ਪਿਛਲੇ ਮਹੀਨੇ 1971 ਦੀ ਭਾਰਤ-ਪਾਕਿ ਜੰਗ ਨੂੰ 50 ਸਾਲ ਪੂਰੇ ਹੋਏ ਹਨ। ਜਹਾਜ਼ੀ ਜੀਵਨ ਵੱਲ ਮੁੜਨ ਤੋਂ ਪਹਿਲਾਂ ਮੈਂ ਇਸੇ ਜੰਗ ਨਾਲ ਸਬੰਧਤ ਇਕ ਹੋਰ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਇਹ ਅਕਤੂਬਰ-ਨਵੰਬਰ-ਦਸੰਬਰ 1971 ਦੀ ਗੱਲ ਹੈ। ਹੁਣ ਜੋ ਬੰਗਲਾ ਦੇਸ਼ ਹੈ, ਉਸ ਵਕਤ ਇਹ ਪੂਰਬੀ ਪਾਕਿਸਤਾਨ ਸੀ। ਪੂਰਬੀ ਪਾਕਿਸਤਾਨ ਪੂਰੇ ਦਾ ਪੂਰਾ ਬੰਗਾਲੀ ਹੋਣ ਕਰਕੇ, ਉਸ ਵੇਲੇ ਦੇ ਪੱਛਮੀ ਪਾਕਿਸਤਾਨ (ਹੁਣ ਵਾਲਾ ਪਾਕਿਸਤਾਨ) ਤੋਂ ਆਜ਼ਾਦੀ ਚਾਹੁੰਦਾ ਸੀ। ਇਸ ਵਜ੍ਹਾ ਕਰਕੇ ਪਾਕਿਸਤਾਨੀ ਫ਼ੌਜ ਤੇ ਮੁਕਤੀ-ਵਾਹਿਨੀ ਵਿਚਕਾਰ ਘਰੇਲੂ ਯੁੱਧ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ। ਮੁਕਤੀ ਵਾਹਿਨੀ ਉਨ੍ਹਾਂ ਨੌਜਵਾਨ ਬੰਗਲਾਦੇਸ਼ੀ ਯੋਧਿਆਂ ਦੀ ਲੜਾਕੂ ਫੋਰਸ ਸੀ, ਜੋ ਬੰਗਲਾ ਦੇਸ਼ ਨੂੰ ਪਾਕਿਸਤਾਨੀ ਫ਼ੌਜ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ। ਪਾਕਿਸਤਾਨੀ ਫ਼ੌਜ ਦਾ ਜ਼ੁਲਮ ਬਹੁਤ ਵੱਧ ਗਿਆ। ਫ਼ੌਜੀਆਂ ਦੇ ਜ਼ੁਲਮ ਦੇ ਸਤਾਏ ਹਜ਼ਾਰਾਂ ਬੰਗਾਲੀਦੇਸ਼ੀ ਇੰਡੀਆ ਦੇ ਸ਼ਹਿਰਾਂ ਵੱਲ ਭੱਜਣ ਲੱਗੇ। ਕਲਕੱਤਾ ਤੇ ਹੋਰ ਸ਼ਹਿਰਾਂ ਵਿਚ ਸ਼ਰਨਾਰਥੀ ਸੰਕਟ ਬਣ ਗਿਆ। ਇਹ ਸ਼ਰਨਾਰਥੀ ਸੰਕਟ ਅੱਗੇ ਜਾ ਕੇ ਜੰਗ ਦਾ ਕਾਰਨ ਵੀ ਬਣਿਆ। ਇਸੇ ਦੌਰਾਨ ਇੰਡੀਆ ਤੇ ਇੰਡੀਅਨ ਆਰਮੀ, ਮੁਕਤੀ ਵਾਹਿਨੀ ਦੀ ਮਦਦ ਕਰਨ ਲੱਗੀਆਂ। ਫਿਰ 3 ਦਸੰਬਰ ਤੋਂ 16 ਦਸੰਬਰ 1971 ਤਕ ਇਕ ਫ਼ੈਸਲਾਕੁਨ ਜੰਗ ਹੋਈ, ਜਿਸ ਵਿੱਚ ਪਾਕਿਸਤਾਨ ਦੀ ਬੁਰੀ ਤਰਾਂ ਹਾਰ ਹੋਈ। ਪੂਰਬੀ ਪਾਕਿਸਤਾਨ ਵਿਚਲੀ ਸਾਰੀ ਫੌਜ ਆਪਣੇ ਹਥਿਆਰ ਸੁੱਟ ਕੇ ਭਾਰਤੀ ਫੌਜ ਅੱਗੇ ਸਿਰੰਡਰ ਕਰ ਗਈ। ਇਸ ਜੰਗ ਦਾ ਨਤੀਜਾ ਇਹ ਹੋਇਆ ਕਿ ਪੂਰਬੀ-ਪਾਕਿਸਤਾਨ ਦੀ ਹੋਂਦ ਖਤਮ ਹੋ ਗਈ, ਤੇ ਬੰਗਲਾ ਦੇਸ਼ ਨਾਮ ਦਾ ਇੱਕ ਅਜ਼ਾਦ ਮੁਲਕ ਹੋਂਦ ਵਿੱਚ ਆ ਗਿਆ। ਇਹ ਗੱਲ ਹੁਣ ਲੱਗਭਗ ਹਰੇਕ ਨੂੰ ਪਤਾ ਹੈ।

ਉਸ ਜੰਗ ਵਿਚ ਅਮਰੀਕਾ ਖੁੱਲੇ ਤੌਰ ’ਤੇ ਪਾਕਿਸਤਾਨ ਦੀ ਮਦਦ ਕਰ ਰਿਹਾ ਸੀ। ਅਮਰੀਕਾ ਦਾ ਸੱਤਵਾਂ ਸਮੁੰਦਰੀ ਬੇੜਾ ਉਸ ਵਕਤ ਹਿੰਦ ਮਹਾਂਸਾਗਰ ਵਿਚ ਦੀਗੋ-ਗਾਰਸ਼ੀਆ ਦੀ ਬੰਦਰਗਾਹ ਵਿਚ ਤਿਆਰ ਖੜ੍ਹਾ ਸੀ। ਪਾਕਿਸਤਾਨ ਨੂੰ ਉਮੀਦ ਤੇ ਭਰੋਸਾ ਸੀ ਕਿ ਅਮਰੀਕਾ ਦਾ ਇਹ ਬੇੜਾ ਸਾਡੀ ਹੀ ਮਦਦ ਲਈ ਹੈ।

ਭਾਰਤੀ ਜਲ ਸੈਨਾ ਦਾ ਇਕ ਜੰਗੀ ਬੇੜਾ ਅਰਬ-ਸਾਗਰ ਵਿਚ ਤੇ ਦੂਸਰਾ ਜੰਗੀ ਬੇੜਾ ਬੰਗਾਲ ਦੀ ਖਾੜੀ ਵਿਚ। ਅੰਡੇਮਾਨ ਨਿਕੋਬਾਰ ਟਾਪੂਆਂ ਵਿਚ ਉਸ ਵਕਤ ਭਾਰਤੀ ਜਲ ਸੈਨਾ ਦੇ ਛੋਟੇ ਜਹਾਜ਼ ਸਨ, ਜੋ ਉਨ੍ਹਾਂ ਟਾਪੂਆਂ ਦੀ ਨਿਗਰਾਨੀ ਕਰ ਰਹੇ ਸਨ। ਉਸ ਵੇਲੇ ਮੈਂ ਅੰਡੇਮਾਨ ਨਿਕੋਬਾਰ ਟਾਪੂਆਂ ’ਤੇ ਡਿਊਟੀ ਵਿਚ ਸੀ। ਜੰਗ ਸ਼ੁਰੂ ਹੋਣ ਤੇ ਅਸੀਂ ਉਨ੍ਹਾਂ ਛੋਟੇ ਜਹਾਜ਼ਾਂ ਵਿਚ ਜਾਣ ਲੱਗੇ, ਜਿਨ੍ਹਾਂ ਦੇ ਅੱਗੇ ਤੇ ਪਿੱਛੇ ਛੋਟੀਆਂ ਗੰਨਾਂ ਫਿੱਟ ਸਨ। ਇਨ੍ਹਾਂ ਛੋਟੇ ਜਹਾਜ਼ਾਂ ਨੂੰ ‘ਗੰਨ ਬੋਟ’ ਵੀ ਕਹਿ ਦਿੰਦੇ ਸਨ। ਇਹ ਗੰਨਾਂ ਹਰ ਤਰ੍ਹਾਂ ਦੀਆਂ ਕਿਸ਼ਤੀਆਂ, ਵਪਾਰਕ ਜਹਾਜ਼ਾਂ ਤੇ ਨੀਵੇ ਉੱਡ ਰਹੇ ਹਵਾਈ ਜਹਾਜ਼ ਤੇ ਫਾਇਰ ਕਰਨ ਦੇ ਕਾਬਲ ਸਨ। ਜੰਗ ਦੌਰਾਨ ਅਸੀਂ ਪੋਰਟ-ਬਲੇਅਰ ਤੇ ਆਲੇ ਦੁਆਲੇ ਦੇ ਟਾਪੂਆਂ ਨਾਲ ਲੱਗਦੇ ਸਮੁੰਦਰ ਵਿਚ ਘੁੰਮ ਕੇ ਤੱਟ ਦੀ ਨਿਗਰਾਨੀ ਕਰਦੇ।

ਦਿਨ ਰਾਤ ਅਗਲੀਆਂ ਪਿਛਲੀਆਂ ਗੰਨਾਂ ਤੇ ਆਦਮੀ ਤੈਨਾਤ ਰਹਿੰਦੇ ਤੇ ਨਾਲ ਗੰਨ-ਬੋਟ ਦੇ ਦੋਵੇਂ ਪਾਸਿਆ ਤੇ ਵੀ ਕਈ-ਕਈ ਬੰਦੇ ਰਾਈਫਲਾਂ ਤੇ ਸਟੇਨ-ਗੰਨਾਂ ਲੈ ਕੇ ਡਿਊਟੀ ਕਰਦੇ। ਬਰਿਜ਼ ਅਤੇ ਇੰਜਨ-ਰੂਮ ’ਚ ਡਿਊਟੀ ਚੱਲਦੀ ਰਹਿੰਦੀ। ਇਨ੍ਹਾਂ ਗੰਨ-ਬੋਟਾਂ ਨੇ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਹੁੰਦਾ ਕਿ ਬਾਹਰੋਂ ਕਿਸ਼ਤੀਆਂ ਰਾਹੀਂ, ਕਿਸੇ ਜਹਾਜ਼ ਰਾਹੀਂ, ਗੋਤਾਖੋਰ ਬਣਕੇ, ਕਿਸੇ ਹੋਰ ਚੀਜ਼ ਦਾ ਓਹਲਾ ਜਾਂ ਸਹਾਰਾ ਲੈ ਕੇ, ਜਾਂ ਕੋਈ ਵੀ ਹੀਲਾ ਵਰਤ ਕੇ, ਕੋਈ ਸ਼ੱਕੀ ਕਿਸ਼ਤੀ, ਸ਼ੱਕੀ ਜਹਾਜ਼, ਜਾਂ ਬੰਦਿਆਂ ਦਾ ਕੋਈ ਗਰੁੱਪ ਪੋਰਟ-ਬਲੇਅਰ ਜਾਂ ਹੋਰ ਟਾਪੂ ਦੇ ਕਿਸੇ ਤੱਟ ਤੇ ਲੈਂਡ ਨਾ ਕਰ ਜਾਵੇ।

ਜੰਗ ਦੌਰਾਨ ਅੰਡੇਮਾਨ ਵਿੱਚ ਇਹ ਖ਼ਬਰ/ਅਫਵਾਹ ਫੈਲ ਗਈ ਕਿ ਅਮਰੀਕਾ ਦਾ ਸੱਤਵਾਂ ਬੇੜਾ ਪਾਕਿਸਤਾਨ ਦੀ ਮਦਦ ਲਈ ਬੰਗਲਾ ਦੇਸ਼ ਵੱਲ ਚੱਲ ਪਿਆ ਹੈ। ਅੰਡੇਮਾਨ ਜਲ ਸੈਨਾ ਦੀਆਂ ਬੈਰਕਾਂ ਤੇ ਜਹਾਜ਼ਾਂ ਵਿਚ ਸੱਤਵੇਂ ਬੇੜੇ ਦੀ ਜੰਗੀ ਤਾਕਤ ਬਾਰੇ ਅੰਦਾਜ਼ੇ ਲੱਗਣ ਲੱਗੇ ਤੇ ਹੋਰ ਕਈ ਗੱਲਾਂ ਹੋਣ ਲੱਗੀਆਂ। ਇਹ ਗੱਲਾਂ ਵੀ ਚੱਲਦੀਆਂ ਕਿ ਜੇ ਅਮਰੀਕਾ ਨੇ ਸਿੱਧੇ ਤੌਰ ’ਤੇ ਜੰਗ ਵਿਚ ਕੁੱਦਣਾ ਹੈ, ਤਾਂ ਹੋ ਸਕਦੈ ਉਹ ਪਹਿਲਾਂ ਪੋਰਟ-ਬਲੇਅਰ ’ਤੇ ਕਬਜ਼ਾ ਕਰੇ। ਪੋਰਟ-ਬਲੇਅਰ ਅਤੇ ਇਸ ਦੀ ਬੰਦਰਗਾਹ ’ਤੇ ਕਬਜ਼ਾ ਉਸ ਬੇੜੇ ਲਈ ਬਹੁਤ ਲਾਹੇਵੰਦ ਸਾਬਤ ਹੋਣਾ ਸੀ।

ਅਸੀਂ ਹੇਠਲੇ ਰੈਂਕਾਂ ਦੇ ਨੌਸੈਨਿਕ ਸੋਚਦੇ ਕਿ ਜੇ ਅਮਰੀਕਾ ਦਾ ਬੇੜਾ, ਸਿੱਧਾ ਬੰਗਲਾ-ਦੇਸ਼ ਜਾਣ ਦੀ ਬਜਾਏ ਅੰਡੇਮਾਨ ਵੱਲ ਨੂੰ ਹੋ ਗਿਆ ਤਾਂ ਆਪਣਾ ਕੀ ਬਣੂ। ਆਪਣੀਆਂ ਇਹ ਗੰਨ-ਬੋਟਾਂ ਉਸ ਵੱਡੇ ਬੇੜੇ ਮੂਹਰੇ ਕੁਝ ਨਹੀਂ ਕਰ ਸਕਣਗੀਆਂ। ਇਨ੍ਹਾਂ ਗੰਨ ਬੋਟਾਂ ਨੇ ਤਾਂ ਵੱਡੀਆਂ ਤੋਪਾਂ ਦਾ ਇਕ ਗੋਲਾ ਵੀ ਨਹੀਂ ਝੱਲਣਾ। ਆਪਾਂ ਤਾਂ ਸਾਰੇ ਗਏ ਸਮਝੋ। ਇਨ੍ਹਾਂ ਗੱਲਾਂ ਕਰਕੇ ਹੇਠਲੇ ਪੱਧਰ ਦੇ ਨੌ-ਸੈਨਿਕਾਂ ਦੇ ਮਨੋਬਲ ’ਤੇ ਅਸਰ ਸੀ ਤੇ ਕੁਝ ਘਬਰਾਹਟ ਵੀ। ਉਪਰਲੇ ਪੱਧਰ ’ਤੇ ਕੀ ਚੱਲ ਰਿਹਾ ਸੀ ਕੋਈ ਪਤਾ ਨਹੀਂ। ਮੈਂ ਉਹ ਗੱਲਾਂ ਦਾ ਹੀ ਜ਼ਿਕਰ ਕਰ ਰਿਹਾ ਹਾਂ ਜੋ ਅਸੀਂ ਨੌ-ਸੈਨਿਕ ਆਪਸ ਵਿਚ ਕਰਦੇ, ਏਧਰੋਂ-ਓਧਰੋਂ ਸੁਣਦੇ, ਜਾਂ ਕੋਈ ਖ਼ਬਰ ਅਫਵਾਹ ਫੈਲਦੀ।

ਫਿਰ ਜਲਦੀ ਹੀ ਅੰਡੇਮਾਨ ਵਿਚ ਇਕ ਦੂਸਰੀ ਖ਼ਬਰ / ਅਫਵਾਹ ਫੈਲ ਗਈ। ਇਹ ਇਸ ਤਰ੍ਹਾਂ ਸੀ, ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੂਸ ਨਾਲ ਗੱਲ ਕੀਤੀ ਹੈ। ਰਾਤੋ-ਰਾਤ ਸਵਰਨ ਸਿੰਘ, ਉਸ ਟਾਇਮ ਭਾਰਤ ਦਾ ਵਿਦੇਸ਼ ਮੰਤਰੀ, ਮਾਸਕੋ ਪਹੁੰਚ ਗਿਆ ਹੈ। ਰੂਸ ਨੇ ਭਰੋਸਾ ਦੇ ਦਿੱਤਾ ਹੈ ਕਿ ਤੁਸੀਂ ਕੋਈ ਫ਼ਿਕਰ ਨਾ ਕਰੋ। ਸਾਡੀਆਂ ਨਿਊਕਲੀਅਰ ਪਣ-ਡੁਬੀਆਂ ਹਿੰਦ ਮਹਾਂਸਾਗਰ ਵਿਚ ਚੇਨ ਵਿਛਾਈ ਬੈਠੀਆਂ ਹਨ ਤੇ ਅਮਰੀਕਾ ਨੂੰ ਇਸ ਦਾ ਪਤਾ ਹੈ। ਅਮਰੀਕਾ ਦਾ ਇਹ ਬੇੜਾ ਕਦੇ ਵੀ ਅੱਗੇ ਨਹੀਂ ਵਧੇਗਾ, ਪਰ ਤੁਸੀਂ ਜਿੰਨਾ ਜਲਦੀ ਹੋ ਸਕਦਾ ਹੈ ਇਸ ਜੰਗ ਨੂੰ ਖ਼ਤਮ ਕਰੋ।

ਇੰਦਰਾ ਗਾਂਧੀ ਤੇ ਸਵਰਨ ਸਿੰਘ ਦੀ ਮਾਸਕੋ ਫੇਰੀ ਵਾਲੀ ਗੱਲ ਫੈਲਣ ਸਾਰ, ਸਭ ਦਾ ਮਨੋਬਲ ਇਕਦਮ ਬਹੁਤ ਵਧ ਗਿਆ। ਜਿਵੇਂ ਹੁਣ ਸਾਨੂੰ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਾ ਰਹੀ ਹੋਵੇ। ਉਸ ਵਕਤ ਸਾਨੂੰ ਸਭ ਨੂੰ ਐਨਾ ਪਤਾ ਸੀ ਕਿ ਰੂਸ ਬਾਹਰੀ ਤੌਰ ’ਤੇ ਭਾਰਤ ਦੀ ਮਦਦ ਕਰ ਰਿਹਾ ਹੈ। ਪਣਡੁੱਬੀਆਂ ਦੀ ਗੱਲ ਨੇ ਹੋਰ ਹੌਸਲੇ ਵਧਾ ਦਿੱਤੇ। ਇਕ ਗੱਲ ਹੋਰ ਜੋ ਬੜੀ ਪ੍ਰਚੱਲਤ ਸੀ, ਉਸ ਵਕਤ ਰੂਸ ਨੂੰ ਭਾਰਤ ਲਈ ਬਹੁਤ ਭਰੋਸੇਮੰਦ ਸਾਥੀ ਮੰਨਿਆ ਜਾਂਦਾ ਸੀ।

ਜੰਗ ਚੱਲਦੀ ਰਹੀ ਤੇ 16 ਦਸੰਬਰ ਨੂੰ ਖ਼ਤਮ ਵੀ ਹੋ ਗਈ। ਪਾਕਿਸਤਾਨੀ ਫ਼ੌਜ ਦਾ ਕਮਾਂਡਰ, ਲੈਫਟੀਨੈਂਟ ਜਨਰਲ ਨਿਆਜ਼ੀ, ਭਾਰਤੀ ਕਮਾਂਡਰ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕਰ ਗਿਆ। ਉਹ ਜ਼ਮੀਨ, ਸਮੁੰਦਰ ਤੇ ਆਕਾਸ਼, ਤਿੰਨਾਂ ਪਾਸਿਆਂ ਤੋਂ ਘਿਰ ਗਿਆ ਸੀ। ਬੰਗਲਾ ਦੇਸ਼ ਇਕ ਆਜ਼ਾਦ ਮੁਲਕ ਬਣ ਗਿਆ। ਪਰ ਸਾਰੀ ਜੰਗ ਦੌਰਾਨ ਅਮਰੀਕਾ ਦਾ ਇਹ ਸਮੁੰਦਰੀ ਬੇੜਾ, ਅਸਲੀ ਯੁੱਧ-ਫੀਲਡ ਤੋਂ ਦੂਰ ਹੀ ਰਿਹਾ। ਅਸੀਂ ਤਾਂ ਇਹ ਵੀ ਸੁਣਿਆ ਸੀ ਕਿ ਉਹ ਦੀਗੋ-ਗਾਰਸ਼ੀਆ ਤੋਂ ਬਾਹਰ ਤਾਂ ਨਿਕਲਿਆ ਸੀ, ਪਰ ਬੰਦਰਗਾਹ ਦੇ ਬਾਹਰ ਹੀ ਗੇੜਾ ਦੇ ਕੇ ਵਾਪਸ ਚਲਾ ਗਿਆ। ਨਾ ਇਹ ਸੱਤਵਾਂ ਬੇੜਾ ਅੱਗੇ ਵਧਿਆ, ਤੇ ਨਾ ਹੀ ਪਾਕਿਸਤਾਨ ਦੀ ਕੋਈ ਮਦਦ ਕਰ ਸਕਿਆ। ਜੰਗ ਵਿਚ ਕੁੱਦਣਾ ਤਾਂ ਦੂਰ, ਇਹ ਬੇੜਾ ਬੰਗਲਾ ਦੇਸ਼ ਵੱਲ ਵਧ ਕੇ, ਬੰਗਾਲ ਦੀ ਖਾੜੀ ਵਿਚ ਕੋਈ ਭਲਵਾਨੀ ਗੇੜਾ ਵੀ ਨਾ ਦੇ ਸਕਿਆ। ਇਹ ਰੂਸੀ ਪਣਡੁੱਬੀਆਂ ਦਾ ਡਰ ਸੀ ਜਾਂ ਕੋਈ ਹੋਰ ਵਜ੍ਹਾ, ਇਹ ਉਹੀ ਜਾਣਦੇ ਹੋਣਗੇ।

ਬਾਅਦ ਵਿਚ ਅਸੀਂ ਆਪਸ ’ਚ ਗੱਲਾਂ ਵੀ ਕਰਦੇ ਤੇ ਅੰਦਾਜ਼ੇ ਲਾਉਂਦੇ ਕਿ ਜੋ ਖ਼ਬਰਾਂ/ਗੱਲਾਂ/ਅਫਵਾਹਾਂ ਇੱਥੇ ਫੈਲਦੀਆਂ ਸਨ, ਹੋ ਸਕਦੈ ਇਹ ਸਹੀ ਤੇ ਸੱਚੀਆਂ ਹੀ ਹੋਣ। ਕੀ ਪਤੈ ਰੂਸੀ ਪਣਡੁੱਬੀਆਂ ਨੇ, ਅਮਰੀਕੀ ਜੰਗੀ ਬੇੜੇ ਦਾ ਮਨੋਬਲ ਵੀ ਡੇਗ ਦਿੱਤਾ ਹੋਵੇ? ਕਿਸੇ ਵੀ ਜੰਗ ਵਿਚ ਮਨੋਬਲ ਦਾ ਆਪਣਾ ਬੜਾ ਮਹੱਤਵ ਹੈ।

- ਪਰਮਜੀਤ ਮਾਨ

Posted By: Harjinder Sodhi