ਯੂਐੱਨ, ਏ.ਪੀ : ਵਿਸ਼ਵ ਜਲ ਦਿਵਸ ਮੌਕੇ ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਮੰਗਲਵਾਰ ਨੂੰ ਜਾਰੀ ਇਸ ਰਿਪੋਰਟ ’ਚ ਕਿਹਾ ਗਿਆ ਕਿ ਦੁਨੀਆ ਦੀ 26 ਫੀਸਦੀ ਆਬਾਦੀ ਕੋਲ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ। ਇਸ ਤੋਂ ਇਲਾਵਾ 46 ਫ਼ੀਸਦੀ ਲੋਕਾਂ ਕੋਲ ਬੁਨਿਆਦੀ ਸਵੱਛਤਾ ਪਹੁੰਚ ਨਹੀਂ ਹੈ। ਸੰਯੁਕਤ ਰਾਸ਼ਟਰ ਵਿਸ਼ਵ ਜਲ ਵਿਕਾਸ ਰਿਪੋਰਟ 2023 ’ਚ ਸਾਫ ਪਾਣੀ ਅਤੇ ਸੈਨੀਟੇਸ਼ਨ ਤਕ ਸਾਰੇ ਲੋਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਬਾਰੇ ਦੱਸਿਆ ਗਿਆ ਹੈ।
ਰਿਪੋਰਟ ਦੇ ਐਡੀਟਰ-ਇਨ-ਚੀਫ ਰਿਚਰਡ ਕੋਨਰ ਨੇ ਇਕ ਨਿਊਜ਼ ਕਾਨਫਰੰਸ ’ਚ ਦੱਸਿਆ ਕਿ ਟੀਚਿਆਂ ਨੂੰ ਪੂਰਾ ਕਰਨ ਦੀ ਅੰਦਾਜ਼ਨ ਲਾਗਤ $ 600 ਬਿਲੀਅਨ ਅਤੇ $ 1 ਟਿ੍ਰਲੀਅਨ ਦੇ ਵਿਚਕਾਰ ਹੈ। ਕੋਨਰ ਨੇ ਕਿਹਾ ਕਿ ਨਿਵੇਸ਼ਕਾਂ, ਫਾਇਨਾਂਸਰਾਂ, ਸਰਕਾਰਾਂ ਅਤੇ ਜਲਵਾਯੂ ਪਰਿਵਰਤਨ ਭਾਈਚਾਰਿਆਂ ਨਾਲ ਸਾਂਝੇਦਾਰੀ ਬਣਾਈ ਜਾ ਰਹੀ ਹੈ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਹ ਪੈਸਾ ਵਾਤਾਵਰਨ ਦੀ ਸੁਰੱਖਿਆ ’ਤੇ ਖ਼ਰਚ ਕੀਤਾ ਜਾ ਰਿਹਾ ਹੈ ਅਤੇ 200 ਕਰੋੜ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਸਕਦਾ ਹੈ।

ਇਕ ਫੀਸਦੀ ਦੀ ਦਰ ਨਾਲ ਵੱਧ ਰਹੀ ਪਾਣੀ ਦੀ ਵਰਤੋਂ
ਰਿਪੋਰਟ ਮੁਤਾਬਿਕ ਪਿਛਲੇ 40 ਸਾਲਾਂ ’ਚ ਵਿਸ਼ਵ ਪੱਧਰ ’ਤੇ ਪਾਣੀ ਦੀ ਵਰਤੋਂ ਹਰ ਸਾਲ ਲਗਭਗ ਇਕ ਫੀਸਦੀ ਦੀ ਦਰ ਨਾਲ ਵੱਧ ਰਹੀ ਹੈ। 2050 ਤੱਕ ਇਸੇ ਦਰ ਨਾਲ ਵਧਣ ਦੀ ਉਮੀਦ ਹੈ ਕਿਉਂਕਿ ਆਬਾਦੀ ਵਾਧਾ, ਸਮਾਜਿਕ-ਆਰਥਿਕ ਵਿਕਾਸ ਅਤੇ ਪਾਣੀ ਦੀ ਖਪਤ ਦੇ ਪੈਟਰਨ ਬਦਲ ਰਹੇ ਹਨ।
ਵਿਕਾਸਸ਼ੀਲ ਦੇਸ਼ਾਂ ’ਚ ਵੱਧ ਰਹੀ ਖਪਤ
ਕੋਨਰ ਨੇ ਕਿਹਾ ਕਿ ਪਾਣੀ ਦੀ ਮੰਗ ਵਿਚ ਵਾਧਾ ਵਿਕਾਸਸ਼ੀਲ ਦੇਸ਼ਾਂ ਅਤੇ ਉਭਰਦੀਆਂ ਅਰਥ-ਵਿਵਸਥਾਵਾਂ ਵਿਚ ਹੋ ਰਿਹਾ ਹੈ, ਜਿੱਥੇ ਉਦਯੋਗਿਕ ਵਿਕਾਸ ਅਤੇ ਖਾਸ ਕਰਕੇ ਸ਼ਹਿਰੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ਵ ਪੱਧਰ ’ਤੇ 70 ਫੀਸਦੀ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੀ ਸਿੰਚਾਈ ਦੇ ਢੰਗ ਨੂੰ ਬਦਲਣ ਦੀ ਲੋੜ ਹੈ। ਹੁਣ ਕੁਝ ਦੇਸ਼ਾਂ ਵਿਚ ਤੁਪਕਾ ਸਿੰਚਾਈ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰਾਂ ਨੂੰ ਪਾਣੀ ਉਪਲੱਬਧ ਹੋਵੇਗਾ।
ਇਨ੍ਹਾਂ ਹਿੱਸਿਆਂ ’ਚ ਹੈ ਖ਼ਤਰਨਾਕ ਸਥਿਤੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਉਨ੍ਹਾਂ ਇਲਾਕਿਆਂ ’ਚ ਪਾਣੀ ਦੀ ਕਮੀ ਵਧ ਰਹੀ ਹੈ ਜਿੱਥੇ ਪਹਿਲਾਂ ਹੀ ਇਹ ਘੱਟ ਹੈ। ਉਦਾਹਰਨ ਵਜੋਂ ਮੱਧ ਅਫਰੀਕਾ, ਪੂਰਬੀ ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਹਿੱਸੇ। ਇਸ ਤੋਂ ਇਲਾਵਾ ਮੱਧ ਪੂਰਬ ਅਤੇ ਅਫਰੀਕਾ ਦੇ ਸਹਾਰਾ ’ਚ ਵੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਦੀ 10 ਫੀਸਦੀ ਆਬਾਦੀ ਅਜਿਹੇ ਦੇਸ਼ਾਂ ’ਚ ਰਹਿੰਦੀ ਹੈ ਜਿਨ੍ਹਾਂ ’ਚ ਪਾਣੀ ਦਾ ਜ਼ਿਆਦਾ ਤਣਾਅ ਹੈ। 350 ਕਰੋੜ ਲੋਕਾਂ ਨੂੰ ਸਾਲ ’ਚ ਘੱਟੋ-ਘੱਟ ਇਕ ਮਹੀਨਾ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ।
Posted By: Harjinder Sodhi