ਸੂਰਜ ਨਮਸਕਾਰ

ਸੂਰਜ ਦੀ ਰੌਸ਼ਨੀ ਸਾਡੇ ਮਨ ਅੰਦਰ ਨਵੀਂ ਰੌਸ਼ਨੀ ਲੈ ਕੇ ਆਉਂਦੀ ਹੈ। ਰਾਤ ਦੇ ਹਨੇਰੇ ਨੂੰ ਸਾਫ਼ ਕਰ ਕੇ ਇਹ ਰੌਸ਼ਨੀ ਇਕ ਨਵੀਂ ਊਰਜਾ ਨਾਲ ਸਾਨੂੰ ਜਾਗ੍ਰਿਤ ਕਰਦੀ ਹੈ। ਜੇ ਸਵੇਰ ਸਮੇਂ 5 ਤੋਂ 6 ਵਜੇ ਸੂਰਜ ਨਮਸਕਾਰ ਦਾ ਅਭਿਆਸ ਕਰ ਲਿਆ ਜਾਵੇ ਤਾਂ ਅਸੀਂ ਰੋਗ-ਮੁਕਤ ਹੋ ਸਕਦੇ ਹਾਂ।

ਸੂਰਜ ਨਮਸਕਾਰ ਨੂੰ ਕਰਨ ਲਈ ਦਰੀ, ਚਾਦਰ ਜਾਂ ਕਿਸੇ ਯੋਗ ਮੈਟ ਦਾ ਪ੍ਰਯੋਗ ਕਰੋ। ਸੂਰਜ ਨਮਸਕਾਰ ਦੀਆਂ 12 ਸਥਿਤੀਆਂ ਹਨ। ਸ਼ੁਰੂ-ਸ਼ੁਰੂ ਵਿਚ ਹੋ ਸਕੇ ਤਾਂ ਕਿਸੇ ਯੋਗ ਮਾਹਿਰ ਦੀ ਦੇਖ-ਰੇਖ 'ਚ ਹੀ ਅਭਿਆਸ ਕਰੋ। ਸਮਰਥਾ ਅਨੁਸਾਰ ਇਸ ਕਿਰਿਆ ਦਾ ਅਭਿਆਸ ਕਰੋ। ਸਰੀਰ ਨਾਲ ਜ਼ਿਆਦਾ ਧੱਕਾ ਨਾ ਕਰੋ, ਜਿੰਨੇ ਅੰਗ ਮੁੜ ਸਕਣ, ਉਸੇ ਤਰ੍ਹਾਂ ਅਭਿਆਸ ਕਰਦੇ ਜਾਓ। ਕੁਝ ਦਿਨਾਂ ਦੇ ਅਭਿਆਸ ਨਾਲ ਸਾਰਾ ਸਰੀਰ ਲਚਕੀਲਾ ਬਣ ਜਾਵੇਗਾ।

ਸਥਿਤੀ : ਦੋਵਾਂ ਹੱਥਾਂ ਨੂੰ ਮਿਲਾ ਕੇ ਨਮਸਕਾਰ ਦੀ ਮੁਦਰਾ ਬਣਾ ਕੇ ਛਾਤੀ ਨਾਲ ਰੱਖੋ। ਦ੍ਰਿਸ਼ਟੀ ਸਾਹਮਣੇ ਰੱਖੋ, ਦੋਵਂੇ ਪੈਰਾਂ ਦੀਆਂ ਅੱਡੀਆਂ ਨੂੰ ਮਿਲਾ ਕੇ ਰੱਖੋ ਤੇ ਇਸ ਸਥਿਤੀ 'ਚ 15 ਸੈਕਿੰਡ ਰਹੋ।

ਹਸਤ ਉਤਾਨਾਸਨ : ਦੋਵਾਂ ਬਾਹਾਂ ਨੂੰ ਸਾਹ ਭਰਦਿਆਂ ਸਿਰ ਦੇ ਪਿੱਛੇ ਲੈ ਕੇ ਜਾਓ। ਸਮਰਥਾ ਅਨੁਸਾਰ ਰੁਕੋ।

ਪਾਦਹਸਤਾਸਨ : ਸਾਹ ਛੱਡਦੇ ਹੋਏ ਮੂੰਹ ਨੂੰ ਗੋਡਿਆਂ ਨਾਲ ਲਾਉ। ਹੱਥਾਂ ਨੂੰ ਪੈਰਾਂ ਕੋਲ ਜ਼ਮੀਨ 'ਤੇ ਲਗਾਉਣ ਦੀ ਕੋਸ਼ਿਸ਼ ਕਰੋ ਤੇ ਸਮਰਥਾ ਅਨੁਸਾਰ ਰੁਕੋ।

ਅਸ਼ਵ ਸੰਚਾਲਨਾਸਨ : ਸਾਹ ਭਰਦੇ ਹੋਏ ਸੱਜੇ ਪੈਰ ਨੂੰ ਪਿੱਛੇ ਲੈ ਜਾਓ। ਦੋਵਾਂ ਹੱਥਾਂ ਨੂੰ ਇਕੱਠੇ ਰੱਖੋ ਅਤੇ ਛਾਤੀ ਨੂੰ ਉਪਰ ਚੱਕੋ।

ਦੰਡਾਸਨ : ਸਾਹ ਛੱਡਦੇ ਹੋਏ ਦੋਵਾਂ ਪੈਰਾਂ ਨੂੰ ਪਿੱਛੇ ਲੈ ਕੇ ਜਾਓ। ਦੋਵੇਂ ਹੱਥਾਂ ਨੂੰ ਅੱਗੇ ਰੱਖੋ। ਇਹ ਸਥਿਤੀ ਡੰਡੇ ਵਾਂਗ ਹੁੰਦੀ ਹੈ।

ਅਸ਼ਟਾਂਗ ਨਮਸਕਾਰ : ਗੋਡੇ, ਛਾਤੀ, ਠੋਡੀ ਅਤੇ ਮੱਥੇ ਨੂੰ ਜ਼ਮੀਨ ਨਾਲ ਲਾਓ। ਸਮਰਥਾ ਅਨੁਸਾਰ ਰੁਕੋ। ਸਾਹ ਨਾਰਮਲ ਰਹੇਗਾ।

ਭੁਜੰਗਾਸਨ : ਸਾਹ ਭਰਦੇ ਹੋਏ ਦੋਵੇਂ ਹੱਥਾਂ ਨੂੰ ਜ਼ਮੀਨ 'ਤੇ ਲਾਓ। ਬਾਹਾਂ ਸਿੱਧੀਆਂ ਰੱਖੋ, ਮੂੰਹ ਉੱਪਰ ਆਸਮਾਨ ਵੱਲ, ਧੁੰਨੀ ਤਕ ਸਰੀਰ ਨੂੰ ਉਪਰ ਚੱਕੋ ਤੇ ਸਮਰਥਾ ਅਨੁਸਾਰ ਰੁਕੋ।

ਪਰਬਤਾਸਨ : ਇਸ 'ਚ ਸਾਹ ਛੱਡਦੇ ਹੋਏ ਮੂੰਹ ਨੂੰ ਜ਼ਮੀਨ 'ਤੇ ਲਾਓ ਅਤੇ ਧੁੰਨੀ ਨੂੰ ਵੇਖਣ ਦੀ ਕੋਸ਼ਿਸ਼ ਕਰੋ। ਸਮਰਥਾ ਅਨੁਸਾਰ ਰੁਕੋ।

ਸਾਵਧਾਨੀਆਂ

ਇਸ ਕਿਰਿਆ ਦਾ ਅਭਿਆਸ 5-6 ਵਾਰ ਕਰੋ। ਅਭਿਆਸ ਕਰਨ ਤੋਂ ਬਾਅਦ ਕੁਝ ਸਮਾਂ 'ਸ਼ਵਾਸਨ' ਵਿਚ ਰਹੋ, ਜਿਸ ਨਾਲ ਸਰੀਰ ਦੀ ਥਕਾਵਟ ਉਤਰ ਸਕੇ ਅਤੇ ਸਰੀਰ ਤੰਦਰੁਸਤ ਬਣੇ। ਹਾਈ ਬਲੱਡ ਪ੍ਰੈਸ਼ਰ ਦੇ ਰੋਗੀ ਸੂਰਜ ਨਮਸਕਾਰ ਜ਼ਿਆਦਾ ਨਾ ਕਰਨ। ਪਿੱਠ ਦਰਦ ਅਤੇ ਗੋਡਿਆਂ ਦੇ ਦਰਦ ਤੋਂ ਪੀੜਤ ਰੋਗੀ ਇਸ ਨੂੰ ਕਿਸੇ ਯੋਗ ਮਾਹਿਰ ਦੀ ਸਲਾਹ ਨਾਲ ਕਰੋ।

ਲਾਭ

- ਮੋਟਾਪੇ ਦੇ ਨਾਲ-ਨਾਲ ਪੇਟ ਦੇ ਆਲੇ-ਦੁਆਲੇ ਦੀ ਚਰਬੀ ਘਟਦੀ ਹੈ।

- ਅੰਗ ਲਚਕੀਲੇ ਬਣਦੇ ਹਨ। ਸਰੀਰ ਠੀਕ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

- ਦਿਮਾਗ਼ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਮਾਨਸਿਕ ਸ਼ਕਤੀਆਂ ਦਾ ਵਿਕਾਸ ਕਰਦਾ ਹੈ। ਤਣਾਅ ਤੋਂ ਛੁਟਕਾਰਾ ਮਿਲਦਾ ਹੈ।

- ਵਾਲਾਂ ਦੇ ਰੋਗ ਠੀਕ ਹੁੰਦੇ ਹਨ।

- ਸਰੀਰ 'ਚ ਖ਼ੂਨ ਦਾ ਸੰਚਾਰ ਸਹੀ ਤਰੀਕੇ ਨਾਲ ਹੋਣ ਲਗਦਾ ਹੈ।

- ਦਮਾ, ਨਜ਼ਲਾ ਅਤੇ ਖੰਘ ਦੇ ਰੋਗੀਆਂ ਲਈ ਬਹੁਤ ਲਾਭਕਾਰੀ ਹੈ।

- ਪਾਚਨ ਪ੍ਰਕਿਰਿਆ ਠੀਕ ਹੁੰਦੀ ਹੈ।

- ਹੱਡੀਆਂ 'ਚ ਮਜ਼ਬੂਤੀ ਦੇ ਨਾਲ-ਨਾਲ ਸਰਵਾਈਕਲ ਰੋਗ ਵੀ ਠੀਕ ਹੋ ਜਾਂਦਾ ਹੈ।

ਇਸ਼ਟ ਪਾਲ (ਵਿੱਕੀ)

98725-65003