ਇਹ ਸਾਲ ਦਾ ਆਖ਼ਰੀ ਮਹੀਨਾ ਦਸੰਬਰ ਹੈ, ਤੇ ਸਾਲ ਖ਼ਤਮ ਹੋਣ ਵੱਲ ਵਧ ਰਿਹਾ ਹੈ। ਦਸੰਬਰ ਦਾ ਇਹ ਮਹੀਨਾ ਸਿੱਖ ਇਤਿਹਾਸ ਵਿਚ ਬੜਾ ਮਹੱਤਵ ਰੱਖਦਾ ਹੈ। ਇਸੇ ਮਹੀਨੇ ਵਿਚ ਈਸਾਈ ਭਾਈਚਾਰੇ ਦਾ ਵੱਡਾ ਤਿਉਹਾਰ ਕਿ੍ਰਸਮਿਸ ਵੀ ਪੈਂਦਾ ਹੈ। ਇਹ ਮਹੀਨਾ ਭਾਰਤੀ ਸੈਨਾਵਾਂ ਵਾਸਤੇ ਵੀ ਬੜਾ ਮਹੱਤਵਪੂਰਨ ਹੈ। ਇਸ ਮਹੀਨੇ ਵਿਚ ਪਾਕਿਸਤਾਨ ਦੀ ਇਕ ਲੱਖ ਦੇ ਨੇੜੇ ਫ਼ੌਜ ਨੇ ਭਾਰਤੀ ਕਮਾਂਡਰ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕੀਤਾ ਸੀ। ਇਹ ਭਾਰਤੀ ਫ਼ੌਜ ਦੀ ਬਹੁਤ ਵੱਡੀ ਜਿੱਤ ਸੀ ਤੇ ਮਾਣ ਵਾਲੀ ਗੱਲ ਵੀ। ਇਸ ਜਿੱਤ ਨਾਲ ਇਕ ਨਵੇਂ ਮੁਲਕ, ਬੰਗਲਾ ਦੇਸ਼ ਦਾ ਜਨਮ ਹੋਇਆ। ਦਸੰਬਰ 1971 ਵਿਚ ਲੜੀ ਗਈ ਇਸ ਜੰਗ ਤੇ ਜਿੱਤ ਪ੍ਰਾਪਤੀ ਵਿਚ ਭਾਰਤੀ ਜਲ ਸੈਨਾ ਦਾ ਵੀ ਵੱਡਾ ਯੋਗਦਾਨ ਸੀ। ਇਸ ਵੱਡੀ ਜਿੱਤ ਵਿਚ ਕੁਝ ਨੁਕਸਾਨ ਵੀ ਹੋਏ ਤੇ ਭਾਰਤੀ ਜਲ ਸੈਨਾ ਦਾ ਇਕ ਜਹਾਜ਼ ਖੁੱਕਰੀ, ਜਲ-ਸਮਾਧੀ ਵਿਚ ਚਲਾ ਗਿਆ।

ਜਹਾਜ਼ ਦੇ ਬਰਿਜ ਅੰਦਰ ਕਪਤਾਨ ਦੀ ਕੁਰਸੀ ’ਤੇ ਇਕ ਸ਼ਖ਼ਸ ਬੈਠਾ ਹੈ। ਮੌਤ ਸਾਹਮਣੇ ਹੈ ਪਰ ਕੋਈ ਹੜਬੜਾਹਟ ਨਹੀਂ, ਕੋਈ ਘਬਰਾਹਟ ਨਹੀਂ। ਉਹ ਸਮਝ ਚੁੱਕਾ ਸੀ ਹੁਣ ਜਹਾਜ਼ ਨੂੰ ਬਚਾਇਆ ਨਹੀਂ ਜਾ ਸਕਦਾ। ਉਹ ਜਹਾਜ਼ ਨੂੰ ਦੇਖਦਾ ਵੀ ਰਿਹਾ ਜੋ ਲਗਾਤਾਰ ਪਾਣੀ ਦੇ ਅੰਦਰ ਡੁੱਬਦਾ ਜਾ ਰਿਹਾ ਸੀ, ਤੇ ਨਾਲ ਹੋਰਨਾਂ ਨੂੰ ਜਹਾਜ਼ ਛੱਡ ਕੇ ਜਾਨ ਬਚਾਉਣ ਲਈ ਕਹਿੰਦਾ ਵੀ ਰਿਹਾ। ਇਹ ਗੱਲਾਂ ਬਚ ਕੇ ਆਏ ਨੌਸੈਨਿਕਾਂ ਵੱਲੋਂ ਬਾਹਰ ਆਈਆਂ।

ਦਸੰਬਰ 1971 ’ਚ ਹੋਈ ਉਸ ਜੰਗ ਵਿਚ ਭਾਰਤੀ ਜਲ ਸੈਨਾ ਦਾ ਇਕ ਬੇੜਾ ਪੱਛਮ ਵਾਲੇ ਪਾਸੇ ਅਰਬ ਸਾਗਰ ਵਿਚ ਸੀ। ਦੂਸਰਾ ਬੇੜਾ ਪੂਰਬ ਵਾਲੇ ਪਾਸੇ ਬੰਗਾਲ ਦੀ ਖਾੜੀ ਵਿਚ ਸੀ ਤੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਨੂੰ ਸਮੁੰਦਰ ਵਾਲੇ ਪਾਸੇ ਤੋਂ ਘੇਰਿਆ ਹੋਇਆ ਸੀ। ਇਸ ਜੰਗ ਵਿਚ ਸੀਮਤ ਸਾਧਨਾਂ ਦੇ ਹੁੰਦੇ ਵੀ ਭਾਰਤੀ ਜਲ ਸੈਨਾ ਨੇ ਵੱਡੀਆਂ ਮੱਲਾਂ ਮਾਰੀਆਂ ਸਨ। ਪਰ ਉਨ੍ਹਾਂ ਮੱਲਾਂ ਵਿਚ ਹੀ, ਇਕ ਇਹ ਹਾਦਸਾ ਵੀ ਸੀ। ਉਸ ਜੰਗ ਵਿਚ ਬਹੁਤ ਕੁਝ ਹੋਇਆ ਪਰ ਇੱਥੇ ਮੈਂ ਹੋਰ ਕੋਈ ਗੱਲ ਨਾ ਕਰ ਕੇ, ਸਿਰਫ਼ ਖੁੱਕਰੀ ਜਹਾਜ਼ ਦੀ ਗੱਲ ਹੀ ਕਰਾਂਗਾ।

ਗੋਆ ਦਮਨ ਤੇ ਦਿਊ ਦਾ ਨਾਂ ਆਪਾਂ ਸਭ ਨੇ ਸੁਣਿਆ ਹੈ। ਉਸ ਜੰਗ ਦੌਰਾਨ ਭਾਰਤੀ ਜਲ-ਸੈਨਾ ਦੀ ਪੱਛਮੀ ਕਮਾਂਡ ਨੂੰ ਦਿਊ ਦੇ ਸਮੁੰਦਰ ਵਿਚ ਦੁਸ਼ਮਣ ਦੀ ਪਣਡੁੱਬੀ ਹੋਣ ਦਾ ਪਤਾ ਲੱਗਾ। ਇਸ ਟਾਕਰੇ ਲਈ ਭਾਰਤੀ ਜਲ ਸੈਨਾ ਨੇ ਆਪਣੇ ਫਰੀਗੇਟ ਕਲਾਸ ਦੇ ਦੋ ਜੰਗੀ ਜਹਾਜ਼ ਪਣਡੁੱਬੀ ਨੂੰ ਡਬਾਉਣ ਲਈ ਭੇਜੇ। ਫਰੀਗੇਟ, ਡਿਸਟਰਾਇਰ, ਬੈਟਲ ਸ਼ਿੱਪ, ਕੈਰੀਅਰ, ਆਦਿ ਜੰਗੀ ਜਹਾਜ਼ਾਂ ਦੀਆਂ ਕਲਾਸਾਂ ਹਨ, ਜੋ ਵੱਖ-ਵੱਖ ਐਕਸ਼ਨਾਂ ਲਈ, ਵੱਖ ਵੱਖ ਤੌਰ ’ਤੇ, ਵੱਖ-ਵੱਖ ਕੰਮਾਂ ਲਈ ਵਰਤੇ ਜਾਂਦੇ ਹਨ। ਕਿਰਪਾਨ, ਖੁੱਕਰੀ ਤੇ ਕੁਠਾਰ ਨਾਂ ਦੇ ਤਿੰਨ ਜਹਾਜ਼ ਐਸੇ ਸਨ ਜੋ ਪਣਡੁੱਬੀ ਨਾਲ ਲੜਾਈ ਲਈ ਬਣੇ ਸਨ ਪਰ ਜੰਗ ਦੇ ਦੌਰਾਨ ਹੀ ਕੁਠਾਰ ਦੇ ਬੁਆਇਲਰ ਵਿਚ ਨੁਕਸ ਪੈਣ ਕਰਕੇ, ਉਹ ਐਕਸ਼ਨ ਤੋਂ ਬਾਹਰ ਹੋ ਗਿਆ। ਕੁਠਾਰ ਦੇ ਨੁਕਸ ਦੀ ਵਜ੍ਹਾ ਕਰਕੇ, ਕਿਰਪਾਨ ਤੇ ਖੁੱਕਰੀ ਦੋਵੇਂ ਜਹਾਜ਼ ਪਣਡੁੱਬੀ ਲੜਾਈ ਲਈ ਭੇਜੇ ਗਏ। ਦੋਵੇਂ ਜਹਾਜ਼ 9 ਦਸੰਬਰ ਨੂੰ ਦਿਊ ਦੇ ਸਮੁੰਦਰ ਵਿਚ ਪਹੁੰਚ ਚੁੱਕੇ ਸਨ ਤੇ ਦੁਸ਼ਮਣ ਦੀ ਪਣਡੁੱਬੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਭਾਰਤੀ ਜਹਾਜ਼ਾਂ ਦੇ ਸੋਨਾਰ ਜੰਤਰ ਕਾਫ਼ੀ ਪੁਰਾਣੇ ਹੋਣ ਕਰਕੇ, ਉਨ੍ਹਾਂ ਦੀ ਰੇਂਜ ਘੱਟ ਸੀ। ਉਹ ਸਮੁੰਦਰ ਅੰਦਰ ਢਾਈ ਤਿੰਨ ਮੀਲ ਤਕ ਹੀ ਪਣਡੁੱਬੀ ਬਾਰੇ ਪਤਾ ਲਗਾ ਸਕਦੇ ਸੀ।

ਪਾਕਿਸਤਾਨੀ ਪਣਡੁੱਬੀ ਦਾ ਨਾਮ ਹੰਗੋਰ ਸੀ, ਜੋ ਫਰਾਂਸ ਦੀ ਬਣੀ ਹੋਈ ਸੀ। ਇਹ ਡਫਨੇ ਕਲਾਸ ਦੀ ਪਣਡੁੱਬੀ ਸੀ ਤੇ ਉਸ ਕੋਲ ਉਸ ਵੇਲੇ ਦੀ ਨਵੀਂ ਤਕਨੀਕ ਸੀ। ਉਹ ਅਜੇ ਦੋ ਸਾਲ ਪਹਿਲਾਂ ਹੀ ਪਾਕਿਸਤਾਨੀ ਬੇੜੇ ਵਿਚ ਆਈ ਸੀ, ਜਦ ਕਿ ਭਾਰਤੀ ਜਲ ਸੈਨਾ ਦੇ ਇਹ ਦੋਵੇਂ ਜਹਾਜ਼ ਕਾਫ਼ੀ ਪੁਰਾਣੇ ਸਨ। ਉਸ ਪਣਡੁੱਬੀ ਕੋਲ ਨਵੇਂ ਸੋਨਾਰ ਜੰਤਰ ਸਨ ਜੋ ਦੁਸ਼ਮਣ ਦੇ ਜਹਾਜ਼ ਨੂੰ 20 ਮੀਲ ਤੋਂ ਵੀ ਵੱਧ ਦੀ ਦੂਰੀ ’ਤੇ ਹੀ ਪਕੜ ਕਰ ਲੈਂਦੇ ਸਨ। ਜੰਗ ਵਿਚ ਤਾਂ ਜੋ ਮਾਰ ਗਿਆ ਸੋ ਮਾਰ ਗਿਆ, ਬਾਕੀ ਗੱਲਾਂ ਕੋਈ ਮਾਅਨੇ ਨਹੀਂ ਰੱਖਦੀਆਂ। ਹੰਗੋਰ ਨੇ ਦੋਵੇਂ ਜਹਾਜ਼ ਆਪਣੇ ਜੰਤਰਾਂ ’ਤੇ ਦੇਖ ਲਏ ਤੇ ਸਮਝ ਗਈ ਕਿ ਇਹ ਮੈਨੂੰ ਨਸ਼ਟ ਕਰਨ ਲਈ ਆਏ ਹਨ ਪਰ ਹੰਗੋਰ ਹੈ ਕਿੱਥੇ, ਇਸ ਬਾਰੇ ਜਹਾਜ਼ਾਂ ਨੂੰ ਅਜੇ ਕੋਈ ਪਤਾ ਨਹੀਂ ਸੀ ਲੱਗਾ। ਹੰਗੋਰ ਹੌਲੀ-ਹੌਲੀ ਚੱਲਦੀ ਰਹੀ ਤੇ ਉਸਨੇ ਆਪਣੀ ਪੋਜ਼ੀਸ਼ਨ ਇਸ ਤਰ੍ਹਾਂ ਸੈਟ ਕਰ ਲਈ ਕਿ ਜਹਾਜ਼ ਜਿਵੇਂ ਹੀ ਉਸਦੀ ਟਾਰਪੀਡੋ ਰੇਂਜ ਵਿਚ ਆਉਣ, ਉਹ ਟਾਰਪੀਡੋ ਦਾਗ ਦੇਵੇ। ਹੰਗੋਰ ਨੇ ਪਹਿਲਾ ਟਾਰਪੀਡੋ ਕਿਰਪਾਨ ਵੱਲ ਛੱਡਿਆ। ਟਾਰਪੀਡੋ ਦੀ ਰੇਂਜ ਵੱਧ ਹੁੰਦੀ ਹੈ ਤੇ ਉਹ ਪਾਣੀ ਵਿਚ ਦੂਰ ਤਕ ਜਾ ਕੇ ਵੀ ਮਾਰ ਕਰਦਾ ਹੈ। ਕਿਰਪਾਨ ਨੂੰ ਟਾਰਪੀਡੋ ਆਪਣੇ ਵੱਲ ਆਉਣ ਦਾ ਪਤਾ ਲੱਗ ਗਿਆ ਤੇ ਉਸਨੇ ਡੈਪਥ-ਚਾਰਜ਼ ਮਾਰ ਕੇ ਟਾਰਪੀਡੋ ਨਸ਼ਟ ਕਰ ਦਿੱਤਾ। ਇਸ ਤਰ੍ਹਾਂ ਉਸਦਾ ਆਪਣਾ ਬਚਾ ਹੋ ਗਿਆ।

ਟਾਰਪੀਡੋ ਫਾਇਰ ਹੋਣ ਨਾਲ ਪਣਡੁੱਬੀ ਬਾਰੇ ਵੀ ਪਤਾ ਲੱਗ ਗਿਆ ਪਰ ਪਣਡੁੱਬੀ ਨੂੰ ਡੁਬਾਉਣ ਲਈ ਇਨ੍ਹਾਂ ਜਹਾਜ਼ਾਂ ਕੋਲ ਉਸ ਵਕਤ ਜੋ ਹਥਿਆਰ ਸਨ ਉਹ ਨੇੜੇ ਜਾ ਕੇ ਹੀ ਵਰਤੇ ਜਾ ਸਕਦੇ ਸਨ। ਪਣਡੁੱਬੀ ਨੂੰ ਤੋੜਨ ਵਾਲੇ ਮੌਰਟਾਰ ਦੇ ਉਨ੍ਹਾਂ ਗੋਲਿਆਂ ਦੀ ਰੇਂਜ ਘੱਟ ਸੀ। ਹੁਣ ਇਕ ਤਾਂ ਇਹ ਸੀ ਜਹਾਜ਼ ਦੂਰ ਭੱਜਕੇ ਆਪਣਾ ਬਚਾ ਕਰੇ, ਜਾਂ ਫਿਰ ਪਣਡੁੱਬੀ ਦੇ ਨਜ਼ਦੀਕ ਜਾ ਕੇ ਹਮਲਾ ਕਰੇ। ਦੱਸਦੇ ਹਨ ਉਸੇ ਵਕਤ ਖੱੁਕਰੀ ਦੇ ਕੈਪਟਨ ਨੇ ਜਹਾਜ਼ ਦੀ ਸਪੀਡ ਵਧਾਈ ਤੇ ਪਣਡੁੱਬੀ ਨੂੰ ਆਪਣੀ ਰੇਂਜ ਵਿਚ ਲੈਣ ਲਈ ਅੱਗੇ ਵਧਿਆ। ਪਰ ਇਸ ਤੋਂ ਪਹਿਲਾਂ ਕਿ ਖੁੱਕਰੀ ਉਸ ਪਣਡੁੱਬੀ ਨੂੰ ਰੇਂਜ ਵਿਚ ਲੈ ਕੇ ਗੋਲੇ ਦਾਗਦਾ, ਹੰਗੋਰ ਨੇ ਦੂਸਰਾ ਟਾਰਪੀਡੋ ਖੁੱਕਰੀ ਵੱਲ ਦਾਗ ਦਿੱਤਾ। ਉਸ ਟਾਰਪੀਡੋ ਨੇ ਖੁੱਕਰੀ ਨੂੰ ਹਿੱਟ ਕੀਤਾ ਤੇ ਜਹਾਜ਼ ਦੇ ਤੇਲ ਟੈਂਕ ਨੂੰ ਪਾੜ ਦਿੱਤਾ। ਇਸ ਨਾਲ ਜਹਾਜ਼ ਵਿਚ ਅੱਗ ਲੱਗ ਗਈ ਤੇ ਜਹਾਜ਼ ਡੁੱਬਣ ਲੱਗਾ।

ਵੱਡੇ ਧਮਾਕੇ ਨਾਲ ਸਾਰਾ ਜਹਾਜ਼ ਹੀ ਹਿੱਲ ਗਿਆ। ਲੋਕ ਆਪਣੀਆਂ ਐਕਸ਼ਨ ਵਾਲੀਆਂ ਪੋਜ਼ੀਸ਼ਨਾਂ ਛੱਡ ਉੱਪਰ ਵਾਲੇ ਡੈਕ ਨੂੰ ਆਏ। ਬਰਿਜ ਅੰਦਰ ਬੈਠੇ ਕੈਪਟਨ ਨੂੰ ਅਹਿਸਾਸ ਹੋ ਗਿਆ ਕਿ ਜਹਾਜ਼ ਹੁਣ ਬਹੁਤ ਜਲਦੀ ਡੁੱਬ ਜਾਵੇਗਾ। ਕੈਪਟਨ ਸਭ ਨੂੰ ਜਹਾਜ਼ ਛੱਡਣ ਤੇ ਆਪਣੀ ਜਾਨ ਬਚਾਉਣ ਲਈ ਕਹਿ ਰਿਹਾ ਸੀ। ਜਿੰਨੇ ਕੁ ਜਹਾਜ਼ ਛੱਡ ਸਕੇ ਜਾਂ ਸਮੁੰਦਰ ਵਿਚ ਛਾਲ ਮਾਰ ਗਏ, ਉਨ੍ਹਾਂ ਵਿੱਚੋਂ ਕਾਫੀ ਬਚ ਵੀ ਗਏ। ਜਹਾਜ਼ ਡੁੱਬਦਾ ਗਿਆ ਤੇ ਆਖਰੀ ਹਿੱਸਾ ਵੀ ਪਾਣੀ ਵਿਚ ਡੁੱਬ ਗਿਆ। ਕੈਪਟਨ ਨੇ ਵੀ ਜਹਾਜ਼ ਦੇ ਨਾਲ ਹੀ ਜਲ-ਸਮਾਧੀ ਲੈ ਲਈ। ਇਹ ਸ਼ਖ਼ਸ ਖੁੱਕਰੀ ਜਹਾਜ਼ ਨੂੰ ਕਮਾਂਡ ਕਰਨ ਵਾਲਾ, ਕੈਪਟਨ ਮਹਿੰਦਰ ਨਾਥ ਮੁੱਲਾ ਸੀ। ਕੈਪਟਨ ਚਾਹੁੰਦਾ ਤਾਂ ਉਹ ਬਚ ਸਕਦਾ ਸੀ। ਉਸ ਕੋਲ ਜਹਾਜ਼ ਛੱਡਣ ਦਾ ਵਕਤ ਹੈ ਸੀ। ਜਹਾਜ਼ ’ਚੋਂ ਬਚ ਕੇ ਨਿੱਕਲੇ ਨੌ-ਸੈਨਿਕਾਂ ਨੇ ਬਾਅਦ ਵਿਚ ਇਹ ਗੱਲਾਂ ਕੀਤੀਆਂ ਤੇ ਦੱਸੀਆਂ। ਸੁਣਿਆ ਸੀ ਕਿ ਕੈਪਟਨ ਨੂੰ ਵੀ ਹੋਰਨਾਂ ਵੱਲੋਂ ਕਿਹਾ ਗਿਆ ਕਿ ਕੈਪਟਨ ਸਾਹਿਬ ਤੁਸੀਂ ਜਹਾਜ਼ ਛੱਡੋ। ਪੁਰਾਣੇ ਜ਼ਮਾਨੇ ਵਿਚ ਸਮੁੰਦਰ ਦੀ ਇਕ ਰਵਾਇਤ ਰਹੀ ਹੈ। ਉਹ ਇਹ ਸੀ ਕਿ ਜੇ ਕਪਤਾਨ ਆਪਣੇ ਜਹਾਜ਼ ਨੂੰ ਬਚਾ ਨਹੀਂ ਸਕਦਾ ਤਾਂ ਉਸ ਨੂੰ ਵੀ ਬਚ ਨਿਕਲਣ ਦਾ ਹੱਕ ਨਹੀਂ। ਉਸ ਨੂੰ ਵੀ ਜਹਾਜ਼ ਦੇ ਨਾਲ ਹੀ ਜਲ ਸਮਾਧੀ ਲੈ ਲੈਣੀ ਚਾਹੀਦੀ ਹੈ ਪਰ ਇਹ ਰਵਾਇਤ ਬਾਅਦ ਵਿਚ ਖ਼ਤਮ ਹੋ ਗਈ ਸੀ। ਹੁਣ ਤਾਂ ਇਹ ਹੈ ਕਿ ਜਹਾਜ਼ ਡੁੱਬਣ ਦੀ ਹਾਲਤ ਵਿਚ ਵੱਧ ਤੋਂ ਵੱਧ ਬੰਦਿਆਂ ਦੀ ਜਾਨ ਕਿਵੇਂ ਵੀ ਤੇ ਕਿਸੇ ਵੀ ਤਰੀਕੇ ਨਾਲ ਬਚਾਈ ਜਾਵੇ। ਉਸ ਜੰਗ ਦੌਰਾਨ ਵੀ ਇਹ ਰਵਾਇਤ ਨਹੀਂ ਸੀ ਤੇ ਕੈਪਟਨ ਆਪਣੀ ਜਾਨ ਬਚਾ ਸਕਦਾ ਸੀ। ਪਰ ਸ਼ਾਇਦ ਉਸ ਨੇ ਸਮੁੰਦਰ ਦੀ ਪੁਰਾਣੀ ਰਵਾਇਤ ਨੂੰ ਸਾਹਮਣੇ ਰੱਖਦਿਆਂ ਜਹਾਜ਼ ਨਾਲ ਹੀ ਜਲ ਸਮਾਧੀ ਲੈਣ ਨੂੰ ਤਰਜੀਹ ਦਿੱਤੀ। ਇਹ 50 ਸਾਲ ਪਹਿਲਾਂ ਹੋਈ ਭਾਰਤ-ਪਾਕਿ ਜੰਗ ਦਾ ਉਹ ਦਰਦਨਾਕ ਸੀਨ ਹੈ, ਜੋ ਉਸ ਵਕਤ ਜਹਾਜ਼ ਵਿਚ ਮੌਜੂਦ ਅਫਸਰਾਂ ਤੇ ਨੌਸੈਨਿਕਾਂ ਨੇ ਆਪਣੇ ਪਿੰਡੇ ’ਤੇ ਹੰਢਾਇਆ। ਜੋ ਨੌਸੈਨਿਕ ਕਿਸੇ ਤਰ੍ਹਾਂ ਬਚ ਕੇ ਆਏ, ਉਨ੍ਹਾਂ ਤੋਂ ਬਹੁਤ ਸਾਰੀਆਂ ਗੱਲਾਂ ਅੱਗੇ ਤੁਰੀਆਂ ਤੇ ਸਾਰੀ ਜਲ ਸੈਨਾ ਵਿਚ ਪਹੁੰਚੀਆਂ।

ਖੁੱਕਰੀ ਦੇ ਨਾਲ ਹੀ ਕੈਪਟਨ ਮੁੱਲਾ ਸਮੇਤ 178 ਹੋਰ ਅਫਸਰ ਤੇ ਨੌਸੈਨਿਕ ਵੀ ਜਲ ਸਮਾਧੀ ਲੈ ਗਏ। ਇਹ ਹਾਦਸਾ 9 ਦਸੰਬਰ ਦੀ ਰਾਤ ਨੂੰ 8 ਕੁ ਵਜੇ ਵਾਪਰਿਆ ਸੀ। ਦੂਸਰੀ ਸੰਸਾਰ ਜੰਗ ਤੋਂ ਬਾਅਦ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਕਿਸੇ ਪਣਡੁੱਬੀ ਨੇ ਜੰਗੀ ਜਹਾਜ਼ ਡਬੋਇਆ ਸੀ।

ਖੁੱਕਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਤੇ ਜਲ ਸਮਾਧੀ ਲੈ ਚੁੱਕੇ ਨੌਸੈਨਿਕਾਂ ਦੇ ਪਰਿਵਾਰਾਂ ਨੂੰ ਸੰਭਾਲਣ ਲਈ, ਬੰਬਈ ਦੇ ਨੇਵੀ ਨਗਰ ਵਿਚ ਖੁੱਕਰੀ ਹਾਊਸ ਦੀ ਉਸਾਰੀ ਕੀਤੀ ਗਈ। ਮੈਂ ਉਸ ਵਕਤ ਪੂਰਬੀ ਕਮਾਂਡ ਵਾਲੇ ਪਾਸੇ ਅੰਡੇਮਾਨ ਟਾਪੂਆਂ ’ਤੇ ਸੀ। ਜਲ ਸੈਨਾ ’ਚ ਵਾਪਰ ਰਹੀਆਂ ਘਟਨਾਵਾਂ ਦੀਆਂ ਗੱਲਾਂ ਏਧਰ ਓਧਰ ਸਾਰੇ ਘੁੰਮਦੀਆਂ ਰਹਿੰਦੀਆਂ।

- ਪਰਮਜੀਤ ਮਾਨ

Posted By: Harjinder Sodhi