ਘੰੁਮਣ ਦੇ ਚਾਅ ਨੇ ਚੱਕਰ ਇਹ ਚਲਾਇਆ

ਭਾਰਤ ਨੂੰ ਦੇਖਣ ਦਾ ਨਜ਼ਾਰਾ ਬੜਾ ਆਇਆ

ਘੰੁਮਣ ਤਾਂ ਬਹੁਤ ਥਾਵਾਂ ’ਤੇ ਗਏ ਹਾਂ ਕਦੇ ਬੱਸ ਰਾਹੀਂ ਜਾਂ ਕਾਰ ਰਾਹੀਂ ਪਰ ਪਹਿਲੀ ਵਾਰ ਫ਼ੈਸਲਾ ਕੀਤਾ ਗਿਆ ਕਿ ਰੇਲ ਰਾਹੀਂ ਯਾਤਰਾ ਕੀਤੀ ਜਾਵੇ।ਮਨ ’ਤੇ ਸ਼ਿਵ ਦੀ ਭਗਤੀ ਬਚਪਨ ਤੋਂ ਹੀ ਜ਼ਿਆਦਾ ਚੜ੍ਹੀ ਹੋਈ ਸੀ। ਬਹੁਤ ਦੋਸਤ ਕਹਿੰਦੇ ਕੀ ਹੈ ਇਸ ਵਿੱਚ ਪਰ ਸ਼ਿਵ ਨੂੰ ਛੱਡਣਾ ਤਾਂ ਦੂਰ ਮੈਂ ਭੁੱਲ ਵੀ ਨਹੀਂ ਸਕਦੀ। ਸ਼ਿਵ ਭਗਤੀ ਕਾਰਨ ਇਸ ਵਾਰ ਭੋਲੇ ਦੀ ਨਗਰੀ ਊਜੈਨ ਘੰੁਮਣ ਦੀ ਸਲਾਹ ਬਣਾਈ ਗਈ ਅਤੇ ਸਾਰੀ ਯਾਤਰਾ ਰੇਲ ਦੁਆਰਾ ਹੀ ਪੂਰੀ ਕਰਨੀ ਸੀ।

ਸਵੇਰੇ 7: 30 ਵਜੇ ਪਤਾਲਕੋਟ ਗੱਡੀ ’ਚ ਸਲੀਪਰ ਡੱਬਾ ਬੁੱਕ ਕੀਤਾ ਗਿਆ। ਯਾਤਰਾ ਸ਼ੁਰੂ ਹੋਈ ਪਤਾ ਨਹੀਂ ਲੱਗਾ ਕਦੋਂ ਭੁਪਾਲ ਪਹੰੁਚ ਗਏ। ਉੱਥੇ ਜਿਹੜਾ ਸੰਘਰਸ਼ ਸ਼ੁਰੂ ਹੋਇਆ ਉਸ ਬਾਰੇ ਕਦੇ ਵੀ ਨਹੀਂ ਸੀ ਸੋਚਿਆ। ਸ਼ਿਵਰਾਤਰੀ ਮਹਾਉਤਸਵ ਕਾਰਨ ਹਰ ਭਗਤ ਸ਼ਿਵ ਨੂੰ ਮਿਲਣ ਲਈ ਉਸ ਦੀ ਨਗਰੀ ਵਿਚ ਆ ਰਹੇ ਸੀ। ਭੀੜ ਐਨੀ ਕਿ ਸਮਝ ਨਹੀਂ ਆ ਰਹੀ ਸੀ ਕਿ ਇੰਨੀ ਦੁਨੀਆ ਰੇਲਵੇ ਸਟੇਸ਼ਨ ਉੱਤੇ ਕਿੱਥੋਂ ਪ੍ਰਗਟ ਹੋ ਗਈ। ਜਿੱਧਰ ਦੇਖਿਆ ਭੀੜ ਹੀ ਭੀੜ। ਇਸ ਭੀੜ ਦਾ ਐਨਾ ਖ਼ੌਫ਼ ਕਿ ਭੁਪਾਲ ਤੋਂ ਊਜੈਨ ਲਈ ਪਹਿਲੀ ਰੇਲ ਛੱਡ ਦਿੱਤੀ। ਕਾਰਨ, ਭੀੜ ਘੱਟ ਜਾਵੇਗੀ ਅਤੇ ਘੰਟੇ ਬਾਅਦ ਦੂਸਰੀ ਗੱਡੀ ’ਤੇ ਚੱਲਾਂਗੇ ਪਰ ਉਦੋਂ ਆਸ ਬਿਲਕੁਲ ਹੀ ਟੁੱਟ ਗਈ ਜਦ ਉਸ ਤੋਂ ਵੀ ਜ਼ਿਆਦਾ ਭੀੜ ਪਲੇਟਫਾਰਮ ’ਤੇ ਇੱਕਠੀ ਹੋ ਗਈ। ਫਿਰ ਛੋਟੀ ਭੈਣ ਨੇ ਸਲਾਹ ਦਿੱਤੀ ਕਿ ਇਹ ਭੀੜ ਘਟਣ ਵਾਲੀ ਨਹੀਂ। ਥੋੜ੍ਹਾ ਹੌਂਸਲਾ ਕਰਕੇ ਰੇਲਗੱਡੀ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਉਸਦੀ ਦਿੱਤੀ ਹੋਈ ਹਿੰਮਤ ਰੰਗ ਲਿਆਈ ਜਿਵੇਂ-ਤਿਵੇਂ ਕਰਕੇ ਰੇਲ ’ਤੇ ਚੜ੍ਹ ਗਏ ਪਰ ਨਾਲ ਵਾਲੇ ਕੁਝ ਪਿੱਛੇ ਰਹਿ ਗਏ। ਫਿਰ ਕੁਝ ਕੋਸ਼ਿਸ਼ ਕਰਕੇ ਉਹ ਵੀ ਸਲੀਪਰ ਡੱਬੇ ’ਤੇ ਚੜ੍ਹ ਗਏ। ਅੰਤ ਸਾਰਾ ਪਰਿਵਾਰ ਊਜੈਨ ਜਾ ਕੇ ਮਿਲ ਗਿਆ। ਉੱਥੇ ਕਮਰਾ ਪਹਿਲਾਂ ਹੀ ਬੁੱਕ ਹੋਣ ਕਾਰਨ ਕੋਈ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਿਆ। ਕਮਰਾ ਰਾਮ ਘਾਟ ਅਤੇ ਮਹਾਕਾਲ ਮੰਦਰ ਦੇ ਬਿਲਕੁਲ ਨੇੜੇ ਸੀ।

ਇਸ ਯਾਤਰਾ ਦਾ ਜ਼ਿਆਦਾ ਮਹੱਤਵ ਇਹ ਵੀ ਸੀ ਕਿ ਅਸੀਂ ਆਪਣੇ ਸਾਰੇ ਬਜ਼ੁਰਗਾਂ ਮਾਤਾ, ਤਾਈ, ਚਾਚੀ ਜੀ ਨੂੰ ਨਾਲ ਲੈ ਕੇ ਗਏ ਸੀ। ਮਹਾਕਾਲ ਦੀ ਨਗਰੀ ਵਿੱਚ ਪਹੰੁਚਣ ’ਤੇ ਮਨ ਵਿੱਚ ਇਕ ਅਜਿਹੀ ਖ਼ੁਸ਼ੀ ਦਾ ਪ੍ਰਕਾਸ਼ ਮਹਿਸੂਸ ਹੋਇਆ ਜਿਸ ਬਾਰੇ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਹੁਣ ਮਨ ਸ਼ਿਵ ਭਗਤੀ ਵਿੱਚ ਰਮ ਚੁੱਕਿਆ ਸੀ। ਹੁਣ ਸਭ ਤੋਂ ਪਹਿਲਾਂ ਕੋਸ਼ਿਸ਼ ਸੀ ਮਹਾਕਾਲ ਦੇ ਦਰਸ਼ਨ ਕਰਨ ਦੀ। ਇਹ ਕੋਸ਼ਿਸ਼ ਵੀ ਰੰਗ ਲਿਆਈ ਅਤੇ ਸਾਰੇ ਨਹਾ ਕੇ ਮੰਦਰ ਜਾਣ ਲਈ ਤਿਆਰ ਹੋ ਗਏ। ਮੰਦਿਰ ਜਾਣ ’ਤੇ ਭੀੜ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ ਭੀੜ ਬਹੁਤ ਜ਼ਿਆਦਾ ਸੀ। ਪ੍ਰਸ਼ਾਦ ਵੇਚਣ ਵਾਲੇ ਨੇ ਦੱਸਿਆ ਜੇ ਭੀੜ ’ਚ ਖੜਨਾ ਮੁਸ਼ਕਿਲ ਲੱਗ ਰਿਹਾ ਹੈ ਤਾਂ ਵੀ. ਆਈ. ਪੀ. ਲਾਈਨ ਦੀ ਪਰਚੀ 250 ਰੁਪਏ ਦੀ ਬਣਦੀ ਹੈ, ਸਿੱਧੇ ਮਹਾਕਾਲ ਦੇ ਦਰਸ਼ਨ ਹੋ ਜਾਣਗੇ। ਪਹਿਲਾਂ ਤਾਂ ਮਨ ਵਿਚ ਲਾਲਚ ਆਇਆ 250 ਰੁਪਏ ਦੀ ਸਹਾਇਤਾ ਨਾਲ ਹੀ ਦਰਸ਼ਨ ਕਰ ਲਈਏ। ਫਿਰ ਸੋਚਿਆ ਜਦੋਂ ਇੰਨਾ ਲੰਬਾ ਸਫ਼ਰ ਤੈਅ ਕਰ ਕੇ ਆ ਸਕਦੇ ਹਾਂ ਤਾਂ ਭੀੜ ਦਾ ਵੀ ਮੁਕਾਬਲਾ ਕਰ ਸਕਦੇ ਹਾਂ। ਇਹ ਵਿਚਾਰ ਕਰ ਕੇ ਲਾਈਨ ਵਿਚ ਖੜੇ੍ਹ ਹੋ ਗਏ। ਘੰਟੇ ਦੇ ਅੰਦਰ ਹੀ ਮਨ ਦੀ ਇੱਛਾ ਪੂਰੀ ਹੋ ਗਈ ਅਤੇ ਸ਼ਿਵ ਦੇ ਦਰਸ਼ਨ ਹੋ ਗਏ।

ਹੁਣ ਮੰਦਰ ਦੇ ਅੰਦਰ ਖੁੱਲ੍ਹੀਆਂ ਦੁਕਾਨਾਂ ਬਾਰੇ ਦੇਖਣਾ ਸੁਣਨਾ ਅਤੇ ਸੋਚਣਾ ਸ਼ੁਰੂ ਹੋਇਆ। ਨਵ ਗ੍ਰਹਿ ਦੀ ਪੂਜਾ 800 ਰੁਪਏ, ਬੁੱਧ ਗ੍ਰਹਿ ਦੀ ਪੂਜਾ 100 ਰੁਪਏ, ਜਲ ਚੜ੍ਹਾਉਣ ਦੀ ਪੂਜਾ ਦੇ 1000 ਰੁਪਏ। ਇੱਥੇ ਆ ਕੇ ਆਸਥਾ ਕਮਜ਼ੋਰ ਪੈ ਗਈ। ਮਨ ਵਿੱਚ ਇੰਨੀ ਜ਼ਿਆਦਾ ਉਦਾਸੀ ਆਈ, ਅਸੀਂ ਇੱਥੇ ਪਰਮਾਤਮਾ ਨੂੰ ਮਿਲਣ ਲਈ ਆਏ ਹਾਂ ਪਰ ਇਨ੍ਹਾਂ ਲੋਕਾਂ ਨੇ ਭਗਵਾਨ ਨੂੰ ਹੀ ਵਪਾਰ ਬਣਾ ਲਿਆ ਹੈ। ਹੁਣ ਪਤਾ ਲਗਦਾ ਜਦੋਂ ਲੋਕ ਕਹਿੰਦੇ ਹਨ ਕੀ ਧਰਮ ਖ਼ਤਰੇ ਵਿਚ। ਇੱਥੇ ਆ ਕੇ ਪਤਾ ਚੱਲਿਆ ਕਿ ਸੱਚ-ਮੁੱਚ ਹੀ ਧਰਮ ਖ਼ਤਰੇ ਵਿਚ ਹੈ ਕਿਉਂਕਿ ਜਿੱਥੇ ਵਪਾਰ ਅਤੇ ਭਗਤੀ ਵਿਚ ਕੋਈ ਫ਼ਰਕ ਨਹੀਂ ਸਮਝਦਾ, ਉੱਥੇ ਧਰਮ ਹਮੇਸ਼ਾ ਹੀ ਖ਼ਤਰੇ ਵਿਚ ਹੰੁਦਾ ਹੈ। ਮੇਰੇ ਮਨ ਵਿਚ ਵੀ ਸਵਾਲ ਆਇਆ ਪਰਮਾਤਮਾ ਧਰਮ ਹੀ ਕਿਉਂ ਖ਼ਤਰੇ ਵਿਚ ਹੈ ਖ਼ਤਰੇ ਵਿਚ ਤਾਂ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਧਰਮ ਦੀ ਵਰਤੋਂ ਆਪਣੇ ਸਵਾਰਥ ਲਈ ਕਰਦੇ ਹਨ। ਇਸ ਤੋਂ ਬਾਅਦ ਸਾਰੇ ਗਰੁੱਪ ਨੇ ਫੋਟੋ ਸ਼ੂਟ ਕੀਤਾ। ਹੁਣ ਮੇਰਾ ਧਿਆਨ ਆਰਥਿਕਤਾ ਵੱਲ ਚਲਿਆ। ਮੰਦਰ ਦੇ ਨੇੜੇ ਬਹੁਤ ਜ਼ਿਆਦਾ ਦੁਕਾਨਾਂ ਬਣੀਆਂ ਹੋਈਆਂ ਸਨ। ਜਿਨ੍ਹਾਂ ਉੱਪਰ ਪ੍ਰਸ਼ਾਦ, ਫੁੱਲ ਅਤੇ ਸ਼ਿਵ ਭਗਤੀ ਨਾਲ ਸਬੰਧਿਤ ਸਮਾਨ ਵਿੱਕ ਰਿਹਾ ਸੀ। ਇਨ੍ਹਾਂ ਦੁਕਾਨਾਂ ਦਾ ਇੱਕ ਵੱਖਰਾ ਹੀ ਨਜ਼ਾਰਾ ਸੀ। ਹਰ ਕੋਈ ਇਨ੍ਹਾਂ ਦੁਕਾਨਾਂ ਤੋਂ ਸਮਾਨ ਖ਼ਰੀਦ ਰਿਹਾ ਸੀ। ਮਨ ਵਿਚ ਇਕ ਖ਼ੁਸ਼ੀ ਹੋਈ ਕਿ ਚਲੋ ਬਾਬਾ ਲੋਕਾਂ ਦਾ ਪੇਟ ਵੀ ਭਰ ਰਿਹਾ ਹੈ। ਹਰ ਦੁਕਾਨਦਾਰ ਦੇ ਮੰੂਹ ’ਤੇ ਸ਼ਿਵ ਗੁਣ ਗਾਣ ਸੀ। ਧਰਮ ਇਕ ਅਜਿਹਾ ਮੁੱਦਾ ਹੈ ਜਿਸ ਵਿਚ ਹਰ ਕੋਈ ਭਾਗ ਲੈਣ ਲਈ ਤਿਆਰ ਰਹਿੰਦਾ ਹੈ।

ਹੁਣ ਅਗਲੇ ਦਰਸ਼ਨ ਓਮਕਾਰ ਈਸ਼ਵਰ ਦੇ ਕੀਤੇ। ਇੱਥੇ ਭੋਲਾ ਬਾਬਾ ਬਹੁਤ ਉੱਚੀ ਪੌੜੀ ਲਗਾ ਕੇ ਬੈਠਾ ਹੋਇਆ ਸੀ। ਹੁਣ ਬਿਮਲਾ ਦੀਦੀ ਵੀ ਅੱਕ ਕੇ ਬੋਲੇ ਕਿ ਬਾਬਾ ਮਾਤਾ ਨਾਲ ਗੁੱਸੇ ਹੋ ਕੇ ਕਦੇ ਕਿੱਤੇ ਜਾ ਕੇ ਬੈਠ ਜਾਂਦਾ ਸੀ, ਕਦੇ ਕਿਤੇ। ਇਸ ਤਰ੍ਹਾਂ ਮਾਤਾ ਵੀ ਗੁੱਸੇ ਹੋ ਕੇ ਪਹਾੜਾਂ ’ਤੇ ਜਾ ਬੈਠੇ। ਹੁਣ ਗਰੁੱਪ ਦੇ ਮੈਂਬਰ ਕਾਫੀ ਜ਼ਿਆਦਾ ਥੱਕ ਗਏ ਸੀ ਪਰ ਫਿਰ ਵੀ ਕਿਸੇ ਨੇ ਹਿੰਮਤ ਨਾ ਹਾਰੀ। ਸਭ ਤੋਂ ਵੱਡੀ ਪ੍ਰਾਪਤੀ ਸੀ ਇੱਕ ਇਸ ਗਰੁੱਪ ਵਿਚ 90 ਸਾਲ ਦੀ ਮਾਤਾ ਵੀ ਸੀ। ਜਿਸ ਨੂੰ ਹਰ 15 ਮਿੰਟਾਂ ਤੋਂ ਬਾਅਦ ਚੱਕਰ ਆਉਣ ਕਾਰਨ ਬਿਠਾਉਣਾ ਪੈਂਦਾ ਸੀ ਪਰ ਮਾਤਾ ਥੱਕਦੇ ਨਹੀਂ ਸੀ। ਇਨ੍ਹਾਂ ਅੰਦਰ ਪਤਾ ਨਹੀਂ ਕਿਹੜੀ ਸ਼ਕਤੀ ਸੀ ਕਿ ਉਨ੍ਹਾਂ ਨੇ ਇਕ ਮੰਦਰ ਵੀ ਨਹੀਂ ਛੱਡਿਆ। ਹਰ ਮੰਦਰ ਦੇ ਦਰਸ਼ਨ ਕਰਕੇ ਹੀ ਮੰਨੇ। ਮਾਤਾ ਨੂੰ ਦੇਖ ਕੇ ਤਾਂ ਸਾਡੇ ਅੰਦਰ ਵੀ ਪਤਾ ਨਹੀਂ ਕਿੱਥੋਂ ਹਿੰਮਤ ਪੈਦਾ ਹੋ ਜਾਂਦੀ ਸੀ। ਮੰਦਰ ਵਿਚ ਜਾਣ ਸਮੇਂ 3 ਘੰਟਿਆਂ ਦਾ ਸਫ਼ਰ 8 ਘੰਟਿਆਂ ਵਿਚ ਕੀਤਾ। ਸੜਕਾਂ ’ਤੇ ਗੱਡੀਆਂ ਹੀ ਗੱਡੀਆਂ ਸਨ। ਮੰਦਰ ਦੇ ਨੇੜੇ ਨਰਮਦਾ ਨਦੀ ਸੀ। ਨਦੀ ਦਾ ਪਾਣੀ ਇੰਨਾ ਸਾਫ਼ ਅਤੇ ਪੀਣ ਵਿਚ ਅੰਮਿ੍ਰਤ ਜਿਹਾ ਲੱਗ ਰਿਹਾ ਸੀ। ਸਾਰਿਆਂ ਨੇ ਨਦੀ ਵਿਚ ਹੱਥ ਪੈਰ ਧੋ ਕੇ ਤਾਜ਼ਗੀ ਮਹਿਸੂਸ ਕੀਤੀ। ਹੁਣ ਥਕਾਵਟ ਖ਼ਤਮ ਹੋ ਚੁਕੀ ਸੀ। ਰਾਤ ਦਾ ਸਫਰ ਹੋਣ ਕਾਰਨ ਅਸੀਂ ਜਲਦੀ ਕਮਰੇ ਵਿਚ ਚਲੇ ਗਏ। ਸਵੇਰ ਦੇ ਚਾਰ ਵਜ ਚੁੱਕੇ ਸਨ। ਸਾਰਿਆਂ ਨੇ ਸਲਾਹ ਕੀਤੀ ਹੁਣ ਸੌਣ ਦਾ ਕੋਈ ਫ਼ਾਇਦਾ ਨਹੀਂ। ਇਕ ਵਾਰ ਫਿਰ ਮਹਾਕਾਲ ਦੇ ਦਰਸ਼ਨ ਕੀਤੇ ਜਾਣ। ਫਿਰ ਤੋਂ ਮਹਾਕਾਲ ਦੇ ਦਰਸ਼ਨ ਕੀਤੇ। ਵਾਪਸ ਕਮਰੇ ’ਚ ਆ ਕੇ ਸਾਰੇ ਸੌਣ ਦੀ ਤਿਆਰੀ ਕਰਨ ਲੱਗੇ। ਹੁਣ ਦੁਪਹਿਰ ਦੇ ਤਿੰਨ ਵਜ ਗਏ ਸਨ। ਸਾਰੇ ਉੱਠ ਚੁੱਕੇ ਸੀ। ਨਹਾ ਕੇ ਸਾਰੇ ਤਿਆਰ ਹੋ ਕੇ ਖਾਣੇ ਦੀ ਭਾਲ ਵਿਚ ਤੁਰ ਪਏ। ਕਾਫੀ ਦੂਰ ਜਾ ਕੇ ਪੰਜਾਬੀ ਖਾਣੇ ਵਾਲਾ ਹੋਟਲ ਮਿਲਿਆ ਉਥੇ ਜਾ ਕੇ ਸਭ ਨੇ ਖਾਣਾ ਖਾਧਾ। ਇਹ ਖਾਣਾ ਸਭ ਨੂੰ ਬਹੁਤ ਵਧੀਆ ਲੱਗਿਆ। ਊਜੈਨ ਦੇ ਖਾਣੇ ਵਿਚ ਇਕ ਮਿਠਾਸ ਜ਼ਰੂਰ ਮਿਲਦੀ ਹੈ ਪਰ ਪੰਜਾਬੀ ਤਾਂ ਤਿੱਖੇ ਖਾਣੇ ਦੇ ਆਦੀ ਨੇ। ਹੁਣ ਸਭ ਨੇ ਬੜੇ ਸਵਾਦ ਨਾਲ ਖਾਣਾ ਖਾਧਾ ਫਿਰ ਘੰੁਮਣ ਲਈ ਤੁਰ ਪਏ। ਸਾਰੇ ਨੇੜੇ-ਤੇੜੇ ਦੇ ਮੰਦਰਾਂ ਵਿਚ ਗਏ।

ਸਾਰੇ ਦੁਆ ਮੰਗਦੇ-ਮੰਗਦੇ ਕੁਲ ਦੇਵਤਾ ਭੈਰੋਂ ਦੇ ਮੰਦਰ ਵਿਚ ਗਏ ਜਿੱਥੇ ਸ਼ਰਾਬ ਦੀ ਬੋਤਲ ਚੜ੍ਹਦੀ ਹੈ। ਜਦੋਂ ਇਹ ਬੋਤਲ ਹੱਥ ਵਿਚ ਆਈ ਤਾਂ ਘਰ ਦੇ ਖ਼ਾਸ ਮੈਂਬਰਾਂ ਦੀ ਯਾਦ ਆਈ ਜਿਹੜੇ ਬੜੇ ਪਿਆਰ ਨਾਲ ਪੈਗ ਲਗਾਉਣ ਦੇ ਸੌਂਕੀ ਨੇ। ਮੇਰਾ ਅਤੇ ਮਮਤਾ ਦਾ ਤਾਂ ਹੱਸਣਾ ਹੀ ਖ਼ਤਮ ਨਹੀਂ ਹੋ ਰਿਹਾ ਸੀ। ਹੁਣ ਜੇਠਾਣੀ ਜੀ ਬੋਲੇ, ‘‘ਭੈਰੋ ਬਾਬਾ ਇਹ ਦਾਰੂ ਦਾ ਭੋਗ ਤੁਹਾਨੂੰ ਇਸ ਲਈ ਲਗਾ ਰਹੇ ਹਾਂ ਕਿ ਇਹ ਦਾਰੂ ਤੁਸੀਂ ਹੀ ਪੀਓ। ਘਰ ਜਾ ਕੇ ਦੇਖੀਏ ਤਾਂ ਸਾਹਬ ਜੀ ਕਹਿਣ ਮੇਰਾ ਤਾਂ ਪੈਗ ਲਾਉਣ ਨੂੰ ਹੁਣ ਦਿਲ ਹੀ ਨਹੀਂ ਕਰਦਾ।’’ ਹੁਣ ਅਸੀਂ ਸਾਰੀਆਂ ਹੱਸਣ ਤੋਂ ਹੀ ਨਹੀਂ ਹਟ ਰਹੀਆਂ ਸਾਂ। ਆਖ਼ਰ ਬਾਬੇ ਨੂੰ ਭੋਗ ਲਗਾ ਦਿੱਤਾ, ਮੇਰਾ ਦਿਲ ਕਰਦਾ ਸੀ ਇਹ ਬੋਤਲ ਪ੍ਰੇਮ ਲਈ ਲੈ ਜਾਵਾਂ। ਪ੍ਰੇਮ ਖ਼ੁਸ਼ ਹੋ ਜਾਵੇਗਾ ਫਿਰ ਦੀਦੀ ਬੋਲੀ ਕਿੱਥੇ ਚੁੱਕਦੇ ਫਿਰਾਂਗੇ। ਹੁਣ ਇਹ ਬੋਤਲ ਸਫ਼ਾਈ ਕਰਮਚਾਰੀ ਨੂੰ ਦੇ ਦਿੱਤੀ ਗਈ। ਇਸ ਤੋਂ ਬਾਅਦ ਹੋਰ ਕਈ ਮੰਦਰਾਂ ਦੇ ਦਰਸ਼ਨ ਕੀਤੇ ਗਏ।

ਅਗਲੇ ਦਿਨ ਮਹਾਂ ਸ਼ਿਵਰਾਤਰੀ ਦਾ ਦਿਨ ਸੀ। ਅੱਜ ਦਾ ਦਿਨ ਬਹੁਤ ਵਿਸ਼ੇਸ਼ ਸੀ। ਇਹ ਦਿਨ ਇਕ ਵੱਡੇ ਤਿਉਹਾਰ ਵਾਂਗ ਮਨਾਇਆ ਜਾਂਦਾ, ਇਸ ਦਿਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ ਪਰ ਸ਼ਹਿਰ ਵਿਚ ਭਗਵਾਨ ਸ਼ਿਵ ਦੀ ਬਰਾਤ ਨਿੱਕਲ ਰਹੀ ਸੀ। ਹਰ ਪਾਸੇ ਗਹਿਮਾ-ਗਹਿਮੀ ਸੀ। ਇਸ ਤਿਉਹਾਰ ਨੂੰ ਲੈ ਕੇ ਮੱਧ ਪ੍ਰਦੇਸ਼ ਨਗਰ ਪਾਲਿਕਾ ਨੇ ਸਿਪਰਾ ਨਦੀ ਦੇ ਘਾਟ ’ਤੇ 21 ਲੱਖ ਦੀਵੇ ਲਗਾਉਣ ਦਾ ਟੀਚਾ ਰੱਖਿਆ ਸੀ। ਇਸ ਦੀ ਤਿਆਰੀ ਚਾਰ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਸਭ ਤੋਂਂ ਪਹਿਲਾਂ ਬੌਕਸ ਬਣਾਏ ਗਏ ਫਿਰ ਦੀਵੇ ਸਜਾਏ ਗਏ। ਸ਼ਿਵਰਾਤਰੀ ਦੀ ਰਾਤ ਨੂੰ ਇਹ ਦੀਵੇ ਜਗਾਉਣ ਦਾ ਪ੍ਰੋਗਰਾਮ ਸੀ। ਜਿਸ ਸਮੇਂ ਇਹ ਦੀਵੇ ਜਗਾਏ ਗਏ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਇੱਕ ਅਨੋਖੀ ਹੀ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਹੋ ਰਹੀ ਸੀ। ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਸੀ ਜਿੱਥੋਂ ਤੱਕ ਨਿਗਾਹ ਜਾਂਦੀ ਸੀ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਰਿਹਾ ਸੀ। ਇਹ ਉਤਸਵ ਸਾਰੀ ਰਾਤ ਚੱਲਿਆ। ਰਾਮ ਘਾਟ ਤੇ ਇੱਕ ਪਿਆਰਾ ਜਿਹਾ ਗੁਰਦੁਆਰਾ ਦੇਖਣ ਦਾ ਮੌਕਾ ਮਿਲਿਆ। ਜਦੋਂ ਗੁਰਦੁਆਰੇ ਅੰਦਰ ਗਏ ਤਾਂ ਪਾਠੀ ਸਿੰਘ ਨੂੰ ਫਤਹਿ ਬੁਲਾਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਗੁਰੂਦੁਆਰੇ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋੋਹ ਪ੍ਰਾਪਤ ਹੈ। ਇੱਥੇ ਦਰੱਖ਼ਤ ਹੇਠਾਂ ਬੈਠ ਕੇ ਬਾਬਾ ਜੀ ਭਗਤੀ ਕਰਦੇ ਸਨ। ਇਹ ਗੱਲਾਂ ਸੁਣ ਕੇ ਗੁਰਦੁਆਰੇ ਦੇ ਕਣ-ਕਣ ਨੂੰ ਹੱਥ ਨਾਲ ਛੂਹਣ ਅਤੇ ਮੱਥਾ ਟੇਕਣ ਨੂੰ ਦਿਲ ਕਰ ਰਿਹਾ ਸੀ। ਇਸ ਤੋਂ ਬਾਅਦ ਸਾਰਿਆਂ ਨੇ ਲੰਗਰ ਦੀ ਸੇਵਾ ਨਿਭਾਈ ਅਤੇ ਅੰਤ ਲੰਗਰ ਛਕ ਕੇ ਵਾਪਸ ਕਮਰੇ ਵਿਚ ਆ ਗਏ। ਹੁਣ ਘਰੋਂ ਬਾਹਰ ਆਇਆਂ ਕਈ ਦਿਨ ਹੋ ਗਏ ਸਨ ਘਰ ਦੀ ਯਾਦ ਵੀ ਆ ਰਹੀ ਸੀ।

ਵਾਪਸ ਪਰਤਦਿਆਂ ਮਨ ਵਿੱਚ ਭਾਰਤ ਦੀਆਂ ਨਦੀਆਂ ਬਾਰੇ ਧਿਆਨ ਆਇਆ ਕਿ ਕੁਦਰਤ ਨੇ ਕਿੰਨੀ ਸ਼ੀਤਲਤਾ ਇਨ੍ਹਾਂ ਨਦੀਆਂ ਨੂੰ ਦਿੱਤੀ ਹੈ, ਜਿਸ ਨਦੀ ਵਿੱਚ ਪੈਰ ਧਰਿਆ ਸਾਰੀ ਥਕਾਵਟ ਇੱਕ ਦਮ ਖ਼ਤਮ ਹੋ ਗਈ। ਪਤਾ ਨਹੀਂ ਕੁਦਰਤ ਨਾਲ ਜੁੜ ਕੇ ਇਕ ਅਨੋਖਾ ਹੀ ਸਕੂਨ ਮਿਲ ਰਿਹਾ ਸੀ।

ਹਰ ਥਾਂ ਦੀ ਯਾਤਰਾ ਵਿਸ਼ੇਸ਼ ਹੈ। ਕਿਸੇ ਵੀ ਥਾਂ ਉੱਪਰ ਘੰੁਮਣ ਜਾਂਦੇ ਹਾਂ ਤਾਂ ਸਾਨੂੰ ਉਸ ਰਾਜ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ। ਅਲੱਗ-ਅਲੱਗ ਥਾਵਾਂ ’ਤੇ ਘੰੁਮਣ ਨਾਲ ਸਾਡੇ ਜੀਵਨ ਜੀਉਣ ਦਾ ਇਕ ਵਧੀਆ ਨਜ਼ਰੀਆ ਬਣਦਾ ਹੈ।

- ਊਸ਼ਾ ਰਾਣੀ

Posted By: Harjinder Sodhi