ਮਨਿੰਦਰ ਕੌਰ - ਮਨੁੱਖਤਾ, ਬਨਸਪਤੀ ਅਤੇ ਜੀਵ-ਜੰਤੂਆਂ ਦੀ ਹੋਂਦ ਨੂੰ ਬਚਾਉਣ ਲਈ ਜਲਗਾਹਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਜਲਗਾਹਾਂ ਕੁਦਰਤ ਦੀ ਵੱਡਮੁੱਲੀ ਜਲ-ਜਾਇਦਾਦ ਹਨ। ਕਿਉਂਕਿ ਇਹ ਸਾਡੀ ਧਰਤੀ ਅਤੇ ਸਮਾਜ ਨੂੰ ਖ਼ੁਸ਼ਹਾਲ ਰੱਖਦੀਆਂ ਹਨ ਅਤੇ ਆਪਣੀ ਵਿਲੱਖਣ ਲੈਂਡਸਕੇਪਿਕ ਖ਼ੂਬਸੂਰਤੀ ਕਰਕੇ ਜਾਣੀਆਂ ਜਾਂਦੀਆਂ ਹਨ। ਇਸ ਲਈ ਇਨ੍ਹਾਂ ਜਲਗਾਹਾਂ ਦੀ ਸਿਫ਼ਤ ਸਲਾਹ ਅਤੇ ਸਾਂਭ ਸੰਭਾਲ ਕਰਨਾ ਜ਼ਰੂਰੀ ਹੋ ਜਾਂਦਾ ਹੈ। ਕੁਦਰਤੀ ਤੌਰ 'ਤੇ ਜਲਗਾਹਾਂ, ਜਲ ਅਤੇ ਭੂਮੀ ਵਿਚਕਾਰ ਬੈਰੀਅਰ ਦਾ ਕੰਮ ਕਰਦੀਆਂ ਹਨ ਜੋ ਜ਼ਿਆਦਾਤਰ ਨਦੀਆਂ, ਝੀਲਾਂ ਜਾਂ ਝਰਨਿਆਂ ਦੇ ਨਜ਼ਦੀਕ ਹੀ ਪਾਈਆਂ ਜਾਂਦੀਆਂ ਹਨ ਅਤੇ ਜਲੀ ਜੀਅ-ਜੰਤੂਆਂ ਦੇ ਭੋਜਨ ਲਈ ਬਨਸਪਤੀ ਅਤੇ ਨਿਵਾਸ ਸਥਾਨ ਪ੍ਰਦਾਨ ਕਰਦੀਆਂ ਹਨ।

ਇਹ ਦਲਦਲ, ਜਿਲ੍ਹਣ ਜਾਂ ਖੋਭੇ ਯੁਕਤ ਜ਼ਮੀਨ 'ਤੇ ਹੀ ਪਾਈਆਂ ਜਾਂਦੀਆਂ ਹਨ। ਇਹ ਤਾਜ਼ੇ ਪਾਣੀ, ਖਾਰੇ ਪਾਣੀ ਜਾਂ ਦੋਹਾਂ ਦੇ ਮਿਸ਼ਰਣ ਨਾਲ ਬਣਦੀਆਂ ਹਨ। ਸ਼ਹਿਰੀਕਰਨ ਕਾਰਨ ਇਨ੍ਹਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋਇਆ ਹੈ। ਦੁਨੀਆ ਦੇ 30 ਫ਼ੀਸਦੀ ਪੌਦੇ ਜਲਗਾਹਾਂ ਦੇ ਹੀ ਸ਼ਿੰਗਾਰ ਹਨ। ਇਕ ਆਦਰਸ਼ਕ ਜਲਗਾਹ ਕੁਦਰਤੀ ਰੂਪ ਵਿਚ ਇਕ ਲੱਖ ਸਾਲਾਂ ਵਿਚ ਸਮਾਪਤ ਹੁੰਦੀ ਹੈ ਪਰ ਜੋ ਜਲਗਾਹ ਗ਼ੈਰ ਕੁਦਰਤੀ ਮਨੁੱਖੀ ਗਤੀਵਿਧੀਆਂ ਜਾਂ ਪ੍ਰਦੂਸ਼ਣ ਦੇ ਪ੍ਰਭਾਵ ਹੇਠ ਆ ਜਾਵੇ, ਕੇਵਲ 10 ਹਜ਼ਾਰ ਸਾਲ ਤਕ ਹੀ ਜਿਉਂਦੀ ਰਹਿ ਸਕਦੀ ਹੈ।

ਵਰਦਾਨ ਹਨ ਜਲਗਾਹਾਂ

ਜਲਗਾਹਾਂ, ਕੁਦਰਤ ਵੱਲੋਂ ਬਖਸ਼ੇ ਅਨਮੋਲ ਤੋਹਫ਼ਿਆਂ ਵਿੱਚੋਂ ਇਕ ਵੱਡਮੁੱਲੀ ਦਾਤ ਹੈ ਜਿਨ੍ਹਾਂ ਤੋਂ ਬਗ਼ੈਰ ਧਰਤੀ 'ਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਲਗਾਹਾਂ ਪਾਣੀ ਦਾ ਸ਼ੁਧੀਕਰਨ ਕਰ ਕੇ ਇਕ ਮਹਾਨ ਫਿਲਟਰ ਵਜੋਂ ਕਾਰਜ ਕਰਦੀਆਂ ਹਨ। ਇਹ 90 ਫ਼ੀਸਦੀ ਗਾਰ, ਤਲਛੱਟ ਆਦਿ ਨੂੰ ਪੁਣਛਾਣ ਕੇ, 60 ਫ਼ੀਸਦੀ ਧਾਤਾਂ ਨੂੰ ਛਾਣ ਕੇ, ਪ੍ਰਦੂਸ਼ਕ ਹਟਾ ਕੇ ਅਤੇ 90 ਫ਼ੀਸਦੀ ਨਾਈਟ੍ਰੋਜਨ ਹਟਾ ਕੇ, ਪਾਣੀ ਦੀ ਸ਼ੁੱਧਤਾ ਬਣਾਈ ਰੱਖਦੀਆਂ ਹਨ। ਇਹ 'ਕੁਦਰਤੀ ਫਿਲਟਰ' ਨਿਸ਼ਚਿਤ ਰੂਪ ਵਿਚ ਮਨੁੱਖਾਂ ਵੱਲੋਂ ਬਣਾਏ ਉਨ੍ਹਾਂ ਮਹਿੰਗੇ ਫਿਲਟਰਾਂ ਨਾਲੋਂ ਵੱਧ ਕਾਰਗਰ ਅਤੇ ਉਪਯੋਗੀ ਹਨ, ਜੋ ਕੁਝ ਸਮੇਂ ਬਾਅਦ ਜਵਾਬ ਦੇ ਜਾਂਦੇ ਹਨ। ਇਹ ਸਪੰਜ ਵਾਂਗ ਵਾਧੂ ਪਾਣੀ ਨੂੰ ਆਪਣੇ ਅੰਦਰ ਸਮੋ ਕੇ ਰੱਖਦੀਆਂ ਹਨ ਤਾਂ ਜੋ ਸੋਕੇ ਦੌਰਾਨ ਹੌਲੀ-ਹੌਲੀ ਪਾਣੀ ਦੀ ਨਿਰੰਤਰ ਸਪਲਾਈ ਨਾਲ ਸੋਕਾ ਪੀੜਤਾਂ ਦੀ ਹਮਦਰਦ ਬਣ ਕੇ ਨਾਲ ਖਲੋ ਸਕਣ।

ਹੜ੍ਹਾਂ ਦੌਰਾਨ ਜਦੋਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਕਿਨਾਰਿਆਂ ਦੀਆਂ ਹੱਦਾਂ-ਬੰਨ੍ਹੇ ਪਾਰ ਟੱਪ ਜਾਂਦੀਆਂ ਹਨ ਤਾਂ ਜਲਗਾਹ ਸਾਰਾ ਵਾਧੂ ਪਾਣੀ ਆਪਣੇ ਹਿਰਦੇ ਅੰਦਰ ਛੁਪਾ ਲੈਂਦੀ ਹੈ ਅਤੇ ਇਹ ਪਾਣੀ ਹੜ੍ਹ ਪੀੜਤ ਧਰਤੀ 'ਤੇ ਇਕਸਾਰ ਵੰਡ ਦਿੰਦੀ ਹੈ। ਇਕ ਏਕੜ ਦੀ ਜਲਗਾਹ 15 ਲੱਖ ਗੈਲਨ ਹੜ੍ਹਾਂ ਦਾ ਪਾਣੀ ਸੋਖਣ ਦੀ ਸਮਰੱਥਾ ਰੱਖਦੀ ਹੈ। ਜਲਗਾਹਾਂ ਦੇ ਡੂੰਘੀਆਂ ਜੜ੍ਹਾਂ ਵਾਲੇ ਦਰੱਖ਼ਤ ਅਤੇ ਹੋਰ ਬਨਸਪਤੀ ਹੜ੍ਹਾਂ ਦੇ ਪਾਣੀ ਦੇ ਵੇਗ ਨੂੰ ਘੱਟ ਕਰਨ ਵਿਚ ਮਦਦਗਾਰ ਸਿੱਧ ਹੁੰਦੇ ਹਨ। ਇਹ ਜ਼ਮੀਂਦੋਜ਼ ਪਾਣੀਆਂ ਨੂੰ ਰੀਚਾਰਜ ਵੀ ਕਰਦੀਆਂ ਹਨ। ਪਹਿਲੇ ਸਮਿਆਂ 'ਚ ਸਿਟੀ-ਪਲਾਨਰ ਜਲਗਾਹਾਂ ਦੇ ਪਾਣੀ ਦੇ ਤੇਜ਼ ਵਹਾਅ ਲਈ ਇਨ੍ਹਾਂ ਨੂੰ ਪਾਈਪਾਂ ਰਾਹੀਂ ਸਾਗਰਾਂ ਨਾਲ ਜੋੜਦੇ ਸਨ, ਪਰ ਹੁਣ ਇਹ ਸਮਝ ਪੈ ਗਈ ਹੈ ਕਿ ਜਲਗਾਹ ਪਾਣੀ ਨੂੰ ਆਪਣੇ ਅੰਦਰ ਸੋਖ ਕੇ ਰੱਖਣ ਦੇ ਸਮਰੱਥ ਹੈ ਅਤੇ ਜ਼ਮੀਂਦੋਜ਼ ਪਾਣੀ ਦੀ ਸਪਲਾਈ ਨੂੰ ਮੁੜ ਭਰਪੂਰ ਕਰ ਦਿੰਦੀ ਹੈ। ਇਹ ਗਾਦ, ਰੋੜੇ, ਕੰਕੜ, ਪੱਥਰਾਂ ਨੂੰ ਛਾਣ ਲੈਂਦੀਆਂ ਹਨ ਅਤੇ ਭੌਂ-ਖੋਰ ਨੂੰ ਕੰਟਰੋਲ ਕਰਦੀਆਂ ਹਨ। ਇਸ ਲਈ ਇਹ ਅਰਧ-ਖੁਸ਼ਕ ਔੜ-ਮਾਰੇ ਇਲਾਕੇ, ਜਿਵੇਂ ਦੱਖਣੀ ਅਫਰੀਕਾ, ਲਈ ਅਹਿਮ ਭੂਮਿਕਾ ਨਿਭਾਉਂਦੀ ਹੈ ਜਿੱਥੇ ਗਾਦ ਭਰਿਆ ਪਾਣੀ ਭਾਰੀ ਵਰਖਾ ਦੌਰਾਨ ਸਿੱਧਾ ਨਦੀਆਂ ਵਿਚ ਜਾ ਮਿਲਦਾ ਹੈ।

ਜਲਗਾਹਾਂ, ਮੱਛੀਆਂ ਅਤੇ ਹੋਰ ਜਲ-ਜੀਵਾਂ ਲਈ ਪਨਾਹਗਾਰ ਵੀ ਹਨ। ਮੱਛੀਆਂ ਦੇ ਲਾਰਵੇ ਅਤੇ ਜੂਵੈਨਾਈਲ ਮੱਛੀਆਂ ਲਈ ਸਵੱਛ, ਸ਼ਾਂਤ ਅਤੇ ਘੱਟ ਡੂੰਘੇ ਪਾਣੀ ਮੁਹੱਈਆ ਕਰਵਾ ਕੇ ਉਨ੍ਹਾਂ ਲਈ ਨਰਸਰੀ ਦਾ ਫ਼ਰਜ਼ ਅਦਾ ਕਰਦੀਆਂ ਹਨ। ਇਹ ਵੱਡੀ ਮਾਤਰਾ 'ਚ ਮੌਜੂਦ ਜੈਵ-ਵਿਭਿੰਨਤਾ (ਪਸ਼ੂ-ਪੰਛੀਆਂ ਅਤੇ ਬਨਸਪਤੀ) ਲਈ ਰਿਹਾਇਸ਼ ਅਤੇ ਭੋਜਨ ਦਾ ਪ੍ਰਬੰਧ ਵੀ ਕਰਦੀਆਂ ਹਨ-ਜਿਵੇਂ ਹੈਰੋਨਜ਼, ਸਪੂਨਬਿਲਜ਼, ਫਲੈਮਿੰਗੋਜ਼, ਸਮੁੰਦਰੀ ਡੱਡੂ, ਬੀਵਰ(ਦਰਿਆਈ ਕੁੱਤੇ), ਬੱਤਖਾਂ, ਜੱਤਲ ਕਸਤੂਰੀ ਚੂਹੇ ਆਦਿ ਪਸ਼ੂ-ਪੰਛੀਆਂ ਦੀਆਂ 150 ਤੋਂ ਵੱਧ ਜਾਤੀਆਂ ਅਤੇ ਪ੍ਰਜਾਤੀਆਂ ਆਪਣੀਆਂ ਜ਼ਰੂਰਤਾਂ ਲਈ ਜਲਗਾਹਾਂ 'ਤੇ ਹੀ ਨਿਰਭਰ ਹਨ। ਅਮਰੀਕਾ ਦੇ 80 ਫ਼ੀਸਦੀ ਪੰਛੀਆਂ ਦੀ ਆਬਾਦੀ ਨੂੰ ਪ੍ਰਜਣਨ ਲਈ ਜਲਗਾਹਾਂ ਦੀ ਲੋੜ ਰਹਿੰਦੀ ਹੈ।

ਇਹ ਪਸ਼ੂ-ਧਨ ਲਈ ਚਾਰਾ, ਘਾਹ ਦੀਆਂ ਵੱਖ-ਵੱਖ ਕਿਸਮਾਂ, ਸਦਾ ਵਗਦੇ ਪਾਣੀ ਦੀ ਵਿਵਸਥਾ ਪ੍ਰਦਾਨ ਕਰਨ ਤੋਂ ਇਲਾਵਾ ਭੋਜਨ ਲੜੀ ਦੇ ਨੱੈਟਵਰਕ ਨੂੰ ਵੀ ਸੁਰੱਖਿਅਤ ਰੱਖਦੀਆਂ ਹਨ। ਇਹ ਪਕਾਉਣ ਲਈ ਬਾਲਣ, ਛੱਪਰਾਂ ਲਈ ਘਾਹ-ਫੂਸ, ਕਾਗ਼ਜ਼, ਕੱਪੜਿਆਂ ਲਈ ਧਾਗੇ, ਇਮਾਰਤੀ ਲੱਕੜ, ਦਰੱਖ਼ਤਾਂ ਦੀਆਂ ਛਾਲ਼ਾਂ, ਜੜ੍ਹਾਂ, ਪੱਤਿਆਂ, ਫਲਾਂ ਤੋਂ ਦਵਾਈਆਂ, ਟੈਨਿਨ/ਡਾਈ ਜਾਂ ਸਿਆਹੀ ਬਣਾਉਣ ਜਾਂ ਚਮੜਾ ਰੰਗਣ ਲਈ ਰੁੱਖਾਂ ਦੇ ਸੱਕ ਆਦਿ ਤਕ ਵੀ ਪ੍ਰਦਾਨ ਕਰਦੀਆਂ ਹਨ।

ਜਿੱਥੇ ਇਨ੍ਹਾਂ ਦਾ ਧਾਰਮਿਕ ਮਹੱਤਵ ਹੈ, ਉੱਥੇ ਇਹ ਮਨੋਰੰਜਨ ਦਾ ਵੀ ਭਰਪੂਰ ਖ਼ਜ਼ਾਨਾ ਹਨ। ਇਨ੍ਹਾਂ ਦੀ ਦਿਲ-ਖਿੱਚਵੀਂ ਸੁੰਦਰਤਾ ਅਤੇ ਖ਼ੂਬਸੂਰਤ ਲੈਂਡਸਕੇਪਿੰਗ ਹਰ ਇਕ ਨੂੰ ਟੁੰਭਦੀ ਹੈ। ਇਥੇ ਪਿਕਨਿਕ, ਨੇਚਰ-ਵਾਕ, ਬਰਡਿੰਗ, ਫਿਸ਼ਿੰਗ, ਸੇਲਿੰਗ, ਫੋਟੋਗ੍ਰਾਫੀ ਆਦਿ ਹੋਰ ਕਈ ਤਰੀਕਿਆਂ ਨਾਲ ਮਨੋਰੰਜਨ ਕੀਤਾ ਜਾ ਸਕਦਾ ਹੈ।

ਜਲਗਾਹਾਂ ਲਈ ਚੁਣੌਤੀਆਂ

1970 ਵਿਚ ਵਰਲਡ ਵਾਈਡ ਫੰਡ ਨੇ ਸੁਝਾਅ ਦਿੱਤਾ ਕਿ ਵਿਸ਼ਵ ਭਰ ਵਿਚ ਤਾਜ਼ੇ ਪਾਣੀ ਦੀਆਂ ਜਾਤੀਆਂ ਦੀ ਆਬਾਦੀ ਪਹਿਲਾਂ ਨਾਲੋਂ ਅੱਧੀ ਰਹਿ ਚੁੱਕੀ ਹੈ, ਜਦਕਿ ਇੰਨੇ ਸਮੇਂ ਵਿਚ ਹੀ ਜਲ-ਜੀਵ ਜਾਤੀਆਂ ਵਿਚ 30 ਫ਼ੀਸਦੀ ਅਤੇ ਜੰਗਲੀ ਜੀਵਾਂ ਵਿਚ 10 ਫ਼ੀਸਦੀ ਗਿਰਾਵਟ ਵੇਖੀ ਗਈ ਹੈ। ਬੀਤੇ ਕਈ ਦਹਾਕਿਆਂ ਤੋਂ ਧਰਤੀ 'ਤੇ ਨਿਵਾਸ ਕਰਨ ਵਾਲੀ ਪਰਿਸਥਿਤਿਕ ਪ੍ਰਬੰਧ ਦੀ ਜੈਵਿਕ ਵਿਭਿੰਨਤਾ ਲਗਾਤਾਰ ਉਥਲ-ਪੁਥਲਕਾਰੀ ਗਿਰਾਵਟ ਦਾ ਸ਼ਿਕਾਰ ਹੋ ਰਹੀ ਹੈ। 25,000 ਵਿੱਚੋਂ 10,000 ਮੱਛੀਆਂ ਦੀਆਂ ਪ੍ਰਜਾਤੀਆਂ ਤਾਜ਼ੇ ਪਾਣੀ ਵਿਚ ਰਹਿੰਦੀਆਂ ਹਨ, ਧਰਾਤਲ ਦੇ ਬਰਫ਼ ਤੋਂਦਿਆਂ ਅਤੇ ਅੰਡਰਗਰਾਊਂਡ ਪਾਣੀ ਨੂੰ ਛੱਡ ਵੀ ਦੇਈਏ, ਤਾਂ ਵਿਸ਼ਵ ਦੇ ਕੁੱਲ 40 ਫ਼ੀਸਦੀ ਪਾਣੀ ਵਿੱਚੋਂ ਕੇਵਲ 2.5 ਫ਼ੀਸਦੀ ਹੀ ਤਾਜ਼ਾ ਪਾਣੀ ਹੈ ਅਤੇ ਤਾਜ਼ੇ ਪਾਣੀ ਦੇ ਸੋਮੇ ਕੇਵਲ ਜਲਗਾਹਾਂ, ਨਦੀਆਂ ਅਤੇ ਝੀਲਾਂ ਹੀ ਹਨ। 60 ਲੱਖ ਵਰਗ ਕਿਲੋਮੀਟਰ ਤਕ ਫੈਲਿਆ, ਅਮੇਜ਼ਨ ਬੇਸਨ ਦੁਨੀਆ ਦਾ ਸਭ ਤੋਂ ਵੱਡਾ ਤਾਜ਼ਾ ਪਾਣੀ ਈਕੋਸਿਸਟਮ ਹੈ ਅਤੇ ਸਭ ਤੋਂ ਪੁਰਾਣੀ, ਡੂੰਘੀ ਅਤੇ ਵੱਡੀ ਤਾਜ਼ਾ ਪਾਣੀ ਝੀਲ ਰੂਸ ਦੀ ਬੈਕਾਲ ਝੀਲ ਹੈ, ਜੋ ਕਿ ਜਲ ਜੀਵਾਂ ਦੀਆਂ ਕਈ ਪ੍ਰਜਾਤੀਆਂ ਨਾਲ ਭਰਪੂਰ ਹੈ। ਇਸ ਦੀਆਂ ਕੁੱਲ 1825 ਵਿਚੋਂ 982 ਜਾਤੀਆਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ ਜੋ ਦੁਨੀਆਂ ਵਿਚ ਕਿਧਰੇ ਵੀ ਨਹੀਂ ਮੌਜੂਦ ਹਨ। ਦੁਨੀਆ ਦੇ 20 ਦੇਸ਼ਾਂ ਵਿਚ ਮੱਛੀਆਂ ਦੀਆਂ 20 ਫ਼ੀਸਦੀ ਜਾਤੀਆਂ ਖ਼ਤਮ ਹੋਣ ਦੀ ਕਗਾਰ 'ਤੇ ਹਨ।

ਇਕ ਅੰਦਾਜ਼ੇ ਅਨੁਸਾਰ, ਸਮੁੰਦਰੀ ਕੱਛੂਕੁੰਮਿਆਂ ਦੀਆਂ ਜਾਤੀਆਂ ਵਿੱਚੋਂ 35 ਫ਼ੀਸਦੀ ਖ਼ਤਰੇ 'ਚ ਹਨ, ਅਨੁਪਾਤਨ ਬਹੁਤ ਥੋੜ੍ਹੇ ਪੰਛੀ ਅਤੇ ਥਣਧਾਰੀ ਜੀਵਾਂ ਦੀ ਹੋਂਦ ਖ਼ਤਰੇ 'ਚ ਹੈ, ਕਿਉਂਕਿ ਉਹ ਆਸਾਨੀ ਨਾਲ ਇਕ ਜਲਗਾਹ, ਝੀਲ ਜਾਂ ਬੇਸਿਨ ਤੋਂ ਦੂਜੇ ਵਿਚ ਚਲੇ ਜਾਂਦੇ ਹਨ, ਪਰ ਇੰਝ ਕਰਨਾ ਉਨ੍ਹਾਂ ਜਾਤੀਆਂ ਲਈ ਸੰਭਵ ਨਹੀਂ ਜੋ ਪੂਰੀ ਤਰ੍ਹਾਂ ਜਲੀਯ ਜੀਵ ਹਨ। ਸਮੁੰਦਰਾਂ, ਨਦੀਆਂ ਵਿਚ ਪ੍ਰਦੂਸ਼ਣ, ਸ਼ਿਕਾਰ ਅਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਡੌਲਫਿਨਾਂ ਦੀ ਆਬਾਦੀ ਦਾ ਕੇਵਲ ਦਸਵਾਂ ਭਾਗ ਬਚਿਆ ਹੈ ਜੋ ਕਿ 1950 ਵਿਚ ਲਗਭਗ 6000 ਦੀ ਸੰਖਿਆ ਵਿਚ ਸਨ। ਇਸੇ ਤਰ੍ਹਾਂ ਬੀਤੇ 100 ਸਾਲਾਂ ਵਿਚ ਚੀਨ ਦੀ ਯੈਂਗਜ਼ੇ ਝੀਲ ਵਿਚ 91 ਮੱਛੀਆਂ ਦੀਆਂ ਜਾਤੀਆਂ ਅਤੇ ਕੈਨੇਡਾ ਦੀ ਵਿਕਟੋਰੀਆ ਝੀਲ ਵਿਚ 11 ਜਾਤੀਆਂ ਨੂੰ ਹੁਣ ਕੇਵਲ ਤਸਵੀਰਾਂ ਵਿਚ ਹੀ ਦੇਖਿਆ ਜਾ ਸਕਦਾ ਹੈ। 1900 ਤਕ 64 ਫ਼ੀਸਦੀ ਜਲਗਾਹਾਂ ਦੀ ਹੋਂਦ ਸਮਾਪਤ ਹੋ ਚੁੱਕੀ ਸੀ। ਅਮਰੀਕਾ ਵਿਚ 50 ਫ਼ੀਸਦੀ ਜਲਗਾਹਾਂ ਡਰੇਨੇਜ ਅਤੇ ਖੇਤੀਯੋਗ ਭੂਮੀ ਵਿਚ ਤਬਦੀਲ ਹੋ ਚੁੱਕੀਆਂ ਹਨ। ਰਾਸ਼ਟਰੀ ਜਲਗਾਹ ਐਟਲਸ ਅਨੁਸਾਰ ਭਾਰਤ ਵਿਚ 1,52,60,000 ਹੈਕਟੇਅਰ ਭੂਮੀ ਜਲਗਾਹਾਂ ਨਾਲ ਢਕੀ ਹੋਈ ਹੈ। ਇਥੇ ਅੰਤਰਰਾਸ਼ਟਰੀ ਮਹੱਤਤਾ ਦੀਆਂ ਲਗਪਗ 26 ਜਲਗਾਹਾਂ ਮੌਜੂਦ ਹਨ ਜੋ ਕਿ ਰਾਮਸਰ ਸੰਧੀ ਅਨੁਸਾਰ ਪਰਿਭਾਸ਼ਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਡੱਲ ਝੀਲ, ਵੁੱਲਰ ਝੀਲ, ਹਰੀਕੇ ਝੀਲ, ਸੁੰਦਰਬਨ ਅਤੇ ਚਿਲਕਾ ਝੀਲ ਆਦਿ ਇਸ ਸਮੇਂ ਖ਼ਤਰੇ 'ਚ ਹਨ।

ਧਰਤੀ ਦੇ ਗੁਰਦੇ ਕਹਾਏ ਜਾਣ ਵਾਲੀਆਂ ਇਨ੍ਹਾਂ ਜਲਗਾਹਾਂ ਦੀ ਖ਼ਤਰਨਾਕ ਸਥਿਤੀ ਦਾ ਅਹਿਸਾਸ ਪਹਿਲੀ ਵਾਰ 1971 ਵਿਚ ਹੋਇਆ ਜਦੋਂ ਰਾਮਸਰ, ਇਰਾਨ ਵਿਖੇ ਕੈਸਪੀਅਨ ਸਾਗਰ ਦੇ ਕੰਢੇ 'ਤੇ 2 ਫਰਵਰੀ ਨੂੰ ਵਿਸ਼ਵ ਦੀਆਂ ਜਲਗਾਹਾਂ ਦੇ ਮਹੱਤਵ ਨੂੰ ਸਮਝਦਿਆਂ ਯੂਨੈਸਕੋ ਨੇ ਕੁੱਲ ਦੁਨੀਆ ਦੀਆਂ 2331 ਜਲਗਾਹਾਂ ਨੂੰ ਬਚਾਉਣ ਅਤੇ ਸਾਂਭ ਸੰਭਾਲ ਦੀ ਕਵਾਇਦ ਅੰਤਰਰਾਸ਼ਟਰੀ ਪੱਧਰ 'ਤੇ ਆਰੰਭ ਕੀਤੀ ਅਤੇ ਇਸ ਸੰਧੀ 'ਤੇ ਵਿਸ਼ਵ ਦੇ 170 ਦੇਸ਼ਾਂ ਵੱਲੋਂ ਹਸਤਾਖਰ ਕੀਤੇ ਗਏ। ਰਾਮਸਰ ਸੰਮੇਲਨ ਦੀ ਅਕਤੂਬਰ 2018 ਦੀ ਇਕ ਗਲੋਬਲ ਰਿਪੋਰਟ ਅਨੁਸਾਰ ਇਹ ਪਾਇਆ ਗਿਆ ਹੈ ਕਿ ਵਿਸ਼ਵ ਭਰ ਵਿਚ ਪੌਦਿਆਂ ਅਤੇ ਜੀਵ-ਜੰਤੂਆਂ ਦੀਆਂ ਕੁੱਲ 19,500 ਜਾਤੀਆਂ ਪੂਰੀ ਤਰ੍ਹਾਂ ਜਲਗਾਹਾਂ 'ਤੇ ਨਿਰਭਰ ਹਨ। ਇਸ ਵਿਸ਼ੇ ਪ੍ਰਤੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਇਸ ਦਿਨ ਨੂੰ ਵਿਸ਼ਵ ਭਰ ਵਿਚ 'ਜਲਗਾਹ ਦਿਵਸ' ਵੱਜੋਂ ਮਨਾਇਆ ਜਾਣ ਲੱਗਿਆ।

ਮਾਣੋ ਕੁਦਰਤ ਦਾ ਸੰਗ

ਅੱਜ ਵਿਗਿਆਨ ਨੇ ਇਹ ਸਿੱਧ ਕਰ ਦਿਖਾਇਆ ਹੈ ਕਿ ਅਸੀਂ ਕੁਦਰਤ ਦਾ ਸੰਗ ਜਿੰਨਾ ਵੱਧ ਮਾਣਾਂਗੇ, ਓਨੇ ਵੱਧ ਤੰਦਰੁਸਤ ਅਤੇ ਖ਼ੁਸ਼ਹਾਲ ਰਹਾਂਗੇ। ਜਦੋਂ ਸਮਾਂ ਲੱਗੇ, ਪਰਵਾਸੀ ਪੰਛੀਆਂ ਦੇ ਰੈਣਬਸੇਰੇ-ਇਨ੍ਹਾਂ ਖੂਬਸੂਰਤ ਜਲਗਾਹਾਂ 'ਵੈਟਲੈਂਡਜ਼-ਬਰਡਿੰਗ-ਟੂਰ' 'ਤੇ ਜ਼ਰੂਰ ਜਾਓ। ਪੂਰੀ ਤਰ੍ਹਾਂ ਨਾਲ ਯੋਜਨਾਬੱਧ ਹੋ ਕੇ ਅਤੇ ਉਸ ਜਲਗਾਹ ਬਾਰੇ ਖੋਜਬੀਨ ਕਰ ਕੇ ਹੀ ਟੂਰ ਕਰਨ ਦਾ ਫ਼ਾਇਦਾ ਹੈ। ਫਿੱਕੇ ਰੰਗ ਦੇ ਕੱਪੜੇ ਪਾਓ ਤਾਂ ਜੋ ਕੁਦਰਤ ਦੀ ਬੈਕਗਰਾਊਂਡ ਵਿਚ ਹੀ ਇਕਮਿੱਕ ਹੋ ਜਾਓ ਅਤੇ ਆਪਣੇ ਨਾਲ ਦੂਰਬੀਨਾਂ, ਕੈਮਰੇ, ਐਨਕਾਂ, ਰਬੜ ਬੂਟ, ਕਾਪੀ-ਪੈਨ ਆਦਿ ਲੈ ਕੇ ਜਾਓ ਤਾਂ ਜੋ ਘੱਟ ਰੋਸ਼ਨੀ ਪਸੰਦ ਜੀਵਾਂ ਨੂੰ ਅਤੇ ਦੁਰਾਡੇ ਵਸਣ ਵਾਲੇ ਪੰਛੀਆਂ ਦਾ ਵੀ ਧਿਆਨ ਨਾਲ ਅਧਿਐਨ ਕਰ ਸਕੋ ਅਤੇ ਆਪਣੇ ਟੂਰ ਨੂੰ ਵੱਧ ਰੋਚਕ ਅਤੇ ਰਚਨਾਤਮਿਕ ਬਣਾ ਸਕੋ। ਜੇ ਸੰਭਵ ਹੋਵੇ ਤਾਂ ਫੀਲਡ ਗਾਈਡ ਵੀ ਨਾਲ ਜ਼ਰੂਰ ਲਓ, ਜੋ ਕਿ ਉਥੇ ਪਹੁੰਚੇ ਪੰਛੀਆਂ ਅਤੇ ਉਨ੍ਹਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਅਤੇ ਸਹੀ-ਸਹੀ ਜਾਣਕਾਰੀ ਹਾਸਿਲ ਕਰ ਸਕੀਏ। ਇਸ ਤਰ੍ਹਾਂ ਅਸੀਂ ਜਲਗਾਹਾਂ ਦੀ ਸਾਂਭ ਸੰਭਾਲ ਅਤੇ ਇਨ੍ਹਾਂ ਨੂੰ ਬਚਾਉਣ ਬਾਰੇ ਆਪ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਦੇ ਸਮਰੱਥ ਹੋ ਸਕਦੇ ਹਾਂ। ਐਨਵਾਇਰਨਮੈਂਟਲ ਪ੍ਰ੍ਰੋਟੈਕਸ਼ਨ ਏਜੰਸੀ (ਈਪੀਏ) ਆਪਣੀ ਵੈਬਸਾਈਟ 'ਤੇ ਜਲਗਾਹਾਂ ਦੀ ਉਚਿਤ ਦੇਖਭਾਲ ਲਈ ਜਿੱਥੇ ਆਨਲਾਈਨ ਸਾਹਿਤ ਪ੍ਰਦਾਨ ਕਰਦੀ ਹੈ, ਉੱਥੇ ਲੋੜ ਅਨੁਸਾਰ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਉਂਦੀ ਹੈ। ਲੋਕ ਆਪਣੀ ਦਾਨ ਰਾਸ਼ੀ ਨਾਲ ਵੀ ਅੱਗੇ ਆ ਸਕਦੇ ਹਨ। ਸਕੂਲ ਪੱਧਰ 'ਤੇ ਵੀ ਵਾਤਾਵਰਨ ਵਿਸ਼ੇ ਦੇ ਅੰਤਰਗਤ ਜਲਗਾਹਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ।

ਸੋ, ਜੇ ਅਸੀਂ ਕੁਦਰਤੀ ਆਫਤਾਂ-ਹੜ੍ਹ, ਸੋਕਾ, ਜਲ ਪ੍ਰਦੂਸ਼ਣ, ਆਲਮੀ ਤਪਸ਼ ਦੇ ਦੁਸ਼ਪ੍ਰਭਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਤਾਂ ਜੀਵਨ ਵਿਚ ਹਰ ਕਦਮ ਵਾਤਾਵਰਨ ਪੱਖੀ ਹੋਵੇ, ਤਾਜ਼ਾ ਪਾਣੀ, ਜੋ ਕਿ ਜਲਗਾਹਾਂ ਦੀ ਹੀ ਦੇਣ ਹੈ, ਦੀ ਇਕ-ਇਕ ਬੂੰਦ ਦੀ ਕੀਮਤ ਪਛਾਣੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਜਲਗਾਹਾਂ ਦੇ ਸੁੱਖਾਂ ਅਤੇ ਸੁੰਦਰਤਾ ਦਾ ਆਨੰਦ ਮਾਣ ਸਕਣ ਨਹੀਂ ਤਾਂ ਜੀਅ-ਜੰਤ, ਕੇਵਲ ਐਕੂਏਰੀਅਮ ਵਿਚ ਕੈਦ ਜਾਂ ਤਸਵੀਰਾਂ ਵਿਚ ਹੀ ਮਿਲਿਆ ਕਰਨਗੇ।

Posted By: Harjinder Sodhi