੰ ਸਿਰਫ਼ ਤਿੰਨ ਮਹੀਨੇ 'ਚ 1.7 ਕਰੋਡ਼ ਵਾਰ ਡਾਊਨਲੋਡ ਕੀਤਾ ਗਿਆ ਹੈ ਉੱਥੇ ਦੂਜੇ ਪਾਸੇ ਐਪ ਨੂੰ 2 ਕਰੋਡ਼ ਰੁਪਏ ਦੀ ਫੰਡਿੰਗ ਮਿਲੀ ਹੈ। ਇਹ ਫੰਡਿੰਗ 3ਵਨ4 ਕੈਪੀਟਲ ਅਤੇ ਲੈਟਸਵੈਂਚਰ ਸਿੰਡੀਕੇਟ ਤੋਂ ਮਿਲੀ ਹੈ। ਜ਼ਿਕਰਯੋਗ ਹੈ ਕਿ 'ਮਿੱਤਰੋਂ' ਐਪ ਦੀ ਪਿੱਤਰੀ ਕੰਪਨੀ 'ਮਿੱਤਰੋਂ ਟੀਵੀ' ਹੈ। ਇਸ ਐਪ ਨੂੰ ਇਸੇ ਸਾਲ ਅਪ੍ਰੈਲ 'ਚ ਗੂਲਲ ਪਲੇਅ ਸਟੋਰ 'ਤੇ ਪੇਸ਼ ਕੀਤਾ ਗਿਆ ਸੀ। ਇੰਡੀਅਨ ਸ਼ਾਰਟ ਵੀਡੀਓ ਸ਼ੇਅਰਿੰਗ ਮਿੱਤਰੋ ਐਪ ਨੂੰ ਲਾਂਚਿੰਗ ਦੇ ਇਕ ਮਹੀਨੇ 'ਚ 50 ਲੱਖ ਤੋਂ ਵੱਧ ਡਾਊਨਲੋਡ ਮਿਲੇ ਸਨ। ਐਪ ਰਿਲੀਜ਼ ਦੇ ਇਕ ਮਹੀਨੇ 'ਚ ਗੂਗਲ ਪਲੇਅ ਸਟੋਰ 'ਤੇ ਮਿੱਤਰੋ ਐਪ ਦੂਜਾ ਸਭ ਤੋਂ ਵੱਧ ਡਾਊਨਲੋਡ ਕੀਤਾ ਜਾਣਾ ਵਾਲਾ ਐਪ ਬਣ ਗਿਆ ਹੈ।

- ਬਿੰਦਰ ਬਸਰਾ, ਸੀਮਾ ਆਨੰਦ, ਰਜਨੀਸ਼ ਕੌਰ ਰੰਧਾਵਾ

Posted By: Harjinder Sodhi