ਰਿਸ਼ਤਿਆਂ ਦੇ ਮਜ਼ਬੂਤ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਸਾਥੀ ਦੀਆਂ ਜ਼ਰੂਰਤਾਂ ਤੇ ਖ਼ੁਸ਼ੀ ਨੂੰ ਆਪਣੇ ਤੋਂ ਉੱਪਰ ਰੱਖਦੇ ਹੋ। ਕਈ ਵਾਰ ਕੁਝ ਜੋੜੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਦੇ ਤੇ ਰੁੱਸਦੇ ਰਹਿੰਦੇ ਹਨ ਪਰ ਜਿਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਉਹ ਹਾਲਾਤ ਸਮਝ ਕੇ ਉਸ ਨਾਲ ਨਜਿੱਠ ਲੈਂਦੇ ਹਨ। ਉਨ੍ਹਾਂ ਦੇ ਰਿਸ਼ਤੇ 'ਤੇ ਇਸ ਦਾ ਕੋਈ ਬੁਰਾ ਅਸਰ ਵੀ ਨਹੀਂ ਪੈਂਦਾ ਬਲਕਿ ਪਿਆਰ ਤੇ ਰਿਸ਼ਤਾ ਹੋਰ ਮਜ਼ਬੂਤ ਹੁੰਦੇ ਚਲੇ ਜਾਂਦੇ ਹਨ। ਮਜ਼ਬੂਤ ਰਿਸ਼ਤਿਆਂ 'ਚ ਲੋਕ ਇਕ-ਦੂਸਰੇ ਦੀਆਂ ਜ਼ਰੂਰਤਾਂ ਬਾਰੇ ਜਾਣਨ ਲਈ ਜ਼ਰੂਰੀ ਸਮਾਂ ਲੈਂਦੇ ਹਨ। ਉਹ ਇਕ-ਦੂਸਰੇ ਲਈ ਨਿਰਧਾਰਤ ਹੱਦਾਂ ਦਾ ਸਨਮਾਨ ਕਰਦੇ ਹਨ। ਅਜਿਹੇ ਵਿਚ ਉਹ ਇਕ-ਦੂਸਰੇ ਦੇ ਸੁੱਖ-ਦੁੱਖ ਦੋਵਾਂ 'ਚ ਬਰਾਬਰ ਦੇ ਹਿੱਸੇਦਾਰ ਵੀ ਬਣਦੇ ਹਨ। ਆਓ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ 4 ਅਜਿਹੇ ਸ਼ਬਦ ਜਿਹੜੇ ਤੁਹਾਨੂੰ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਯਾਦ ਰੱਖਣੇ ਚਾਹੀਦੇ ਹਨ।

ਜ਼ਿੰਦਗੀ ਜਿਊਣੀ

ਤੁਸੀਂ ਇਹ ਸਮਝੋ ਕਿ ਕਿਸੇ ਰਿਸ਼ਤੇ 'ਚ ਹੋਣ ਦੇ ਬਾਵਜੂਦ ਤੁਸੀਂ ਦੋਵੇਂ ਹਾਲੇ ਵੀ ਅਲੱਗ-ਅਲੱਗ ਇਨਸਾਨ ਹੋ। ਤੁਹਾਨੂੰ ਹਾਲੇ ਵੀ ਆਪਣੇ ਨਿੱਜੀ ਟੀਚਿਆਂ ਅਤੇ ਖਾਹਸ਼ਾਂ ਦੀ ਜ਼ਰੂਰਤ ਹੈ। ਜੇਕਰ ਤੁਸੀਂ ਇਸ ਤਰ੍ਹਾਂ ਨਾਲ ਆਪਣੇ ਪਾਰਟਨਰ ਨੂੰ ਖੁੱਲ੍ਹ ਕੇ ਜ਼ਿੰਦਗੀ ਜਿਊਣ ਦਾ ਅਵਸਰ ਦਿੰਦੇ ਹੋ ਤਾਂ ਤੁਹਾਡਾ ਰਿਸ਼ਤਾ ਤੁਹਾਡੇ ਦੋਵਾਂ ਲਈ ਆਸਾਨ ਹੋ ਜਾਵੇਗਾ ਅਤੇ ਰਿਸ਼ਤੇ 'ਚ ਮਜ਼ਬੂਤੀ ਆਵੇਗੀ। ਕਿਉਂਕਿ ਜਿਸ ਰਿਸ਼ਤੇ 'ਚ ਬੰਦਿਸ਼ਾਂ ਹੁੰਦੀਆਂ ਹਨ ਉਹ ਬਹੁਤੀ ਚਿਰ ਨਹੀਂ ਟਿੱਕਦਾ।

ਹਾਸਾ-ਠੱਠਾ

ਹਰੇਕ ਰਿਸ਼ਤੇ 'ਚ ਹਾਸਾ-ਮਜ਼ਾਕ ਹੋਣਾ ਵੀ ਜ਼ਰੂਰੀ ਹੈ ਫਿਰ ਚਾਹੇ, ਉਹ ਪਤੀ-ਪਤਨੀ ਦਾ ਹੋਵੇ ਜਾਂ ਫਿਰ ਇਕ ਬੌਸ ਜਾਂ ਕਲੀਗ ਦਾ। ਜੇਕਰ ਰਿਸ਼ਤੇ 'ਚ ਹਾਸਾ-ਮਜ਼ਾਕ ਤੇ ਖ਼ੁਸ਼ੀਆਂ ਸ਼ਾਮਲ ਹਨ ਤਾਂ ਤੁਸੀਂ ਇਕ-ਦੂਸਰੇ ਦੀ ਕੰਪਨੀ 'ਚ ਖ਼ੁਸ਼ੀ ਮਹਿਸੂਸ ਕਰੋਗੇ। ਯਕੀਨੀ ਰੂਪ 'ਚ ਦੁੱਖ ਲਈ ਵੀ ਜਗ੍ਹਾ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਇਕ-ਦੂਸਰੇ 'ਚ ਖ਼ੁਸ਼ੀ ਲੱਭਣ 'ਚ ਸਮਰੱਥ ਹੋਣਾ ਚਾਹੀਦੈ। ਇਕੱਠੇ ਕਿਸੇ ਐਡਵੈਂਚਰ 'ਤੇ ਜਾਓ, ਇਕ-ਦੂਸਰੇ ਨੂੰ ਖ਼ੁਸ਼ ਕਰਨ ਦੇ ਤਰੀਕੇ ਲੱਭੋ, ਸਰਪ੍ਰਾਈਜ਼ ਦਿਉ ਆਦਿ। ਸਫ਼ਲ ਜੋੜੇ ਕਿਸੇ ਵੀ ਉਲਟ ਹਾਲਾਤ 'ਚ ਖ਼ੁਦ ਨੂੰ ਇਕੱਠੇ ਜੀਵਤ ਰੱਖਣ ਅਤੇ ਇਕ-ਦੂਸਰੇ 'ਚ ਖ਼ੁਸ਼ੀ ਲੱਭਣ 'ਚ ਸਮਰੱਥ ਹੁੰਦੇ ਹਨ ਕਿਉਂਕਿ ਉਹ ਸਾਰੇ ਪਰੇਸ਼ਾਨੀਆਂ ਦੇ ਬਾਵਜੂਦ ਹਮੇਸ਼ਾ ਸਕਾਰਾਤਮਕ ਨਜ਼ਰੀਆ ਰੱਖਦੇ ਹਨ।

ਰਿਸ਼ਤਿਆਂ ਦੀ ਮਰਿਆਦਾ

ਹਰੇਕ ਰਿਸ਼ਤੇ ਦੀਆਂ ਹੱਦਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਾਰ ਨਹੀਂ ਕੀਤਾ ਜਾਣਾ ਚਾਹੀਦਾ। ਇਨ੍ਹਾਂ ਹੱਦਾਂ ਨੂੰ ਕਿੱਥੇ ਅਤੇ ਕਿਉਂ ਸਥਾਪਿਤ ਕੀਤਾ ਗਿਆ ਹੈ, ਇਹ ਸਿੱਖਣਾ ਲੰਬੇ ਰਿਸ਼ਤਿਆਂ ਲਈ ਮਹੱਤਵਪੂਰਨ ਹੈ। ਜਿਨ੍ਹਾਂ ਲੋਕਾਂ ਦੇ ਰਿਸ਼ਤੇ ਮਜ਼ਬੂਤ ਹੁੰਦੇ ਹਨ, ਉਹ ਆਪਣੇ ਸਾਥੀ ਦੀਆਂ ਹੱਦਾਂ ਬਾਰੇ ਜਾਣਦੇ ਹਨ ਅਤੇ ਉਨ੍ਹਾਂ ਨੂੰ ਨਾ ਤੋੜ ਕੇ ਉਨ੍ਹਾਂ ਦਾ ਸਨਮਾਨ ਕਰਦੇ ਹਨ। ਇਕ-ਦੂਸਰੇ ਦਾ ਸਨਮਾਨ ਕਰਨਾ ਤੁਹਾਡੇ ਪਿਆਰ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ।

ਪਿਆਰ

ਸਭ ਤੋਂ ਮਹੱਤਵਪੂਰਨ ਹੈ ਪਿਆਰ, ਇਕ-ਦੂਸਰੇ ਨਾਲ ਪੂਰੇ ਦਿਲੋ-ਜਾਨ ਨਾਲ ਪਿਆਰ ਕਰਨਾ। ਤੁਹਾਨੂੰ ਇਕ-ਦੂਸਰੇ ਨੂੰ ਪਿਆਰ ਕਰਨ 'ਚ ਸੰਕੋਚ ਨਹੀਂ ਕਰਨਾ ਚਾਹੀਦੈ। ਇਕ-ਦੂਸਰੇ ਦਾ ਖ਼ਿਆਲ ਰੱਖੋ, ਪਾਰਟਨਰ ਦੇ ਕਹਿਣ ਤੋਂ ਪਹਿਲਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਹਰ ਪਲ਼ ਉਸ ਨਾਲ ਸਾਂਝਾ ਕਰੋ। ਤੁਹਾਡਾ ਪਿਆਰ ਦੁਨੀਆ 'ਚ ਹਰ ਸੁੱਖ-ਦੁੱਖ 'ਚ ਖੜ੍ਹੇ ਰਹਿਣ ਲਈ ਕਾਫ਼ੀ ਹੁੰਦਾ ਹੈ।

Posted By: Seema Anand