ਕਈ ਥਾਵਾਂ ਆਪਣੀ ਵੱਖਰੀ ਹੀ ਪਛਾਣ ਬਣਾ ਲੈਂਦੀਆਂ ਹਨ। ਉਨ੍ਹਾਂ ਦਾ ਨਾਂ ਲੈਂਦਿਆਂ ਹੀ ਲੋਕੀ ਕੁਝ ਖ਼ਾਸ ਚੀਜ਼ਾਂ ਬਾਰੇ ਸੋਚਣ ਲੱਗਦੇ ਨੇ। ਜਿਵੇਂ ਸਮੁੰਦਰੀ ਤਟ 'ਤੇ ਵਸੇ ਅਮਰੀਕੀ ਸ਼ਹਿਰ ਮਿਆਮੀ ਦਾ ਨਾਂ ਸੁਣ ਕੇ ਨਸ਼ਾ ਮਾਫੀਆ ਜ਼ਿਹਨ ਵਿਚ ਆਉਂਦਾ ਹੈ, ਉਵੇਂ ਹੀ ਕਸੌਲ ਦੇ ਜ਼ਿਕਰ ਨਾਲ ਹੀ 'ਮਲਾਨਾ ਕਰੀਮ' ਵਰਗੇ ਨਸ਼ਿਆਂ ਦਾ ਜ਼ਿਕਰ ਹੁੰਦਾ ਹੈ। ਕਸੌਲ ਨੂੰ 'ਮਿੰਨੀ ਇਜ਼ਰਾਈਲ' ਵੀ ਕਹਿੰਦੇ ਹਨ, ਕਿਉਂਕਿ ਇੱਥੇ ਬਹੁਤੇ ਵਿਦੇਸ਼ੀ ਸੈਲਾਨੀ ਇਜ਼ਰਾਈਲ ਤੋਂ ਹਨ।

ਕੁੱਲੂ ਤੋਂ ਕੋਈ 40 ਕੁ ਕਿਲੋਮੀਟਰ ਦੂਰੀ 'ਤੇ ਵਸਿਆ ਕਸੌਲ ਮੁੰਡਿਆਂ ਕੁੜੀਆਂ ਨੂੰ ਵਾਹਵਾ ਖਿੱਚਦਾ ਹੈ। ਕਸੌਲ ਇਕ ਕਸਬਾ ਜਿਹਾ ਬਣ ਗਿਆ ਹੈ, ਇੱਥੋਂ ਦੇ ਬਾਜ਼ਾਰ ਵੱਖਰੇ ਤਰ੍ਹਾਂ ਦੇ ਝੱਲਪੁਣੇ ਦੇ ਸ਼ਿਕਾਰ ਹਨ। ਬਾਜ਼ਾਰਾਂ ਵਿਚ ਝੱਲਿਆਂ ਆਲੇ ਕੱਪੜੇ, ਮਾਲਾ, ਖੁੱਲ੍ਹੇ-ਖੁੱਲ੍ਹੇ ਪਜਾਮੇ, ਸੁੱਖੇ ਦੇ ਬੂਟੇ ਤੋਂ ਬਣੇ ਸੇਬਿਆਂ ਵਾਲੇ ਝੋਲੇ ਵਰਗਾ ਹੋਰ ਨਿੱਕ ਸੁੱਕ ਬਹੁਤ ਪਿਆ ਹੈ। ਜੇ ਕਿਸੇ ਨੂੰ ਮੰਡੀ ਦੇ ਦਾਇਰਿਆਂ ਦਾ ਭੋਰਾ ਵੀ ਸੰਸਾ ਹੋਵੇ ਉਹ ਜ਼ਰੂਰ ਕਸੌਲ ਦਾ ਬਾਜ਼ਾਰ ਵੇਖੇ ਫੇਰ ਪਤਾ ਚੱਲੇਗਾ ਕਿ ਮੰਡੀ ਤਾਂ ਤੁਹਾਨੂੰ ਮੰਡੀ ਤੋਂ 'ਦੂਰ ਭੱਜਣ' ਦਾ ਸਾਮਾਨ ਵੀ ਵੇਚ ਸਕਦੀ ਹੈ। ਬਹੁਤੇ ਲੋਕ ਕਸੌਲ 'ਚ ਇਸ ਦੁਨੀਆ ਦੀ ਭੱਜ-ਨੱਠ ਤੋਂ ਬਚਣ ਮਾਰੇ ਜਾਂਦੇ ਨੇ, ਉੱਥੇ ਵਸੇ ਬਹੁਤੇ ਵਿਦੇਸ਼ੀ ਹਿੱਪੀ ਕਿਸਮ ਦੀ ਜੀਵਨ ਜਾਚ ਚੁਣਦੇ ਹਨ। ਸਾਰਾ ਦਿਨ ਨਸ਼ੇ 'ਚ ਰਹਿਣਾ, ਰੂਹਾਨੀ ਜਿਹਾ ਸੰਗੀਤ ਸੁਣਨਾ, ਖੁੱਲ੍ਹੇ-ਖੁੱਲ੍ਹੇ ਕੱਪੜੇ ਪਾਉਣੇ। ਇਹ ਸਾਰੀ ਸੂਫ਼ੀ ਜੀਵਨ ਸ਼ੈਲੀ ਬਾਜ਼ਾਰ ਵਿਰੋਧੀ ਹੈ ਪਰ ਬਾਜ਼ਾਰ ਨੇ 'ਚੀ ਗਵੇਰਾ' ਤਕ ਦਾ ਵਪਾਰ ਕਰ ਮਾਰਿਆ ਇਹ ਤਾਂ ਚੀਜ਼ ਕੀ ਨੇ।

ਖ਼ੈਰ ਗੱਲ ਅੱਗੇ ਤੋਰਦੇ ਹਾਂ। ਕਸੌਲ ਤੋਂ ਪਿੰਡ 'ਛਲਾਲ' ਦਾ ਰਸਤਾ ਹੈ ਜੋ 3-4 ਕੁ ਕਿ.ਮੀ. ਪੈਦਲ ਜਾਣਾ ਪੈਂਦਾ ਹੈ। ਨਦੀ ਦੇ ਕੰਢੇ-ਕੰਢੇ ਜਾਂਦੀ ਇਹ ਪਗਡੰਡੀ ਦਾ ਸਫ਼ਰ ਬੜਾ ਸੁਹਾਵਣਾ ਹੈ। ਨਦੀ ਦੀ ਸ਼ਾਂ-ਸ਼ਾਂ ਥੱਕਣ ਹੀ ਨਹੀਂ ਦਿੰਦੀ। ਬੰਦਾ ਵਹਾਅ ਵੇਖਦਾ ਹੀ ਹਿੰਮਤੀ ਬਣਿਆ ਰਹਿੰਦਾ ਹੈ। ਰਸਤੇ ਵਿਚ ਪਏ ਵੱਡੇ-ਵੱਡੇ ਪੱਥਰ ਇਸ ਗੱਲ ਦੇ ਗਵਾਹ ਨੇ ਕਿ ਕਿਸੇ ਸਮੇਂ ਇਹ ਨਦੀ ਵਾਹਵਾ ਉੱਚੀ ਹੋ ਕੇ ਵਹਿੰਦੀ ਹੋਣੀ ਹੈ ਪਰ ਹੁਣ ਇਹ ਪੱਥਰ ਰਾਹਗੀਰਾਂ ਦੀ ਠਾਹਰ ਬਣਦੇ ਨੇ, ਜਿੱਥੇ ਬਹਿ ਤੁਸੀਂ ਨਦੀ ਦੀਆਂ ਛੱਲਾਂ ਨੂੰ ਬਸ ਉੱਚੀਆਂ ਹੋ ਹੋ ਉੱਡਦੀਆਂ ਵੇਖਦੇ ਹੋ।

ਕਸੌਲ ਤੋਂ ਕਿਸੇ ਵੀ ਪਿੰਡ ਦੇ ਜੰਗਲੀ ਰਸਤੇ ਤੁਰ ਜਾਓ। ਥੋੜ੍ਹੀ ਦੇਰ ਬਾਅਦ ਸਿਗਰਟ ਜਾਂ ਸੁੱਖੇ ਦੀ ਹਮਕ ਆਉਣ ਲੱਗ ਜਾਂਦੀ ਹੈ। ਕਿਸੇ ਮੋੜ 'ਤੇ ਕੋਈ ਨਾ ਕੋਈ ਪੇਪਰ ਰੋਲ ਕਰ ਰਿਹਾ ਹੁੰਦਾ ਹੈ। ਇਸ ਸਫ਼ਰ 'ਤੇ ਮੈਂ ਇਕੱਲਿਆਂ ਗਿਆ ਸੀ। ਇਕੱਲਿਆਂ ਜਾਣ ਵਰਗਾ ਰਸ ਵੀ ਕਿਤੇ ਨਹੀਂ। ਦੋ ਗੱਲਾਂ ਨਵੀਆਂ ਹੁੰਦੀਆਂ। ਇਕ ਤਾਂ ਅਣਜਾਣ ਲੋਕਾਂ ਤੇ ਅਣਜਾਣ ਥਾਵਾਂ ਤੇ ਪ੍ਰਗਟਾਵੇ ਦੀ ਅਸਲ ਆਜ਼ਾਦੀ ਮਿਲਦੀ ਹੈ ਤੇ ਦੂਜਾ ਨਵੇਂ ਲੋਕਾਂ ਨੂੰ ਬੁਲਾਉਣ ਦੇ ਮੌਕੇ ਵਧ ਜਾਂਦੇ ਹਨ। ਛਲਾਲ ਪਿੰਡ ਬਹੁਤੇ ਸੈਲਾਨੀ ਕੈਫ਼ਿਆਂ ਕਰਕੇ ਜਾਂਦੇ ਨੇ, ਜਾਂ ਥੋੜ੍ਹੇ ਤੇ ਸੌਖੇ ਰਾਹ ਦੇ ਸੁੱਖ ਕਰਕੇ। ਵੈਸੇ ਛਲਾਲ ਖਿੱਚ ਪੱਖੋਂ ਵੀ ਕੁਝ ਘੱਟ ਨਹੀਂ ਹੈ।

ਕਸੌਲ ਦੇ ਨੇੜੇ ਕਈ ਪਿੰਡ ਜਾਂ ਥਾਵਾਂ ਨੇ ਜਿਨ੍ਹਾਂ ਦੀ ਆਪਣੀ ਖ਼ਾਸੀਅਤ ਆਪਣੀ ਸੁੰਦਰਤਾ ਹੈ। ਕਸੌਲ ਤੋਂ ਕੋਈ 10-15 ਕਿ.ਮੀ ਦੂਰ ਬਰਸ਼ੈਣੀ ਹੈ। ਬਰਸ਼ੈਣੀ ਲਈ ਬੱਸ ਕਸੌਲ ਤੋਂ ਹੀ ਮਿਲ ਜਾਂਦੀ ਹੈ ਜੋ ਵਾਇਆ ਮਨੀਕਰਣ ਹੋ ਕੇ ਜਾਂਦੀ ਹੈ। ਬਰਸ਼ੈਣੀ ਤੋਂ ਅੱਗੇ ਤੁਰ ਕੇ ਜਾਣ ਲਈ ਦੋ ਥਾਵਾਂ ਮਸ਼ਹੂਰ ਨੇ ਖੀਰਗੰਗਾ ਤੇ ਤੋਸ਼। ਖੀਰਗੰਗਾ ਜਾਣ ਲਈ ਬਰਸ਼ੈਣੀ ਤੋਂ 13-14 ਕਿ.ਮੀ ਦਾ ਪੈਦਲ ਜੰਗਲੀ ਸਫ਼ਰ ਹੈ ਤੇ ਪਹੁੰਚਣ ਲਈ ਕਰੀਬ 6 ਕੁ ਘੰਟੇ ਲੱਗ ਜਾਂਦੇ ਹਨ। ਰਸਤੇ ਪੱਖੋਂ ਤੇ ਮੰਜ਼ਿਲ ਪੱਖੋਂ ਖੀਰਗੰਗਾ ਜਾਣ ਵਰਗਾ ਕੋਈ ਸੁੱਖ ਨਹੀਂ। ਖੀਰਗੰਗਾ ਖੁੱਲ੍ਹਾ ਮੈਦਾਨੀ ਘਾਹ ਤੁਹਾਡਾ ਸਫ਼ਰ ਮੁੱਕਣ 'ਤੇ ਸਵਾਗਤ ਕਰਦਾ ਹੈ। ਪਹੁੰਚਦਿਆਂ ਹੀ ਗਰਮ ਪਾਣੀ ਦਾ ਕੁਦਰਤੀ ਚਸ਼ਮਾ ਹੈ। ਸਾਰੇ ਰਾਹ ਦੀ ਥਕਾਵਟ ਉਤਰ ਜਾਂਦੀ ਏ, ਜਦ ਬੰਦਾ ਮੂੰਹ ਅੱਡ ਕੇ ਗਰਮ ਪਾਣੀ ਆਲੇ ਚੁਬੱਚੇ ਜਿਹੇ 'ਚ ਪੈ ਜਾਂਦਾ ਹੈ। ਖੀਰਗੰਗਾ ਪਹੁੰਚਿਆ ਇਹ ਰਾਹ ਅੱਗੇ 'ਪਿਨ ਘਾਟੀ' ਤੇ ਕਾਜਾ ਤਕ ਵੀ ਜਾਂਦਾ ਹੈ, ਜੋ ਕੁੱਲ 9 ਦਿਨ ਦਾ ਪੈਦਲ ਸਫ਼ਰ ਹੈ। ਖੀਰਗੰਗਾ ਦਾ ਰਾਹ ਛਲਾਲ ਨਾਲੋਂ ਕਿਤੇ ਸੋਹਣਾ ਹੈ ਤੇ ਮੁਸ਼ਕਿਲ ਵੀ। ਜੰਗਲ ਵਿਚ ਦੀ ਲੰਘਦਿਆਂ ਦੋ ਕੁ ਪਿੰਡ ਆਉਂਦੇ ਹਨ। ਉੱਥੋਂ ਦੇ ਘਰਾਂ ਦਾ ਨਕਸ਼ਾ ਅਜਬ ਜਿਹਾ ਹੈ। ਟੱਬਰ ਦੀ ਰਿਹਾਇਸ਼ ਲਈ ਕਮਰੇ ਉੱਪਰ ਬਣੇ ਹੁੰਦੇ ਹਨ ਤੇ ਹੇਠਲੀ ਪੂਰੀ ਮੰਜ਼ਿਲ ਬਾਲਣ ਵਗੈਰਾ ਲਈ ਹੁੰਦੀ ਹੈ। ਇਹ ਲੋਕ ਗਰਮੀਆਂ ਵਿਚ ਬਾਲਣ, ਭੋਜਨ ਇਕੱਠਾ ਕਰਦੇ ਹਨ ਕਿਉਂਕਿ ਸਿਆਲਾਂ 'ਚ ਇਹ ਸਭ ਮਿਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਖੀਰਗੰਗਾ ਵੱਲ ਵਧਦਿਆਂ ਰਾਹ ਵਿਚ ਇਕ ਝਰਨਾ ਪੈਂਦਾ ਹੈ।

ਮੈਂ ਦਿੱਲੀ ਦੇ ਇਕ ਮੁੰਡੇ ਨਾਲ ਖੀਰਗੰਗਾ ਦੇ ਰਾਹ ਦੀਆਂ ਗੱਲਾਂ ਕਰ ਰਿਹਾ ਸੀ, ਤਾਂ ਜਦ ਉਹ ਝਰਨੇ ਦੀ ਗੱਲ ਚੱਲੀ ਤਾਂ ਉਹਦਾ ਛੋਟਾ ਜਿਹਾ ਵਰਨਣ ਉਸ ਝਰਨੇ ਬਾਰੇ ਕਾਫੀ ਸੀ। ਕਹਿੰਦਾ, ਭਾਈ, ਉਸ ਝਰਨੇ ਪਰ ਅਗਰ ਆਪ ਰੁਕ ਗਏ ਤੋ ਸਮਝੋ ਰੁਕ ਹੀ ਜਾਓਗੇ। ਸੱਚੀਓਂ ਉਹ ਝਰਨਾ ਬੜਾ ਸੋਹਣਾ ਹੈ, ਉੱਥੋਂ ਪਾਣੀ ਤਹਿਦਾਰ ਜਿਹੇ ਢੰਗ ਨਾਲ ਆਉਂਦਾ ਹੈ ਤੇ ਜੇ ਤੁਸੀਂ ਉਹਨੂੰ ਦੇਖਣ ਲਈ ਖੜ੍ਹ ਜਾਓਗੇ ਫੇਰ ਦੋ ਘੜੀਆਂ ਬਹਿਣਾ ਹੀ ਚੰਗਾ ਸਮਝੋਗੇ। ਖੀਰਗੰਗਾ ਦਾ ਰਾਹ ਵੀ ਸਾਰਾ ਪਾਰਵਤੀ ਨਦੀ ਦੇ ਨਾਲ-ਨਾਲ ਚੱਲਦਾ ਹੈ ਪਰ ਇਸ ਵਿਚ ਮੁਸ਼ਕਿਲ ਇਹ ਹੈ ਕਿ ਕਈ ਥਾਵਾਂ 'ਤੇ ਬੜਾ ਹੀ ਸੰਭਲ ਕੇ ਜਾਣਾ ਪੈਂਦਾ ਹੈ। ਪਤਲੀ ਪਗਡੰਡੀ ਹੈ ਨਾਲ ਖਾਈ ਹੈ, ਜੇ ਕਿਤੇ ਰੁੱਖ ਡਿੱਗਾ ਹੋਵੇ ਤਾਂ ਹੋਰ ਔਖਾ ਹੋ ਜਾਂਦਾ ਹੈ। ਮੀਂਹਾਂ ਵਿਚ ਰਾਹ 'ਤੇ ਕਈ ਥਾਈਂ ਚਰਗਲ ਜਿਹੀ ਬਣ ਜਾਂਦੀ ਹੈ। ਖੈਰ, ਮੁਸ਼ਕਿਲ ਪੈਂਡੇ ਹੀ ਸੋਹਣੀਆਂ ਮੰਜ਼ਿਲਾਂ ਦੇ ਰਾਹ ਦਰਸਾਵੇਂ ਹੁੰਦੇ ਨੇ।

ਬਰਸ਼ੈਣੀ ਤੋਂ ਜਾਣ ਲਈ ਦੋ ਰਾਹ ਨਿਕਲਦੇ ਇਕ ਤਾਂ ਖੀਰਗੰਗਾ ਵਾਲਾ ਜਿਹੜਾ ਮੈਂ ਦੱਸ ਹੀ ਦਿੱਤਾ, ਇਕ ਰਾਹ ਤੋਸ਼ ਵਲ ਜਾਂਦਾ। ਤੋਸ਼ ਬਰਸ਼ੈਣੀ ਤੋਂ 3 ਕਿ.ਮੀ ਦੂਰ ਹੈ। ਤੋਸ਼ ਤਕ ਉਂਝ ਗੱਡੀਆਂ ਵੀ ਜਾਂਦੀਆਂ ਹਨ। ਸਾਉਣ ਦੇ ਮਹੀਨੇ ਤੋਸ਼ ਨੂੰ ਵੱਖਰਾ ਹੀ ਜੋਬਨ ਚੜ੍ਹਿਆ ਹੁੰਦਾ। ਸਾਰੇ ਰਾਹ ਦੇ ਦੁਆਲੇ ਪੀਲੇ ਫੁੱਲ ਤੁਹਾਡੇ ਮੰਜ਼ਿਲੀ ਚਿੰਨ੍ਹਾਂ ਵਾਂਗ ਲਗਦੇ ਹਨ। ਤੇ ਤੋਸ਼ ਵੜਨ ਸਾਰ ਸਵਾਗਤ ਸੇਬਾਂ ਨਾਲ ਲੱਦੇ ਬੂਟਿਆਂ ਨਾਲ ਹੁੰਦਾ ਹੈ। ਇੱਥੋਂ ਦੇ ਸੇਬ ਕਿਨੌਰ ਨਾਲੋਂ ਬੜੇ ਮਿੱਠੇ ਹੁੰਦੇ ਨੇ। ਤੋਸ਼ ਤੋਂ ਅੱਗੇ ਇਕ ਹੋਰ ਜਗ੍ਹਾ ਹੈ 'ਕਾਟਲੂ' ਉਹ ਵੀ ਬੜੀ ਸੋਹਣੀ ਹੈ। ਮੈਦਾਨੀ ਘਾਹ ਜਿਹਾ ਚਾਰੇ ਪਾਸੇ ਫੈਲਿਆ ਹੈ। ਤੋਸ਼ ਤੋਂ ਕਾਟਲੂ ਦਾ ਜੰਗਲੀ ਰਾਹ 2 ਘੰਟੇ ਦਾ ਹੈ। ਮੈਂ ਤੋਸ਼ ਆਉਣ ਤੋਂ ਪਹਿਲਾਂ ਤਕ ਸੋਚਦਾ ਸੀ ਕਿ ਸੂਰਜ ਚੜ੍ਹਦਾ ਜਾਂ ਅਸਤ ਹੁੰਦਾ ਘਾਟੀਆਂ ਦਾ ਇੰਨਾ ਸੋਹਣਾ ਨਹੀਂ ਹੁੰਦਾ ਜਿਨ੍ਹਾਂ ਚੋਟੀਆਂ ਤੋਂ ਦਿਸਦਾ ਹੈ ਪਰ ਤੋਸ਼ ਦੀ ਸ਼ਾਮ ਵੱਖਰੀ ਹੈ। ਪਾਰਵਤੀ ਘਾਟੀ ਦੇ ਇਸ ਪਿੰਡ ਦੇ ਸਾਹਮਣੇ ਦੋ ਪਹਾੜ ਅੱਗੜ ਪਿੱਛੜ ਹੋਣ ਕਰਕੇ ਦੋ ਨਾਲ-ਨਾਲ ਖੜ੍ਹੇ ਤਿਕੋਣਾਂ ਵਾਂਗ ਦਿਖਦੇ ਹਨ। ਸਾਉਣ ਦੇ ਮਹੀਨੇ ਬੱਦਲਾਂ ਨੇ ਪਹਾੜਾਂ ਦੇ ਸਿਰੇ ਢਕੇ ਹੁੰਦੇ ਨੇ। ਜਦ ਸੂਰਜ ਅਸਤ ਹੁੰਦਾ ਹੈ ਤਾਂ ਜਾਂਦੇ ਸੂਰਜ ਦੀਆਂ ਕਿਰਨਾਂ ਇਕ ਪਹਾੜ ਦੇ ਸਿਰ 'ਤੇ ਪੈਂਦੀਆਂ ਤੇ ਇਕ 'ਤੇ ਨਹੀਂ। ਜਿਸ 'ਤੇ ਪੈ ਜਾਂਦੀਆਂ ਉਸ ਦੇ ਬੱਦਲ ਤਾਂ ਬੇਰੰਗੀ ਭਾਅ ਮਾਰਨ ਲੱਗ ਜਾਂਦੇ ਤੇ ਨਾਲ ਦੇ ਪਹਾੜ ਦੇ ਗਾੜ੍ਹੇ ਦੂਧੀਆ ਰਹਿੰਦੇ। ਇਨ੍ਹਾਂ ਰੰਗਾਂ ਦਾ ਮਿਸ਼ਰਨ ਸੂਰਜ ਦੇ ਕਿਰਨਾਂ ਦੀ ਲੋਅ ਨਾਲ ਮਘਦਾ ਘਟਦਾ ਰਹਿੰਦਾ। ਘਾਟੀਆਂ ਦੀ ਇਹ ਤੋਂ ਸੋਹਣੀ ਸ਼ਾਮ ਮੈਂ ਹੋਰ ਕਿਤੇ ਨਹੀਂ ਵੇਖੀ।

ਤੋਸ਼ 'ਚ ਮੈਂ ਇਕੱਲਾ ਹੋਣ ਕਰਕੇ ਕਮਰਾ ਨਹੀਂ ਲਿਆ। ਕੈਫੇ 'ਚ ਹੀ ਸੌਣ ਦਾ ਭਾੜਾ ਦੇ ਦਿੱਤਾ। ਕੈਫਿਆਂ 'ਚ ਬਹੁਤੇ ਮੁੰਡੇ ਕੁੜੀਆਂ 'ਸਮਾਨ ਲਾਉਣ' (ਉਨ੍ਹਾਂ ਦੀ ਭਾਸ਼ਾ 'ਚ) ਆਉਂਦੇ ਹਨ। ਕੈਫੇ ਦੇ ਧਿਆਨ ਰੱਖਣ ਵਾਲੇ ਮੁੰਡਿਆਂ ਦੀਆਂ ਸ਼ਕਲਾਂ ਤਾਂ ਭਾਰਤੀਆਂ ਦੀਆਂ ਹੀ ਹੁੰਦੀਆਂ ਹਨ, ਪਰ ਉਹ ਆਪਣੀ ਪਛਾਣ ਗੁਪਤ ਰੱਖਣ ਲਈ ਬਹੁਤੀ ਅੰਗਰੇਜ਼ੀ ਹੀ ਬੋਲਦੇ ਹਨ। ਕਿਸੇ ਮੁੰਡੇ ਨੇ ਕੈਫੇ ਵਾਲੇ ਨੂੰ ਆਖਿਆ ਕਿ ਉਹ ਮਾਲ ਪਰਖੇਗਾ ਅਤੇ ਹੇਠਾਂ (ਕਸੌਲ) ਜਾ ਕੇ ਜੇ ਉਸ ਨੂੰ ਵਧੀਆ ਲੱਗਿਆ ਤਾਂ ਫੋਨ ਕਰਕੇ ਹੋਰ ਮੰਗਵਾ ਲਵੇਗਾ। ਕੈਫੇ ਵਾਲੇ ਦਾ ਦੋ ਟੁਕ ਜਵਾਬ ਸੀ (ਅੰਗਰੇਜ਼ੀ ਵਿਚ), ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਕੋਈ ਨੰਬਰ ਨਹੀਂ। ਮੈਂ ਕੋਈ ਹਾਂ, ਜੋ ਕਿਸੇ ਨੂੰ ਜਾਣਦਾ ਹੈ, ਜੋ ਕਿਸੇ ਤੋਂ ਸਾਮਾਨ ਮੰਗਵਾ ਸਕਦਾ ਹੈ। ਤੋਸ਼ ਪਿੰਡ ਬਹੁਤਾ ਹੀ ਸੈਲਾਨੀਆਂ ਨਾਲ ਘਿਰਿਆ ਹੋਣ ਕਰਕੇ ਇੱਥੋਂ ਦੇ ਕੁਝ ਬੱਚੇ (ਮੁੰਡੇ) ਵੀ ਵੱਡੇ ਡੀਲਰਾਂ ਵਾਂਗ ਗੱਲਾਂ ਕਰਦੇ ਹਨ।

ਮੈਂ ਕਿਸੇ ਢਾਬੇ ਜਿਹੇ 'ਤੇ ਰੋਟੀ ਖਾਣ ਰੁਕਿਆ ਸੀ ਤਾਂ ਉੱਥੇ ਕਿਸੇ 8 ਕੁ ਸਾਲ ਦੇ ਬੱਚੇ ਤੋਂ 'ਕਾਟਲੂ' ਬਾਰੇ ਪੁੱਛਣ ਲੱਗਿਆ। ਉਹ ਕਹਿੰਦਾ, '”ਮੈਂ ਬੰਦਾ ਭਿਜਵਾ ਸਕਤਾ ਹੂੰ ਆਪਕੇ ਸਾਥ 200 ਰੁਪੈ ਮੇਂ। ਜੰਗਲ ਹੈ ਆਪ ਤੋ ਭਟਕ ਜਾਓਗੇ।'” ਮੈਂ ਰੋਟੀ ਨਿਬੇੜੀ ਹੱਥ ਬੰਨ੍ਹ ਤੁਰ ਆਇਆ। ਇੱਥੋਂ ਦੇ ਮਰਦ ਤੇ ਬੱਚੇ ਤਾਂ ਬਹੁਤੇ ਜਾਂ ਤਾਂ ਨਸ਼ਾ ਮਾਫੀਆ 'ਚ ਰਲੇ ਨੇ ਜਾਂ ਢਾਬੇ ਚਲਾਉਂਦੇ ਨੇ। ਕੁੜੀਆਂ ਛਤੀਰ ਢੋਹਣ ਜਾਂ ਕੈਫੇ ਵਿਚ ਰੋਟੀਆਂ ਪਕਾਉਣ ਦਾ ਕੰਮ ਕਰਦੀਆਂ ਹਨ।

J ਬਲਤੇਜ ਸਿੰਘ

98550-22508

Posted By: Harjinder Sodhi