ਕੈਨੇਡਾ ਨੂੰ ਲੋਕਾਂ ਦੇ ਸੁਪਨਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਅਮਰੀਕਾ ਦੇ ਵਾਸੀਆਂ ਨੂੰ ਪਹਿਲਾਂ ਕੈਨੇਡਾ ਜਾਣ ਲਈ ਵੀਜ਼ਾ ਲੈਣਾ ਪੈਂਦਾ ਸੀ ਪਰ ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ।ਅਮਰੀਕਾ ਤੋਂ ਕੈਨੇਡਾ ਕਾਰ ਰਾਹੀਂ ਵੀ ਲੋਕ ਜਾਂਦੇ ਹਨ ਪਰ ਅਸੀਂ ਕੈਲੀਫੋਰਨੀਆਂ ਤੋਂ ਬਰੈਂਪਟਨ ਜਾਣਾ ਸੀ ਜੋ ਕਿ ਜ਼ਿਆਦਾ ਦੂਰ ਹੋਣ ਕਰਕੇ ਹਵਾਈ ਜਹਾਜ਼ ਰਾਹੀਂ ਹੀ ਸੌਖਾ ਰਹਿੰਦਾ ਹੈ।ਮੈਂ ਖ਼ੁਦ ਨੂੰ ਖੁਸ਼ਨਸੀਬ ਸਮਝਦਾ ਹਾਂ ਕਿਉਂਕਿ ਪਿਛਲੇ ਤਿੰਨ ਸਾਲਾਂ ਵਿੱਚ ਮੈਨੂੰ ਕੈਨੇਡਾ ਜਾਣ ਦਾ ਦੋ ਵਾਰ ਸੁਭਾਗ ਪ੍ਰਾਪਤ ਹੋਇਆ ਹੈ।ਤਿੰਨ ਕੁ ਸਾਲ ਪਹਿਲਾਂ ਭਤੀਜੇ ਗੁਰਸ਼ਰਨ ਦੇ ਵਿਆਹ ਮੌਕੇ ’ਤੇ ਹੁਣ ਮੇਰੇ ਦੋਸਤ ਜਸਵੀਰ ਸਿੰਘ ਗਰੇਵਾਲ ਦੀ ਲਾਡਲੀ ਧੀ ਜਸਪ੍ਰੀਤ ਕੌਰ ਦੇ ਵਿਆਹ ’ਤੇ। ਨਿਆਗਰਾ ਫ਼ਾਲ਼ ਅਤੇ ਸੀ.ਐਨ.ਟਾਵਰ ਇੱਥੋਂ ਦੀਆਂ ਵਿਸ਼ਵ ਪ੍ਰਸਿੱਧ ਥਾਵਾਂ ਹਨ,ਜਿਹਨਾਂ ਨੂੰ ਵੇਖਣ ਲਈ ਦੁਨੀਆਂ ਭਰ ਤੋਂ ਸੈਲਾਨੀ ਆਉਂਦੇ ਰਹਿੰਦੇ ਹਨ।ਨਿਆਗਰਾ ਫ਼ਾਲ਼ ਅਸੀਂ ਪਹਿਲੇ ਚੱਕਰ ਮੌਕੇ ਵੇਖ ਆਏ ਸੀ ਤੇ ਇਸ ਵਾਰ ਸੀ.ਐਨ.ਟਾਵਰ ਅਤੇ ਉਸਦੇ ਲਾਗੇ ਬਹੁਤ ਹੀ ਸੁੰਦਰ ਐਕੂਏਰੀਅਮ ਵੇਖਣ ਦਾ ਮੌਕਾ ਮਿਲ ਗਿਆ। ਇਸ ਜਗ੍ਹਾ ’ਤੇ ਲਿਜਾਣ ਦਾ ਕੰਮ ਇਸ ਵਾਰ ਭਤੀਜੇ ਗੁਰਸ਼ਰਨ ਅਤੇ ਭਤੀਜ ਨੂੰਹ ਹਰਕੰਵਲ ਨੇ ਕੀਤਾ।ਇਹ ਬਹੁਤ ਹੀ ਪਿਆਰੀ ਜੋੜੀ ਹੈ।ਰੱਬ ਇਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ।

ਬਰੈਂਪਟਨ ਤੋਂ ਅਸੀਂ ਗਿਆਰਾਂ ਕੁ ਵਜੇ ਚੱਲੇ ਤਾਂ ਬਾਰਾਂ ਕੁ ਵਜੇ ਉਥੇ ਪਹੁੰਚ ਗਏ।ਉਸ ਦਿਨ ਸਾਨੂੰ ਕਾਰ ਪਾਰਕ ਕਰਨ ਲਈ ਅੱਧਾ ਘੰਟਾ ਲੱਗ ਗਿਆ।ਜਿਸ ਪਾਰਕ ਵੱਲ੍ਹ ਵੀ ਜਾਈਏ ,ਕਿਤੇ ਵੀ ਖਾਲੀ ਜਗ੍ਹਾ ਨਹੀਂ ਸੀ ਮਿਲ ਰਹੀ।ਪਹਿਲਾਂ ਅਸੀਂ ਐਕੂਏਰੀਅਮ ਵੇਖਣਾ ਸ਼ੁਰੂ ਕੀਤਾ ਜਿਸ ਨੂੰ ਵੇਖਣ ਲਈ ਦੋ-ਢਾਈ ਘੰਟੇ ਦਾ ਸਮਾਂ ਲੱਗਾ।ਇਹ ਬਹੁਤ ਹੀ ਰਮਣੀਕ ਅਤੇ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ।ਵਲ-ਵਲੇਵਿਆਂ ’ਚੋਂ ਗੁਜ਼ਰਦਿਆਂ ਅਤੇ ਅਨੇਕਾਂ ਕਿਸਮਾਂ ਦੀਆਂ ਮੱਛੀਆਂ ਵੇਖ ਕੇ ਦਿਲ ਰੁਮਾਂਚਿਤ ਹੋ ਰਿਹਾ ਸੀ। ਮੇਰੀ ਪਤਨੀ ਭਤੀਜ ਨੂੰਹ ਨਾਲ ਫੋਟੋ ਖਿਚਵਾਉਣ ਨੂੰ ਤਰਜੀਹ ਦੇ ਰਹੀ ਸੀ।ਇਸ ਸੁਰੰਗਨੁਮਾ ਐਕੂਏਰੀਅਮ ਵਿੱਚ ਹਨੇਰੇ ਅਤੇ ਰੌਸ਼ਨੀਆਂ ਦਾ ਸੁਮੇਲ ਬਹੁਤ ਹੀ ਅਜ਼ਬ ਨਜਾਰਾ ਪੇਸ਼ ਕਰ ਰਿਹਾ ਸੀ।ਐਕੂਏਰੀਅਮ ਦਾ ਸਾਈਜ਼ 1,35,000 ਸੁਕੇਅਰ ਫੀਟ ਹੈ,ਜਿਸ ਵਿੱਚ ਵੀਹ ਹਜ਼ਾਰ ਮੱਛੀਆਂ ਹਨ।ਇਹਨਾਂ ਦੇ ਰਹਿਣ ਲਈ 1.5 ਮਿਲੀਅਨ ਗੈਲਨ ਪਾਣੀ ਸਟੋਰ ਕੀਤਾ ਗਿਆ ਹੈ। ਲੋਕਾਂ ਦੇ ਵੇਖਣ ਲਈ ਇਹ 16 ਅਕਤੂਬਰ 2013 ਨੂੰ ਖੋਲ੍ਹਿਆ ਗਿਆ ਸੀ।ਇਹ ਟੋਰਾਂਟੋ (ਸਟੇਟ ਉਨਟੈਰੀਓ) ਦੇ ਡਾਊਨ ਟਾਊਨ ਵਿੱਚ ਸਥਿਤ ਹੈ।

ਐਕੂਏਰੀਅਮ ਦੇ ਨਾਲ ਹੀ ਉਥੋਂ ਦਾ ਵਿਸ਼ਵ ਪ੍ਰਸਿੱਧ ਸੀਐਨ.ਟਾਵਰ ਹੈ,ਜਿਸਨੂੰ ਵੇਖਣ ਲਈ ਜਾਣ ਤੋਂ ਪਹਿਲਾਂ ਅਸੀਂ ਇੱਕ ਸਬਵੇਅ ਵਿੱਚ ਜਾ ਕੇ, ਘੁੰਮ-ਘੁੰਮ ਕੇ ਲੱਗੀ ਭੁੱਖ ਮਿਟਾਉਣ ਲਈ ਜਾ ਵੜੇ। ਭੁੱਖ ਮਿਟਾ ਕੇ ਅਸੀਂ ਸੀ.ਐਨ.ਟਾਵਰ ਵਿੱਚ ਦਾਖਲ ਹੋਣ ਲਈ ਟਿਕਟਾਂ ਲੈ ਕੇ ਕਤਾਰ ਵਿੱਚ ਜਾ ਖੜੇ ਹੋਏ। ਟਾਵਰ ਦੇ ਉਪਰ ਤੱਕ ਜਾਣ ਲਈ ਛੇ ਐਲੀਵੇਟਰ ਲੱਗੇ ਹੋਏ ਹਨ। ਸਿਖ਼ਰ ਤੱਕ ਜਾਣ ਲਈ ਕਰੀਬ 52 ਸੈਕਿੰਡ ਦਾ ਸਮਾਂ ਲੱਗਦਾ ਹੈ। ਇਹ ਗਲਾਸ ਦੀਆਂ ਬਣੀਆਂ ਹੋਈਆਂ ਹਨ ,ਜਿਹਨਾਂ ਰਾਹੀਂ ਬਾਹਰ ਦੇ ਨਜ਼ਾਰਿਆਂ ਨੂੰ ਵੀ ਤੱਕਿਆ ਜਾ ਸਕਦਾ ਹੈ। ਇਸ ਟਾਵਰ ਦੀ ਉਚਾਈ 553 ਮੀਟਰ ਹੈ । ਸਾਲ 2009 ਤੱਕ ਇਹ ਦੁਨੀਆਂ ਦਾ ਸਭ ਤੋਂ ਉਚਾ ਟਾਵਰ ਸੀ ਪਰ ਇਸ ਸਾਲ ਦੁਬਈ ਦੇ ਬੁਰਜ ਖਲੀਫ਼ੇ ਨੇ ਇਸ ਨੂੰ ਦੂਜੇ ਸਥਾਨ ਤੇ ਪਹੁੰਚਾ ਦਿੱਤਾ।

ਬੁਰਜ ਖਲ਼ੀਫੇ ਦੀ ਉਚਾਈ 828 ਮੀਟਰ ਹੈ ਜੋ ਕਿ ਸੀ.ਐਨ.ਟਾਵਰ ਤੋਂ 275 ਮੀਟਰ ਵੱਧ ਉੱਚਾ ਹੈ।ਇਹ ਟਾਵਰ 2 ਅਪ੍ਰੈਲ 1975 ਨੂੰ ਬਣਕੇ ਤਿਆਰ ਹੋਇਆ ਸੀ ਜਦੋਂ ਕਿ ਪਬਲਿਕ ਲਈ 26 ਜੂਨ 1976 ਨੂੰ ਖੋਲਿਆ ਗਿਆ ਸੀ। ਇਸਦੇ ਸਿਖ਼ਰ ’ਤੇ 360 ਰੈਸਟੋਰੈਂਟ ਹੈ ਜੋ ਕਿ 72 ਮਿੰਟ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ।ਇੱਥੇ ਲੋਕ ਵੱਖ-ਵੱਖ ਮੌਕਿਆਂ ’ਤੇ ਪਾਰਟੀਆਂ ਕਰਨ ਵੀ ਜਾਂਦੇ ਹਨ। ਇੱਥੋਂ ਪੂਰੇ ਟੋਰਾਂਟੋ ਸ਼ਹਿਰ ਦਾ ਨਜ਼ਾਰਾ ਵੇਖਿਆ ਜਾ ਸਕਦਾ ਹੈ। ਉਪਰਲੇ ਪਾਸੇ ਲੱਗੇ ਸ਼ੀਸ਼ਿਆਂ ਵਿੱਚ ਵੀ ਹਾਸੋਹੀਣੀ ਬਣਦੀ ਸ਼ਕਲ ਦੀਆਂ ਤਸਵੀਰਾਂ ਖਿੱਚਕੇ ਮਨੋਰੰਜਨ ਕੀਤਾ ਜਾ ਸਕਦਾ ਹੈ।ਇਸ ਟਾਵਰ ਵਿਚ ਇੱਕ ਸ਼ੀਸ਼ੇ ਦੀ ਫਲੋਰ ਬਣੀ ਹੋਈ ਹੈ,ਜਿਸ ਤੇ ਖੜਕੇ ਧਰਤੀ ਤੱਕ ਵੇਖਿਆ ਜਾ ਸਕਦਾ ਹੈ ਪਰ ਜਿਸ ਦਿਨ ਅਸੀਂ ਵੇਖਣ ਗਏ,ਉਸ ਦਿਨ ਕੋਈ ਰਿਪੇਅਰ ਦਾ ਕੰਮ ਚੱਲਦਾ ਹੋਣ ਕਰਕੇ ਅਸੀਂ ਇਸ ਨਜਾਰੇ ਤੋਂ ਵਾਂਝੇ ਰਹਿ ਗਏ।ਇਸ ਟਾਵਰ ਦੇ ਇੱਕ ਪਾਸੇ ਟਰਾਂਟੋ ਸ਼ਹਿਰ ਹੈ ਅਤੇ ਦੂਜੇ ਪਾਸੇ ਤਾਜੇ ਵਗਦੇ ਪਾਣੀ ਦੀ ਸੁੰਦਰ ਝੀਲ ਹੈ,ਜੋ ਕਿ ਇਸ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵੀ ਵਾਧਾ ਕਰਦੀ ਹੈ।ਇਸ ਝੀਲ ਵਿੱਚ ਬੇੜੀਆਂ ਵਿੱਚ ਬਹਿਕੇ ਲੋਕ ਸੁਖਾਵੇਂ ਮੌਸਮ ਦਾ ਨਜਾਰਾ ਲੈਂਦੇ ਹਨ।

ਟਾਵਰ ਅਤੇ ਐਕੂਏਰੀਅਮ ਵਿੱਚ ਘੁੰਮਦੇ ਅਸੀਂ ਹੁਣ ਤੱਕ ਥੱਕ ਚੁੱਕੇ ਸੀ।ਇਸ ਦਿਨ ਸਾਡਾ ਡਿਨਰ ਭਤੀਜੀ ਮਨਿੰਦਰ ਵੱਲ੍ਹ ਸੀ।ਉਹ ਵੀ ਫੋਨ ਕਰ ਕਰਕੇ ਪੁੱਛ ਰਹੀ ਸੀ ਕਿ ਤੁਸੀਂ ਕਦੋਂ ਕੁ ਤੱਕ ਆਵੋਗੇ। ਅਸੀਂ ਭਤੀਜੇ ਨੂੰ ਹੁਣ ਵਾਪਿਸ ਪਰਤ ਜਾਣ ਲਈ ਕਹਿ ਰਹੇ ਸਾਂ। ਵਾਪਿਸ ਆਉਂਦਿਆਂ ਰਸਤੇ ਵਿੱਚ ਝੀਲ ਦੇ ਕਿਨਾਰੇ ਰੁੱਕ ਗਏ ਸਾਂ। ਝੀਲ ਦੇ ਕਿਨਾਰੇ ਤੇ ਅਸੀਂ 10-15 ਮਿੰਟ ਘੁੰਮਦੇ ਰਹੇ। ਪਤਨੀ ਨੇ ਝੀਲ ਦੇ ਪਾਣੀ ਵਿੱਚ ਖੜ ੍ਹ ਕੇ ਫੋਟੋ ਵੀ ਖਿਚਵਾਈ ,ਜਦਕਿ ਮੈਂ ਬਾਹਰ ਖੜਾ ਡਰ ਰਿਹਾ ਸਾਂ। ਝੀਲ ਦੇ ਦੂਜੇ ਪਾਸੇ ਅਮਰੀਕਾ ਲੱਗਦਾ ਹੈ। ਅਗਲੇ ਦਿਨ ਸਾਡੀ ਅਮਰੀਕਾ ਵਾਪਸੀ ਸੀ। ਜਿਹੜਾ ਵੀ ਕੈਨੇਡਾ ਜਾਵੇ, ਇਨਾਂ ਰਮਣੀਕ ਥਾਵਾਂ ਦਾ ਨਜ਼ਾਰਾ ਜ਼ਰੂਰ ਵੇਖੇ। ਖ਼ੁਸ਼-ਆਮਦੀਦ।

- ਜਸਪਾਲ ਸਿੰਘ ਨਾਗਰਾ

Posted By: Harjinder Sodhi