ਉੱਤਰਾਖੰਡ ਰਾਜ ਨੂੰ ਵੀ ਜੇ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਦੇਵ ਭੂਮੀ ਕਿਹਾ ਜਾਵੇ ਤਾਂ ਇਸ ’ਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਸ ਪਵਿੱਤਰ ਧਰਤੀ ’ਤੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਕ ਮੰਦਰ, ਦੇਵੀ ਦੇਵਤਿਆਂ ਦੇ ਤਪ ਅਸਥਾਨ, ਕੁਦਰਤੀ ਪਵਿੱਤਰ ਸੋਮੇ ਅਤੇ ਸੁੰਦਰ ਵਾਦੀਆਂ ਦੇ ਸੁਹੱਪਣ ਕਿਸੇ ਕਾਲਪਨਿਕ ਸਵਰਗ ਤੋਂ ਘੱਟ ਨਹੀਂ ਹਨ। ਇੱਥੇ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਪ੍ਰਸਿੱਧ ਚਾਰ ਧਾਮਾਂ ਸ੍ਰੀ ਯਮਨੋਤਰੀ, ਸ੍ਰੀ ਗੰਗੋਤਰੀ, ਸ੍ਰੀ ਕੇਦਾਰ ਨਾਥ, ਅਤੇ ਸ੍ਰੀ ਬਦਰੀ ਨਾਥ ਜੀ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਜਿੱਥੇ ਲੱਖਾਂ ਲੋਕ ਸ਼ਰਧਾ ਨਾਲ ਦਰਸ਼ਨ ਕਰਨ ਲਈ ਆਉਂਦੇ ਅਤੇ ਨਤਮਸਤਕ ਹੋ ਕੇ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਕਰਦੇ ਹਨ। ਇਸ ਸਾਲ ਇਹ ਯਾਤਰਾ ਸ੍ਰੀ ਯਮਨੋਤਰੀ 03 ਮਈ, ਸ੍ਰੀ ਗੰਗੋਤਰੀ 03 ਮਈ, ਸ੍ਰੀ ਕੇਦਾਰ ਨਾਥ ਜੀ 06 ਮਈ ਅਤੇ ਸ੍ਰੀ ਬਦਰੀ ਨਾਥ ਜੀ ਦੇ 08 ਮਈ ਨੂੰ ਮੰਦਰਾਂ ਦੇ ਕਪਾਟ ਖੁੱਲ੍ਹਣ ਨਾਲ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਚੰਮੋਲੀ ਵਿਚ ਸਿੱਖਾਂ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਉਪਰੰਤ ਦੇਸ਼ ਵਿਦੇਸ਼ਾਂ ਤੋਂ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਗੁਰਦੁਆਰਾ ਸਾਹਿਬ ਹਰ ਸਾਲ ਮਈ ਮਹੀਨੇ ਦੇ ਅਖੀਰ ਜਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਕਰੀਬ ਅਕਤੂਬਰ ਤਕ ਮੌਸਮ ਦੇ ਮਿਜਾਜ਼ ਅਨੁਸਾਰ ਸੰਗਤਾਂ ਲਈ ਖੋਲ੍ਹਿਆ ਜਾਂਦਾ ਹੈ। ਇਸ ਸਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ 22 ਮਈ ਨੂੰ ਖੋਲ੍ਹੇ ਜਾ ਰਹੇ ਹਨ। ਇਸ ਸਬੰਧੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਨੁਸਾਰ ਇਸ ਯਾਤਰਾ ਲਈ ਪਹਿਲਾ ਜਥਾ ਰਿਸ਼ੀਕੇਸ਼ ਤੋਂ 19 ਮਈ ਨੂੰ ਰਵਾਨਾ ਹੋਵੇਗਾ ਜੋ 22 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰੇਗਾ। ਬਰਫ਼ ਨੂੰ ਹਟਾਉਣ ਅਤੇ ਗਲੇਸ਼ੀਅਰ ਕੱਟ ਕੇ ਸੰਗਤਾਂ ਲਈ ਬਣਾਏ ਜਾ ਰਹੇ ਰਸਤੇ ਲਈ ਹਰ ਸਾਲ ਦੀ ਤਰ੍ਹਾਂ ਭਾਰਤੀ ਫ਼ੌਜ ਦੇ ਜਵਾਨ, ਪ੍ਰਸ਼ਾਸਨ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ ਤਾਂ ਜੋ ਸੰਗਤਾਂ ਲਈ ਸਮੇਂ ਸਿਰ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।

ਇਸ ਗੁਰਦੁਆਰਾ ਸਾਹਿਬ ਦਾ ਸਬੰਧ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪੂਰਬਲੇ ਜਨਮ ’ਚ ਕੀਤੇ ਗਏ ਭਾਰੀ ਤਪ ਨਾਲ ਜੁੜਦਾ ਹੈ। ਇਤਿਹਾਸ ਦੇ ਸੋਮਿਆਂ ਨੂੰ ਪੜ੍ਹਨ ’ਤੇ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੁਆਰਾ ਰਚੇ ਗਏ ਬਚਿੱਤਰ ਨਾਟਕ ਦੇ ਛੇਵੇਂ ਅਧਿਆਏ ’ਚ ਇਸ ਅਸਥਾਨ ਅਤੇ ਇੱਥੇੇ ਕੀਤੇ ਗਏ ਤਪ ਦਾ ਜ਼ਿਕਰ ਆਉਂਦਾ ਹੈ। ਇਸ ਸਬੰਧੀ ਗੁਰੂ ਜੀ ਇਹ ਸਾਰਾ ਵਰਨਣ ਇਕ ਚੌਪਈ ਦੇ ਰੂਪ ’ਚ ਇਸ ਤਰ੍ਹਾਂ ਕਰਦੇ ਹਨ :-

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥

ਸ੍ਰੀ ਮੁਖਵਾਕ ਪਾਤਸ਼ਾਹੀ 10 ॥ ਚੌਪਈ

ਅਬ ਮੈ ਅਪਨੀ ਕਥਾ ਬਖਾਨੋਂ।

ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥

ਹੇਮ ਕੁੰਟ ਪਰਬਤ ਹੈ ਜਹਾਂ॥

ਸਪਤ ਸਿ੍ਰੰਗ ਸੋਭਿਤ ਹੈ ਤਹਾਂ ॥1॥

ਸਪਤ ਸਿ੍ਰੰਗ ਤਿਹ ਨਾਮੁ ਕਹਾਵਾ ॥

ਪੰਡੁ ਰਾਜ ਜਹ ਜੋਗੁ ਕਮਾਵਾ॥

ਤਹ ਹਮ ਅਧਿਕ ਤਪੱਸਿਆ ਸਾਧੀ॥

ਮਹਾਕਾਲ ਕਾਲਿਕਾ ਅਰਾਧੀ॥2॥

ਇਹ ਬਿਧਿ ਕਰਤ ਤਪੱਸਿਆ ਭਯੋ॥

ਦਵੇ ਤੇ ਏਕ ਰੂਪ ਹਵੈ ਗਯੋ॥

ਤਾਤ ਮਾਤ ਮੁਰ ਅਲਖ ਅਰਾਧਾ॥

ਬਹੁਬਿਧਿ ਜੋਗ ਸਾਧਨਾ ਸਾਧਾ॥3॥

ਬਚਿੱਤਰ ਨਾਟਕ ਦੇ ਉਪਰੋਕਤ ਸ਼ਬਦਾਂ ਦੇ ਸੰਦਰਭ ’ਚ ਵੱਖ-ਵੱਖ ਇਤਿਹਾਸਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਨੇ ਇਸ ਅਸਥਾਨ ਨੂੰ ਲੱਭਣ ਲਈ ਖੋਜ ਆਰੰਭੀ ਸੀ, ਜਿਨ੍ਹਾਂ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀ ਵੀ ਸ਼ਾਮਿਲ ਸਨ। ਇਸ ਅਸਥਾਨ ਦੀ ਸ਼ੁਰੂ ਹੋਈ ਖੋਜ ਵਿਚ ਭਾਈ ਵੀਰ ਸਿੰਘ, ਸੰਤ ਤਾਰਾ ਸਿੰਘ ਨਰੋਤਮ ਜੀ, ਸੰਤ ਸੋਹਣ ਸਿੰਘ, ਬਾਬਾ ਮੋਦਨ ਸਿੰਘ ਤੋਂ ਇਲਾਵਾ ਉਸ ਇਲਾਕੇ ਵਿਚ ਵਸਦੇ ਪਿੰਡ ਭੰਡਾਰ ਦੇ ਰਹਿਣ ਵਾਲੇ ਭਾਈ ਨੰਦਾ ਜੀ, ਨੰਬਰਦਾਰ ਰਤਨ ਸਿੰਘ ਜੀ ਸਮੇਤ ਬਹੁਤ ਸਾਰੇ ਸਿੱਖਾਂ ਦਾ ਯੋਗਦਾਨ ਰਿਹਾ ਹੈ।

ਸੰਨ 1932 ਤੋਂ ਇਸ ਅਸਥਾਨ ਦੇ ਸਿੱਧ ਹੋ ਜਾਣ ਉਪਰੰਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਭੇਜੇ ਗਏ 2000 ਰੁਪਏ ਨਾਲ ਜੁਲਾਈ 1936 ਵਿਚ ਇੱਥੇ ਗੁਰਦੁਆਰਾ ਸਹਿਬ ਦੀ ਛੋਟੀ ਇਮਾਰਤ ਦੀ ਉਸਾਰੀ ਆਰੰਭ ਹੋ ਗਈ ਜੋ ਕਰੀਬ ਉਸੇ ਸਾਲ ਨਵੰਬਰ ਮਹੀਨੇ ਵਿਚ ਪੂਰੀ ਹੋ ਗਈ ਸੀ। ਉਸ ਇਲਾਕੇ ਵਿਚ ਪਹਿਲਾਂ ਤੋਂ ਹੀ ਵਸੇ ਪਿੰਡ ਭੰਡਾਰ ਦੇ ਲੋਕਾਂ ਦੇ ਕਹਿਣ ਉਪਰੰਤ ਉਸ ਇਮਾਰਤ ਦੇ ਨੇੜੇ ਲੋਕਪਾਲ ਮੰਦਰ ਦੀ ਉਸਾਰੀ ਵੀ ਉਕਤ ਸਿੰਘਾਂ ਵੱਲੋਂ ਕਰਵਾਈ ਗਈ ਸੀ। 1937 ਵਿਚ ਭਾਈ ਵੀਰ ਸਿੰਘ ਜੀ ਨੇ ਸੰਤ ਮੋਦਨ ਸਿੰਘ ਜੀ ਅਤੇ ਹੋਰ ਸੰਗਤਾਂ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭੇਜ ਕੇ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਧਰਤੀ ’ਤੇ ਪਹਿਲਾ ਪ੍ਰਕਾਸ਼ ਕਰਵਾ ਕੇ ਜੰਗਲ ’ਚ ਮੰਗਲ ਲਾ ਦਿੱਤਾ। ਉਸ ਸਮੇਂ ਦੀ ਛੋਟੀ ਇਮਾਰਤ ਅੱਜ ਵਿਸ਼ਾਲ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਸੁਸ਼ੋਭਿਤ ਹੈ।

ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪੈਦਲ, ਮੋਟਰ ਸਾਇਕਲਾਂ, ਗੱਡੀਆਂ, ਬੱਸਾਂ ਆਦਿ ਰਾਹੀਂ ਪਹੁੰਚਦੇ ਹਨ। ਸੰਗਤਾਂ ਦੇ ਰਸਤੇ ਵਿਚ ਠਹਿਰਨ ਲਈ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਸ਼੍ਰੀ ਹੇਮਕੰਟ ਸਾਹਿਬ ਟਰੱਸਟ ਦੁਆਰਾ ਹਰਿਦੁਆਰ, ਰਿਸ਼ੀਕੇਸ, ਸ੍ਰੀਨਗਰ ਗੜ੍ਹਵਾਲ, ਜੋਸ਼ੀਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਆਦਿ ਅਸਥਾਨਾਂ ਤੇ ਗੁਰੂਘਰਾਂ ਦੀ ਉਸਾਰੀ ਕਰਵਾਈ ਗਈ ਹੈ। ਇਨ੍ਹਾਂ ਗੁਰੂਘਰਾਂ ਵਿਚ ਸੰਗਤਾਂ ਦੇ ਠਹਿਰਨ ਅਤੇ ਲੰਗਰ ਆਦਿ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ ਹਨ। ਪੰਜਾਬ ਵਿੱਚੋਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੀ ਸੰਗਤ ਮੁੱਖ ਤੌਰ ’ਤੇ ਦੋ ਰਸਤਿਆਂ ਦਾ ਇਸਤੇਮਾਲ ਕਰਦੀ ਹੈ ਜਿਨ੍ਹਾਂ ਵਿੱਚੋਂ ਇਕ ਅੰਬਾਲਾ, ਸਹਾਰਨਪੁਰ ਹਰਿਦੁਆਰ ਹੁੰਦਾ ਹੋਇਆ ਰਿਸ਼ੀਕੇਸ ਜਾਂਦਾ ਹੈ ਅਤੇ ਦੂਸਰਾ ਚੰਡੀਗੜ੍ਹ ਸ੍ਰੀ ਪਾਉਂਟਾ ਸਹਿਬ ਦੇਹਰਾਦੂਨ ਹੁੰਦਾ ਹੋਇਆ ਰਿਸ਼ੀਕੇਸ ਜਾਂਦਾ ਹੈ। ਰਿਸ਼ੀਕੇਸ ਤੋਂ ਅੱਗੇ ਕਰੀਬ 270 ਕਿਲੋਮੀਟਰ ਪਹਾੜੀ ਇਲਾਕੇ ਦੀ ਸੜਕ ਦੇ ਨਾਲ ਅਸਮਾਨ ਛੂੰਹਦੀਆਂ ਪਹਾੜਾਂ ਦੀਆਂ ਚੋਟੀਆਂ, ਡੂੰਘੀਆਂ ਖੱਡਾਂ ਅਤੇ ਵੱਖ-ਵੱਖ ਥਾਵਾਂ ’ਤੇ ਹੁੰਦੇ ਨਦੀਆਂ ਨਾਲਿਆਂ ਦੇ ਸੰਗਮ ਦਿਲ ਲੁਭਾਉਣੇ ਖ਼ੂਬਸੂਰਤ ਦਿ੍ਰਸ਼ ਪੈਦਾ ਕਰਦੇ ਹਨ। ਸ੍ਰੀ ਹੇਮਕੁੰਟ ਸਾਹਿਬ ਦੇ ਸਰੋਵਰ ਦੁਆਲੇ ਸੱਤ ਚੋਟੀਆਂ ’ਤੇ ਝੁੂਲਦੇ ਕੇਸਰੀ ਨਿਸ਼ਾਨਾਂ ਨੂੰ ਛੂਹ-ਛੂਹ ਲੰਘਦੇ ਬੱਦਲ, ਬਰਫ਼ ਦੀ ਚਾਦਰ ਨਾਲ ਢੱਕੀਆਂ ਉੱਚੇ ਪਹਾੜਾਂ ਦੀਆਂ ਚੋਟੀਆਂ, ਠੰਢੀ-ਠੰਢੀ ਪ੍ਰਦੂਸ਼ਣ ਰਹਿਤ ਰੁਮਕਦੀ ਹਵਾ , ਬੱਦਲਾਂ ਦੇ ਹਨੇਰੇ ਵਿਚ ਚਾਨਣ ਬਖੇਰਦੀਆਂ ਸੂਰਜ ਦੀਆਂ ਕਿਰਨਾਂ ਅਦਭੁੱਤ ਨਜ਼ਾਰਾ ਪੇਸ਼ ਕਰਦੀਆਂ ਹਨ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਕਰੀਬ 15210 ਫੁੱਟ ਦੀ ਉਚਾਈ ’ਤੇ ਹੋਣ ਕਾਰਨ ਉੱਥੇ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ, ਜਿਸ ਕਾਰਨ ਸੰਗਤ ਨੂੰ ਜਾਂਦੇ ਆਉਦੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਗੋਬਿੰਦ ਧਾਮ ਵਿਖੇ ਕਰਨਾ ਪੈਂਦਾ ਹੈ । ਗੋਬਿੰਦ ਧਾਮ ਪਹੁੰਚਣ ਲਈ ਗੋਬਿੰਦ ਘਾਟ ਤੋਂ ਕਰੀਬ 13 ਕਿਲੋਮੀਟਰ ਦਾ ਪੰਧ ਪੈਦਲ ਜਾਂ ਖੱਚਰਾਂ ਆਦਿ ਰਾਹੀਂ ਤਹਿ ਕਰਨਾ ਪੈਂਦਾ ਹੈ। ਗੋਬਿੰਦ ਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਅੰਮਿ੍ਰਤ ਵੇਲੇ ਜਲਦੀ ਉੱਠ ਕੇ ਚੜ੍ਹਾਈ ਸ਼ੁਰੂ ਕਰ ਦਿੰਦੀਆਂ ਹਨ ਜੋ ਕਰੀਬ 6 ਕਿਲੋਮੀਟਰ ਬਣਦੀ ਹੈ। ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਰਸਤੇ ਦਾ ਥਕੇਵਾਂ ਦੂਰ ਹੋ ਜਾਂਦਾ ਹੈ ।

ਦਰਸ਼ਨ ਇਸ਼ਨਾਨ ਕਰਨ ਉਪਰੰਤ ਅਰਦਾਸ ਵਿਚ ਸ਼ਾਮਿਲ ਹੋ ਕੇ ਨਾਲ ਦੀ ਨਾਲ ਸੰਗਤ ਵਾਪਸ ਮੁੜਨੀ ਸ਼ੁਰੂ ਹੋ ਜਾਂਦੀ ਹੈ। ਦੁਪਹਿਰ 2-00 ਵਜੇ ਦੀ ਅਰਦਾਸ ਉਪਰੰਤ ਸੰਗਤ ਨੂੰ ਬੇਨਤੀ ਕਰ ਦਿੱਤੀ ਜਾਂਦੀ ਹੈ ਕਿ ਸਰਬੱਤ ਸੰਗਤਾਂ ਗੁਰਦੁਆਰਾ ਗੋਬਿੰਦ ਧਾਮ ਲਈ ਚਾਲੇ ਪਾਉਣ ਤਾਂ ਜੋ ਉਹ ਸਮੇਂ ਸਿਰ ਆਪਣਾ ਪੰਧ ਮੁਕਾ ਕੇ ਵਿਸ਼ਰਾਮ ਕਰ ਸਕਣ।

ਇਸ ਯਾਤਰਾ ਦੇ ਨਾਲ ਹੀ ਰਾਜ ਵਿਚ ਪੈਂਦੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਕਾਰਨ ਰਸਤੇ ਵਿਚ ਬਹੁਤ ਸਾਰੇ ਯਾਤਰੀ ਵਾਹਨਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਇਨ੍ਹਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਿਸੇ ਕਾਲਪਨਿਕ ਸਵਰਗ ਤੋਂ ਘੱਟ ਨਹੀਂ ਹੈ ਪਰ ਯਾਤਰਾ ’ਤੇ ਜਾਣ ਸਮੇਂ ਰਸਤੇ ਵਿਚ ਕੀਤੀ ਗਈ ਕਾਹਲੀ ਅਤੇ ਅਣਗਹਿਲੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਇਹ ਯਾਤਰਾ ਸਾਲ ਵਿਚ ਕੁਝ ਮਹੀਨੇ ਚੱਲਣ ਅਤੇ ਦੂਰ ਦੁਰਾਡੇ ਤੋਂ ਖਾਣ ਪੀਣ ਅਤੇ ਵਰਤਣ ਵਾਲੀਆਂ ਵਸਤੂਆਂ ਦੇ ਉੱਚੇ ਪਹਾੜੀ ਇਲਾਕੇ ਵਿਚ ਆਉਣ ਕਾਰਨ ਕੀਮਤਾਂ ਵੱਧ ਜਾਂਦੀਆਂ ਹਨ। ਇਸ ਲਈ ਕਿਸੇ ਚੀਜ਼ ਨੂੰ ਖਾਣ-ਪੀਣ ਜਾਂ ਵਰਤਣ ਤੋਂ ਪਹਿਲਾਂ ਕੀਮਤ ਸਬੰਧੀ ਕੀਤੀ ਗਈ ਜਾਂਚ ਯਾਤਰੀਆਂ ਲਈ ਲਾਹੇਵੰਦ ਸਾਬਿਤ ਹੁੰਦੀ ਹੈ ਅਤੇ ਇਸ ਨਾਲ ਬੇਲੋੜੀ ਬਹਿਸ ਅਤੇ ਲੜਾਈ ਝਗੜੇ ਤੋਂ ਬਚਿਆ ਜਾ ਸਕਦਾ ਹੈ ।

ਰਸਤੇ ਵਿਚ ਖਿੜੇ ਵੱਖ-ਵੱਖ ਤਰ੍ਹਾਂ ਦੇ ਫੁੱਲ ਕੁਦਰਤੀ ਸੁਹੱਪਣ ਨੂੰ ਹੋਰ ਨਿਖਾਰਦੇ ਹਨ, ਜਿਨ੍ਹਾਂ ਦਾ ਅੱਖਾਂ ਨਾਲ ਵੇਖ ਕੇ ਅਨੰਦ ਲੈਣਾ ਚਾਹੀਦਾ ਹੈ ਨਾ ਕਿ ਫੁੱਲਾਂ ਨੂੰ ਤੋੜਕੇ। ਹਿਮਾਲੀਆ ਦੇ ਇਨ੍ਹਾਂ ਉੱਚੇ ਪਹਾੜਾਂ ਉਪਰ ਬੇਸਕੀਮਤੀ ਜੜ੍ਹੀ ਬੂਟੀਆਂ ਵੀ ਹਨ ਪਰ ਕਈ ਬੂਟੀਆਂ ਜ਼ਹਿਰੀਲੀਆਂ ਹੋਣ ਕਰਕੇ ਸਾਡੀ ਸਿਹਤ ਲਈ ਹਾਨੀਕਾਰਕ ਵੀ ਹਨ। ਬਿਨਾਂ ਜਾਣਕਾਰੀ ਕਿਸੇ ਅਜਿਹੀ ਬੂਟੀ ਨੂੰ ਹੱਥ ਲਾਉਣਾ ਯਾਤਰੀਆਂ ਲਈ ਸਰੀਰਕ ਸਮੱਸਿਆ ਪੈਦਾ ਕਰ ਸਕਦਾ ਹੈ। ਯਾਤਰਾ ਨੂੰ ਸੁੱਖਦ ਅਤੇ ਯਾਦਗਾਰੀ ਬਣਾਉਣ ਲਈ ਧਾਰਮਿਕ ਅਸਥਾਨਾਂ ਦੇ ਅਹੁਦੇਦਾਰਾਂ, ਪ੍ਰਬੰਧਕ ਕਮੇਟੀਆਂ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਾਤਰੀਆਂ ਦੇ ਹਿੱਤਾਂ ਵਿਚ ਸਹਾਈ ਹੁੰਦੀ ਹੈ।

ਇਸ ਸਾਲ ਉੱਤਰਾਖੰਡ ਸਰਕਾਰ ਦੇ ਸੈਰਸਪਾਟਾ ਵਿਭਾਗ ਵੱਲੋਂ ਤੀਰਥ ਯਾਤਰੀਆਂ ਅਤੇ ਉਨ੍ਹਾਂ ਦੇ ਵਾਹਨਾਂ ਦੀ ਰਜਿਸਟਰੇਸ਼ਨ ਲਾਜ਼ਮੀ ਕੀਤੀ ਗਈ ਹੈ। ਇਸ ਸਬੰਧੀ ਸਰਕਾਰ ਵੱਲੋਂ ਵੈੱਬ ਪੋਰਟਲ ਦੇ ਨਾਲ-ਨਾਲ ਭੌਤਿਕ ਰਜਿਸਟਰੇਸ਼ਨ ਕੇਂਦਰ ਜਿਵੇਂ ਰਾਹੀ ਹੋਟਲ ਹਰਿਦੁਆਰ, ਗੁਰਦੁਆਰਾ ਰਿਸ਼ੀਕੇਸ਼ ਅਤੇ ਆਈ.ਐੱਸ.ਬੀ.ਟੀ. ਰਿਸ਼ੀਕੇਸ਼ ਆਦਿ ਹੋਰ ਵੱਖ-ਵੱਖ ਸਥਾਨਾਂ ਉਪਰ ਖੋਲ੍ਹੇ ਗਏ ਹਨ। ਯਾਤਰੀਆਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0135-2559898, 2552627 ਅਤੇ 3520100 ਜਾਰੀ ਕੀਤੇ ਗਏ ਹਨ ਤਾਂ ਜੋ ਯਾਤਰੀ ਆਪਣੀ ਉੱਤਰਾਖੰਡ ਦੇ ਕਿਸੇ ਵੀ ਧਾਰਮਿਕ ਅਸਥਾਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾ ਮੌਸਮ, ਰਸਤੇ ਅਤੇ ਯਾਤਰਾ ਨਾਲ ਸਬੰਧਿਤ ਸਾਰੀ ਜਾਣਕਾਰੀ ਅਸਾਨੀ ਨਾਲ ਹਾਸਿਲ ਕਰ ਸਕਣ।

- ਜਸਪਾਲ ਸਿੰਘ ਰੰਧਾਵਾ

Posted By: Harjinder Sodhi