ਹਰ ਬੱਚਾ ਜਦ ਜਨਮ ਲੈਂਦਾ ਹੈ ਤਾਂ ਉਸੇ ਸਮੇਂ ਉਸ ਨਾਲ ਧਰਮ ਤੇ ਜਾਤ ਦਾ ਟੈਗ ਲੱਗ ਜਾਂਦਾ ਹੈ। ਬੱਚੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ, ਪਰ ਰੰਗ, ਨਸਲ, ਜਾਤ, ਧਰਮ ਆਦਿ ਆਪਣੇ ਆਪ ਉਸ ਨਾਲ ਚਿੰਬੜ ਜਾਂਦੇ ਹਨ। ਜਿਉਂ ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸਨੂੰ ਸਮਝ ਆਉਂਦੀ ਰਹਿੰਦੀ ਹੈ। ਫਿਰ ਉਹ ਸਾਰੀ ਉਮਰ ਰੰਗ, ਨਸਲ, ਜਾਤ, ਧਰਮ ਦੀਆਂ ਚੰਗੀਆਂ ਮਾੜੀਆਂ ਗੱਲਾਂ ਦਾ ਆਪਣੇ ਆਪ ਹੀ ਭਾਗੀ ਬਣਦਾ ਹੈ। ਅਸੀਂ ਭਾਰਤੀ ਲੋਕ ਇਸ ਸਾਰੇ ਵਰਤਾਰੇ ਨੂੰ ਬਹੁਤ ਚੰਗੀ ਤਰਾਂ ਜਾਣਦੇ ਤੇ ਸਮਝਦੇ ਹਾਂ। ਲੋਕਾਂ ਦੇ ਮਨਾਂ ਅੰਦਰ ਇਸ ਸਿਸਟਮ ਨੇ ਆਪਣੀਆਂ ਜੜ੍ਹਾਂ ਬਹੁਤ ਡੂੰਘੀਆਂ ਫੈਲਾ ਰੱਖੀਆਂ ਹਨ। ਤੇ ਇਹੋ ਰੰਗ, ਨਸਲ, ਜਾਤ ਆਦਿ ਹੀ ਸਮਾਜ ਵਿਚ ਭੇਦ-ਭਾਵ ਦਾ ਵੱਡਾ ਕਾਰਣ ਬਣਦੇ ਹਨ।

ਜਹਾਜ਼ਾਂ ਦੀ ਨੌਕਰੀ ਨੇ ਮੈਨੂੰ ਬੜੀ ਦੁਨੀਆ ਦਿਖਾਈ ਹੈ। ਮੈਂ ਮਹਿਸੂਸ ਕੀਤਾ ਇਹ ਭੇਦ-ਭਾਵ ਲਗਪਗ ਹਰ ਥਾਂ ’ਤੇ ਹੀ ਹੈ। ਕਿਤੇ ਦੱਬਵੇ ਸੁਰ ਵਿਚ ਹੈ ਤੇ ਕਿਤੇ ਜਾਹਰਾ ਤੌਰ ’ਤੇ। ਇੱਥੋਂ ਤਕ ਕਿ ਕਾਲੇ ਕਾਲਿਆਂ ਨਾਲ, ਗੋਰੇ ਗੋਰਿਆਂ ਨਾਲ, ਨਿਮਨ ਵਰਗ ਤੇ ਹੋਰ, ਆਪਣੀ ਹੀ ਜਾਤ ਤੇ ਵਰਗ ਵਿਚ ਵੀ ਭੇਦ-ਭਾਵ ਕਰਦੇ ਆ ਰਹੇ ਹਨ। ਜਹਾਜ਼ੀ ਲੋਕ ਇਸ ਭੇਦ-ਭਾਵ ਦਾ ਖੱੁਲ੍ਹੇਆਮ ਪ੍ਰਦਰਸ਼ਨ ਨਹੀਂ ਸੀ ਕਰਦੇ। ਕੁਝ ਮਹੀਨੇ ਜਹਾਜ਼ ਵਿਚ ਰਹਿ ਕੇ ਘਰਾਂ ਨੂੰ ਪਰਤ ਜਾਣਾ ਹੁੰਦਾ ਹੈ, ਜਾਂ ਫਿਰ ਕਿਸੇ ਦੂਸਰੇ ਜਹਾਜ਼ ਵਿਚ ਚਲੇ ਜਾਣਾ ਹੁੰਦਾ ਹੈ। ਪਰ ਮਨਾਂ ਦੇ ਕੋਨੇ ਵਿਚ ਇਹ ਵਿਚਾਰ ਕਿਤੇ ਬੈਠਾ ਜ਼ਰੂਰ ਰਹਿੰਦਾ। ਇਹ ਏਸ਼ੀਅਨ ਹੈ, ਇਹ ਅਫਰੀਕਨ ਹੈ, ਇਹ ਚੀਨੀ ਹੈ, ਇਹ ਗੋਰਾ ਹੈ, ਇਹ ਕਾਲਾ ਹੈ ਆਦਿ ਗੱਲਾਂ ਮਨ ਵਿੱਚੋਂ ਕਦੇ ਵੀ ਖ਼ਤਮ ਨਹੀਂ ਹੁੰਦੀਆਂ।

ਕਈ ਵਾਰ ਤੁਹਾਡੇ ਮਨ ਵਿਚ ਕੁਝ ਧਾਰਨਾਵਾਂ ਬਣ ਜਾਂਦੀਆਂ ਹਨ, ਪਰ ਉਹ ਟੱੁਟਦੀਆਂ ਵੀ ਰਹਿੰਦੀਆਂ ਹਨ। ਜਦ ਤਕ ਮੈਂ ਅਮਰੀਕਾ ਨਹੀਂ ਸੀ ਗਿਆ, ਮੇਰੇ ਮਨ ਵਿਚ ਵੀ ਇਹ ਧਾਰਨਾ ਸੀ ਕਿ ਅਮਰੀਕਾ ਵਿਚ ਭੇਦ-ਭਾਵ ਬਿਲਕੁੱਲ ਨਹੀਂ ਹੋਵੇਗਾ। ਸਾਡਾ ਜਹਾਜ਼ ਅਮਰੀਕਾ ਦੀ ਬੰਦਰਗਾਹ ਵਿਚ ਖੜ੍ਹਾ ਸੀ। ਜਹਾਜ਼ ਵਿਚ ਇਕ ਐਕਸੀਡੈਂਟ ਹੋ ਗਿਆ ਤੇੇ ਮੈਨੂੰ ਅਮਰੀਕਾ ਦੀ ਟੈਕਸਾਜ਼ ਸਟੇਟ ਦੇ ਇਕ ਹਸਪਤਾਲ ਵਿਚ ਦਾਖ਼ਲ ਹੋਣਾ ਪੈ ਗਿਆ। ਕਾਫੀ ਵੱਡਾ ਹਸਪਤਾਲ ਸੀ। ਉਸ ਵਕਤ ਮੈਨੂੰ ਚੈਕ-ਅੱਪ ਕਰਨ ਵਾਲਾ ਤੇ ਇਲਾਜ ਕਰਨ ਵਾਲਾ ਜ਼ਿਆਦਾਤਰ ਡਾਕਟਰ ਤੇ ਨਰਸਿੰਗ ਸਟਾਫ ਗੋਰਾ ਹੀ ਸੀ। ਹੋਰ ਸੇਵਾ ਸੰਭਾਲ ਤੇ ਸਫ਼ਾਈ ਆਦਿ ਦੇ ਕੰਮਾਂ ਵਿਚ ਮੈਕਸੀਕਨ ਤੇ ਅਫਰੀਕਨ ਸਨ ਜਿਨ੍ਹਾਂ ਨਾਲ ਮੇਰਾ ਵਾਹ ਪੈਂਦਾ ਰਿਹਾ। ਮੈਂ ਡਾਕਟਰਾਂ ਨਾਲ ਤਾਂ ਲੋੜ ਮੁਤਾਬਕ ਹੀ ਗੱਲ ਕਰਦਾ ਪਰ ਇਹ ਛੋਟੇ ਕੰਮਾਂ ਵਾਲੇ ਸਟਾਫ ਨਾਲ ਖੁੱਲ੍ਹ ਕੇ ਗੱਲਾਂ ਕਰ ਲੈਂਦਾ। ਵੈਸੇ ਸਾਰਾ ਸਟਾਫ ਹੀ ਬਹੁਤ ਵਧੀਆ ਢੰਗ ਨਾਲ ਗੱਲ ਸੁਣਦਾ ਸੀ ਤੇ ਮੈਨੂੰ ਕਿਸੇ ਕਿਸਮ ਦੀ ਘਾਟ ਨਹੀਂ ਸੀ।

ਇਕ ਅਫਰੀਕਨ ਕਾਲੀ ਔਰਤ ਰੋਜ਼ ਮੇਰੇ ਕਮਰੇ ਦੀ ਸਫ਼ਾਈ ਦਾ ਕੰਮ ਕਰਨ ਲਈ ਆਉਂਦੀ ਹੁੰਦੀ। ਸਰੀਰ ਦੀ ਕੁਝ ਭਾਰੀ ਸੀ ਤੇ ਲੱਗਦਾ ਸੀ ਇਹ 2-3 ਬੱਚਿਆਂ ਦੀ ਮਾਂ ਜ਼ਰੂਰ ਹੋਵੇਗੀ। ਉਹ ਸਫ਼ਾਈ ਦਾ ਜੋ ਵੀ ਕੰਮ ਕਰਦੀ ਬਹੁਤ ਦਿਲ ਲਾ ਕੇ ਕਰਦੀ, ਐਵੇਂ ਚੱਲਵਾ ਜਿਹਾ ਨਹੀਂ। ਮੈਂ ਅਕਸਰ ਉਸਦੇ ਕੰਮ, ਘਰ-ਪਰਿਵਾਰ, ਬੱਚਿਆਂ ਆਦਿ ਬਾਰੇ ਕੋਈ ਨਾ ਕੋਈ ਗੱਲ ਕਰ ਲੈਂਦਾ। ਉਹ ਕੰਮ ਵੀ ਕਰਦੀ ਰਹਿੰਦੀ ਤੇ ਨਾਲ ਗੱਲ ਦਾ ਜਵਾਬ ਵੀ ਦਿੰਦੀ ਰਹਿੰਦੀ। ਇਕ ਦਿਨ ਇਸ ਹਸਪਤਾਲ, ਇੱਥੋਂ ਦੇ ਮਾਹੌਲ ਅਤੇ ਸਟਾਫ ਬਾਰੇ ਗੱਲਾਂ ਕਰ ਰਹੇ ਸਾਂ। ਮੈਂ ਉਸਦੀ ਤੇ ਉਸਦੇ ਕੰਮ ਦੀ ਤਾਰੀਫ਼ ਕੀਤੀ। ਹਸਪਤਾਲ ਦੇ ਹੋਰ ਸਟਾਫ ਦੀ ਵੀ ਤਾਰੀਫ਼ ਕੀਤੀ, ਕਿਉਂਕਿ ਮੇਰਾ ਇਲਾਜ ਬਹੁਤ ਵਧੀਆ ਹੋ ਰਿਹਾ ਸੀ। ਉਹ ਸਭ ਸੁਣਦੀ ਰਹੀ, ਕੁਝ ਦੱਸਦੀ ਤੇ ਆਪਣਾ ਕੰਮ ਵੀ ਕਰਦੀ ਗਈ।

ਉਸਦਾ ਕੰਮ ਖ਼ਤਮ ਹੋਣ ਵਾਲਾ ਸੀ ਕਿ ਸੁਭਾਵਕ ਮੈਂ ਉਸ ਦੇ ਮੁਲਕ ਬਾਰੇ ਗੱਲ ਛੇੜ ਲਈ। ਮੈਂ ਅਮਰੀਕਾ ਦੀ ਤਾਰੀਫ਼ ਕੀਤੀ ਤੇ ਕਿਹਾ, “ਤੁਹਾਡਾ ਮੁਲਕ ਬਹੁਤ ਵਧੀਆ ਹੈ। ਬਹੁਤ ਸਾਰੇ ਏਸ਼ੀਅਨ ਤੇ ਹੋਰ ਮੁਲਕਾਂ ਦੇ ਨੌਜਵਾਨਾਂ ਤੇ ਲੋਕਾਂ ਲਈ ਇਹ ਜੰਨਤ ਵਾਂਗ ਹੈ। ਸਭ ਇਹੀ ਸਮਝਦੇ ਹਨ ਕਿ ਤੁਹਾਡੇ ਮੁਲਕ ਦਾ ਸਿਸਟਮ ਬਹੁਤ ਵਧੀਆ ਹੈ। ਇਸ ਲਈ ਉਹ ਇੱਥੇ ਆ ਕੇ ਕੰਮ ਕਰਨਾ ਤੇ ਵੱਸਣਾ ਚਾਹੁੰਦੇ ਹਨ। ਅਮਰੀਕਾ ਦੇ ਪੱਕੇ ਸਿਟੀਜ਼ਨ ਬਣਨ ਦਾ ਸੁਪਨਾ ਲੈਂਦੇ ਹਨ। ਮੇਰੇ ਆਪਣੇ ਦੇਸ਼ ਇੰਡੀਆ ਦੇ ਵੀ ਬਹੁਤ ਨੌਜਵਾਨ ਤੇ ਹੋਰ ਲੋਕ ਅਮਰੀਕਾ ਆ ਕੇ ਵੱਸਣਾ ਚਾਹੁੰਦੇ ਹਨ। ਕੁਝ ਦਿਨ ਤੋਂ ਮੈਂ ਵੀ ਦੇਖ ਰਿਹਾ ਹਾਂ ਕਿ ਇੱਥੇ ਗੋਰੇ, ਅਫਰੀਕਨ, ਮੈਕਸੀਕਨ ਤੇ ਹੋਰ ਸਭ ਬੜੇ ਖ਼ੁਸ਼ ਲੱਗਦੇ ਹਨ।”

ਉਹ ਪਹਿਲੀਆਂ ਸਾਰੀਆਂ ਗੱਲਾਂ ਤਾਂ ਆਰਾਮ ਨਾਲ ਸੁਣਦੀ ਰਹੀ, ਪਰ ਅਖੀਰਲੀ ਗੱਲ ਸ਼ਾਇਦ ਉਸਨੂੰ ਚੁਭੀ। ਗੋਰੇ, ਅਫਰੀਕਨ, ਮੈਕਸੀਕਨ ਸਭ ਖ਼ੁਸ਼ ਵਾਲੀ ਗੱਲ ਤੇ ਉਹ ਕੰਮ ਛੱਡ ਕੇ ਖੜ੍ਹੀ ਹੋ ਗਈ। ਮੈਨੂੰ ਕੁਝ ਹੈਰਾਨੀ ਹੋਈ। ਉਸਨੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ ਤੇ ਫਿਰ ਪੁੱਛਿਆ, “ਕੀ ਵਧੀਆ ਹੈ?”

ਉਸਦੇ ਇਸ ਸਵਾਲ ’ਤੇ ਮੈਂ ਘਬਰਾਹਟ ਜਿਹੀ ਮਹਿਸੂਸ ਕੀਤੀ। ਅੱਜ ਤਕ ਉਸਨੇ ਹਮੇਸ਼ਾ ਬੜੇ ਪਿਆਰ ਭਰੇ ਲਹਿਜ਼ੇ ਵਿਚ ਹੀ ਗੱਲ ਕੀਤੀ ਸੀ। ਮੈਨੂੰ ਚੁੱਪ ਦੇਖ ਕੇ ਉਹ ਬੋਲਣ ਲੱਗੀ, “ਇਹ ਮੁਲਕ ਸਿਰਫ਼ ਗੋਰੇ ਲੋਕਾਂ ਲਈ ਵਧੀਆ ਹੈ, ਸਾਡੇ ਲੋਕਾਂ ਲਈ ਕੋਈ ਵਧੀਆ ਨਹੀਂ।”

ਮੈਂ ਹੋਰ ਹੈਰਾਨ ਕਿ ਇਸਨੇ ਤਾਂ ਬਹੁਤ ਵੱਡੀ ਗੱਲ ਕਹਿ ਦਿੱਤੀ। ਉਸਨੇ ਇੱਕੋ ਝਟਕੇ ਨਾਲ ਗੋਰੇ ਤੇ ਕਾਲੇ ਲੋਕਾਂ ਨੂੰ ਅੱਡ-ਅੱਡ ਕਤਾਰ ਵਿਚ ਖੜ੍ਹਾ ਕਰ ਦਿੱਤਾ ਸੀ। ਮੈਂ ਸੋਚਣ ਲੱਗਾ ‘ਕੀ ਸੱਚਮੁੱਚ ਅਜਿਹਾ ਕੁਝ ਹੈ, ਜਾਂ ਇਹ ਔਰਤ ਕਿਸੇ ਈਰਖਾ ਭਾਵ ਨਾਲ ਇਹ ਗੱਲ ਕਹਿ ਗਈ। ਭੇਦ-ਭਾਵ ਤੇ ਉਹ ਵੀ ਅਮਰੀਕਾ ਵਿਚ ?’

ਉਸ ਵਕਤ ਮੇਰੇ ਮਨ ਵਿਚ ਅਮਰੀਕਾ ਬਾਰੇ ਇਹੋ ਸੋਚ ਸੀ ਕਿ ਏਥੇ ਕੋਈ ਭੇਦ ਭਾਵ ਨਹੀਂ ਹੋ ਸਕਦਾ। ਸੋ ਮੈਂ ਕਿਹਾ,“ਹੋ ਸਕਦਾ ਹੈ ਕਿਸੇ ਗੋਰੇ ਇਨਸਾਨ ਨਾਲ ਤੁਹਾਡੀ ਕੋਈ ਨਿੱਜੀ ਗੱਲ ਜਾਂ ਤਕਰਾਰ ਹੋਈ ਹੋਵੇ। ਪਰ ਕੁੱਲ ਮਿਲਾ ਕੇ ਅਜਿਹਾ ਕੁਝ ਵੀ ਬਹੁਤਾ ਸੁਣਨ ਵਿਚ ਤਾਂ ਨਹੀਂ ਆਇਆ। ਇਕ ਦੋ ਮੈਕਸੀਕਨ ਵੀ ਮਿਲੇ ਹਨ। ਇਕ ਮੈਕਸੀਕਨ ਮੁੰਡਾ ਤਾਂ ਰੋਜ਼ ਆਉਂਦਾ ਹੈ। ਉਹ ਵੀ ਬੜਾ ਖ਼ੁਸ਼ ਦਿਸਦਾ ਹੁੰਦਾ ਹੈ।”

ਉਹ ਕਹਿਣ ਲੱਗੀ, “ਤੁਸੀਂ ਜਹਾਜ਼ ਵਿੱਚੋਂ ਇੱਥੇ ਆਏ ਹੋ ਅਤੇ ਜਹਾਜ਼ ਵਿਚ ਹੀ ਵਾਪਸ ਚਲੇ ਜਾਉਂਗੇ। ਤੁਹਾਨੂੰ ਇੱਥੇ ਅੰਦਰ ਦੀਆਂ ਗੱਲਾਂ ਬਾਰੇ ਕੁਝ ਪਤਾ ਨਹੀਂ ਹੈ। ਸਾਡੇ ਸਮਾਜ ਦੀਆਂ ਤਕਲੀਫਾਂ ਬਾਰੇ ਪਤਾ ਨਹੀਂ ਹੈ। ਮੈਂ ਦੱਸਦੀ ਹਾਂ - ਸਾਡੇ ਅਨੇਕਾਂ ਨੌਜਵਾਨ ਮੁੰਡੇ ਵਿਹਲੇ ਫਿਰਦੇ ਹਨ। ਉਹ ਬੇਰੁਜ਼ਗਾਰ ਹਨ ਤੇ ਉਨ੍ਹਾਂ ਕੋਲ ਕੰਮ ਨਹੀਂ। ਨੌਕਰੀਆਂ ਦੇਣ ਸਮੇਂ ਸਾਡੇ ਮੁੰਡਿਆਂ ਨਾਲ ਭੇਦ-ਭਾਵ ਹੁੰਦਾ ਹੈ। ਸਾਡੇ ਬਹੁਤੇ ਲੋਕਾਂ ਕੋਲ ਆਪਣਾ ਘਰ ਵੀ ਨਹੀਂ। ਸਾਡੇ ਸਮਾਜ ਦੇ ਬਹੁਤ ਸਾਰੇ ਮੁੰਡੇ ਖੁੱਲੇ੍ਹ ਆਕਾਸ਼ ਹੇਠ ਸੌਂਦੇ ਹਨ। ਕਈ ਬਾਹਰ ਪੁਲਾਂ ਹੇਠ ਜਾ ਕੇ ਸੌਂਦੇ ਹਨ। ਕੋਈ ਕਿਧਰੇ ਪੁਰਾਣੇ ਖ਼ਾਲੀ ਪਏ ਘਰਾਂ ਜਾਂ ਕਿਸੇ ਖ਼ਾਲੀ ਪਏ ਬਰਾਂਡੇ ਵਗੈਰਾ ਵਿਚ ਜਾ ਕੇ ਸੌਂਦਾ ਹੈ। ਕਈ ਵਾਰ ਸਾਡੇ ਲੋਕਾਂ ਕੋਲ ਖਾਣ ਲਈ ਪੂਰਾ ਰਾਸ਼ਨ ਵੀ ਨਹੀਂ ਹੁੰਦਾ। ਮੇਰੇ ਤੇ ਹੋਰ ਬਹੁਤ ਸਾਰੇ ਲੋਕਾਂ ਕੋਲ ਐਨਾ ਪੈਸਾ ਨਹੀਂ ਕਿ ਅਸੀਂ ਆਪਣੀਆਂ ਸਭ ਲੋੜਾਂ ਤੇ ਸ਼ੌਂਕ ਖੁੱਲ੍ਹ ਕੇ ਪੂਰੇ ਕਰ ਸਕੀਏ। ਸਾਡੇ ਬਹੁਤੇ ਲੋਕਾਂ ਕੋਲ ਘੱਟ ਤਨਖਾਹਾਂ ਵਾਲੇ ਕੰਮ ਹਨ। ਅਸੀਂ ਆਪਣੇ ਲਈ ਚੰਗਾ ਘਰ ਨਹੀਂ ਖ਼ਰੀਦ ਸਕਦੇ।” ਉਹ ਹੋਰ ਵੀ ਬਹੁਤ ਕੁਝ ਬੋਲੀ ਗਈ। ਇੰਝ ਲੱਗਦਾ ਸੀ ਜਿਵੇਂ ਬਹੁਤ ਚਿਰ ਤੋਂ ਭਰੀ-ਪੀਤੀ ਪਈ ਸੀ, ਤੇ ਅੱਜ ਭੜਾਸ ਕੱਢਣਾ ਚਾਹੁੰਦੀ ਹੋਵੇ।

ਮੈਂ ਚੁੱਪ ਬੈਠਾ ਉਸਦੇ ਚਿਹਰੇ ਵੱਲ ਦੇਖ ਰਿਹਾ ਸੀ। ਉਹ ਫਿਰ ਸ਼ੁਰੂ ਹੋ ਗਈ। ਹੁਣ ਉਹ ਸਮੇਂ ਦੀ ਸਰਕਾਰ ਬਾਰੇ ਬੁਰਾ ਭਲਾ ਬੋਲਣ ਲੱਗ ਪਈ, “ਇਹ ਜੋ ਸਾਡਾ ਰਾਸ਼ਟਰਪਤੀ (ਨਾਮ ਲੈ ਕੇ) ਹੈ ਨਾ, ਇਹ ਸਾਡੇ ਲੋਕਾਂ ਲਈ ਕੁਝ ਵੀ ਨਹੀਂ ਕਰ ਰਿਹਾ। ਸਾਡੇ ਬਾਰੇ ਕੋਈ ਵੀ ਨਹੀਂ ਸੋਚਦਾ। ਵਿਹਲੇ ਮੁੰਡੇ ਨਸ਼ੇ ਤੇ ਹੋਰ ਗ਼ਲਤ ਕੰਮਾਂ ਵਿਚ ਪੈ ਜਾਂਦੇ ਹਨ। ਫੇਰ ਇਨ੍ਹਾਂ ਲੋਕਾਂ ਨੂੰ ਸਾਡੇ ਸਮਾਜ ਤੇ ਸਾਡੇ ਮੁੰਡਿਆਂ ਨੂੰ ਨਿੰਦਣ ਦਾ ਹੋਰ ਬਹਾਨਾ ਮਿਲ ਜਾਂਦਾ ਹੈ। ਕੀ ਕਰਨ ਇਹ ਵਿਹਲੇ ਮੁੰਡੇ। ਢਿੱਡ ਤਾਂ ਖਾਣ ਨੂੰ ਮੰਗਦਾ ਹੈ ਨਾ।”

ਉਸ ਦੀਆਂ ਗੱਲਾਂ ਵਿਚ ਗੁੱਸਾ ਸੀ, ਗਿਲੇ ਸ਼ਿਕਵੇ ਸੀ। ਉਹ ਕਾਫ਼ੀ ਕੁਝ ਬੋਲਦੀ ਰਹੀ ਤੇ ਮੈਂ ਚੁੱਪ-ਚਾਪ ਸੁਣਦਾ ਰਿਹਾ। ਆਪਣੀ ਭੜਾਸ ਕੱਢ ਕੇ ਜਾਂ ਇਹ ਕਹੋ ਢਿੱਡ ਹੌਲਾ ਕਰਕੇ ਉਹ ਚਲੀ ਗਈ। ਮੈਂ ਸੁੰਨ ਜਿਹਾ ਹੋਇਆ ਉਸਨੂੰ ਕਮਰੇ ’ਚੋਂ ਬਾਹਰ ਜਾਂਦੀ ਨੂੰ ਦੇਖਦਾ ਰਿਹਾ। ਉਸ ਵਕਤ ਮੇਰੇ ਵਿਚ ਅੱਗੇ ਕੋਈ ਗੱਲ ਕਰਨ ਜਾਂ ਪੱੁਛਣ ਦੀ ਜਿਵੇਂ ਹਿੰਮਤ ਨਹੀਂ ਸੀ ਰਹੀ।

ਉਸ ਦੇ ਚਲੇ ਜਾਣ ਤੋਂ ਬਾਅਦ ਉਸਦੀਆਂ ਕਹੀਆਂ ਗੱਲਾਂ ਨੇ ਮੈਨੂੰ ਹੈਰਾਨ ਵੀ ਕੀਤਾ ਤੇ ਪ੍ਰੇਸ਼ਾਨ ਵੀ। ਕਿੱਥੇ ਮੈਂ ਇਸ ਮੁਲਕ ਨੂੰ ਜੰਨਤ ਦੱਸ ਰਿਹਾ ਸੀ ਤੇ ਕਿੱਥੇ ਉਹ ਔਰਤ ਮੇਰੇ ਸਾਮ੍ਹਣੇ ਹੀ ਇਸ ਜੰਨਤ ਦਾ ਜਨਾਜ਼ਾ ਕੱਢ ਗਈ। ਨਾਲ ਇਸ ਨੂੰ ਚਿੱਕੜ ਨਾਲ ਲਿੱਪ ਵੀ ਗਈ। ਤੇ ਮੈਂ ਬੈਠਾ ਸੋਚੀ ਜਾਵਾਂ, ‘ਹੈਂਅ! ਇਕ ਅਮਰੀਕਾ ਇਹ ਵੀ?’

- ਪਰਮਜੀਤ ਮਾਨ

Posted By: Harjinder Sodhi