ਆਦਿ ਕਾਲ ਤੋਂ ਹਰ ਕਬੀਲੇ/ਕੌਮ ਜਾਂ ਦੇਸ਼ ਨੇ ਕਿਸੇ ਨਾ ਕਿਸੇ ਵਕਤ, ਹਮਲਾ ਕਰ ਕੇ ਲੜਾਈ ਛੇੜੀ ਹੈ। ਇਹ ਭਾਵੇਂ ਇਲਾਕੇ ਵਿਚ ਵਾਧਾ ਕਰਨ ਲਈ, ਜਾਂ ਆਪਣਾ ਧਰਮ ਦੂਜਿਆਂ ਉੱਪਰ ਠੋਸਣ ਲਈ, ਕੀਤੀ ਹੋਵੇ। ਇਹੀ ਗੱਲ ਪਾਕਿਸਤਾਨ ਦੀ ਹੈ। 1999 ਇਸ ਦੇ ਜੁਆਬ ਵਿਚ ਸਾਡੀ ਲੜਾਈ ਨੂੰ ਅਸੀਂ 'ਆਪ੍ਰੇਸ਼ਨ ਵਿਜੇ' ਕਹਿੰਦੇ ਹਾਂ।

ਜੰਮੂ-ਕਸ਼ਮੀਰ ਪ੍ਰਾਂਤ ਦੇ ਤਿੰਨ ਮੁੱਖ ਖਿੱਤੇ ਹਨ, ਜੰਮੂ, ਕਸ਼ਮੀਰ ਘਾਟੀ ਅਤੇ ਲੱਦਾਖ। ਇਨ੍ਹਾਂ ਵਿਚ ਬਹੁਤ ਭਿੰਨਤਾ ਹੈ, ਸਾਂਝ ਘੱਟ। ਕਾਰਗਿਲ ਜ਼ਿਲ੍ਹਾ ਬਾਲਟਿਸਤਾਨ ਖਿੱਤੇ ਦਾ ਹਿੱਸਾ ਹੈ ਅਤੇ ਇਹ ਸਕਰਦੂ-ਗਿਲਗਿਟ ਨਾਲ ਮਿਲਦਾ ਹੈ। ਰਣਨੀਤਕ ਮਹੱਤਤਾ ਪੱਖੋਂ ਕਾਰਗਿਲ ਦਾ ਇਲਾਕਾ ਬਹੁਤ ਅਹਿਮ ਹੈ। ਇਹ ਖਿੱਤਾ ਕਸ਼ਮੀਰ ਘਾਟੀ ਨੂੰ ਲੇਹ ਰਾਹੀਂ ਨੁਬਰਾ ਘਾਟੀ ਨੂੰ ਜੋੜਦਾ ਹੈ। ਕੌਮੀ ਸ਼ਾਹ ਮਾਰਗ N8-91 ਪੂਰੇ ਲੱਦਾਖ਼ ਅਤੇ ਸਿਆਚਨ ਗਲੇਸ਼ੀਅਰ ਲਈ ਰੀੜ੍ਹ ਦੀ ਹੱਡੀ ਹੈ, ਅਤੇ ਕਾਰਗਿਲ ਦੀ ਭੀੜੀ ਘਾਟੀ ਵਿਚ ਦੀ ਲੰਘਦਾ ਹੈ। ਇਸ ਦਾ ਕੁਝ ਹਿੱਸਾ ਪਾਕਿਸਤਾਨੀ, ਉਨ੍ਹਾਂ ਦੀਆਂ ਪੋਸਟਾਂ ਤੋਂ ਦੇਖ ਸਕਦੇ ਹਨ। ਲਾਈਨ ਆਫ਼ ਕੰਟਰੋਲ, ਗੁਰੇਜ਼, ਮੁਸ਼ਕੋ ਵੈਲੀ, ਕਾਕਸਰ, ਬਟਾਲਿਕ, ਚੋਰਬਾਟਲਾ-ਤੁਰਤੁੱਕ ਵਿਚ ਦੀ ਲੰਘਦੀ ਹੈ। ਇਹ ਜੰਗੀ ਕਹਾਣੀ, ਬਟਾਲਿਕ ਖੇਤਰ 'ਚ ਲੜੀ ਗਈ, 12 ਜੈਕ ਐੱਲ ਆਈ ਦੀ ਗਾਥਾ ਹੈ।

ਬਟਾਲਿਕ, ਕਾਰਗਿਲ ਦੇ ਉੱਤਰ ਵੱਲ ਆਮ ਕਰ ਕੇ ਸ਼ਾਂਤ, ਸੁੰਦਰ ਪਰ ਔਖਾ ਹੈ। ਅਸਲ ਆਰੀਆ ਲੋਕਾਂ ਦੇ ਦੋ ਪਿੰਡ 'ਦਾਹ' ਅਤੇ 'ਬਟਾਲਿਕ' ਇਸ ਵਿਚ ਹਨ। ਇੱਥੋਂ ਦੇ ਵਾਸੀ ਆਪਣੇ ਆਪ ਨੂੰ ਸ਼ੁੱਧ ਆਰੀਅਨ ਮੰਨਦੇ ਹਨ।

ਬਟਾਲਿਕ ਇਲਾਕਾ ਉਬੜ-ਖੁੱਬੜ, ਪੱਥਰੀਲਾ ਅਤੇ ਗੰਜੇ ਪਹਾੜਾਂ ਦਾ ਹੈ। ਚੋਟੀਆਂ ਸਿਆਲਾਂ 'ਚ ਭਾਰੀ ਬਰਫ਼ ਨਾਲ ਢਕੀਆਂ ਜਾਂਦੀਆਂ ਹਨ। ਫ਼ੌਜੀ ਪੱਖੋਂ ਬਟਾਲਿਕ, ਗਰਕੁਨ, ਦਾਹ, ਯਾਲਡੋਰ ਅਤੇ ਹੰਨੂਥਾਂਗ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਸਰਦੀਆਂ ਵਿਚ ਅੱਤ ਦੀ ਬਰਫ਼ ਕਰਕੇ ਉੱਚੀਆਂ ਪੋਸਟਾਂ ਖ਼ਾਲੀ ਕਰਨੀਆਂ ਪੈਂਦੀਆਂ ਸਨ। ਇਨ੍ਹਾਂ ਤੇ ਗਸ਼ਤ ਭੇਜ ਕੇ ਨਿਗਾਹ ਰੱਖੀ ਜਾਂਦੀ ਸੀ। ਸਮਾਂ ਪੈ ਕੇ, ਰੁਟੀਨ ਵਿਚ ਸੁਸਤੀ ਅਤੇ ਲਾਪਰਵਾਹੀ ਆ ਸਕਦੀ ਹੈ ਅਤੇ ਆਈ। ਦੁਸ਼ਮਣ ਦੋ ਸਰਦੀਆਂ ਤਕਦਾ ਰਿਹਾ। ਅੰਤ ਅੱਗੇ ਵੱਧ ਕੇ ਚੁੱਪ ਚਾਪ ਇਨ੍ਹਾਂ 'ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ 10 ਕਿਲੋਮੀਟਰ ਅੰਦਰ ਆ ਕੇ, 70 ਵਰਗ ਕਿਲੋਮੀਟਰ 'ਤੇ ਕਬਜ਼ਾ ਕਰ ਲਿਆ।

ਪਾਕਿਸਤਾਨ ਦੇ ਅਗਾਂਹ ਵਧਣ ਦਾ ਪਤਾ ਵੀ ਅਚਾਨਕ ਲੱਗਿਆ। ਦਾਹ ਨਾਲੇ ਦੇ ਕਿਨਾਰੇ, ਉਤਰ ਵੱਲ ਇਕ ਪਿੰਡ ਹੈ ਯਾਲਡੋਰ। ਇਸ ਪਿੰਡ ਦਾ ਇਕ ਚਰਵਾਹਾ ਪਸ਼ੂ ਚਾਰਨ ਗਿਆ। ਉਸ ਨੂੰ ਕਾਲੀ ਡਾਂਗਰੀ ਵਾਲੇ ਕੁਝ ਆਦਮੀ ਖੁਦਾਈ ਕਰਦੇ ਦਿੱਸੇ। ਉਸਨੇ ਸੋਚਿਆ, ਆਪਣੇ ਹੀ ਫ਼ੌਜੀ ਰਾਤ ਕੱਟਣ ਲਈ ਜਗ੍ਹਾ ਬਣਾ ਰਹੇ ਹਨ। ਜਦੋਂ ਉਹ ਦੁਬਾਰਾ ਉਸ ਪਾਸੇ ਗਿਆ ਤਾਂ ਕਾਲੀ ਡਾਂਗਰੀ ਵਾਲੇ ਜ਼ਬਰਦਸਤੀ ਉਸ ਦਾ ਇਕ ਵੱਛਾ/ਵੱਛੀ ਚੁੱਕ ਕੇ ਲੈ ਗਏ। ਉਸਨੇ ਪਰਤ ਕੇ ਨੇੜਲੀ ਫ਼ੌਜੀ ਟੁਕੜੀ ਨੂੰ ਸ਼ਿਕਾਇਤ ਕੀਤੀ। ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਦੱਸੇ ਇਲਾਕੇ 'ਚ ਆਪਣੀ ਕੋਈ ਪੈਟਰੋਲ ਭੇਜੀ ਹੀ ਨਹੀਂ ਗਈ। ਫ਼ਿਰ ਉਨ੍ਹਾਂ ਨੂੰ ਖ਼ਿਆਲ ਆਇਆ ਕਿ ਭਾਰਤੀ ਜੁਆਨ ਤਾਂ ਗਊ ਦਾ ਮਾਸ ਖਾਂਦੇ ਹੀ ਨਹੀਂ। ਖ਼ਤਰੇ ਦੀ ਘੰਟੀ ਵੱਜੀ। ਤੱਥਾਂ ਦਾ ਪਤਾ ਲਾਉਣ 16 ਗਰਨੇਡੀਅਰਜ਼ ਦੀ ਇਕ ਅਫ਼ਸਰ, 1 ਜੇਸੀਓ ਅਤੇ 10 ਜੁਆਨਾਂ ਦੀ ਗਸ਼ਤ ਭੇਜੀ ਗਈ। ਇਹ ਗਸ਼ਤ ਪਾਰਟੀ ਯਾਲਡੋਰ ਤੋਂ ਇਲਾਕਾ ਰੌਕ ਤੋਂ ਅੱਗੇ ਵਧੀ ਤਾਂ, ਦੁਸ਼ਮਣ ਨੇ ਪਿੱਛੋਂ ਦੀ ਹੋ ਕੇ ਘੇਰਾ ਪਾ ਲਿਆ। ਇਸ ਮੁੱਠ ਭੇੜ 'ਚ 4 ਜੁਆਨ ਮਾਰੇ ਗਏ, ਤਿੰਨ ਜ਼ਖ਼ਮੀ ਹੋ ਗਏ। ਬਾਕੀਆਂ ਨੇ ਪੱਥਰਾਂ 'ਚ ਛੁੱਪ ਕੇ ਜਾਨ ਬਚਾਈ ਅਤੇ ਦੋ ਦਿਨ ਛੁਪੇ ਰਹੇ। ਇਨ੍ਹਾਂ ਨੂੰ ਇਕ ਹੋਰ ਤਕੜੀ ਪੈਟਰੋਲ ਨੇ ਕੱਢਿਆ। ਇਹ ਕਾਰਗਿਲ ਯੁੱਧ ਦੀ ਪਹਿਲੀ ਮੁੱਠ ਭੇੜ ਸੀ । ਪਰ ਇਸਦਾ ਘੇਰਾ ਅਜੇ ਬਟਾਲਿਕ ਇਲਾਕੇ 'ਚ ਹੀ ਸੀਮਤ ਸੀ। ਇਹ ਸਾਡੇ 'ਆਪ੍ਰੇਸ਼ਨ ਵਿਜੈ' ਦਾ ਆਰੰਭ ਸੀ।

ਖ਼ਬਰ ਮਿਲਦੇ ਸਾਰ ਸਭ ਤੋਂ ਪਹਿਲਾਂ ਇਸ ਆਪ੍ਰੇਸ਼ਨ ਲਈ 1/8 ਗੋਰਖ਼ਾ ਰਾਈਫ਼ਲਜ਼ ਭੇਜੀ। ਇਹ ਹੁਣੇ ਹੀ ਸਿਆਚਨ 'ਚੋਂ ਉੱਤਰੀ ਸੀ ਅਤੇ ਹਾਈ ਆਲਟੀਚਿਊਡ ਦੇ ਸਮਰੱਥ ਸੀ। ਇਹ 8 ਮਈ ਨੂੰ ਇਸ ਇਲਾਕੇ 'ਚ ਆਈ ਅਤੇ ਗਸ਼ਤ ਆਰੰਭੀ ਤਾਂ ਕਿ ਦੁਸ਼ਮਣ ਦਾ ਪਤਾ ਲੱਗੇ। ਡੌਮੀਨੇਟ ਕਰਨ ਵਾਲੇ ਇਲਾਕੇ ਕੁਕੜਥਾਂਗ, ਪੁਆਇੰਟ 4812, 5203, 4011 ਆਦਿ ਹਨ। ਕੋਈ ਵੀ ਹਰਕਤ ਸਿਰਫ਼ ਤੰਗ ਘਾਟੀਆਂ ਜਾਂ ਨਾਲਿਆਂ ਰਾਹੀਂ ਹੀ ਸੰਭਵ ਹੈ। ਅਗਲੇ ਵੱਡੇ ਆਪ੍ਰੇਸ਼ਨ ਕਰਨ ਲਈ ਸਿਆਚਨ ਗਲੇਸ਼ੀਅਰ ਤੋਂ 28 ਅਪ੍ਰੈਲ ਨੂੰ ਉੱਤਰੀ 12 J1K L9 ਜੋ ਕਿ ਲੇਹ ਨੇੜੇ ਦਿੱਲੀ ਜਾਣ ਦੀ ਤਿਆਰੀ ਵਿਚ ਸੀ ਚੁਣੀ ਗਈ। ਇਸ ਪਲਟਨ ਵਿਚ 50% ਮੁਸਲਮਾਨ ਅਤੇ 50% ਡੋਗਰੇ ਤੇ ਹੋਰ ਹੁੰਦੇ ਹਨ। ਇਸ ਯੂਨਿਟ ਦੇ ਤਕਰੀਬਨ 35% ਜੁਆਨ ਛੁੱਟੀ ਜਾ ਚੁੱਕੇ ਸਨ ਕਿਉਂਕਿ ਸਿਆਚਨ 'ਚੋਂ ਸਿਵਾਏ ਐਮਰਜੈਂਸੀ ਦੇ ਛੁੱਟੀ ਨਹੀਂ ਦਿੱਤੀ ਜਾਂਦੀ। ਚਾਰ ਅਫ਼ਸਰ ਅਤੇ 100 ਜੁਆਨ ਬਤੌਰ ਐਡਵਾਂਸ ਪਾਰਟੀ ਬਦਲੀ ਕਰਨ ਵਾਲੀ ਪਲਟਨ ਤੋਂ ਚਾਰਜ ਲੈਣ ਲਈ ਦਿੱਲੀ ਜਾ ਚੁੱਕੇ ਸਨ। ਕੁੱਲ 7 ਅਫ਼ਸਰ, 22 ਜੇ ਸੀ ਓ ਅਤੇ 327 ਜੁਆਨ ਹਾਜ਼ਰ ਸਨ। ਹਾਜ਼ਰ ਨਫ਼ਰੀ ਤੋਂ ਚਾਰ ਕਾਲਮ ਮੇਜਰ ਰੁਪਿੰਦਰ ਸਿੰਘ, ਕੈਪਟਨ ਪ੍ਰੀਤ ਬਲਜੀਤ ਸਿੰਘ ਸਰਾਂ, ਕੈਪਟਨ ਜੀ. ਕੇ. ਐਸ ਗਿੱਲ ਅਤੇ ਮੇਜਰ ਟੀ. ਐਸ. ਭੰਡਾਰੀ ਦੀ ਕਮਾਂਡ ਹੇਠ ਬਣਾਏ ਗਏ।

12 J1K L9 ਨੂੰ 8 ਮਈ ਨੂੰ 8 ਘੰਟੇ 'ਚ ਤਿਆਰ ਹੋ ਕੇ ਮੂਵ ਕਰਨ ਲਈ ਹੁਕਮ ਮਿਲੇ। ਸਿਵਲ ਟਰੱਕਾਂ 'ਚ ਚੜ੍ਹਕੇ ਇਹ ਤਿੰਨ ਘੰਟੇ 'ਚ ਲੇਹ ਪੁੱਜੀ ਅਤੇ ਸਾਰੀ ਰਾਤ ਚਲਕੇ ਇਹ 9 ਮਈ ਨੂੰ ਸਵੇਰੇ 4.30 ਵਜੇ ਹਨੂੰਥਾਂਗ ਪੁੱਜੀ ਅਤੇ ਸੰਜਕ ਨਾਮੀ ਪਿੰਡ ਕੋਲ ਸਾਹ ਲਿਆ। ਪਹਿਲਾਂ ਪਹਿਲ ਦੁਸ਼ਮਣ ਬਾਰੇ ਇਹੀ ਜਾਣਕਾਰੀ ਮਿਲੀ ਕਿ 40 ਕੁ ਮੁਜਾਹਿਦੀਨ ਬਟਾਲਿਕ ਦੀਆਂ ਉਚਾਈਆਂ 'ਤੇ ਕਾਬਜ਼ ਹਨ। ਇਹ ਕਾਲਮ ਦਾਹ ਪਿੰਡ ਵੱਲ ਚੱਲ ਪਏ।

ਪੁਰਾਣੀ ਕਹਾਵਤ ਹੈ, ਫ਼ੌਜ ਪੇਟ ਦੇ ਬਲ ਚਲਦੀ ਹੈ। ਪੱਲੇ ਬੰਨ੍ਹੇ ਸ਼ੱਕਰਪਾਰੇ ਮੁੱਕ ਚੁੱਕੇ ਸਨ। ਖਾਣਾ ਬਣਾਉਣ ਲਈ ਅੱਗ ਬਾਲੀ ਤਾਂ-ਗੋਲੇ ਆਉਣੇ ਸ਼ੁਰੂ ਹੋ ਗਏ। ਦੁਸ਼ਮਣ ਵੱਲੋਂ ਇਹ ਸਵਾਗਤ ਸੀ। ਖ਼ੈਰ ਸੇਫ਼ ਜਗ੍ਹਾ 'ਤੇ ਪਹੁੰਚਕੇ, ਢਿੱਡ ਝੁਲਸਿਆ ਅਤੇ ਅੱਗੇ ਚੱਲ ਪਏ। ਦੋਹੀਂ ਪਾਸੀਂ ਉੱਚੀਆਂ ਚੱਟਾਨਾਂ, ਅਣਜਾਣ ਇਲਾਕਾ ਅਤੇ ਦੁਸ਼ਮਣ ਕਿਤੇ ਵੀ ਹੋ ਸਕਦਾ ਸੀ। ਕੈਪਟਨ ਸਰਾਂ ਦੀ ਕੰਪਨੀ ਲੀਡ ਕਰਦੀ ਰਾਤ ਗਿਆਰਾਂ ਵਜੇ ਚੱਲੀ ਅਤੇ ਸਵੇਰੇ 7.30 ਵਜੇ ਪੁੱਜੀ। ਇਸ ਕੰਪਨੀ ਨੇ ਲਾਂਘਾ ਸੇਫ਼ ਕਰਨਾ ਸੀ। ਗਿਆਰਾਂ ਵਜੇ ਤਕ ਬਾਕੀ ਕਾਲਮ ਪੁੱਜ ਗਏ। ਪਹਿਲਾ ਕੰਮ ਰੈਕੀ ਕਰਕੇ ਦੁਸ਼ਮਣ ਦੀ ਪੁਜ਼ੀਸ਼ਨ ਦਾ ਪਤਾ ਲਾਉਣਾ ਸੀ।

ਯਾਲਡੋਰ ਵਾਈ ਜੰਕਸ਼ਨ ਤੋਂ ਉੱਤਰ ਵੱਲ ਜਾਂਦਾ ਗਰੇਗੇਰੀਓ ਨਾਲਾ, ਇਲਾਕਾ ਰੌਕ ਅਤੇ ਅੱਗੇ ਮੁੰਨਥੋਢਾਲ ਤਕ ਉਹੀ ਇਲਾਕਾ ਜਿੱਥੇ 16 ਗਰਨੇਡੀਅਰਜ਼ ਦੀ ਪੈਟਰੋਲ ਐਮਬੁਸ਼ ਵਿਚ ਆਈ ਸੀ।

ਸੀ ਓ 12 J1K L9 ਨੇ ਗਰੇਗੇਰੀਓ ਨਾਲੇ ਦੇ ਨਾਲ-ਨਾਲ 3 ਅਫ਼ਸਰ 90 ਜੁਆਨ ਲੈ ਕੇ 9 ਮਈ ਨੂੰ ਵਧਣਾ ਸ਼ੁਰੂ ਕੀਤਾ। ਇਹ ਵੱਡਾ ਕਾਲਮ ਇਲਾਕਾ ਰੌਕ ਦੇ ਤਕਰੀਬਨ 800 ਮੀਟਰ ਤਕ ਬਗ਼ੈਰ ਕਿਸੇ ਝੜਪ ਦੇ ਚੱਲਦਾ ਰਿਹਾ। ਇੱਥੇ ਪੁੱਜ ਕੇ ਫ਼ਾਇਰ ਆਇਆ ਸਾਰੇ ਖ਼ਬਰਦਾਰ ਹੋ ਗਏ। ਜੇ ਨਾਲੇ ਵਿਚ ਇਕ ਖ਼ਤਰਨਾਕ ਮੋੜ 'ਤੇ ਉਹ ਘਾਤ ਵਿਚ ਫਸ ਜਾਂਦੇ, ਤਾਂ ਤੋੜ ਕੇ ਬਚ ਨਿਕਲਣਾ ਮੁਸ਼ਕਲ ਸੀ। ਮਗਰੋਂ ਪਤਾ ਲੱਗਿਆ ਕਿ ਇਸ ਰਸਤੇ ਨੂੰ ਰੋਕਣ ਲਈ ਦੁਸ਼ਮਣ ਨੇ ਪੂਰੀ ਪਲਟੂਨ ਲਾਈ ਸੀ। ਇਸ ਨੇ 1 ਅਫ਼ਸਰ 30 ਜੁਆਨ ਵਿਚਕਾਰਲੀ ਜਗ੍ਹਾ 'ਤੇ ਪੈਰ ਜਮਾਉਣ ਲਈ ਭੇਜੇ। ਆਥਣ ਹੋਣ ਕਰਕੇ ਕਾਲਮ ਰਾਤ ਦੇ ਪੜਾਅ ਲਈ ਖ਼ਾਲੀ ਜਗ੍ਹਾ 'ਤੇ ਪੁਜ਼ੀਸ਼ਨ ਠੀਕ ਕਰਨ ਲੱਗ ਪਿਆ। ਦੁਸ਼ਮਣ ਦੀ ਅੱਖ ਸੀ ਅਤੇ ਉਸਨੇ ਸਹੀ ਵਕਤ ਸਮਝ ਕੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਪਿੱਛੇ ਸੇਫ਼ ਜਗ੍ਹਾ ਲੱਭਣੀ ਪਈ। ਯਾਲਡੋਰ ਤੋਂ ਇਕ ਹੋਰ ਪੈਟਰੋਲ ਉੱਤਰ ਪੂਰਬ ਵੱਲ ਭੇਜੀ ਪਰ ਉਹ ਵੀ ਦੁਸ਼ਮਣ ਦੇ ਫ਼ਾਇਰ ਥੱਲੇ ਆ ਗਈ। ਇਸ ਤੋਂ ਪਤਾ ਲੱਗ ਗਿਆ ਕਿ ਨਾਲੇ ਦੇ ਨਾਲ-ਨਾਲ ਪੁਆਇੰਟ-4812, ਖਾਲੂਬਾਰ, ਪੁਆਇੰਟ 5203 ਅਤੇ ਦਾਹ ਨਾਲੇ ਦੇ ਪੂਰਬ ਵਲ ਦੁਸ਼ਮਣ ਕਾਬਜ਼ ਹੈ। ਇਸ ਉਪਰੰਤ ਪਲਾਨ ਬਣਾਈ ਕਿ ਉੱਚੀਆਂ ਪਹਾੜੀਆਂ ਅਤੇ ਰਿੱਜ 'ਤੇ ਕਬਜ਼ਾ ਕੀਤਾ ਜਾਏ ਤਾਂ ਕਿ ਅਸੀਂ ਲਾਹੇਵੰਦ ਚੁਣੀ ਹੋਈ ਜਗ੍ਹਾ ਤੋਂ ਲੜੀਏ, ਦੁਸ਼ਮਣ ਨੂੰ ਸੀਮਤ ਕਰੀਏ ਅਤੇ ਪਿੱਛੇ ਜਾ ਕੇ ਉਸਦੀ ਸਪਲਾਈ ਲਾਈਨ ਕੱਟ ਦੇਈਏ। ਪਹਿਲਾਂ ਪੁਆਇੰਟ 4812 ਦੇ ਦੱਖਣ ਵੱਲ, ਰਿੰਗ ਕੰਟੂਰ 'ਤੇ ਕਬਜ਼ੇ ਦੀ ਪਲਾਨ ਬਣਾਈ।

ਪੁਆਇੰਟ 4812 ਇਕ ਮਹੱਤਤਾ ਵਾਲਾ ਫ਼ੀਚਰ ਹੈ। ਇਹ ਗਰੇਗੇਰੀਓ ਨਾਲਾ ਅਤੇ ਦਾਹ ਨਾਲੇ ਨੂੰ ਫ਼ਾਇਰ ਨਾਲ ਡੌਮੀਨੇਟ ਕਰਦਾ ਹੈ। ਇਸ ਲਈ ਇਕ ਕਾਲਮ ਦਾਹ ਨਾਲੇ ਤੋਂ ਯਾਲਡੌਰ ਸਪੱਰ ਦੇ ਉੱਤਰ ਵਲੋਂ ਅਤੇ ਦੂਜਾ ਗਰੇਗੇਰੀਓ ਨਾਲੇ ਪਾਸਿਉਂ ਭੇਜਣ ਦਾ ਨਿਰਣਾ ਲਿਆ ਗਿਆ। Pt 4812 ਤੋਂ ਕਾਰਗਰ ਫ਼ਾਇਰ ਹੋਣ ਕਰਕੇ ਇਕ ਕਾਲਮ ਨਾਲੇ ਵਿਚ ਹੀ ਫਸ ਗਿਆ ਪਰ ਦੋ ਕਾਲਮ ਰਿੰਗ ਕੰਟੂਰ 'ਤੇ ਪੈਰ ਜਮਾਉਣ ਵਿਚ ਸਫ਼ਲ ਹੋ ਗਏ ਜੋ ਅਹਿਮ ਕੰਮ ਸੀ। ਇਸ ਨਾਲ Pt 4812 'ਤੇ ਕਬਜ਼ੇ ਲਈ ਲਾਂਚ ਪੈਡ ਅਤੇ ਫ਼ਾਇਰ ਬੇਸ ਮਿਲ ਗਿਆ। ਹੌਸਲੇ ਵੱਧ ਗਏ।

12 ਮਈ ਨੂੰ ਮੇਜਰ ਰੁਪਿੰਦਰ ਨੇ ਏ ਕੰਪਨੀ ਨਾਲ ਖਾਲੂਬਾਰ ਚੋਟੀ 'ਤੇ ਕਬਜ਼ਾ ਕਰ ਲਿਆ। ਕੈਪਟਨ ਸਰਾਂ ਨੇ ਰਿੰਗ ਕੰਨਟੂਰ 'ਤੇ ਜਾ ਕਬਜ਼ਾ ਕੀਤਾ। ਮੇਜਰ ਭੰਡਾਰੀ ਨੇ ਸਟਾਪ ਲਾ ਲਏ। 13 ਮਈ ਨੂੰ ਕੈਪਟਨ ਸਰਾਂ ਦੀ ਕੰਪਨੀ ਨੂੰ ਸਾਝਰੇ ਜੰਕਲੁੰਗਮਾਂ ਦੇ ਇਲਾਕੇ ਵਿਚ ਦੁਸ਼ਮਣ ਦਾ ਰਸਤਾ ਕੱਟਣ ਲਈ ਭੇਜਿਆ ਗਿਆ। ਇਸੇ ਦਿਨ ਸਰਾਂ ਦੇ ਨਾਲ ਭੇਜੇ ਤੋਪਖਾਨੇ ਦੇ ਫਾਰਵਰਡ ਔਬਜ਼ਰਵੇਸ਼ਨ ਆਫ਼ੀਸਰ, ਕੈਪਟਨ ਰਣਧੀਰ 141 ਫ਼ੀਲਡ ਰੈਜੀਮੈਂਟ ਅਤੇ 15 ਫ਼ੀਲਡ ਰੈਜੀਮੈਂਟ ਦੇ ਮੇਜਰ ਸਤੀਸ਼ ਨੇ ਦੁਸ਼ਮਣ ਦੀਆਂ ਜਾਣੀਆਂ ਹੋਈਆਂ ਪੁਜ਼ੀਸ਼ਨਾਂ 'ਤੇ ਸਖ਼ਤ ਫ਼ਾਇਰ ਕਰ ਕੇ ਉਨ੍ਹਾਂ ਦਾ ਸਿਰ ਦੱਬੀ ਰੱਖਿਆ। ਰਿੰਗ ਕੰਟੂਰ ਤੇ ਕਾਬਜ਼ ਹੋਣ ਮਗਰੋਂ ਬਹਾਦਰ ਜਵਾਨਾਂ ਨੇ ਨਾਲੇ ਵਿਚ ਦੀ ਜਾ ਕੇ ਇਕ ਛੋਟਾ ਬੇਸ ਸਥਾਪਤ ਕੀਤਾ।

PT 5203 'ਤੇ ਕਬਜ਼ੇ ਲਈ ਲੜਾਈ

ਸੇਫ਼ ਲਾਂਘਾ ਬਣਾਉਣ ਨਾਲ ਦੁਸ਼ਮਣ ਦੀਆਂ ਡੀਫੈਸਜ਼ ਦੇ ਪੂਰਬ-ਪੱਛਮ ਹਿੱਸੇ ਅਲੱਗ ਥਲੱਗ ਕਰ ਦਿੱਤੇ। ਹੁਣ ਹੁੰਦਾ ਹੈ, ਪੂਰਬੀ ਪਾਸਾ ਖ਼ਤਮ ਕਰਨ ਲਈ ਆਪ੍ਰੇਸ਼ਨ। ਪੁਆਇੰਟ 5203 ਇਕ ਤਕੜੀ ਉੱਚੀ ਪੁਜ਼ੀਸ਼ਨ ਹੋਣ ਕਰਕੇ ਪੂਰੀ ਰਿਜ ਲਾਈਨ ਨੂੰ ਡੌਮੀਨੇਟ ਕਰਦਾ ਸੀ। ਇਸ ਤੋਂ ਖਾਲੂਬਾਰ ਅਤੇ ਪੁਆਇੰਟ 4812 'ਤੇ ਪੰਛੀ ਝਾਤ ਵੱਜ ਸਕਦੀ ਸੀ। ਇੱਥੋਂ ਹੇਠਲੇ ਇਲਾਕਿਆਂ 'ਤੇ ਕਬਜ਼ਾ ਕਰਨਾ ਕੁਝ ਕੁ ਆਸਾਨ ਹੋ ਜਾਣਾ ਸੀ।

ਹਮਲੇ ਲਈ ਇਕ ਕਾਲਮ ਮੇਜਰ ਸੰਜੀਵ ਦੱਤ, 2 ਜੇਸੀਓ ਅਤੇ 15 ਜੁਆਨ ਅਤੇ ਦੂਸਰਾ ਕਾਲਮ ਕੈਪਟਨ ਅਮੋਲ ਕਾਲੀਆ ਅਤੇ 10 ਜੁਆਨਾਂ 'ਤੇ ਅਧਾਰਿਤ ਸੀ। ਇਨ੍ਹਾਂ ਦੋਹਾਂ ਕਾਲਮਾਂ ਨੇ ਇਕੱਠਿਆਂ ਪਰ ਵੱਖ-ਵੱਖ ਦਿਸ਼ਾ ਤੋਂ ਚੜ੍ਹ ਕੇ ਹਮਲਾ ਕਰਨਾ ਸੀ। ਲੱਦਾਖ਼ ਸਕਾਊਟ ਨੇ ਝੂਠੀ-ਮੂਠੀ ਦਾ ਕਿਸੇ ਹੋਰ ਦਿਸ਼ਾ 'ਚ ਹਮਲਾ ਕਰ ਕੇ ਦੁਸ਼ਮਣ ਦਾ ਖ਼ਿਆਲ ਪਾਸੇ ਕਰਨਾ ਸੀ। ਦੋਵੇਂ ਕਾਲਮ ਦੁਸ਼ਮਣ ਤੋਂ ਛੁਪ ਕੇ ਚੜ੍ਹ ਗਏ ਪਰ ਲਿੰਕ-ਅੱਪ ਨਾ ਕਰ ਸਕੇ। ਕੈਪਟਨ ਕਾਲੀਆ ਨੇ ਹਮਲਾ ਕੀਤਾ। ਇਸੇ ਦੌਰਾਨ ਮੇਜਰ ਸੰਜੀਵ ਦੱਤ ਦਾ ਕਾਲਮ ਵੀ ਪੁੱਜ ਗਿਆ ਅਤੇ ਹਮਲੇ ਵਿਚ ਜੂਝ ਪਏ। ਦੁਸ਼ਮਣ ਹੈਰਾਨ ਰਹਿ ਗਿਆ। ਇਸ ਹੱਲੇ ਵਿਚ ਦੁਸ਼ਮਣ ਦੇ 12 ਜੁਆਨ ਮਾਰੇ ਗਏ ਅਤੇ ਜੈਕ ਐੱਲ ਆਈ ਦੇ 7, ਫ਼ੀਚਰ 'ਤੇ ਕਬਜ਼ਾ ਕਰ ਲਿਆ ਗਿਆ। ਪਰ ਕੈਪਟਨ ਕਾਲੀਆ ਗਹਿ ਗੱਚ ਲੜਾਈ ਵਿਚ ਸ਼ਹੀਦ ਹੋ ਗਿਆ। ਕੈਪਟਨ ਕਾਲੀਆ ਨੂੰ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ। ਇਹ ਟੌਪ ਹੁਣ ਕਾਲੀਆ ਟੌਪ ਕਰਕੇ ਜਾਣਿਆ ਜਾਂਦਾ ਹੈ। ਫ਼ਤਹਿ ਉਪਰੰਤ ਜੈਕ ਐਲ ਆਈ ਗੰਨਾਸੋਕ ਆ ਗਈ।

ਅਗਲੇ 2 ਦਿਨ ਵਿਚ ਦੁਸ਼ਮਣ ਦੇ ਸਨਾਈਪਰ ਫ਼ਾਇਰ ਨਾਲ ਜੈਕ ਐੱਲ ਆਈ ਦਾ ਇਕ ਜੇਸੀਓ ਅਤੇ 2 ਜਵਾਨ ਮਾਰੇ ਗਏ। ਇਹ ਸਨਾਈਪਰ Pt 5425 ਤੇ ਸੀ। ਇਸ ਨੂੰ ਬਰਬਾਦ ਕਰਨ ਲਈ ਰਾਕਟ ਲਾਂਚਰ ਨਾਲ ਫ਼ਾਇਰ ਕਰ ਕੇ ਭਾਰੀ ਨੁਕਸਾਨ ਪਹੁੰਚਾਇਆ। ਇਹ ਵੀ ਪਤਾ ਲੱਗ ਗਿਆ ਕਿ ਸਿਰਫ਼ 5203 'ਤੇ ਫ਼ਤਹਿ ਨਾਲ ਜ਼ਿਆਦਾ ਨਹੀਂ ਸੰਵਰਨਾ। ਲੰਮਾ ਅਰਸਾ ਲਗਾਤਾਰ ਉਲਝੇ ਰਹਿਣ ਕਰਕੇ ਜੁਆਨਾਂ ਨੂੰ ਸਾਹ ਦੇਣਾ ਵੀ ਜ਼ਰੂਰੀ ਹੋ ਗਿਆ ਸੀ। ਹੁਣ ਵੇਖਿਆ Pt 4812 ਵੱਲ। ਸਭ ਤੋਂ ਪਹਿਲਾਂ ਬ੍ਰਿਗੇਡ ਪਲਾਨ ਤਿਆਰ ਹੋਈ। ਇਸ ਅਨੁਸਾਰ ਟਾਸਕ ਇਸ ਤਰ੍ਹਾਂ ਸਨ:-ਪੁਆਇੰਟ 4812-12 ਜੈਕ ਐੱਲ ਆਈ, ਖਾਲੂਬਾਰ ਤੇ 1/11 ਗੋਰਖਾ ਰਾਈਫ਼ਲਜ਼, ਪੁਆਇੰਟ 5283 ਤੇ 22 ਗ੍ਰਨੇਡੀਅਰਜ਼। ਜੈਕ ਐਲ ਆਈ ਨੇ 4812 'ਤੇ ਹਮਲੇ ਲਈ ਟਾਸਕ ਇਸ ਤਰ੍ਹਾਂ ਵੰਡੇ:- ਏ ਕੰਪਨੀ ਰਿਜ਼ਰਵ, ਬੀ ਕੰਪਨੀ ਦੱਖਣ ਪੱਛਮ ਤੋਂ ਹਮਲਾ, ਸੀ ਕੰਪਨੀ-ਉੱਤਰ ਪੂਰਬ ਤੋਂ ਹਮਲਾ, ਡੀ ਕੰਪਨੀ ਦੱਖਣ ਪੂਰਬ ਤੋਂ ਹਮਲਾ। ਬੀ ਅਤੇ ਡੀ ਕੰਪਨੀ ਦੇ ਕੁਝ ਐਲੀਮੈਂਟ ਫ਼ਾਇਰ ਸਪੋਰਟ ਲਈ। ਹਮਲਾ ਦੋ ਪੜਾਵਾਂ ਵਿਚ ਕਰਨਾ ਸੀ। ਪਹਿਲੇ ਪੜਾਅ ਵਿਚ ਬੀ ਅਤੇ ਡੀ ਕੰਪਨੀ ਨੇ ਫ਼ਾਇਰ ਬੇਸ ਸਿਕਉਰ ਕਰਨਾ ਅਤੇ ਦੂਜੇ ਵਿਚ ਸੀ ਕੰਪਨੀ ਨੇ ਪੁਆਇੰਟ 4812 'ਤੇ ਕਬਜ਼ਾ ਅਤੇ ਏ ਕੰਪਨੀ ਨੇ ਕਬਜ਼ੇ ਮਗਰੋਂ, ਵਿਚ ਦੀ ਲੰਘ ਕੇ ਅੱਗੇ ਮੌਪ ਅਪ ਕਰਨਾ ਸੀ। ਹਮਲਾ ਸ਼ੁਰੂ ਹੋਇਆ। ਪਹਿਲਾਂ ਭਾਰੀ ਤੋਪਖਾਨੇ ਨਾਲ ਪੁਆਇੰਟ 4812 ਨੂੰ ਪੋਲਾ ਕੀਤਾ। ਹਮਲਾ 1/2 ਜੁਲਾਈ ਦੀ ਰਾਤ ਸ਼ੁਰੂ ਹੋਇਆ। ਇਕ ਕਾਲਮ ਮੇਜਰ ਡੀ ਕੇ ਪਾਠਕ 20 ਜੁਆਨਾਂ ਨਾਲ ਅਤੇ ਦੂਜਾ ਕੈਪਟਨ ਕਲਿਫ਼ਰਡ ਨੇ 15 ਜੁਆਨ ਨਾਲ ਲੈਕੇ ਉੱਤਰ ਪੂਰਬ ਤੋਂ ਚੜ੍ਹਨਾ ਸ਼ੁਰੂ ਕੀਤਾ। ਡੀ ਕੰਪਨੀ ਹੌਲੀ-ਹੌਲੀ ਦੁਸ਼ਮਣ ਦੇ ਨੱਕ ਥੱਲੇ ਵੱਧ ਰਹੀ ਸੀ।

ਬੀ ਕੰਪਨੀ ਦੱਖਣ ਪੂਰਬ ਤੋਂ ਅੱਗੇ ਵੱਲ ਖਿਸਕ ਰਹੀ ਸੀ। ਕੈਪਟਨ ਕਲਿਫ਼ਰਡ ਦਾ ਕਾਲਮ ਪੂਰੇ ਹਨੇਰੇ ਵਿਚ ਇਕ ਬੰਕਰ 'ਤੇ ਜਾ ਚੜ੍ਹਿਆ। ਦੁਸ਼ਮਣ ਦਾ ਸੰਤਰੀ ਸੌਂ ਰਿਹਾ ਸੀ ਅਤੇ ਦੁਸ਼ਮਣ ਚਾਣ-ਚੱਕ ਹਮਲੇ ਕਰ ਕੇ ਘਬਰਾ ਗਿਆ। ਆਵਾਜ਼ਾਂ ਸੁਣ ਕੇ ਉਹ ਹਫੜਾ-ਦਫੜੀ 'ਚ ਭੱਜ ਪਿਆ। ਇਹ ਲੜਾਈ ਜ਼ਿਆਦਾਤਰ ਸੰਗੀਨਾਂ, ਭੈੜੀਆਂ ਗਾਲਾਂ ਅਤੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਹੋਈ। ਕਲਿਫ਼ਰਡ ਇਕੱਲੇ ਨੇ ਤਿੰਨ ਜਣੇ ਮਾਰ ਮੁਕਾਏ। ਫ਼ਿਰ ਉਸ ਵੇਖਿਆ ਕਿ ਇਕ ”M7 (ਯੂਨੀਵਰਸਲ ਮਸ਼ੀਨ ਗੰਨ) ਅੰਨ੍ਹੇਵਾਹ ਉਸਦੇ ਸਾਥੀਆਂ ਤੇ ਫ਼ਾਇਰ ਕਰ ਰਹੀ ਹੈ। ਉਹ ਪੇਟ ਬੱਲ ਰੀਂਗ ਕੇ, ”M7 ਦੇ ਬੇਸ ਤਕ ਗਿਆ। ਉੱਪਰ ਚੜ੍ਹਿਆ, ”M7 ਨੂੰ ਬੈਰਲ (ਨਾਲੀ) ਤੋਂ ਫੜ੍ਹ ਕੇ ਬੰਕਰ ਚੋਂ ਬਾਹਰ ਖਿੱਚਿਆ ਤਾਂ ਦੁਸ਼ਮਣ ਨੇ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਦਿੱਤੀ-ਪਰ ”M7 ਸ਼ਾਂਤ ਹੋ ਗਈ। ਕੈਪਟਨ ਕਲਿਫ਼ਰਿਚਰਡ ਨੂੰ ਮਰਨ ਉਪਰਾਂਤ ਮਹਾਂਵੀਰ ਚੱਕਰ ਦਿੱਤਾ ਗਿਆ। (ਉਹ ਨਾਗਾ ਲੈਂਡ ਦਾ ਪਹਿਲਾ ਮਹਾਂ ਵੀਰ ਚੱਕਰ ਵਿਜੇਤਾ ਹੈ) ਪਰ 4812 ਅਜੇ ਵੀ ਪੂਰਾ ਸਾਡਾ ਨਹੀਂ ਕਿ ਸੀ ਹੋਇਆ। ਮੂਡ ਬਹੁਤ ਖਰਾਬ ਸੀ ਕਿ ਨੁਕਸਾਨ ਉਠਾ ਕੇ ਵੀ ਪੂਰੀ ਫ਼ਤਹਿ ਨਸੀਬ ਨਹੀਂ ਹੋਈ। ਦਿਨ ਚੜ੍ਹ ਗਿਆ। ਅਗਲੀ ਰਾਤ 2/3 ਜੁਲਾਈ ਨੂੰ ਫ਼ਿਰ ਹਮਲਾ ਅਤੇ ਘਸਮਾਨ ਦੀ ਲੜਾਈ ਮਗਰੋਂ ਆਖ਼ਰ 4812 ਜਿੱਤ ਲਿਆ। ਇਹ ਦੁਸ਼ਮਣ ਦੀ ਕੰਪਨੀ ਦੇ ਲਗਪਗ ਪੁਜ਼ੀਸ਼ਨ ਸੀ ਭਾਵ 1 ਅਫ਼ਸਰ, 1 ਜੇ ਸੀ ਓ ਅਤੇ 57 ਜੁਆਨ। ਦੁਸ਼ਮਣ ਦੇ 27 ਜੁਆਨਾਂ ਦੀਆਂ ਲਾਸ਼ਾਂ ਗਿਣੀਆਂ ਗਈਆਂ ਅਤੇ ਇਕ ਕੈਦੀ (ਕਾਰਗਿਲ ਲੜਾਈ 'ਚ ਪਹਿਲਾ ਪਾਕਿਸਤਾਨੀ ਕੈਦੀ), ਇਨਾਇਤ ਅਲੀ 5 ਨੁਬਰਾ ਲਾਈਟ ਇੰਨਫੈਂਟਰੀ ਦਾ ਕਾਬੂ ਕੀਤਾ। ਸਾਡੇ ਇਸ ਹਮਲੇ 'ਚ 12 ਸ਼ਹੀਦ ਅਤੇ 15 ਜ਼ਖ਼ਮੀ ਹੋਏ। ਇਸ ਯੁੱਧ ਵਿਚ ਇਹ ਪਹਿਲੀ ਭਾਰਤੀ ਜਿੱਤ ਸੀ ਅਤੇ ਫ਼ਿਰ ਸਿਲਸਲਾ ਚੱਲ ਪਿਆ। ਦੁਸ਼ਮਣ ਨੂੰ ਢਾਹ ਕੇ ਫ਼ਤਹਿ ਹਾਸਲ ਹੋਈ, ਯੁੱਧ ਸਮਾਪਤ ਹੋ ਗਿਆ, ਪਰ ਸਿਰਾਂ ਦੇ ਮੁੱਲ ਤਾਰ ਕੇ।

ਇਸ ਯੁੱਧ ਦੌਰਾਨ 12 ਜੈਕ ਐਲ ਆਈ ਦੇ 2 ਅਫ਼ਸਰ, ਇਕ ਜੇ ਸੀ ਓ ਅਤੇ 21 ਜੁਆਨ ਸ਼ਹੀਦ ਹੋਏ। ਇਕ ਅਫ਼ਸਰ, 3 ਜੇਸੀਓ ਅਤੇ 35 ਜੁਆਨ ਜਖ਼ਮੀ ਹੋਏ। ਪਲਟਨ ਨੂੰ ਇਕ ਮਹਾਂਵੀਰ ਚੱਕਰ 4 ਵੀਰ ਚੱਕਰ 6 ਸੈਨਾ ਮੈਡਲ, ਚੀਫ਼ ਦੇ 2 ਕੰਮੈਂਡੇਸ਼ਨ ਕਾਰਡ, ਆਰਮੀ ਕਮਾਂਡਰ ਦੇ 18 ਕੰਮੈਂਡੇਸ਼ਨ ਕਾਰਡ ਅਤੇ 7 ਮੈਨਸ਼ਨਡ ਇੰਨ ਡਿਸਪੈਚਜ਼ ਦਿੱਤੇ ਗਏ। ਸੀ ਓ ਨੂੰ ਉੱਤਮ ਯੁੱਧ ਸੇਵਾ ਮੈਡਲ ਦਿੱਤਾ ਗਿਆ।

- ਬਲਬੀਰ ਸਿੰਘ ਸਰਾਂ

92165-50612

Posted By: Harjinder Sodhi