ਪੰਜਾਬ ਦੇ ਇਕ ਵਧੀਆ ਇੰਜੀਨੀਅਰਿੰਗ ਕਾਲਜ ਵਿੱਚੋਂ ਇੰਜੀਨੀਅਰ ਦੀ ਡਿਗਰੀ ਲੈਣ ਸਾਰ ਜਦੋਂ ਸਾਡੇ ਵੱਡੇ ਪੁੱਤਰ ਨੂੰ ਭਾਰਤ ਦੀ ਸਿਰਮੌਰ ਸੰਸਥਾ ਇਸਰੋ ਵਿਚ ਵਿਗਿਆਨੀ ਇੰਜੀਨੀਅਰ ਦੀ ਨੌਕਰੀ ਮਿਲਣ ਦਾ ਪੱਤਰ ਸਾਡੇ ਘਰ ਆਇਆ ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਨਾਲ ਹੀ ਇੱਕੀ ਕੁ ਸਾਲ ਦੇ ਅਣਭੋਲ ਜਿਹੇ ਲੜਕੇ ਨੂੰ ਭਾਰਤ ਦੇ ਧੁਰ ਉੱਤਰ ਪੰਜਾਬ ਵਿੱਚੋਂ ਲਗਪਗ ਚਾਰ ਹਜ਼ਾਰ ਕਿਲੋਮੀਟਰ ਦੂਰ ਧੁਰ ਦੱਖਣੀ ਰਾਜ ਕੇਰਲ ਵਿਚ ਹੋਈ ਨਿਯੁਕਤੀ ਲਈ ਭੇਜਣਾ ਵੀ ਫ਼ਿਕਰ ਦਾ ਵਿਸ਼ਾ ਸੀ। ਪਰ ਪੁੱਤਰ ਸਾਡਾ ਜਾਣ ਲਈ ਪੂਰਾ ਤਿਆਰ ਸੀ। ਅਸੀਂ ਵੀ ਉਸ ਦੇ ਦ੍ਰਿੜ ਇਰਾਦੇ ਨੂੰ ਦੇਖਕੇ ਮਾਣ ਮਹਿਸੂਸ ਕੀਤਾ, ਸੋ ਉਸ ਨੇ ਆਪਣੀ ਸ਼ਾਨਾਮੱਤੀ ਨੌਕਰੀ ਜੁਆਇਨ ਕਰ ਲਈ ਅਤੇ ਉਸ ਨੂੰ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਸਟੇਸ਼ਨ ਮਿਲਿਆ ਜਿਸ ਨੂੰ ਤਰਵੇਂਦਰਮ ਵੀ ਕਿਹਾ ਜਾਂਦਾ ਹੈ। ਹੁਣ ਕੇਰਲ ਸਾਡਾ ਵੀ ਬਾਹਰਲਾ ਘਰ ਬਣ ਗਿਆ ਹੈ ਕਿਉਂਕਿ ਅਸੀਂ ਉਸ ਕੋਲ ਲਗਾਤਾਰ ਜਾਂਦੇ ਆਉਂਦੇ ਰਹਿੰਦੇ ਹਾਂ ਅਤੇ ਸਮੁੰਦਰ ਦੇ ਕਿਨਾਰੇ ਕੁਦਰਤ ਦੀ ਗੋਦ ਵਿਚ ਘੁੱਗ ਵਸਦੇ ਸ਼ਹਿਰ ਤਿਰੂਵਨੰਤਪੁਰਮ ਅਤੇ ਉਸ ਦੇ ਹੋਰ ਸ਼ਹਿਰਾਂ ਦੇ ਨਜ਼ਾਰੇ ਮਾਣ ਆਉਂਦੇ ਹਾਂ ।

ਤਿਰੂਵਨੰਤਪੁਰਮ ਅਸਲ ਵਿਚ ਪਹਿਲਾਂ ਤਿਰੂਅਨੰਤਾਪੁਰਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੋ ਤਿੰਨ ਅਲੱਗ ਅਲੱਗ ਸ਼ਬਦਾਂ ਦਾ ਜੋੜ ਹੈ। ਤਿਰੂ ਦਾ ਅਰਥ ਹੈ ਸ੍ਰੀ, ਅਨੰਤਾ ਸੱਪਾਂ ਦੇ ਸ਼੍ਰੇਸ਼ਟ ਸ਼ੇਸ਼ਨਾਗ ਤੋਂ ਲਿਆ ਗਿਆ ਹੈ, ਕਿਉਂਕਿ ਇਸ ਥਾਂ 'ਤੇ ਪਹਿਲਾਂ ਸੰਘਣਾ ਜੰਗਲ ਸੀ ਅਤੇ ਇੱਥੇ ਸੱਪਾਂ ਦੀ ਭਰਮਾਰ ਸੀ । ਜੰਗਲ ਇਸ ਮੌਕੇ ਵੀ ਇਸ ਦੇ ਪੱਛਮੀ ਹਿੱਸੇ ਵਿਚ ਮੌਜੂਦ ਹੈ। ਇੱਥੋਂ ਦੇ ਲੋਕ ਸ਼ੇਸ਼ਨਾਗ ਦੀ ਪੂਜਾ ਕਰਦੇ ਸਨ। ਸਮੇਂ ਦੇ ਬੀਤਣ ਨਾਲ ਅਨੰਤਾ ਸ਼ਬਦ ਵਨੰਤਾ ਵਿਚ ਤਬਦੀਲ ਹੋ ਗਿਆ, ਅੰਤਲੇ ਸ਼ਬਦ ਪੁਰਮ ਦਾ ਮਤਲਬ ਸ਼ਹਿਰ ਹੈ। ਸ਼ੁਰੂ ਤੋਂ ਹੀ ਇਹ ਦੱਖਣੀ ਰਾਜ ਵਪਾਰਕ ਕੇਂਦਰ ਸੀ। ਅਲੱਗ-ਅਲੱਗ ਧਰਮਾਂ, ਜਾਤਾਂ ਦੇ ਲੋਕ ਆਪਸ ਵਿਚ ਰਲਮਿਲ ਕੇ ਰਹਿੰਦੇ ਸਨ। ਪੁਰਤਗਾਲੀਆਂ, ਡੱਚਾਂ, ਫਰਾਂਸੀਸੀਆਂ ਅਤੇ ਅੰਗਰੇਜ਼ਾਂ ਨੇ ਇੱਥੋਂ ਹੀ ਭਾਰਤ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ 1500 ਈਸਵੀ ਤਕ ਇੱਥੇ ਦੇ ਜ਼ਾਮੋਰੀਨ ਹਿੰਦੂ ਰਾਜਾ ਮਾਨਵਿਕਰਾਮਾ ਅਤੇ ਸ਼ਕਤੀਸ਼ਾਲੀ ਨਾਇਰ ਕੌਮ ਦਾ ਸਿੱਕਾ ਇੱਥੇ ਚੱਲਦਾ ਸੀ। ਸਤਾਰਵੀਂ ਸਦੀ ਵਿਚ ਕੁਪਾਕਾ ਵੰਸ਼ ਨਾਲ ਸਬੰਧਤ ਟਰਾਵਨਕੋਰ ਦੇ ਰਾਜਾ ਮਾਰਤੰਡਾ ਵਰਮਾ ਨੇ ਤਿਰੂਵਨੰਤਪੁਰਮ ਨੂੰ ਟਰਾਵਨਕੋਰ ਸ਼ਾਹੀ ਰਿਆਸਤ ਦੀ ਰਾਜਧਾਨੀ ਬਣਾਇਆ। ਉਸ ਦੀ ਮੌਤ ਤੋਂ ਬਾਅਦ ਇਹ ਰਿਆਸਤ ਅੰਗਰੇਜ਼ੀ ਰਾਜ ਦੇ ਅਧੀਨ ਆਪਣੀ ਪ੍ਰੰਪਰਾ ਅਨੁਸਾਰ ਰਾਜੇ ਰਾਣੀਆਂ ਦੀ ਅਗਵਾਈ ਵਿਚ ਚਲਦੀ ਰਹੀ। ਸੰਨ 1947 ਵਿਚ ਭਾਰਤ ਦੀ ਆਜ਼ਾਦੀ ਪਿੱਛੋਂ ਇਸ ਨੂੰ ਟਰਾਵਨਕੋਰ-ਕੋਚੀਨ ਰਾਜ ਦੀ ਰਾਜਧਾਨੀ ਬਣਾਇਆ ਗਿਆ ਅਤੇ 1956 ਵਿਚ ਕੇਰਲ ਨੂੰ ਰਾਜ ਬਣਾ ਕੇ ਤਿਰੂਵਨੰਤਪੁਰਮ ਨੂੰ ਰਾਜਧਾਨੀ ਬਰਕਰਾਰ ਰੱਖਿਆ ਗਿਆ। ਭਾਰਤ ਦੇ ਧੁਰ ਦੱਖਣ ਵਿਚ ਇਹ ਲੰਬੂਤਰੀ ਜਿਹੀ ਸ਼ਕਲ ਵਾਲਾ ਰਾਜ ਕੇਰਲ ਪੱਛਮ ਵਿਚ ਅਰਬਸਾਗਰ ਅਤੇ ਪੂਰਬ ਵਿਚ ਪੱਛਮੀ ਘਾਟ ਦੇ ਵਿਚਕਾਰ ਘਿਰਿਆ ਹੋਇਆ ਹੈ ਅਤੇ ਕੁਦਰਤੀ ਸੁਹੱਪਣ ਅਤੇ ਹਰਿਆਲੀ ਪੱਖੋਂ ਬੇਮਿਸਾਲ ਹੈ। ਰੁੱਖਾਂ ਲੱਦੀਆਂ ਪੱਛਮੀ ਘਾਟ ਦੀਆਂ ਪਹਾੜੀਆਂ, ਫਲਾਂ ਅਤੇ ਫੁੱਲਾਂ ਨਾਲ ਭਰਪੂਰ ਝੂਮਦੇ ਉੱਚੇ ਲੰਮੇ ਰੁੱਖ ਜਦੋਂ ਅਰਬਸਾਗਰ ਵੱਲੋਂ ਆਉਂਦੀ ਅੱਥਰੀ ਅਤੇ ਬੇਪਰਵਾਹ ਹਵਾ ਦਾ ਸਾਹਮਣਾ ਕਰਦੇ ਹਨ ਤਾਂ ਉੱਤਰੀ ਭਾਰਤ ਵੱਲੋਂ ਗਿਆ ਇਨਸਾਨ ਕੁਦਰਤ ਦੇ ਵਰੋਸਾਏ ਸ਼ਹਿਰ ਤਰਵੇਂਦਰਮ ਦੀ ਖੂਬਸੂਰਤੀ ਦਾ ਕਾਇਲ ਹੋ ਜਾਂਦਾ ਹੈ।

ਕੇਰਲ ਰਾਜ ਦੀ ਆਮਦਨ ਦਾ ਮੁੱਖ ਸਰੋਤ ਸੈਰ ਸਪਾਟਾ ਹੈ। ਹਰ ਸਾਲ ਲੱਖਾਂ ਸੈਲਾਨੀ ਇੱਥੇ ਯਾਤਰਾ ਕਰਦੇ ਹਨ । ਪਦਮਾਨਾਭਾਸੁਆਮੀ ਮੰਦਰ, ਨਿਆਮਾਸਭਾਮੰਦਰਮ, ਈਸਟ ਫੋਰਟ ਟੈਕਨੋਪਾਰਕ ਅਤੇ ਕਨਕਕੂਨੂ ਪੈਲੇਸ ਦੇਖਣਯੋਗ ਥਾਵਾਂ ਹਨ। ਤਿਰੂਵਨੰਤਪੁਰਮ ਨੂੰ ਅਰਬ ਸਾਗਰ ਨੇ ਬੈਕਵਾਟਰਜ਼ ਅਤੇ ਵੇਲੀ, ਵੈਲਾਯਾਣੀ,ਪਵਾਰ ਅਤੇ ਅੰਸ਼ੂ ਤੇਗੂ ਜਿਹੀਆਂ ਸੁੰਦਰ ਝੀਲਾਂ ਦਾ ਤੋਹਫ਼ਾ ਦਿੱਤਾ ਹੈ। ਇਸ ਸ਼ਹਿਰ ਦੇ ਕੋਵਲਮ, ਬਰਕਲਾ, ਸ਼ੰਗਮੁਗਮ ਅਤੇ ਵੇਲੀ ਖੂਬਸੂਰਤ ਬੀਚ ਹਨ। ਅਗਸਤਮਾਲਾ ਅਤੇ ਪੌਨਮੁੜੀ ਇਸ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ ਜਿੱਥੇ ਹਰ ਸਮੇਂ ਮਸਤ ਮੌਸਮ ਅਤੇ ਧੁੰਦ ਪਸਰੀ ਰਹਿੰਦੀ ਹੈ। ਬੇਸ਼ੱਕ ਇੱਥੋਂ ਦੀਆਂ ਪਹਾੜੀਆਂ ਹਿਮਾਚਲ ਪ੍ਰਦੇਸ਼, ਕਸ਼ਮੀਰ ਆਦਿ ਦੇ ਪਹਾੜਾਂ ਜਿੰਨੀਆਂ ਉੱਚੀਆਂ ਨਹੀਂ ਪਰ ਇਨ੍ਹਾਂ ਦੀ ਸਾਂਭ ਸੰਭਾਲ ਅਤੇ ਸਾਫ਼ ਸਫ਼ਾਈ ਉਨ੍ਹਾਂ ਤੋਂ ਕਿਤੇ ਵੱਧ ਹੈ। ਪਹਾੜੀ ਚੋਟੀਆਂ 'ਤੇ ਕਚਰਾ ਸੁੱਟਣ ਦੀ ਮਨਾਹੀ ਹੈ ਅਤੇ ਜੇਕਰ ਕੋਈ ਸੁੱਟ ਵੀ ਦੇਵੇ ਤਾਂ ਬੱਸ ਦਾ ਡਰਾਈਵਰ ਚੁੱਕ ਕੇ ਬੱਸ ਵਿਚ ਰੱਖੇ ਲਿਫ਼ਾਫ਼ੇ ਵਿਚ ਪਾ ਦਿੰਦਾ ਹੈ। ਨਈਅਰ, ਕਰਮਨਾ ਅਤੇ ਕਿੱਲੀ ਦਰਿਆ ਇਸ ਸ਼ਹਿਰ ਦੀ ਖ਼ੂਬਸੂਰਤੀ ਵਿਚ ਹੋਰ ਵਾਧਾ ਕਰਦੇ ਹਨ। ਨਈਅਰ ਅਤੇ ਪਰਿਆਰ ਡੈਮਾਂ ਦੀ ਉਚਾਈ ਤੇ ਵਗਦੀ ਹਵਾ ਦਾ ਸਾਹਮਣਾ ਕਰਨ ਲਈ ਤਕੜਾ ਜੁੱਸਾ ਚਾਹੀਦਾ ਹੈ।

ਤਿਰੂਵਨੰਤਪੁਰਮ ਦਾ ਪੌਣ ਪਾਣੀ ਗਰਮ ਅਤੇ ਤਰ ਹੈ। ਸਮੁੰਦਰ ਦੇ ਕਿਨਾਰੇ ਵਸਿਆ ਹੋਣ ਕਰਕੇ ਇੱਥੇ ਆਮ ਕਰ ਕੇ 25 ਡਿਗਰੀ ਤੋਂ 30-35 ਤਕ ਤਾਪਮਾਨ ਰਹਿੰਦਾ ਹੈ। ਅਪ੍ਰੈਲ ਮਹੀਨੇ ਤੋਂ ਅੰਬਾਂ ਦੀ ਵਾਛੜ ਤੋਂ ਸ਼ੁਰੂ ਹੋ ਕੇ ਲਗਪਗ ਨਵੰਬਰ ਤਕ ਇੱਥੇ 1500 ਮਿਲੀਮੀਟਰ ਤਕ ਮੀਂਹ ਪੈ ਜਾਂਦਾ ਹੈ। ਜੋ ਇਸ ਨੂੰ ਸਾਰਾ ਸਾਲ ਹਰਾ ਭਰਾ ਰੱਖਦਾ ਹੈ। ਮਹਾਤਮਾ ਗਾਂਧੀ ਨੇ ਇਸ ਸ਼ਹਿਰ ਨੂੰ “ਭਾਰਤ ਦਾ ਸਦਾਬਹਾਰ ਹਰਿਆਲੀ ਭਰਪੂਰ ਸ਼ਹਿਰ'' ਦਾ ਦਰਜਾ ਦਿੱਤਾ ਸੀ।

ਕੇਰਲ ਦੇ ਵਾਸੀ ਚੰਗੇ ਪੜ੍ਹੇ ਲਿਖੇ ਅਤੇ ਮਿਲਣਸਾਰ ਹਨ। ਇੱਥੇ ਸਾਖਰਤਾ ਦਰ ਸੌ ਫ਼ੀਸਦੀ ਹੈ। ਲੋਕ ਕਾਨੂੰਨ ਦਾ ਪਾਲਣ ਕਰਨਾ ਜਾਣਦੇ ਹਨ। ਆਪਣੇ ਆਪ ਲਾਈਨ ਵਿਚ ਲੱਗ ਜਾਂਦੇ ਹਨ। ਇੱਥੋਂ ਦੇ ਆਦਮੀ ਧੋਤੀ ਕੁੜਤਾ ਅਤੇ ਇਸਤਰੀਆਂ ਸਾੜ੍ਹੀ ਪਹਿਨਦੀਆਂ ਹਨ। ਨਵੀਂ ਪੀੜ੍ਹੀ ਪੱਛਮੀ ਦੇਸ਼ਾਂ ਦਾ ਲਿਬਾਸ ਪਹਿਨ ਕੇ ਖ਼ੁਸ਼ ਹੈ। ਕੇਰਲ ਭਾਰਤ ਦਾ ਇੱਕੋ ਇਕ ਰਾਜ ਹੈ ਜਿਸ ਵਿਚ ਇਸਤਰੀਆਂ ਦੀ ਗਿਣਤੀ ਆਦਮੀਆਂ ਤੋਂ ਵੱਧ ਹੈ।

ਮੈਂ ਇੱਥੋਂ ਦੇ ਇਕ ਚੰਗੇ ਲੇਖਕ ਦੀ ਕਿਤਾਬ ਵਿਚ ਪੜ੍ਹਿਆ ਕਿ ਇਸ ਰਾਜ ਵਿਚ ਰਾਣੀਆਂ ਦੀ ਸੁਯੋਗ ਅਗਵਾਈ ਵਿਚ ਖ਼ਾਸ ਤਰੱਕੀ ਹੋਈ ਅਤੇ ਉਹ ਅੰਗਰੇਜ਼ਾਂ ਨਾਲ ਰਾਜ ਦੀ ਭਲਾਈ ਲਈ ਜ਼ਰੂਰੀ ਸਮਝੌਤੇ ਵੀ ਬੇਝਿਜਕ ਕਰ ਲੈਂਦੀਆਂ ਸਨ, ਕਿਉਂਕਿ ਉਹ ਵਧੀਆ ਪੜ੍ਹੀਆਂ ਲਿਖੀਆਂ ਹਨ। ਉਹ ਚੰਗੀਆਂ ਨੌਕਰੀਆਂ ਵੀ ਕਰਦੀਆਂ ਹਨ ਅਤੇ ਮੈਂ ਇੱਥੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਅਤੇ ਧੁੰਦ ਵਿਚ ਲਿਪਟੇ ਪਹਾੜੀ ਸਟੇਸ਼ਨਾਂ ਤੇ ਗਾਰਡ ਦੀ ਡਿਊਟੀ ਬੇਖੌਫ਼ ਨਿਭਾਉਂਦਿਆਂ ਵੀ ਅੱਖੀਂ ਦੇਖਿਆ ਹੈ। ਰਾਤ ਨੂੰ ਦਸ ਵਜੇ ਤਕ ਵੀ ਤੁਸੀਂ ਇਕੱਲੀਆਂ ਔਰਤਾਂ ਨੂੰ ਬੱਸ ਚੜ੍ਹਦਿਆਂ ਦੇਖ ਸਕਦੇ ਹੋ। ਔਰਤਾਂ ਗਹਿਣਿਆਂ ਦੀਆਂ ਸ਼ੌਕੀਨ ਹਨ ਅਤੇ ਇੱਥੇ ਵਿਆਹਾਂ ਸਮੇਂ ਇਕ ਡੇਢ ਕਿਲੋ ਸੋਨਾ ਅਤੇ ਚਾਂਦੀ ਅਲੱਗ ਤਕ ਦੇ ਗਹਿਣੇ ਤੋਹਫ਼ੇ ਜਾਂ ਦਾਜ ਵਜੋਂ ਦਿੱਤੇ ਜਾਂਦੇ ਹਨ। ਇੱਥੋਂ ਦਾ ਖਾਣ ਪੀਣ ਮਸਾਲੇਦਾਰ ਅਤੇ ਸਾਡੇ ਨਾਲੋਂ ਬਿਲਕੁਲ ਵੱਖਰਾ ਹੈ।

ਤਿਰੂਵਨੰਤਪੁਰਮ ਵਿਚ ਸਿਰਫ਼ ਦੋ ਹੀ ਹੋਟਲ ਹਨ ਜਿੱਥੇ ਪੰਜਾਬੀ ਖਾਣਾ ਮਿਲਦਾ ਹੈ। ਕੇਰਲ ਦੇ ਆਦਮੀ ਸ਼ਰਾਬ ਪੀਣ ਦੇ ਸ਼ੌਕੀਨ ਹਨ। ਸ਼ਾਮ ਨੂੰ ਠੇਕਿਆਂ 'ਤੇ ਲੰਮੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਵੈਸੇ ਲੋਕ ਇਮਾਨਦਾਰ ਅਤੇ ਸਹਿਯੋਗੀ ਸੁਭਾਅ ਦੇ ਹਨ। ਜ਼ਿਆਦਾਤਰ ਲੋਕ ਵਿਦੇਸ਼ਾਂ ਵਿਚ ਵੱਸੇ ਹੋਏ ਹਨ। ਕਾਫ਼ੀ ਲੋਕ ਖਾੜੀ ਮੁਲਕਾਂ ਵਿਚ ਰੋਜ਼ੀ ਰੋਟੀ ਲਈ ਨੌਕਰੀ ਕਰਦੇ ਹਨ।

ਇੱਥੋਂ ਦੇ ਵਾਸੀ ਆਪਣੀ ਭਾਸ਼ਾ ਮਲਿਆਲਮ ਨੂੰ ਬਹੁਤ ਪਿਆਰ ਕਰਦੇ ਹਨ। ਹਿੰਦੀ ਜਾਣਦੇ ਹੋਏ ਵੀ ਉਸ ਵਿਚ ਗੱਲ ਨਹੀਂ ਕਰਦੇ ਸਗੋਂ ਸੂਬੇ ਤੋਂ ਬਾਹਰਲੇ ਲੋਕਾਂ ਨਾਲ ਅੰਗਰੇਜ਼ੀ ਵਿਚ ਗੱਲ ਕਰਨਾ ਪਸੰਦ ਕਰਦੇ ਹਨ।

ਤਿਰੂਵਨੰਤਪੁਰਮ ਕੇਰਲ ਦਾ ਸਿੱਖਿਆ ਕੇਂਦਰ ਹੈ। ਕੇਰਲ ਯੂਨੀਵਰਸਿਟੀ, ਸਾਇੰਸ- ਟੈਕਨਾਲੋਜੀ ਸੰਸਥਾਵਾਂ, ਇਸਰੋ ਅਤੇ ਸਬੰਧਤ ਹੋਰ ਕੇਂਦਰ ਅਤੇ ਥੰਬਾ ਭੂਮੱਧ ਰਾਕੇਟ ਲਾਚਿੰਗ ਸੈਂਟਰ ਆਦਿ ਅਨੇਕਾਂ ਗੌਰਵਮਈ ਸੰਸਥਾਵਾਂ ਹਨ ਚਿਤਰਾਂਜਲੀ ਫਿਲਮ ਸਟੂਡੀਓ ਵੀ ਇੱਥੇ ਫਿਲਮਾਂ ਦੇ ਸ਼ੌਕੀਨਾਂ ਦਾ ਚਾਅ ਪੂਰਾ ਕਰਦਾ ਹੈ।

ਤਿਰੂਵਨੰਤਪੁਰਮ ਜਾਣ ਲਈ ਰੇਲ ਸੇਵਾ ਅਤੇ ਹਵਾਈ ਸੇਵਾ ਦੀ ਮਦਦ ਲਈ ਜਾ ਸਕਦੀ ਹੈ। ਰੇਲ ਰਾਹੀਂ ਦਿੱਲੀ ਤੋਂ ਇੱਥੇ ਪਹੁੰਚਣ ਲਈ ਲਗਪਗ 48 ਘੰਟੇ ਲਗਦੇ ਹਨ ਅਤੇ ਹਵਾਈ ਜਹਾਜ਼ ਰਾਹੀਂ ਇਹ ਸਫ਼ਰ ਤਿੰਨ ਘੰਟਿਆਂ ਦਾ ਹੀ ਹੈ। ਪਰ ਰੇਲ ਗੱਡੀ ਰਾਹੀਂ ਤੁਸੀਂ ਲਗਪਗ ਸਾਰੇ ਭਾਰਤ ਦੀ ਸੈਰ ਕਰ ਲੈਂਦੇ ਹੋ, ਸੋ ਸੈਲਾਨੀਆਂ ਲਈ ਰੇਲ ਸਫ਼ਰ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਸ ਰਾਹੀਂ ਤੁਸੀਂ ਕੁਦਰਤੀ ਨਜ਼ਾਰੇ ਮਾਣ ਸਕਦੇ ਹੋ।

ਸਮੁੰਦਰੀ ਲਹਿਰਾਂ ਦਿੰਦੀਆਂ ਨੇ ਸ਼ਾਂਤੀ ਦਾ ਪੈਗ਼ਾਮ

ਕੇਰਲ ਇਕ ਨੀਮ ਪਹਾੜੀ ਰਾਜ ਹੈ। ਸਵੇਰ ਵੇਲੇ ਸੂਰਜ ਨਿਕਲਣ ਸਮੇਂ ਹਰੇ ਕਚੂਰ ਰੁੱਖਾਂ ਨਾਲ ਢਕੀਆਂ ਪਹਾੜੀਆਂ ਗੂੜ੍ਹੀ ਸਲੇਟੀ ਭਾਹ ਮਾਰਦੀਆਂ ਕਿਸੇ ਹੰਢੇ ਵਰਤੇ ਲਲਾਰੀ ਦੀ ਰੰਗਾਈ ਦਾ ਪ੍ਰਭਾਵ ਦਿੰਦੀਆਂ ਹਨ। ਦੱਖਣ ਵੱਲ ਨਿਗਾਹ ਮਾਰੋ ਤਾਂ ਦੁਮੇਲ ਤੋਂ ਸਮੁੰਦਰ ਦੀਆਂ ਲਹਿਰਾਂ ਸ਼ਾਂਤੀ ਦਾ ਪੈਗ਼ਾਮ ਦਿੰਦੀਆਂ ਹਨ ਅਤੇ ਜਿਵੇਂ-ਜਿਵੇਂ ਸੂਰਜ ਉੱਚਾ ਉੱਠਦਾ ਹੈ, ਉਸ ਨੂੰ ਗਲੇ ਮਿਲਣ ਲਈ ਇਹ ਛੱਲਾਂ ਪੂਰਾ ਤਾਣ ਲਾਉਂਦੀਆਂ ਹਨ। ਇਸ ਵਰਤਾਰੇ ਨੂੰ ਜਵਾਰਭਾਟਾ ਕਿਹਾ ਜਾਂਦਾ ਹੈ। ਤਰਵੇਂਦਰਮ ਵਿਚ ਘੱਟ ਉਚਾਈ ਵਾਲੀਆਂ ਪਹਾੜੀਆਂ ਅਤੇ ਘਾਟੀਆਂ ਹਨ ਜਿਸ ਕਰ ਕੇ ਇੱਥੇ ਖੇਤੀਬਾੜੀ ਵੀ ਕੀਤੀ ਜਾਂਦੀ ਹੈ। ਮੁੱਖ ਫ਼ਸਲਾਂ ਚਾਵਲ, ਰਬੜ, ਸਫੈਦਾ, ਮਸਾਲੇ, ਨਾਰੀਅਲ, ਕੇਲੇ ਅਤੇ ਕਾਜੂ ਹਨ।

- ਗੁਰਸ਼ਰਨ ਕੌਰ ਮੋਗਾ

Posted By: Harjinder Sodhi