ਦੇਸ਼ ਦੀ ਵੰਡ ਹੋਇਆਂ ਭਾਵੇਂ ਅੱਜ ਤਿੱਹਤਰ-ਚੁਹੱਤਰ ਸਾਲ ਹੋ ਗਏ ਹਨ, ਪਰ ਜਿਹੜੇ ਲੋਕਾਂ ਨੇ ਇਸ ਵੰਡ ਦਾ ਉਹ ਮੰਜ਼ਰ ਅੱਖੀਂ ਵੇਖਿਆ ਹੋਇਆ ਏ ਉਹ ਅੱਜ ਵੀ ਚੇਤੇ ਕਰ ਕੇ ਤੌਬਾ-ਤੌਬਾ ਕਰਦੇ ਨੇ। ਜਦੋਂ ਕਦੇ ਕੋਈ ਕੌੜੀ ਯਾਦ ਆਵੇ ਤਾਂ ਡੂੰਘੀਆਂ ਅੱਖਾਂ ਵਿਚ ਗਲੇਡੂ ਭਰ ਲੈਂਦੇ ਨੇ ਤੇ ਕਦੇ ਜ਼ਿਹਨ ਵਿਚ ਕੋਈ ਪਿੰਡ ਦੀ ਮਿੱਠੀ ਯਾਦ ਆ ਜਾਵੇ ਤਾਂ ਓਸੇ ਪਲ ਹੀ ਖ਼ੁਸ਼ੀ ਨਾਲ ਸਾਰੇ ਦੁੱਖ ਭੁੱਲ ਜਾਂਦੇ ਹਨ। ਦੇਸ਼ ਦੀ ਵੰਡ ਵੇਲੇ ਦੇ ਅਤੇ ਆਪਣੀ ਜਨਮ ਭੋਏਂ ਨੂੰ ਸਦਾ ਲਈ ਛੱਡਣ ਵੇਲੇ ਦੇ ਕੁਝ ਵਾਕਿਆਤ 'ਕਨਵੇਂ-ਬਨਵੇਂ ਨੂੰ ਢੁੱਕੇ ਮੇਰੇ ਪਿਤਾ ਜੀ ਕਿਸ਼ਨ ਚੰਦ ਪੁੱਤਰ ਬੇਲੀ ਰਾਮ ਵਲਦ ਜਵਾਲਾ ਰਾਮ ਪੁੱਤਰ ਦਹੀਆ ਰਾਮ ਨੇ ਮੇਰੇ ਨਾਲ ਸਾਂਝੇ ਕੀਤੇ। ਬਾਪੂ ਜੀ ਦੱਸਦੇ ਹਨ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਮੈਂ ਉਸ ਵਕਤ 18 ਸਾਲ ਦਾ ਭਰ ਜਵਾਨ ਗੱਭਰੂ ਸੀ ਸਾਡਾ ਪਿੰਡ ਮਾਲਾਕੋਟ ਥਾਣਾ ਡੱਫਰਵਾਲ,ਤਹਿਸੀਲ ਨਾਰੋਵਾਲ ਅਤੇ ਜ਼ਿਲ੍ਹਾ ਸਿਆਲਕੋਟ ਲਹੌਰ ਤੋਂ ਕਰੀਬ 90 ਕਿਲੋਮੀਟਰ ਦੂਰ ਪੈਂਦਾ ਸੀ। ਪਿੰਡ ਦੇ ਆਲੇ-ਦੁਆਲੇ ਦੇ ਪਿੰਡਾਂ ਚਿਕੜੀਆਂ,ਨਡਵਾਲ,ਬਡਿਆਲ,ਸਪਵਾਲ,ਸਰਕੋਟ ਅਤੇ ਬਿਰਲਾਚੱਕ ਦੀਆਂ ਜ਼ਮੀਨਾਂ 'ਚ ਅੰਬਾਂ,ਬੇਰਾਂ,ਨਾਖਾਂ,ਸੰਤਰੇ,ਕਿਨੂੰਆਂ ਤੇ ਮਾਲਟਿਆਂ ਦੇ ਬਹੁਤ ਵੱਡੇ-ਵੱਡੇ ਬਾਗ਼ ਸਨ ਜਿਸਦੇ ਅਦਭੁਤ ਨਜ਼ਾਰੇ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਜਿਉਂ ਦੇ ਤਿਉਂ ਘੁੰਮਦੇ ਨੇ ਕਹਿ ਕੇ ਮੇਰਾ ਬਾਪੂ ਕੁਝ ਚਿਰ ਲਈ ਖ਼ਾਮੋਸ਼ ਹੋ ਗਿਆ ਮੈਂ ਉਸਦੀ ਖਾਮੋਸ਼ੀ ਦਾ ਕਾਰਨ ਭਲੀ-ਭਾਂਤ ਸਮਝਦਾ ਸੀ। ਫਿਰ ਬਾਪੂ ਜੀ ਨੇ ਹਾਉਕਾ ਲੈ ਕੇ ਮੈਨੂੰ ਦੱਸਿਆ ਕਿ ਸਾਡੀ ਓਥੇ 5 ਕਿਲੇ ਜ਼ਮੀਨ ਵੀ ਹੋਇਆ ਕਰਦੀ ਸੀ ਜਿੱਥੇ ਅਸੀਂ ਆਪਣੇ ਪਿਤਾ ਅਤੇ ਬਾਬੇ ਨਾਲ ਆਪਣੀ ਖੇਤੀ ਕਰਿਆ ਕਰਦੇ ਸੀ।

ਬਾਪੂ ਜੀ ਦੱਸਦੇ ਹਨ ਕਿ ਸਾਨੂੰ ਸਾਡੇ ਪਿੰਡ ਵਾਲਿਆਂ ਨੇ ਦੇਸ਼ ਦੀ ਵੰਡ ਤੋਂ ਇਕ ਸਾਲ ਬਾਅਦ ਤਕ ਵੀ ਪਿੰਡੋਂ ਨਹੀਂ ਆਉਣ ਦਿੱਤਾ ਸੀ ਉਸਦਾ ਕਾਰਨ ਉਸ ਵੇਲੇ ਦੇ ਸਾਡੇ ਇਲਾਕੇ ਦੇ ਮੌਜੂਦਾ ਜੈਲਦਾਰ ਦੇ ਸਾਡੇ ਪਿੰਡ ਨਾਨਕੇ ਸੀ। ਉਹ ਅਕਸਰ ਆਪਣੇ ਨਾਨਕੇ ਪਿੰਡ ਆ ਕੇ ਇਹ ਕਹਿੰਦਾ ਸੀ ਕਿ ਮੇਰੇ ਇਨ੍ਹਾਂ ਪਿੰਡਾਂ ਵਿੱਚੋਂ ਕੋਈ ਵੀ ਹਿੰਦੂ ਡਰਦਾ ਮਾਰਾ ਹਿਜ਼ਰਤ ਕਰ ਕੇ ਨਹੀਂ ਜਾਏਗਾ। ਉਹ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਚਾਰ ਚਾਰ ਪੰਜ ਪੰਜ ਬੰਦੇ ਸਮੇਂ ਦੇ ਹਥਿਆਰਾਂ ਨਾਲ ਲੈਸ ਕਰ ਕੇ ਪਿੰਡ ਦੇ ਚਾਰ ਚੁਫ਼ੇਰੇ ਤਾਇਨਾਤ ਕਰਿਆ ਕਰਦਾ ਸੀ।ਪਰ ਫਿਰ ਵੀ ਲੋਕਾਂ ਦੇ ਮਨਾਂ ਵਿਚ ਇਕ ਭੈਅ ਬੈਠ ਗਿਆ ਸੀ ਜਿਸਦੇ ਸਿੱਟੇ ਵਜੋਂ ਲੋਕ ਹੌਲੀ ਹੌਲੀ ਚੋਰੀ-ਚੋਰੀ ਹਿਜ਼ਰਤ ਕਰਦੇ ਰਹੇ ਅਖੀਰ ਇਕ ਸਾਡਾ ਪਰਿਵਾਰ ਹੀ ਰਹਿ ਗਿਆ ਸੀ ਆਪਣੇ ਪਿੰਡ ਵਿਚ। ਅਸੀਂ ਵੀ ਇਕ ਦਿਨ ਪਿੰਡ ਆਏ ਹੋਏ ਜੈਲਦਾਰ ਨੂੰ ਉਸਦੇ ਮਾਮਿਆਂ ਨਾਜ਼ਰ ਅਤੇ ਅਕਬਰ ਨੂੰ ਨਾਲ ਲੈ ਕੇ ਬੇਨਤੀ ਕੀਤੀ ਕਿ ਸਾਬ ਤੁਹਾਡੀ ਬਹੁਤ ਮੇਹਰਬਾਨੀ ਤੁਸੀਂ ਸਾਨੂੰ ਗ਼ਰੀਬਾਂ ਨੂੰ ਇੰਨਾ ਸਮਾਂ ਆਪਣੀ ਹਿਫ਼ਾਜਤ ਵਿਚ ਰੱਖਿਆ ਹੈ ਹੁਣ ਸਾਡੇ ਨਾਲਦੇ ਸਾਰੇ ਘਰ ਹਿੰਦੋਸਤਾਨ ਚਲੇ ਗਏ ਨੇ ਤੇ ਅਸੀਂ ਵੀ ਹਿੰਦੋਸਤਾਨ ਜਾਣਾ ਚਾਹੁੰਦੇ ਹਾਂ ਕ੍ਰਿਪਾ ਕਰਕੇ ਤੁਸੀਂ ਸਾਨੂੰ ਵੀ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਦੀ ਇਜਾਜ਼ਤ ਦੇ ਦੇਵੋ ਕਿਉਂਕਿ ਘਰ ਦੇ ਕੁਝ ਜੀਅ ਬਹੁਤ ਉਦਾਸ ਹੋ ਗਏ ਹਨ।ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਹੁਣ ਜਾਣਾ ਹੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਨਹੀਂ ਰੋਕਾਂਗਾ ਪਰ ਜੇਕਰ ਤੁਸੀਂ ਦੁਬਾਰਾ ਇਥੇ ਆਉਣਾ ਚਾਹੋ ਤਾਂ ਆ ਸਕਦੇ ਹੋ ਮੈਂ ਤੁਹਾਡੇ ਇਹ ਘਰ ਇਕ ਸਾਲ ਤਕ ਕਿਸੇ ਨੂੰ ਵੀ ਨਹੀਂ ਮੱਲਣ ਦਿਆਂਗਾ।

ਪਿੰਡ ਦੇ ਮੋਹਤਵਰ ਬੰਦਿਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਪੂਰੀ ਹਿਫ਼ਾਜਤ ਨਾਲ ਸ਼ਰਨਾਰਥੀ ਕੈਂਪ ਵਿਚ ਪਹੁੰਚਾਇਆ ਜਾਵੇ। ਵੈਸੇ ਪਹਿਲਾਂ ਇਕ ਸ਼ਰਨਾਰਥੀ ਕੈਂਪ ਨਾਰੋਵਾਲ ਵੀ ਬਣਿਆ ਹੋਇਆ ਸੀ ਪਰ ਕੈਂਪ ਵਿਚ ਸ਼ਰਨਾਰਥੀਆਂ ਦੀ ਗਿਣਤੀ ਘਟਣ ਕਰਕੇ ਇਹ ਕੈਂਪ ਲਾਹੌਰ ਸਿਫਟ ਕਰ ਦਿੱਤਾ ਗਿਆ ਸੀ। ਅਸੀਂ ਆਪਣੇ ਪਿੰਡੋਂ ਪੈਦਲ ਚੱਲ ਕੇ ਥਾਣੇ ਡੱਫਰਵਾਲ ਆਏ ਓਥੋਂ 40 ਰੁਪਏ ਵਿਚ ਨਾਰੋਵਾਲ ਲਈ ਦੋ ਟਾਂਗੇ ਸਾਲਮ ਕੀਤੇ ਸਾਡੇ ਨਾਲ ਆਏ ਪਿੰਡ ਦੇ ਬੰਦੇ ਸਾਨੂੰ ਨਾਰੋਵਾਲ ਛੱਡ ਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਇਕ ਵਾਰੀ ਸਾਡੇ ਸਾਰਿਆਂ ਦੀਆਂ ਭੁੱਬਾਂ ਨਿਕਲ ਗਈਆਂ। ਅਸੀਂ ਦੂਰ ਤਕ ਉਨ੍ਹਾਂ ਵੱਲ ਓਦੋਂ ਤਕ ਵੇਖਦੇ ਰਹੇ ਜਦੋਂ ਤਕ ਉਹ ਅੱਖੋਂ ਓਹਲੇ ਨਹੀਂ ਹੋਏ। ਫਿਰ ਅਸੀਂ ਓਥੋਂ ਟਰੇਨ 'ਤੇ ਬੈਠੇ ਤੇ ਅਗਲੀ ਰਾਤ ਨੂੰ ਲਹੌਰ ਸਟੇਸ਼ਨ 'ਤੇ ਪੁੱਜੇ, ਓਦੋਂ ਤਕ ਹਿੰਦੋਸਤਾਨ ਨੂੰ ਆਉਣ ਵਾਲੀ ਟਰੇਨ ਨਿਕਲ ਚੁੱਕੀ ਸੀ,ਅਸੀਂ ਰਾਤ ਲਾਹੌਰ ਸਟੇਸ਼ਨ 'ਤੇ ਹੀ ਕੱਟੀ।

ਜਦੋਂ ਸਵੇਰੇ ਓਥੋਂ ਦੇ ਅਫਸਰਾਂ ਨੇ ਸਾਡੇ ਲਈ ਹਿੰਦੋਸਤਾਨ ਆਉਣ ਲਈ ਸਪੈਸ਼ਲ ਚਾਰ ਟਰੱਕ ਲਗਵਾਏ ਤਾਂ ਨੇੜੇ ਰਹਿੰਦੇ ਸ਼ੈਤਾਨ ਦਿਮਾਗ਼ ਦੇ ਮਾਲਕ ਮੁਸਲਮਾਨ ਬਹੁਤ ਪਛਤਾਏ ਕਿ ਸਾਨੂੰ ਰਾਤ ਇਹ ਪਤਾ ਹੀ ਨਹੀਂ ਲੱਗਿਆ ਕਿ ਸਾਡੀ ਬਗਲ ਵਿਚ ਹੀ ਕਾਫ਼ਰ ਠਹਿਰੇ ਹੋਏ ਸਨ। ਅਸੀਂ ਇਨ੍ਹਾਂ ਨੂੰ ਜਿਉਂਦੇ ਨਹੀਂ ਸੀ ਛੱਡਣਾ। ਇਹ ਗੱਲ ਅਸੀਂ ਉਨ੍ਹਾਂ ਦੇ ਮੂੰਹੋਂ ਆਪ ਕੰਨੀਂ ਸੁਣੀਂ ਸੀ।

ਅਗਲੇ ਦਿਨ ਅਟਾਰੀ ਪਹੁੰਚੇ ਉਥੋਂ ਅੰਮ੍ਰਿਤਸਰ ਆ ਕੇ ਮੇਰੇ ਪਿਤਾ ਨੇ ਆਟਾ ਲਿਜਾ ਕੇ ਕਿਸੇ ਤੰਦੂਰ ਤੋਂ ਰੋਟੀਆਂ ਲੁਹਾਈਆਂ ਤੇ ਅਸੀਂ ਸਭ ਨੇ ਘਰਦੀ ਖਾਧੀ ਹੋਈ ਰੋਟੀ ਦੁਬਾਰਾ ਅੰਮ੍ਰਿਤਸਰ ਆ ਕੇ ਤੀਜੇ ਦਿਨ ਖਾਧੀ। ਇਕ ਰਾਤ ਅਮ੍ਰਿਤਸਰ ਹੀ ਕੱਟੀ ਤੇ ਦੂਜੀ ਰਾਤ ਬਟਾਲੇ ਕੈਂਪ ਵਿਚ ਕੱਟਣ ਤੋਂ ਬਾਅਦ ਗੁਰਦਾਸਪੁਰ ਦੇ ਕੋਲ ਪੈਂਦੇ ਪਿੰਡ ਬਾਬੋਵਾਲ ਵਿਚ 8-10 ਦਿਨ ਰਹੇ। ਫਿਰ ਮੇਰੇ ਪਿਤਾ ਨੇ ਸੰਗਲਪੁਰੇ ਮੁਹੱਲੇ ਵਿਚ ਇਕ ਕਰਾਏ 'ਤੇ ਮਕਾਨ ਲੈ ਲਿਆ ਜਿੱਥੇ ਅਸੀਂ ਇਕ ਸਾਲ ਦੇ ਕਰੀਬ ਰਹੇ ਫਿਰ ਸਾਨੂੰ ਇਥੋਂ 5/6 ਕਿਲੋਮੀਟਰ ਦੂਰ ਤਿੱਬੜੀ ਦੇ ਕੋਲ ਪੈਂਦੇ ਪਿੰਡ ਨੰਗਲ ਲਮੀਨ ਵਿਚ ਕਿਸੇ ਮੁਸਲਮਾਨਾਂ ਦਾ ਛੱਡਿਆ ਹੋਇਆ ਘਰ ਮਿਲ ਗਿਆ ਜਿੱਥੇ ਰਹਿ ਕੇ ਅਸੀਂ ਪੂਰੀ ਸ਼ਿੱਦਤ ਨਾਲ 10/11 ਸਾਲ ਮਿਹਨਤ-ਮਜ਼ਦੂਰੀ ਕੀਤੀ ਤੇ 1959 ਵਿਚ 50 ਰੁਪਏ ਕਿਲੇ ਦੇ ਹਿਸਾਬ ਨਾਲ 7 ਕਿੱਲੇ ਪੈਲੀ ਖਰੀਦੀ ਜਿਥੇ ਜੀਅ ਤੋੜ ਕੇ ਕਮਾਈ ਕੀਤੀ। 1971 ਦੀ ਪਾਕਿਸਤਾਨ ਨਾਲ ਹੋਈ ਜੰਗ ਤੋਂ ਬਾਅਦ ਸਾਡੇ ਪਿੰਡਾਂ ਵਿਚ ਬਣੀ ਫ਼ੌਜੀ ਛਾਉਣੀ ਨੇ ਇਕ ਵਾਰ ਫਿਰ ਸਾਡੀ ਵੱਸਦੀ ਹੋਈ ਦੁਨੀਆ ਉਜਾੜ ਦਿੱਤੀ। ਉਸ ਤੋਂ ਬਾਅਦ ਬਿਆਸ ਦਰਿਆ ਦੇ ਕੰਢੇ 'ਤੇ ਪੈਂਦੇ ਪਿੰਡ ਭੈਣੀ ਖਦਾਰ ਵਿਚ ਆਪਣੇ ਰਿਸਤੇਦਾਰਾਂ ਦੀ ਮਦਦ ਨਾਲ 8 ਕਿੱਲੇ ਬੇਆਬਾਦ ਜਿਹੀ ਜ਼ਮੀਨ ਖ਼ਰੀਦੀ ਜਿਸ ਨੂੰ ਦਿਨ ਰਾਤ ਇਕ ਕਰ ਕੇ ਆਬਾਦ ਕੀਤਾ। ਬੰਬੀਆ ਲੁਆਈਆਂ ਲਹਿਰਾਂ-ਬਹਿਰਾਂ ਹੋਈਆਂ ਪਰ ਖ਼ੁਸ਼ੀਆਂ ਵੀ ਬਹੁਤੀ ਦੇਰ ਨਹੀਂ ਰਹੀਆਂ। 1984 ਦੇ ਮਾੜੇ ਦੌਰ ਦਾ ਸੇਕ ਸਾਨੂੰ ਵੀ ਆ ਲੱਗਾ ਫਿਰ ਸਾਰਾ ਕੁਝ ਵੇਚ ਵੱਟ ਕੇ ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਵਿਚ ਆ ਕੇ ਫਿਰ ਨਵੇਂ ਸਿਰਿਓਂ ਘਰ ਬਣਾਇਆ ਜਿੱਥੇ ਮੈਂ ਅੱਜ ਕੱਲ੍ਹ ਆਪਣੇ ਚਾਰਾਂ ਪੁੱਤਰਾਂ ਜੋ ਸਰਕਾਰੀ ਅਫ਼ਸਰ ਹਨ ਕੋਲ ਜ਼ਿੰਦਗੀ ਦਾ ਆਖਰੀ ਸਮਾਂ ਬਤੀਤ ਕਰ ਰਿਹਾ ਹਾਂ। ਵਾਰ- ਵਾਰ ਬਣਾ ਕੇ ਛੱਡੇ ਘਰ ਮੈਨੂੰ ਇਸ ਘਰ ਵਿਚ ਅੱਜ ਵੀ ਬਹੁਤ ਯਾਦ ਆਉਂਦੇ ਨੇ ਪਰ “ਅੱਜ ਵੀ ਦਿਲ ਵਿਚ ਓਵੇਂ ਹੀ ਵੱਸਦਾ ਪਾਕਿਸਤਾਨ ਵਾਲਾ ਪਿੰਡ ਮਾਲਾਕੋਟ''।

- ਪ੍ਰਤਾਪ ਪਾਰਸ ਗੁਰਦਾਸਪੁਰੀ

Posted By: Harjinder Sodhi