ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਦੇਸ਼ ਭਰ 'ਚ ਬਾਰਿਸ਼ ਦਾ ਕਹਿਰ ਸਿਖ਼ਰਾਂ 'ਤੇ ਹੈ। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਆਮ ਜਨ-ਜੀਵਨ 'ਤੇ ਕਾਫੀ ਬੁਰਾ ਅਸਰ ਪਿਆ ਹੈ। ਖ਼ਾਸਕਰ ਸ਼ਹਿਰੀ ਇਲਾਕਿਆਂ 'ਚ ਪਾਣੀ ਭਰ ਜਾਣ ਨਾਲ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਇਸ ਨਾਲ ਸਬੰਧਿਤ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ। ਇਸ ਕ੍ਰਮ 'ਚ ਇਕ ਹੋਰ ਵੀਡੀਓ ਸ਼ੇਅਰ ਹੋ ਰਹੀ ਹੈ, ਜਿਸਨੂੰ ਤੁਸੀਂ ਦੇਖ ਕੇ ਆਪਣਾ ਹਾਸਾ ਰੋਕ ਨਹੀਂ ਸਕੋਗੇ।

ਇਸ ਵੀਡੀਓ 'ਚ ਇਕ ਵਿਅਕਤੀ ਨੇ ਬਾਰਿਸ਼ ਦੀ ਜੋ ਸੈਰ ਕੀਤੀ ਹੈ, ਉਹ ਬਹੁਤ ਹੀ ਹਾਸੋਹੀਣੀ ਹੈ। ਇਸ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸੇ ਸ਼ਹਿਰ 'ਚ ਇਕ ਗਲੀ 'ਚ ਗੋਡਿਆਂ ਤੋਂ ਉਪਰ ਤਕ ਪਾਣੀ ਭਰਿਆ ਹੋਇਆ ਹੈ ਅਤੇ ਨਦੀ ਵਾਂਗ ਧਾਰਾ ਵਹਿ ਰਹੀ ਹੈ। ਲੋਕ ਪਾਣੀ ਭਰਿਆ ਹੋਣ ਦੇ ਬਾਵਜੂਦ ਆਪਣੇ ਕੰਮ 'ਚ ਬਿਜ਼ੀ ਹਨ। ਇਸ ਦੌਰਾਨ ਇਕ ਵਿਅਕਤੀ ਦੇ ਮਨ 'ਚ ਸ਼ਰਾਰਤ ਸੁਝਦੀ ਹੈ। ਉਹ ਪਾਣੀ ਦੀ ਟੈਂਕੀ ਦੇ ਉੱਪਰੀ ਭਾਗ ਨੂੰ ਕੱਟ ਦਿੰਦਾ ਹੈ ਤੇ ਉਸਨੂੰ ਕਿਸ਼ਤੀ ਬਣਾ ਲੈਂਦਾ ਹੈ।

ਇਸਤੋਂ ਬਾਅਦ ਉਹ ਪਾਣੀ ਦੀ ਟੈਂਕੀ 'ਚ ਬੈਠ ਜਾਂਦਾ ਹੈ। ਲੋਕ ਇਸ ਵਿਅਕਤੀ ਨੂੰ ਦੇਖ ਕੇ ਖੁਸ਼ ਹੁੰਦੇ ਹਨ। ਪਰ ਵਿਅਕਤੀ ਮਸਤ ਹੋ ਕੇ ਪਾਣੀ ਦੀ ਟੈਂਕੀ ਦੀ ਸਵਾਰੀ ਕਰ ਰਿਹਾ ਹੈ।

ਇਸ ਵੀਡੀਓ ਨੂੰ ਭਾਰਤੀ ਵਣ ਸੇਵਾ ਦੇ ਅਧਿਕਾਰੀ ਨੇ ਕੀਤਾ ਸ਼ੇਅਰ

ਇਸ ਵੀਡੀਓ ਨੂੰ ਭਾਰਤੀ ਵਣ ਸੇਵਾ ਦੇ ਅਧਿਕਾਰੀ ਸੁਸ਼ਾਂਤ ਨੰਦਾ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਆਪਣੇ ਅਕਾਊਂਟ ਰਾਹੀਂ ਸ਼ੇਅਰ ਕੀਤਾ ਹੈ। ਇਸਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ਜੇਕਰ ਹੜੱਪਾ ਅਤੇ ਮੋਹਨਜੋਦੜੋ ਸ਼ਹਿਰ ਦੇ ਨਿਰਮਾਤਾ 10 ਪੁਆਇੰਟਸ ਪਾਉਂਦੇ ਹਨ ਤਾਂ ਇਸ ਸ਼ਹਿਰ ਦੇ ਪਲਾਨਰ ਨੂੰ ਕਿੰਨੇ ਪੁਆਇੰਟਸ ਦੇਣੇ ਪਸੰਦ ਕਰਨਗੇ। ਇਥੇ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿਚੋ-ਵਿਚ ਪ੍ਰਦੂਸ਼ਣ ਮੁਕਤ ਕਿਸ਼ਤੀ ਦੀ ਸਵਾਰੀ ਕੀਤੀ ਜਾ ਰਹੀ ਹੈ। ਸੁਸ਼ਾਂਤ ਦੀ ਇਸ ਵੀਡੀਓ ਨੂੰ ਖ਼ਬਰ ਲਿਖੇ ਜਾਣ ਤਕ ਤਕਰੀਬਨ 7 ਹਜ਼ਾਰ ਲੋਕ ਦੇਖ ਚੁੱਕੇ ਹਨ ਅਤੇ 700 ਲੋਕਾਂ ਨੇ ਲਾਈਕ ਕੀਤਾ ਹੈ।

Posted By: Ramanjit Kaur