ਦਰਿਆਵਾਂ ਕਿਨਾਰੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੱਭਿਆਤਾਵਾਂ ਉਪਜੀਆਂ ਹਨ। ਪੰਜਾਬ ਦੀ ਸੱਭਿਅਤਾ ਜੋ ਕਿ ਦਰਿਆ ਸਿੰਧ ਅਤੇ ਉਸ ਦੇ ਸਾਥੀ ਦਰਿਆਵਾਂ ਵਿਚ ਪੈਦਾ ਹੋਈ ਉਸ ਨੇ ਇਸ ਖਿੱਤੇ ਨੂੰ ਦੁਨੀਆ ’ਚ ਇਕ ਪ੍ਰਾਚੀਨ ਸੱਭਿਅਕ ਕੇਂਦਰ ਬਣਾ ਦਿੱਤਾ। ਦੁਨੀਆ ’ਚ ਜਿੰਨੀ ਕੁ ਪੁਰਾਣੀ ਮਿਸਰ ਅਤੇ ਬੇਬਿਲੋਨੀਆ ਦੀ ਸੱਭਿਅਤਾ ਹੈ ਉਸੇ ਬਰਾਬਰ ਪੰਜਾਬ ਦੀ ਸਿੰਧ ਘਾਟੀ ਸੱਭਿਅਤਾ ਮੰਨੀ ਜਾਂਦੀ ਹੈ, ਜਿਹੜੀ ਕਿ ਦਰਿਆਵਾਂ ਕਰਕੇ ਅਰਬ ਸਾਗਰ ਰਾਹੀਂ ਇਨ੍ਹਾਂ ਪ੍ਰਾਚੀਨ ਸੱਭਿਅਤਾਵਾਂ ਨਾਲ ਜੁੜੀ ਹੋਈ ਸੀ।

ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ‘ਡਿਸਕਵਰੀ ਆਫ਼ ਇੰਡੀਆ’ ਵਿਚ ਇਸ ਨਿਰੋਲ ਸ਼ਹਿਰੀ ਸੱਭਿਅਤਾ ਦਾ ਜ਼ਿਕਰ ਕੀਤਾ ਹੈ। ਜ਼ਿਲ੍ਹਾ ਨਵਾਂਸ਼ਹਿਰ ਵਿਚ ਸਤਲੁਜ ਦਰਿਆ ਦੇ ਕੰਢੇ ਵੱਲ ਨੂੰ ਜਾਂਦੇ ਹੋਏ ਇਸ ਸੱਭਿਅਤਾ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਇਸੇ ਸੱਭਿਅਤਾ ਦੀ ਗਵਾਹੀ ਭਰਦਾ ਇਸ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਰ ਪੁਰਾਣਾ ਨਗਰ ਰਾਹੋਂ ਹੈ। ਜਿਹੜਾ ਹਰੇਕ ਦੌਰ ਵਿਚ ਇਤਿਹਾਸ ਉੱਤੇ ਆਪਣੀ ਵੱਖਰੀ ਛਾਪ ਛੱਡਦਾ ਹੈ।

ਰਾਹੋਂ ਕਦੇ ਹੁੰਦਾ ਸੀ ਰਘੁਪੁਰ

ਲੋਕ ਧਾਰਾ ਦੀਆਂ ਕਹਾਣੀਆਂ ’ਚ ਦਰਜ ਹੈ ਕਿ ਇਹ ਸ਼ਹਿਰ ਬਨਾਰਸ ਜਿੰਨਾ ਹੀ ਪੁਰਾਣਾ ਸ਼ਹਿਰ ਹੈ। ਬਿ੍ਰਟਿਸ਼ ਦੌਰ ਦੇ ਵੱਖ-ਵੱਖ ਰਿਕਾਰਡਾਂ ਮੁਤਾਬਕ ਇਸ ਸ਼ਹਿਰ ਦੀ ਪਛਾਣ ਰਾਜਾ ਰਘੂ ਨਾਂ ਦੇ ਰਾਜੇ ਦੀ ਰਿਆਸਤ ਤੋਂ ਅੱਜ ਤੋਂ 2000 ਸਾਲ ਪਹਿਲਾਂ ਤੋਂ ਦਰਜ ਕਰਦੇ ਆ ਰਹੇ ਹਨ। ਉਸ ਵੇਲੇ ਇਸ ਸ਼ਹਿਰ ਦਾ ਨਾਮ ਰਘੁਪੁਰ ਦਰਜ ਹੈ। ਉਸ ਤੋਂ ਬਾਅਦ ਵੱਖ-ਵੱਖ ਦੌਰ ’ਚ ਇਹ ਕਦੀ ਗੁੱਜਰ, ਕਦੀ ਮਹਿਤੋਂ ਅਤੇ ਕਦੀ ਘੋਰਵਾਹਾ ਸ਼ਾਸਕਾਂ ਦੇ ਅਧੀਨ ਰਿਹਾ ਹੈ।

ਕਿਵੇਂ ਪਿਆ ਰਾਹੋਂ ਨਾਂ

ਇਸ ਸ਼ਹਿਰ ਦੇ ਮੌਜੂਦਾ ਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਗੁੱਜਰ ਸ਼ਾਸਕ ਦੇ ਕਬਜ਼ੇ ਵਿਚ ਆਉਣ ਤੋਂ ਬਾਅਦ ਇਸ਼ ਸ਼ਹਿਰ ਦਾ ਨਾਂ ਰਾਹੋਂ ਪੈ ਗਿਆ। ਇਸ ਸਬੰਧੀ ਇਕ ਹੋਰ ਧਾਰਨਾ ਜਿਹੜੀ ਕਿ ਸੱਚ ਦੇ ਜ਼ਿਆਦਾ ਨੇੜੇ ਲਗਦੀ ਹੈ ਉਹ ਇਹ ਵੀ ਹੈ ਕਿ ਪ੍ਰਾਚੀਨ ਸਿਲਕ ਰੂਟ ਦਾ ਦਿੱਲੀ ਤੋਂ ਤਿੱਬਤ, ਲਾਹੌਰ, ਮੁਲਤਾਨ ਜਾਣ ਦਾ ਰਸਤਾ ਇਸੇ ਸ਼ਹਿਰ ਤੋਂ ਨਿੱਕਲਦਾ ਸੀ।

ਸੋ ਇਸ ਸ਼ਹਿਰ ਤੋਂ ਵੱਖ-ਵੱਖ ਸ਼ਹਿਰਾ ਨੂੰ ਵੱਡੇ ਵਪਾਰਕ ਰਸਤੇ ਹੋਣ ਕਰਕੇ ਇਸ ਸ਼ਹਿਰ ਦਾ ਨਾਮ ਰਾਹਾਂ ਪੈ ਗਿਆ ਅਤੇ ਉਸ ਤੋਂ ਹੀ ਵਿਗੜ ਕੇ ਅੱਗੇ ਰਾਹੋਂ ਪੈ ਗਿਆ। ਸੋ ਇਹ ਧਾਰਨਾ ਵੀ ਇਸ ਸ਼ਹਿਰ ਦੀ ਭੂਗੋਲਕ ਸਥਿਤੀ ਦੇ ਹਿਸਾਬ ਨਾਲ ਕਾਫੀ ਹੱਦ ਤੱਕ ਹਾਂ ਪੱਖੀ ਲੱਗਦੀ ਹੈ। ਮੁਗ਼ਲ ਦੌਰ ਤੋਂ ਪਹਿਲਾਂ ਗਜ਼ਨਵੀ ਦੇ ਦੌਰ ਵਿਚ ਪੰਜਾਬ ਦੇ ਇਸ ਇਲਾਕੇ ਵਿਚ ਘੋੜਵਾਹੇ (ਕੱਛਵਾਹਾ ਰਾਜਪੂਤ) ਰਾਜਸਥਾਨ ਤੋਂ ਆਏ ਸਨ ਜਿਹੜੇ ਕਿ ਸਤਲੁਜ ਦਰਿਆ ਦੇ ਦੋਹਾਂ ਪਾਸੇ ਵੱਸ ਗਏ। ਇਨ੍ਹਾਂ ਲੋਕਾਂ ਨੇ ਹੀ ਅੱਗੇ ਜਾ ਕੇ ਦੋਆਬੇ ਵਿਚ ਘੋੜਵਾਹੇ ਰਾਜਪੂਤਾਂ ਦਾ ਮੁੱਢ ਬੰਨ੍ਹਿਆ ਜਿਹੜੇ ਕਿ ਗੜ੍ਹਸ਼ੰਕਰ, ਬਲਾਚੌਰ ਸਮੇਤ ਇਸ ਇਲਾਕੇ ਦੇ ਮੁੱਖ ਕਸਬਿਆਂ ਅਤੇ ਪਿੰਡਾਂ ਦੇ ਚੌਧਰੀ ਸਨ।

ਇਨ੍ਹਾਂ ਦੇ ਜ਼ਿਆਦਾਤਰ ਜਾਨਸ਼ੀਨ ਮੁਗ਼ਲ ਦੌਰ ਵਿਚ ਬਹੁਗਿਣਤੀ ਵਿਚ ਮੁਸਲਮਾਨ ਹੋ ਗਏ ਅਤੇ ਜਾਡਲਾ ਬਲਾਚੌਰ ਦੇ ਲੋਕ ਹਿੰਦੂ ਰਹੇ ਅਤੇ ਰਾਹੋਂ ਗੜ੍ਹਸ਼ੰਕਰ ਕਾਠਗੜ੍ਹ ਦੇ ਚੌਧਰੀ ਮੁਸਲਮਾਨ ਰਹੇ। ਸੋ ਇਸੇ ਸਿਲਸਿਲੇ ਵਿੱਚੋਂ ਰਾਹੋਂ ਜਾਗੀਰ ਮੁਸਲਮਾਨ ਜਗੀਰਦਾਰਾਂ ਕੋਲ ਸੀ ਜਿਹੜੇ ਕਿ 1947 ਵਿਚ ਪਾਕਿਸਤਾਨ ਚਲੇ ਗਏ।

ਰਾਣਾ ਉਦੋ ਸਿੰਘ ਨੂੰ ਮਿਲੀ ਜਾਗੀਰ

ਅਕਬਰ ਦੇ ਦੌਰ ਵਿਚ ਉਸ ਦੇ ਸਰਪ੍ਰਸਤ ਬੈਰਮ ਖ਼ਾਨ ਨੇ ਜਦੋਂ ਬਗ਼ਾਵਤ ਕੀਤੀ ਤਾਂ ਉਸ ਦੇ ਖ਼ਿਲਾਫ਼ ਮਾਛੀਵਾੜਾ ਦੇ ਰਾਣਾ ਉਦੋ ਸਿੰਘ ਨੇ ਉਸ ਬਗ਼ਾਵਤ ਨੂੰ ਦਬਾਇਆ ਤਾਂ ਅਕਬਰ ਨੇ ਇਹੋ ਰਾਣਾ ਉਦੋ ਸਿੰਘ ਨੂੰ ਰਾਹੋਂ ਸ਼ਹਿਰ ਦੀ ਜਾਗੀਰ ਦੇ ਦਿੱਤੀ। ਰਾਣਾ ਉਦੋ ਸਿੰਘ ਇਕ ਧਰਮੀ, ਕਰਮੀ ਸ਼ਾਸਕ ਸੀ। ਉਸ ਦੇ ਬਜ਼ੁਰਗ ਅਵਸਥਾ ਵਿਚ ਸਿਹਤ ਪੱਖੋਂ ਤੀਰਥ ’ਤੇ ਜਾਣ ਦੀ ਅਸਮਰੱਥਾ ਕਰਕੇ ਹੀ ਉਸ ਦੇ ਪੁੱਤਰਾਂ ਨੇ ਪੰਜ ਹਿੰਦੂ ਤੀਰਥਾਂ ਦਾ ਜਲ ਲਿਆ ਕੇ ਇੱਥੇ ਪਵਿੱਤਰ ਪੰਜ ਤੀਰਥ ਸਰੋਵਰ ਦਾ ਨਿਰਮਾਣ ਕਰਵਾਇਆ ਅਤੇ ਆਪਣੇ ਪਿਤਾ ਦੀ ਤੀਰਥ ਇਸ਼ਨਾਨ ਕਰਨ ਦੀ ਇੱਛਾ ਪੂਰੀ ਕੀਤੀ। ਰਾਹੋਂ ਵਿਚ ਅੱਜ ਵੀ ਇਹ ਪੰਜ ਤੀਰਥ ਸਰੋਵਰ ਚੱਲ ਰਿਹਾ ਹੈ ਜਿਸ ਨੂੰ ਇਲਾਕੇ ਦੇ ਕਿਸਾਨ ਪਰਿਵਾਰਾਂ ਵੱਲੋਂ ਹੀ ਮੁੜ ਚਲਦਾ ਕੀਤਾ ਗਿਆ ਸੀ। ਰਾਣਾ ਉਦੋਂ ਦੇ ਖ਼ਾਨਦਾਨ ਵਿਚ ਟਿੱਕਾ ਪਹਿਲਵਾਨ ਸਿੰਘ ਦੇ ਟੱਬਰ ਨੇ ਔਰੰਗਜ਼ੇਬ ਦੇ ਰਾਜ ਵਿਚ ਇਸਲਾਮ ਕਬੂਲ ਕੀਤਾ, ਜਿਹੜੇ ਕਿ 1947 ਤਕ ਇਸ ਇਲਾਕੇ ਦੇ ਜਗੀਰਦਾਰ ਰਹੇ।

ਵਪਾਰ ਦਾ ਸੀ ਵੱਡਾ ਕੇਂਦਰ

ਉਦਯੋਗ ਧੰਦੇ ਪੱਖੋਂ ਸਿਲਕ ਰੂਟ ’ਤੇ ਹੋਣ ਕਰਕੇ ਰਾਹੋਂ ਸ਼ਹਿਰ ਵਪਾਰ ਦਾ ਵੱਡਾ ਕੇਂਦਰ ਸੀ, ਜਿਸ ਕਰਕੇ ਇਸ ਸ਼ਹਿਰ ਵਿਚ ਵੱਖ-ਵੱਖ ਉਦਯੋਗ ਧੰਦੇ ਸ਼ੁਰੂ ਹੋਏ। ਮੁਗ਼ਲ ਦੌਰ ਵਿਚ ਇਥੇ ਸਰਾਫਾ ਬਾਜ਼ਾਰ ਵੀ ਮਸ਼ਹੂਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਰਾਹੋਂ ਦੇ ਸਰਾਫਾਂ ਦੀਆਂ ਜੜ੍ਹਾਂ ਪੂਰੀ ਦੁਨੀਆਂ ਵਿਚ ਹੀ ਫੈਲੀਆਂ ਹੋਈਆਂ ਹਨ। ਇਸੇ ਤਰ੍ਹਾਂ ਇਹ ਸ਼ਹਿਰ ਤਿੱਲੇ ਅਤੇ ਗੋਟਾ ਕਿਨਾਰੀ ਦੇ ਕੰਮ ਦਾ ਵੀ ਮਸ਼ਹੂਰ ਕੇਂਦਰ ਸੀ। ਗੋਟਾ ਕਿਨਾਰੀ ਦੇ ਕੰਮ ਤੋਂ ਬਚੀ ਖੁਚੀ ਸਿਲਕ ਦੀ ਖੋਹ ਤੋਂ ਰੱਖੜੀ ਤਿਆਰ ਹੁੰਦੀ ਸੀ। ਰੱਖੜੀ ਬਣਾਉਣ ਦਾ ਕੰਮ ਇਸ ਸ਼ਹਿਰ ਦੀਆਂ ਬੀਬੀਆਂ ਨੇ ਆਮ ਘਰੇਲੂ ਦਸਤਕਾਰੀ ਵਜੋਂ ਘਰ- ਘਰ ਆਮ ਕੀਤਾ ਜਾਂਦਾ ਸੀ। ਜਿਹੜਾ 1970 ਦੇ ਲਾਗੇ ਮਸ਼ੀਨੀ ਦੌਰ ਆਉਣ ਨਾਲ ਖ਼ਤਮ ਹੋ ਗਿਆ। ਇਸ ਤੋਂ ਇਲਾਵਾ ਕਪਾਹ ਅਤੇ ਗੰਨਾ ਹੋਣ ਕਰਕੇ ਇੱਥੇ ਦਾ ਸੂਤੀ ਕੱਪੜਾ ਅਤੇ ਦੇਸੀ ਖੰਡ ਬਹੁਤ ਮਸ਼ਹੂਰ ਸੀ। ਇਸਦੇ ਨਾਲ ਹੀ ਘੇੜੀਏ ਪਰਿਵਾਰ ਘਿਓ ਦਾ ਕਾਰੋਬਾਰ ਕਰਦੇ ਸਨ। 1890 ਤਕ ਵਪਾਰ ਵਿਚ ਇਹ ਸ਼ਹਿਰ ਬਹੁਤ ਮਸ਼ਹੂਰ ਰਿਹਾ ਹੈ, ਪਰ ਆਵਾਜਾਈ ਦੇ ਨਵੇਂ ਸਾਧਨ ਆਉਣ ਕਰਕੇ ਇਹ ਸ਼ਹਿਰ ਵਪਾਰ ਵਿਚ ਪੱਛੜ ਗਿਆ ਅਤੇ ਲੋਕ ਵੱਖ-ਵੱਖ ਸ਼ਹਿਰਾਂ ਵਿਚ ਜਾ ਵਸੇ। ਇਹ ਗੱਲ ਬਿ੍ਰਟਿਸ਼ ਰਿਕਾਰਡ ਵਿਚ ਦਰਜ ਹੈ। ਇਸੇ ਕਰਕੇ 1891 ਦੀ ਅਬਾਦੀ ਵੀ ਇਸ ਸ਼ਹਿਰ ਦੀ 15000 ਸੀ ਪਰ 1901 ਤਕ ਉਹ ਆਬਾਦੀ 8700 ਦੇ ਕਰੀਬ ਰਹਿ ਗਈ। ਇਹ ਸ਼ਹਿਰ ਜਿੱਥੇ ਆਪਣੇ ਆਪ ਵਿਚ ਹੀ ਇਕ ਵੱਡਾ ਵਪਾਰਕ ਕੇਂਦਰ ਅਤੇ ਸੱਭਿਆਚਾਰਕ ਖਿੱਤਾ ਸੀ ਉਥੇ ਨਾਲ ਹੀ ਇੱਥੇ ਮਸ਼ਹੂਰ ਲੋਕਾਂ ਦਾ ਰਿਸ਼ਤਾ ਵੀ ਜੁੜਦਾ ਹੈ।

ਰਾਜਸੀ ਅਤੇ ਫਿਲਮੀ ਹਸਤੀਆਂ

ਦੁਨੀਆ ਵਿਚ ਖੋਸਲਾ, ਚੋਪੜਾ ਪਰਿਵਾਰਾਂ ਦਾ ਸਬੰਧ ਰਾਹੋਂ ਨਾਲ ਜੁੜਦਾ ਹੈ। ਹਿੰਦੀ ਫਿਲਮ ਸਨਅਤ ਵਿਚ ਬੀਆਰ ਚੋਪੜਾ ਰਾਹੋਂ ਦੇ ਹੀ ਜੰਮਪਲ ਸਨ। ਉਨ੍ਹਾਂ ਦੇ ਟੱਬਰ ਨੇ ਲਾਹੌਰ ਕਾਰੋਬਾਰ ਸ਼ੁਰੂ ਕਰਨ ਕਰਕੇ ਉਹ ਲਾਹੌਰ ਵੱਸ ਗਏ ਸਨ। ਇਸੇ ਤਰ੍ਹਾਂ ਮਸ਼ਹੂਰ ਫਿਲਮ ਨਿਰਮਾਤਾ ਰਾਜ ਖੋਸਲਾ ਇਸੇ ਸ਼ਹਿਰ ਵਿਚ ਖੋਸਲਾ ਮੁਹੱਲਾ ਤੋਂ ਉੱਠ ਕੇ ਫਿਲਮ ਸੱਨਅਤ ਦਾ ਹਿੱਸਾ ਬਣੇ। ਪ੍ਰੇਮ ਚੋਪੜਾ ਦੇ ਪੁਰਖੇ ਵੀ ਰਾਹੋਂ ਸ਼ਹਿਰ ਤੋਂ ਲਾਹੌਰ ਜਾ ਵਸੇ ਸਨ।

ਇਸੇ ਤਰ੍ਹਾਂ ਮਸ਼ਹੂਰ ਅਦਾਕਾਰ ਅਮਰੀਸ਼ ਪੁਰੀ ਦਾ ਪਰਿਵਾਰ ਰਾਹੋਂ ਤੋਂ ਹੀ ਉੱਠ ਕੇ ਨਵਾਂਸ਼ਹਿਰ ਗਿਆ। ਉਨ੍ਹਾਂ ਦੇ ਵੱਡੇ ਭਰਾ ਮਦਨ ਪੁਰੀ ਦਾ ਜਨਮ ਰਾਹੋਂ ਦਾ ਹੀ ਸੀ ਅਤੇ ਉਹ ਰਾਹੋਂ ਸਕੂਲ ਤੋਂ ਹੀ ਪੜ੍ਹ ਕੇ ਗਏ ਸਨ, ਮਸ਼ਹੂਰ ਸੰਗੀਤਕਾਰ ਖ਼ਿਆਮ ਇਸੇ ਸ਼ਹਿਰ ਦੇ ਜੰਮ ਪਲ ਸਨ। ਇਸੇ ਤਰ੍ਹਾਂ ਇਸ ਸ਼ਹਿਰ ਨੇ ਕਈ ਵੱਡੇ ਅਫ਼ਸਰ ਵੀ ਪੈਦਾ ਕੀਤੇ, ਬਿਲਾਸਪੁਰ ਸਟੇਟ ਵਿਚ ਇਸੇ ਸ਼ਹਿਰ ਦੇ ਖੋਸਲਾ ਪਰਿਵਾਰ ਦੇ ਦੀਵਾਨ ਚਮਨ ਖੋਸਲਾ ਦੀਵਾਨ ਰਹੇ। ਉਨ੍ਹਾਂ ਦੇ ਟੱਬਰ ਵਿੱਚੋਂ ਹੀ ਮਸ਼ਹੂਰ ਜੱਜ ਗੋਪਾਲ ਖੋਸਲਾ ਰਹੇ। ਜਿਹੜੇ ਮਹਾਤਮਾ ਗਾਂਧੀ ਕਤਲ ਕੇਸ ਵਿਚ ਮੁੱਖ ਜੱਜ ਅਤੇ ਕਈ ਕਿਤਾਬਾਂ ਦੇ ਲੇਖਕ ਰਹੇ ਹਨ, ਇਸ ਤੋਂ ਇਲਾਵਾ ਚੌਧਰੀ ਅਬਦੁਲ ਰਹਿਮਾਨ ਇਸ ਸ਼ਹਿਰ ਦੇ ਜਗੀਰਦਾਰ ਅਤੇ ਅੰਗਰੇਜ਼ ਦੌਰ ਵਿਚ ਯੂਨੀਅਨਿਸਟ ਪਾਰਟੀ ਦੇ ਐਮਐਲਏ ਰਹੇ ਹਨ।

ਇੱਥੇ ਦੇ ਮਸ਼ਹੂਰ ਲਾਲਾ ਗਿਆਨ ਮਿੱਤਰ ਖੋਸਲਾ ਦੇ ਪਿਤਾ ਸਤਨਾਰਾਇਣ ਖੋਸਲਾ ਵੀ ਅੰਗਰੇਜ਼ ਦੌਰ ਵਿਚ ਆਈਸੀਐੱਸ ਰਹੇ ਹਨ। ਜਿੱਥੇ ਵੰਡ ਦੇ ਦੌਰਾਨ ਮਹਿੰਦਰ ਸਿੰਘ ਰੰਧਾਵਾ ਭਾਰਤ ਵਿਚ ਮੁੜ ਵਸੇਵਾ ਕਮਿਸ਼ਨ ਦੇ ਮੁਖੀ ਸਨ ਉੱਥੇ ਪਾਕਿਸਤਾਨ ਵਿਚ ਇਸੇ ਸ਼ਹਿਰ ਦੇ ਰਾਣਾ ਹਮੀਦ ਮੁੱਖੀ ਰਹੇ ਅਤੇ ਜਿਹੜੇ ਪੱਛਮੀ ਪਾਕਿਸਤਾਨ ਵਿਚ ਹੋਮ ਸੈਕਟਰੀ ਦੇ ਅਹੁਦੇ ਤਕ ਪੁੱਜੇ।

ਪਾਕਿਸਤਾਨ ਦੀ ਸਿਆਸਤ ਵਿਚ ਅੱਜ ਵੀ ਇਸ ਸ਼ਹਿਰ ਦੇ ਲੋਕਾਂ ਦੇ ਬੱਚਿਆਂ ਨੇ ਮੰਤਰੀ ਅਤੇ ਐਮਐਲਏ ਬਣਾਏ ਹਨ ਜਿਨ੍ਹਾਂ ਵਿਚ ਝੰਗ ਸੀਟ ਤੋਂ ਚੌਧਰੀ ਇਜ਼ਤ ਖ਼ਾਨ ਦਾ ਪੋਤਰਾ ਅਤੇ ਨਾਰੋਵਾਲ ਸੀਟ ਤੋਂ ਰਾਣਾ ਅਬਦੁਰ ਰਹਿਮਾਨ ਦੇ ਦੋਹਤਰਾ ਉਨ੍ਹਾਂ ਦੀ ਰਾਜਨੀਤਕ ਵਿਰਾਸਤ ਨੂੰ ਅੱਗੇ ਤੌਰ ਰਹੇ ਹਨ। ਇਸੇ ਤਰ੍ਹਾਂ ਇਸ ਸ਼ਹਿਰ ਦੇ ਟੱਬਰ ਦਾ ਹੀ ਪੁੱਤਰ ਰਾਣਾ ਆਫਤਾਫ ਨਨਕਾਣਾ ਸਾਹਿਬ ਦਾ ਸਾਬਕਾ ਐਮਐਲਏ ਪਾਕਿਸਤਾਨ ਵਿਚ ਮੰਤਰੀ ਰਿਹਾ ਹੈ।

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਫ਼ੌਜ ਵਿਚ ਕੈਪਟਨ ਪ੍ਰੇਮ ਸਹਿਗਲ ਅਤੇ ਕੈਪਟਨ ਲੱਛਮੀ ਸਹਿਗਲ ਇਸ ਸ਼ਹਿਰ ਦੇ ਹੀ ਸਾਬਕਾ ਨਗਰ ਕੌਂਸਲ ਪ੍ਰਧਾਨ ਦਿਨੇਸ਼ ਚੋਪੜਾ ਜੀ ਦੇ ਮਾਮਾ ਜੀ ਸਨ। ਸੋ ਕੁੱਲ ਮਿਲਾ ਕੇ ਰਾਹੋਂ ਸ਼ਹਿਰ ਦੇ ਲੋਕ ਪੂਰੀ ਦੁਨੀਆ ਵਿਚ ਅੱਜ ਤੱਕ ਵੱਖੋ-ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ। ਚੌਧਰੀ ਅਬਦੁਲ ਰਹਿਮਾਨ ਤੋਂ ਬਾਅਦ ਵਰਤਮਾਨ ਵਿਚ ਨਛੱਤਰ ਪਾਲ ਪੰਜਾਬ ਵਿਧਾਨ ਸਭਾ ਵਿਚ ਨਵੰਸ਼ਹਿਰ ਸੀਟ ਦੀ ਤਰਜਮਾਨੀ ਕਰ ਰਹੇ ਹਨ। ਆਪਣੇ ਅਤੀਤ ਵਿਚ ਗਵਾਚਿਆ ਇਹ ਸ਼ਹਿਰ ਇਕ ਵੱਡਾ ਇਤਿਹਾਸ ਸਮੇਟ ਕੇ ਬੈਠਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕੇ ਇਸ ਸ਼ਹਿਰ ਦੇ ਪੁਰਾਣੇ ਇਤਿਹਾਸਕ ਪਿਛੋਕੜ ਨੂੰ ਦੇਖਦੇ ਹੋਏ ਅਤੇ ਕਈ ਮਸ਼ਹੂਰ ਪੁਰਾਣਤ ਇਮਾਰਤਾਂ ਅਤੇ ਕੇਂਦਰ ਹੁੰਦੇ ਹੋਏ ਇਸ ਸ਼ਹਿਰ ਨੂੰ ਇਕ ਸੈਰ ਸਪਾਟਾ ਕੇਂਦਰ ਵਜੋਂ ਅਤੇ ਸੱਭਿਆਚਾਰਕ ਕੇਂਦਰ ਵਜੋਂ ਮੁੜ ਖੜ੍ਹਾ ਕਰਨਾ ਚਾਹੀਦਾ ਹੈ।

ਲਾਹੌਰ ਦਰਬਾਰ ਦਾ ਹਿੱਸਾ ਬਣਿਆ

ਤਾਰਾ ਸਿੰਘ ਘੇਬਾ ਦੀ ਮੌਤ ਤੋਂ ਬਾਅਦ ਇਹ ਸ਼ਹਿਰ 1807 ਵਿਚ ਲਾਹੌਰ ਦਰਬਾਰ ਦਾ ਹਿੱਸਾ ਬਣਿਆ। ਤਾਰਾ ਸਿੰਘ ਘੇਬਾ ਦੇ ਪੁੱਤਰਾਂ ਨੂੰ ਜਾਗੀਰਾਂ ਦਿੱਤੀਆਂ ਗਈਆਂ। ਇਸ ਸ਼ਹਿਰ ਦਾ ਪ੍ਰਸ਼ਾਸਕ ਸਰਦਾਰ ਦੱਲ ਸਿੰਘ ਨੂੰ ਬਣਾਇਆ ਗਿਆ, ਜਿਸ ਨੇ ਇੱਥੇ ਮੁਹੱਲਾ ਪਹਾੜ ਸਿੰਘ ਵਿਚ ਨਵੇਂ ਕਿਲ੍ਹੇ ਦਾ ਨਿਰਮਾਣ ਕਰਵਾਇਆ, ਜਿਸ ਦੇ ਖੰਡਰ ਦੇ ਕੁਝ ਹਿੱਸੇ ਕਈ ਥਾਂ ਪੁਰਾਣੀਆਂ ਕੰਧਾਂ ਵਜੋਂ ਦਿਸਦੇ ਹਨ। ਇਸੇ ਕਿਲ੍ਹੇ ਵਿਚ ਨੇਪਾਲ ਦੇ ਜਰਨੈਲ ਅਮਰ ਸਿੰਘ ਥਾਪਾ ਨੇ ਟਿਕਾਣਾ ਕੀਤਾ ਸੀ। ਇਸੇ ਕਰਕੇ ਇਸ ਸ਼ਹਿਰ ਵਿਚ ਡੇਰਾ ਪਰਮਹੰਸਾ ਵਿਚ ਨੇਪਾਲੀ ਫ਼ੌਜ ਵੱਲੋਂ ਬਣਾਇਆ ਗਿਆ ਮੰਦਿਰ (ਜਿਹੜਾ ਕਿ ਇਥੇ ਦੀ ਸਥਾਨਕ ਸ਼ੈਲੀ ਨਾਲ ਮਿਲਦਾ ਨਹੀਂ ਹੈ) ਮੌਜੂਦ ਹੈ। ਲਾਹੌਰ ਦਰਬਾਰ ਤੇ ਅੰਗਰੇਜ਼ ਸਰਕਾਰ ਦੇ ਕਬਜ਼ੇ ਤੋਂ ਬਾਅਦ ਇਹ ਸ਼ਹਿਰ ਅੰਗਰੇਜ਼ ਸਰਕਾਰ ਦੇ ਅਧੀਨ ਆ ਗਿਆ। 1855 ਵਿਚ ਸ਼ਹਿਰ ਵਿਚ ਪ੍ਰਾਇਮਰੀ ਸਕੂਲ ਦੀ ਨੀਂਹ ਰੱਖੀ ਗਈ। ਇਹ ਸਕੂਲ ਅੱਜ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਿਆ ਹੈ ਅਤੇ ਪੰਜਾਬ ਦੇ ਸਭ ਤੋਂ ਪੁਰਾਣੇ ਸਕੂਲਾਂ ਵਿੱਚੋਂ ਇਕ ਸੀ। 1878 ਵਿਚ ਇਸ ਸ਼ਹਿਰ ਨੂੰ ਅੰਗਰੇਜ਼ ਸਰਕਾਰ ਨੇ ਨਗਰ ਕੌਂਸਲ ਦਾ ਦਰਜਾ ਦਿੱਤਾ। ਇਸੇ ਕਰਕੇ ਰਾਹੋਂ ਨਗਰ ਕੌਂਸਲ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਨਗਰ ਕੌਂਸਲਾਂ ਵਿੱਚੋਂ ਇਕ ਹੈ। ਜਿੱਥੇ 1911 ਤੋਂ ਭਾਰਤੀ ਲੋਕਾਂ ਨੂੰ ਕੌਂਸਲ ਮੁੱਖੀ ਵਜੋਂ ਨਾਮਜ਼ਦ ਕਰਨਾ ਸ਼ੁਰੂ ਕੀਤਾ ਗਿਆ।

ਰਾਮਸਰ ਸਰੋਵਰ ਦੀ ਰੱਖੀ ਨੀਂਹ

1710 ਵਿਚ ਇਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਲਿਆ ਸੀ। 1716 ਤਕ ਇਹ ਸ਼ਹਿਰ ਸਿੱਖਾਂ ਦੇ ਕਬਜ਼ੇ ਵਿਚ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਇਸ ਸ਼ਹਿਰ ’ਤੇ ਮੁੜ ਅਬਦੁਲ ਸਮਦ ਖ਼ਾਨ ਨੇ ਦੋਬਾਰਾ ਕਬਜ਼ਾ ਕਰ ਲਿਆ। ਮੁਗ਼ਲ ਰਾਜ ਕੋਲੋਂ ਇਹ ਸ਼ਹਿਰ ਮੁੜ 1759 ਵਿਚ ਸਰਦਾਰ ਤਾਰਾ ਸਿੰਘ ਘੇਬਾ ਨੇ ਜਿੱਤਿਆ ਅਤੇ ਆਪਣੀ ਡਲੇਵਾਲੀਆ ਮਿਸਲ ਦੀ ਰਾਜਧਾਨੀ ਬਣਾਇਆ ਅਤੇ ਜਿਸ ਥਾਂ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਨੇ ਟਿਕਾਣਾ ਕੀਤਾ ਸੀ ਉੱਥੇ ਰਾਮਸਰ ਸਰੋਵਰ ਦੀ ਨੀਂਹ ਰੱਖੀ, ਉਸੇ ਸਰੋਵਰ ਦੇ ਇਕ ਕੰਢੇ ਤੇ ਡੇਰਾ ਰਾਮਸਰ ਦੇ ਕੋਲ ਤਾਰਾ ਸਿੰਘ ਘੇਬਾ ਦੀ ਸਮਾਧ ਅੱਜ ਕਲ੍ਹ ਸ਼ਿਵ ਮੰਦਰ ਦੇ ਰੂਪ ਵਿਚ ਮੌਜੂਦ ਹੈ ਅਤੇ ਉਸ ਦੀ ਰਾਣੀ ਦੀ ਸਮਾਧ ਸਰੋਵਰ ਦੇ ਦੂਸਰੇ ਪਾਸੇ ਇਕ ਮਕਬਰੇ ਦੇ ਰੂਪ ਵਿਚ ਮੌਜੂਦ ਹੈ।

- ਗੰਗਵੀਰ ਸਿੰਘ

Posted By: Harjinder Sodhi