ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਗਲਿਆਰਾ ਸਕੀਮ, ਸੁੰਦਰੀਕਰਨ ਅਤੇ ਸੰਵਾਰਨ ਦੇ ਨਾਂ ਹੇਠ ਪੁਰਾਤਨ ਬਾਜ਼ਾਰ ਨੂੰ ਖ਼ਤਮ ਕਰ ਦਿੱਤਾ ਗਿਆ। ਜਿਸ ਤਹਿਤ ਖ਼ਤਮ ਹੋਏ ਘੰਟਾ ਘਰ, ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਬਾਜ਼ਾਰ ਮਾਈ ਸੇਵਾ, ਪੱਥਰ ਮਾਰਕੀਟ, ਥੜ੍ਹਾ ਸਾਹਿਬ ਚੌਕ, ਬਾਜ਼ਾਰ ਮੁਨਿਆਰਾ, ਸ਼ਹੀਦ ਮਾਰਕੀਟ, ਪਾਪੜਾਂ ਵਾਲਾ ਬਾਜ਼ਾਰ ਦਾ ਅੱਧਾ ਹਿੱਸਾ, ਬਾਬਾ ਅਟੱਲ ਰਾਏ ਸਾਹਿਬ ਕਲਾਥ ਮਾਰਕੀਟ, ਵਧਾਊ ਵਾਲੀ ਗਲੀ, ਬਾਗ਼ ਵਾਲੀ ਗਲੀ, ਬਾਬਾ ਸਾਹਿਬ ਚੌਕ, ਬਾਜ਼ਾਰ ਆਟਾ ਮੰਡੀ, ਮੋਚੀ ਬਾਜ਼ਾਰ, ਸ੍ਰੀ ਗੁਰੂ ਰਾਮਦਾਸ ਜੀ ਸਰਾਂ ਦਾ ਬਾਜ਼ਾਰ, ਧੋਬੀ ਬਾਜ਼ਾਰ, ਬਾਂਸਾਂ ਵਾਲਾ ਬਾਜ਼ਾਰ ਆਦਿ ਦੇ ਖ਼ਤਮ ਹੋਣ ਦੇ ਨਾਲ ਪੰਜਾਬੀ ਕਲਚਰ, ਵਿਰਸੇ ਨਾਲ ਜੁੜੀਆਂ ਵਸਤਾਂ, ਹਾਰਮੋਨੀਅਮ, ਸਿਤਾਰਾਂ, ਤੂੰਬੀਆਂ, ਕਿਤਾਬਾਂ ਦੀ ਮਾਰਕੀਟ ਅਤੇ ਪ੍ਰਿੰਟਿੰਗ ਪ੍ਰੈੱਸਾਂ, ਸਿੱਖੀ ਕਕਾਰਾਂ ਦਾ ਕੰਮ, ਕਿਰਪਾਨ ਤੇ ਰਵਾਇਤੀ ਸ਼ਸਤਰ, ਮੋਚੀ ਬਾਜ਼ਾਰ, ਬੈਂਤ ਦੀਆਂ ਛੋਟੀਆਂ ਫੈਕਟਰੀਆਂ, ਪਾਪੜ-ਵੜੀਆਂ, ਫੇਣੀਆਂ, ਪਤੀਸਾ, ਮੱਠੀਆਂ, ਨਮਕੀਨ ਆਦਿ ਦੇ ਪ੍ਰਚੱਲਤ ਕੰਮ ਵੀ ਸ਼ਹਿਰ ਵਿਚ ਖਿਲਰ ਗਏ। ਜਿਸ ਵਿਚ ਬਹੁਤ ਸਾਰੇ ਕੰਮ ਲੋਪ ਹੀ ਹੋ ਗਏ। ਇਨ੍ਹਾਂ ਵਿਚ ਤਕਰੀਬਨ 3 ਹਜ਼ਾਰ ਦੇ ਕਰੀਬ ਰਿਹਾਇਸ਼ਾਂ, ਫੈਕਟਰੀਆਂ ਅਤੇ ਦੁਕਾਨਦਾਰਾਂ ਨੂੰ ਮੁੜ ਵਸੇਬੇ ਤਹਿਤ ਪੱਠਾ ਮੰਡੀ, ਸਰਕੂਲਰ ਰੋਡ ਤੇ ਨਾਲ ਲੱਗਦੇ ਬਾਜ਼ਾਰ ਨੌਹਰੀਆਂ, ਆਈਡੀਐੱਚ ਮਾਰਕੀਟ, ਸਿਟੀ ਸੈਂਟਰ, ਅਕਾਲੀ ਫੂਲਾ ਸਿੰਘ ਬੁਰਜ, ਪਟਾਕਾ ਮਾਰਕੀਟ ਵਿਚ 'ਵਾਲ ਸਿਟੀ' (ਪੁਰਾਤਨ ਸ਼ਹਿਰ) ਤੋਂ ਬਾਹਰ ਵਸਾਇਆ ਗਿਆ।

ਮੁੜ ਵਸੇਬਾਕਰਨ ਤਹਿਤ 1988 ਦੇ ਜੁਲਾਈ, ਅਗਸਤ ਤੇ ਸਤੰਬਰ ਮਹੀਨਿਆਂ ਵਿਚ ਇਲਾਕੇ ਨੂੰ ਖ਼ਾਲੀ ਕਰਵਾਉਣ ਸਮੇਂ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੇ ਅਹਿਮ ਰੋਲ ਅਦਾ ਕੀਤਾ। ਆਮ ਤੌਰ 'ਤੇ ਪੁਰਾਤਨ ਬਾਜ਼ਾਰ ਨੂੰ ਖ਼ਤਮ ਹੀ ਕਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਸ ਪਾਸ ਥੋਕ ਦਾ ਕਾਰੋਬਾਰ ਹੁੰਦਾ ਸੀ। ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਨਾਲ-ਨਾਲ ਪੰਜਾਬ ਨਾਲ ਲੱਗਦੇ ਸੂਬੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਆਦਿ ਪੂਰੀ ਤਰ੍ਹਾਂ ਜੁੜੇ ਹੋਏ ਸਨ। ਗੁਰੂ ਘਰ ਆਉਣ ਵਾਲੇ ਸ਼ਰਧਾਲੂ ਇੱਥੇ ਬਾਜ਼ਾਰਾਂ ਵਿੱਚੋਂ ਸਾਮਾਨ ਦੀ ਖ਼ਰੀਦ ਕਰਦੇ ਸਨ ਅਤੇ ਗੁਰੂ ਘਰ ਦੇ ਦਰਸ਼ਨ ਕਰਦੇ ਸਨ। ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਨਾਲ ਕੋਈ ਵੀ ਨਿੱਜੀ ਜਾਂ ਸਰਕਾਰੀ ਇਮਾਰਤ ਨਹੀਂ ਜੁੜਦੀ, ਬਾਹਰ ਵਾਲੇ ਪਾਸੇ ਗਲਿਆਰੇ ਵਿਚ ਪਾਰਕ ਅਤੇ ਖੁੱਲ੍ਹੀ ਸੜਕ ਵੀ ਤਿਆਰ ਕੀਤੀ ਗਈ।

ਵਿਰਾਸਤੀ ਮਾਰਗ ਤੋਂ ਪੰਜਾਬੀ ਵਿਰਸੇ ਦੇ ਬੁੱਤ ਹਟਾਏ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ 25 ਅਕਤੂਬਰ 2016 ਨੂੰ ਨਵਾਂ ਤਿਆਰ ਕਰ ਕੇ ਗੁਰੂ ਨਗਰੀ ਆਉਣ ਵਾਲੀਆਂ ਸੰਗਤਾਂ ਨੂੰ ਅਰਪਣ ਕੀਤਾ ਸੀ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ-ਘਰ ਦੇ ਬਾਹਰ ਜ਼ਮੀਨਦੋਜ਼ ਚਾਰ ਗੈਲਰੀਆਂ ਵਾਲਾ ਇਕ ਵਿਆਖਿਆਕਰਨ ਕੇਂਦਰ ਵੀ ਸੰਗਤਾਂ ਨੂੰ ਅਰਪਣ ਕੀਤਾ ਸੀ।

ਵਿਰਾਸਤੀ ਮਾਰਗ ਉੱਪਰ 200 ਕਰੋੜ ਅਤੇ ਵਿਆਖਿਆਕਰਨ ਕੇਂਦਰ 'ਤੇ ਤਕਰੀਬਨ 100 ਕਰੋੜ ਰੁਪਏ ਖ਼ਰਚ ਕੀਤੇ ਗਏ। 300 ਦਿਨਾਂ ਵਿਚ 24 ਘੰਟੇ ਕੰਮ ਕਰ ਕੇ ਤਿਆਰ ਕੀਤੇ ਵਿਰਾਸਤੀ ਮਾਰਗ ਦਾ ਉਦਘਾਟਨ 25 ਅਕਤੂਬਰ 2016 ਨੂੰ ਹੋਇਆ। ਇਸੇ ਮਾਰਗ ਉੱਪਰ ਪੰਜਾਬੀ ਪਹਿਰਾਵੇ ਵਿਚ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਪੇਸ਼ ਕਰਦੇ 9 ਬੁੱਤ ਸਥਾਪਤ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇਕ ਬੁੱਤ ਢੋਲੀ ਦਾ, ਚਾਰ ਗਿੱਧਾ ਤੇ ਕਿੱਕਲੀ ਪਾਉਂਦੀਆਂ ਮੁਟਿਆਰਾਂ ਦੇ ਅਤੇ ਚਾਰ ਹੋਰ ਭੰਗੜਾ ਪਾਉਂਦੇ ਗੱਭਰੂਆਂ ਦੇ ਸਨ। ਇਹ ਬੁੱਤ ਗੁਰੂ ਨਗਰੀ ਆਉਣ ਵਾਲੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਸੈਲਾਨੀਆਂ ਜਿਨ੍ਹਾਂ ਦੀ ਗਿਣਤੀ ਕਰੀਬ 4 ਕਰੋੜ ਤੋਂ ਵੱਧ ਹੈ, ਦੀ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਇਹ ਸਵਾ ਕਰੋੜ ਦੇ ਕਰੀਬ ਕੈਮਰਿਆਂ 'ਚ ਖਿੱਚੀਆਂ ਤਸਵੀਰਾਂ ਰਾਹੀਂ ਦੇਸ਼-ਵਿਦੇਸ਼ਾਂ ਵੀ ਪਹੁੰਚ ਗਏ।

ਹੁਣ ਇਨ੍ਹਾਂ ਬੁੱਤਾਂ ਉੱਪਰ ਵਿਵਾਦ ਛਿੜ ਗਿਆ। ਗਿੱਧੇ-ਭੰਗੜੇ ਦੇ ਬੁੱਤਾਂ ਉੱਪਰ ਸਿੱਖ ਭਾਈਚਾਰੇ ਵੱਲੋਂ ਉਠਾਏ ਗਏ ਇਤਰਾਜ਼ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ 28 ਜਨਵਰੀ 2020 ਨੂੰ ਇਹ ਬੁੱਤ ਇੱਥੋਂ ਹਟਾ ਕੇ ਸ਼ਹਿਰ ਵਿਚ ਹੀ ਕਿਸੇ ਹੋਰ ਢੁੱਕਵੀਂ ਥਾਂ 'ਤੇ ਲਾਉਣ ਦੇ ਦਿੱਤੇ ਹੁਕਮ ਦਿੱਤੇ ਗਏ। ਇਨ੍ਹਾਂ ਬੁੱਤਾਂ ਨੂੰ ਹੁਣ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਸੁਰੱਖਿਅਤ ਰੱਖ ਦਿੱਤਾ ਹੈ। ਪੰਜਾਬ ਦੇ ਅਮੀਰ ਲੋਕ ਵਿਰਸੇ ਨੂੰ ਪੇਸ਼ ਕਰਦੇ ਇਹ ਬੁੱਤ 3 ਸਾਲ, 3 ਮਹੀਨੇ, 3 ਦਿਨ ਵਿਰਾਸਤੀ ਮਾਰਗ ਉੱਪਰ ਰਹਿਣ ਤੋਂ ਬਾਅਦ ਇਤਿਹਾਸ ਦਾ ਇਕ ਪੰਨਾ ਬਣ ਗਏ ਹਨ।

ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਡਰੀਮ ਪ੍ਰਾਜੈਕਟ ਲਈ ਲੰਮੇ ਸਮੇਂ ਤੋਂ ਚੱਲ ਰਹੇ ਸ਼ਹਿਰੀਕਰਨ ਕਾਰਨ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੇ ਗਵਾਚੇ ਵਿਰਾਸਤੀ ਚਰਿੱਤਰ ਨੂੰ ਇਕ ਵਿਲੱਖਣ ਪ੍ਰਯੋਗ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀਆਂ 170 ਤੋਂ ਵੱਧ ਇਮਾਰਤਾਂ ਦੀ ਦਿੱਖ ਨੂੰ ਸੁਧਾਰਿਆ ਗਿਆ। ਟਾਊਨ ਹਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਸ਼ਾਲ ਪਲਾਜ਼ਾ ਤਕ ਇਸ ਵਿਰਾਸਤੀ ਮਾਰਗ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼, ਭਾਰਤੀ ਸੰਵਿਧਾਨ ਅਤੇ ਭਾਰਤ ਦੇ ਅਮੀਰ ਵਿਰਸੇ ਨੂੰ ਦਰਸਾਉਂਦਿਆਂ ਵਿਕਾਸ ਕੀਤਾ। ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਚਿੱਟੇ ਸੰਗਮਰਮਰ ਦੇ ਵਿਸ਼ਾਲ ਸਤੰਭ ਉੱਪਰ ਲਗਾਇਆ ਗਿਆ ਉੱਥੇ ਨਾਲ ਹੀ ਬਹਾਦਰ ਸਿਪਾਹੀਆਂ ਦੇ ਬੁੱਤ ਬਰਾਊਨ ਮੈਂਟਲ ਵਿਚ ਬਣਾ ਕੇ ਲਗਾਏ ਗਏ। ਡਾ. ਬੀ.ਆਰ ਅੰਬੇਦਕਰ ਦੇ ਬੁੱਤ ਨਾਲ ਭਾਰਤੀ ਸੰਵਿਧਾਨ ਅਤੇ ਸੰਸਦ ਦੇ ਮਾਡਲ ਦਾ ਨਜ਼ਾਰਾ ਵੀ ਸਿਰਜਿਆ ਗਿਆ। ਧਰਮ ਸਿੰਘ ਮਾਰਕੀਟ ਅਤੇ ਸਾਰਾਗੜ੍ਹੀ ਪਾਰਕਿੰਗ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਸਥਾਨਕ ਵਿਰਾਸਤੀ ਦਿੱਖ ਦੇਣ ਲਈ ਲਾਲ ਪੱਥਰ ਨਾਲ ਸੰਵਾਰਿਆ ਗਿਆ। ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਪੈਦਲ ਰਸਤੇ ਨੂੰ ਸ਼ਾਨਦਾਰ ਪੱਥਰ ਨਾਲ ਤਿਆਰ ਕੀਤਾ ਗਿਆ। ਸਥਾਨਕ ਕਲਾ ਅਤੇ ਵਿਰਾਸਤ ਨੂੰ ਉਤਸ਼ਾਹਤ ਕਰਨ ਲਈ ਇਸ ਦੇ ਨਾਲ ਲੱਗਦੀਆਂ ਦੁਕਾਨਾਂ ਅਤੇ ਇਮਾਰਤਾਂ ਦੀ ਇਸੇ ਅਨੁਸਾਰ ਨੁਹਾਰ ਬਦਲੀ ਗਈ।

ਜ਼ਲ੍ਹਿਆਂਵਾਲੇ ਬਾਗ਼ ਦੇ ਸਾਕੇ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ ਲੋਕਾਂ ਨੂੰ ਸਮਰਪਿਤ ਚਿੱਟੇ ਸੰਗਮਰਮਰ ਦਾ ਇਕ ਬੁੱਤ ਲਗਾਇਆ ਗਿਆ, ਜਿਸ ਵਿਚਕਾਰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਪਵਿੱਤਰ ਅਮਰ ਜੋਤੀ ਵੀ ਸਥਾਪਤ ਕੀਤੀ। ਟਾਊਨ ਹਾਲ ਦੀ ਇਮਾਰਤ ਦੀ ਸਾਂਭ-ਸੰਭਾਲ ਕਰਦਿਆਂ ਇਸ ਦੀ ਪੁਰਾਤਨ ਸੁੰਦਰਤਾ ਨੂੰ ਨਿਖਾਰਿਆ ਅਤੇ ਉਭਾਰਿਆ ਗਿਆ। ਇਸੇ ਇਮਾਰਤ ਦੇ ਸਾਹਮਣੇ ਇਕ ਪਲਾਜ਼ਾ ਵਿਕਸਿਤ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਸੂਰਮੇ ਜਥੇਦਾਰ ਅਕਾਲੀ ਫੂਲਾ ਸਿੰਘ ਅਤੇ ਜਰਨੈਲ ਹਰੀ ਸਿੰਘ ਨਲਵਾ ਦੇ ਵਿਸ਼ਾਲ ਬੁੱਤ ਲਗਾਏ ਗਏ। ਇਸ ਤੋਂ ਇਲਾਵਾ ਪੰਜਾਬ ਦੇ ਵਿਰਸੇ ਅਤੇ ਲੋਕ ਨਾਚ ਦੇ ਬੁੱਤ ਸਥਾਪਤ ਕੀਤੇ ਗਏ ਸਨ।

ਅਕਾਲੀ-ਭਾਜਪਾ ਸਰਕਾਰ ਵਲੋਂ ਤਿਆਰ ਕੀਤੇ ਗਏ ਇਸ ਵਿਰਾਸਤੀ ਮਾਰਗ ਤੋਂ ਬੁੱਤ ਹਟਾਉਣਾ ਇਕ ਸਵਾਲੀਆ ਚਿੰਨ੍ਹ ਖੜ੍ਹਾ ਕਰ ਗਿਆ ਹੈ ਜਦ ਕਿ ਤਤਕਾਲੀ ਸਰਕਾਰ ਨੇ ਇਸ ਨੂੰ ਆਪਣੇ ਵਿਕਾਸ ਦੇ ਕਾਰਜਾਂ ਵਿਚ ਇਕ ਮੀਲ ਪੱਥਰ ਅੰਕਿਤ ਕੀਤਾ ਹੈ। ਇਸ ਗੱਲ ਦੀ ਗਵਾਹੀ ਪੱਥਰ 'ਤੇ ਅੰਕਿਤ ਕੀਤੀ ਗਈ ਇਬਾਰਤ ਭਰੇਗੀ।

ਅਕਾਲੀ ਦਲ ਦੇ ਸੰਘਰਸ਼ਮਈ ਇਤਿਹਾਸ ਨੂੰ ਕੀਤਾ ਮਨਫ਼ੀ

ਅਕਾਲੀ-ਭਾਜਪਾ ਸਰਕਾਰ ਵੱਲੋਂ 25 ਅਕਤੂਬਰ 2016 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ-ਘਰ ਦੇ ਬਾਹਰ ਤਿਆਰ ਕੀਤਾ ਗਿਆ ਜ਼ਮੀਨਦੋਜ਼ ਇਕ ਚਾਰ ਗੈਲਰੀਆਂ ਵਾਲਾ ਵਿਆਖਿਆਕਰਨ ਕੇਂਦਰ ਵੀ ਸੰਗਤਾਂ ਲਈ ਜਾਣਕਾਰੀ ਭਰਪੂਰ ਸਾਬਤ ਹੋਇਆ। ਸਵੇਰ 9 ਵਜੇ ਤੋਂ ਸ਼ਾਮ ਚਾਰ ਵਜੇ ਤਕ ਸੰਗਤਾਂ ਲਈ ਖੁੱਲ੍ਹਣ ਵਾਲੇ ਇਸ ਕੇਂਦਰ ਵਿਚ ਹਰ ਪੰਦਰਾਂ ਮਿੰਟ ਬਾਅਦ ਦਾਖ਼ਲਾ ਖੁੱਲ੍ਹਦਾ ਹੈ। ਜਿਸ ਤਹਿਤ ਇਕ ਵਾਰ 'ਚ ਤਕਰੀਬਨ 300 ਸੰਗਤਾਂ ਪ੍ਰਵੇਸ਼ ਕਰਦੀਆਂ ਹਨ। ਹੁਣ ਤਕ ਇਸ ਗੈਲਰੀਆਂ ਵਿਚ ਵੀ 40 ਲੱਖ ਦੇ ਕਰੀਬ ਸੰਗਤਾਂ ਸਿੱਖ ਗੁਰੂਆਂ, ਗੁਰਬਾਣੀ, ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂੰ ਹੋ ਚੁੱਕੀਆਂ ਹਨ। ਇਸ ਗੈਲਰੀਆਂ ਲਈ ਵਿਸ਼ੇਸ਼ ਹੈੱਡ ਫੋਨ ਰਾਹੀਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਅਨੁਵਾਦ ਦੀ ਸਹੂਲਤ ਦਿੱਤੀ ਗਈ ਹੈ।

ਇਸ ਵਿਆਖਿਆਕਰਨ ਕੇਂਦਰ ਵਿਚ ਚਾਰ ਵੱਖ-ਵੱਖ ਗੈਲਰੀਆਂ ਸਥਾਪਤ ਕੀਤੀਆਂ ਹਨ। ਗੈਲਰੀ ਨੰਬਰ 2 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 450 ਸਾਲਾ ਇਤਿਹਾਸ ਨੂੰ ਦੱਸਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਅਤੇ ਘਾਲਣਾ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਹੁੰਦਿਆਂ ਇਸ ਗੈਲਰੀ ਵਿਚ ਸ੍ਰੀ ਦੁੱਖ ਭੰਜਨੀ ਬੇਰੀ ਅਨੁਭਵ ਕੀਤਾ ਇਤਿਹਾਸ ਦੱਸਦੀ ਸੀ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਮਲ ਸੀ। 2017 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਇਸ ਗੈਲਰੀ ਵਿਚ ਇਤਿਹਾਸ ਨੂੰ ਬਦਲ ਦਿੱਤਾ ਗਿਆ। ਇਤਿਹਾਸ ਹੁਣ ਸ੍ਰੀ ਦੁੱਖ ਭੰਜਨੀ ਬੇਰੀ ਦੀ ਥਾਂ ਬੇਰ ਬਾਬਾ ਬੁੱਢਾ ਸਾਹਿਬ ਰਾਹੀਂ ਦੱਸਿਆ ਜਾ ਰਿਹਾ ਹੈ ਅਤੇ ਇਸ ਇਤਿਹਾਸ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਵੀ ਮਨਫ਼ੀ ਕੀਤਾ ਗਿਆ ਹੈ।

ਪੰਜਾਬ ਸਰਕਾਰ ਵਲੋਂ ਬੁੱਤ ਹਟਾਉਣ ਦਾ ਲਿਆ ਫ਼ੈਸਲਾ ਭਾਵੇਂ ਕਿਸੇ ਵੀ ਮਜਬੂਰੀ 'ਚ ਲਿਆ ਗਿਆ ਹੈ ਪਰ ਸਵਾਲ ਉਠਦਾ ਹੈ ਕਿ ਇਨ੍ਹਾਂ ਬੁੱਤਾਂ ਨੂੰ ਉਠਾਉਣ ਦਾ ਮੁੱਦਾ ਚਾਰ ਸਾਲ ਬਾਅਦ ਹੀ ਕਿਉਂ ਉਠਾਇਆ ਗਿਆ। ਅਜਿਹੇ ਸਵਾਲ ਭਵਿੱਖ 'ਚ ਵੀ ਉਠਦੇ ਰਹਿਣਗੇ।

ਨੌਜਵਾਨਾਂ ਵੱਲੋਂ ਭੰਨਤੋੜ

ਇਹ ਬੁੱਤ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਲਗਾਏ ਸਨ ਪਰ ਚਾਰ ਸਾਲ ਬਾਅਦ ਲੰਘੀ 15 ਜਨਵਰੀ ਨੂੰ ਗੁੱਸੇ 'ਚ ਆਏ ਸਿੱਖ ਨੌਜਵਾਨਾਂ ਨੇ ਇਨ੍ਹਾਂ ਦੀ ਭੰਨਤੋੜ ਕਰ ਦਿੱਤੀ ਸੀ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਾਉਣ ਲਈ 22 ਜਨਵਰੀ ਨੂੰ ਰੋਸ ਧਰਨਾ ਦਿੱਤਾ ਗਿਆ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਇਹ ਬੁੱਤ ਅੰਮ੍ਰਿਤਸਰ ਵਿਚ ਕਿਸੇ ਹੋਰ ਥਾਂ ਸਥਾਪਤ ਕਰਨ ਦੇ ਸੰਦਰਭ 'ਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸ਼੍ਰੋ. ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸੀਕੇਡੀ ਪ੍ਰਧਾਨ ਨਿਰਮਲ ਸਿੰਘ ਨੂੰ ਸ਼ਾਮਲ ਕੀਤਾ ਗਿਆ।

ਕਿਸ ਕੰਪਨੀ ਕੋਲ ਹੈ ਜ਼ਿੰਮੇਵਾਰੀ

ਵਿਰਾਸਤੀ ਮਾਰਗ ਦੀ ਸਾਂਭ ਸੰਭਾਲ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਰਾਹੀਂ 'ਬੀਵੀਜੀ' ਕੰਪਨੀ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 2017 ਤਕ 'ਏ ਟੂ ਜ਼ੈੱਡ' ਕੰਪਨੀ ਵਲੋਂ ਸੰਭਾਲ ਕੀਤੀ ਜਾ ਰਹੀ ਸੀ। ਬੀਵੀਜੀ ਕੰਪਨੀ ਵਲੋਂ ਵਿਰਾਸਤੀ ਮਾਰਗ ਦੀ ਸੁਰੱਖਿਆ ਅਤੇ ਦੇਖਭਾਲ ਦੇ ਨਾਲ-ਨਾਲ ਹਰਿਆਵਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸ ਖ਼ਾਤਰ 24 ਘੰਟੇ 140 ਦੇ ਕਰੀਬ ਕਰਮਚਾਰੀ ਤਿੰਨਾਂ ਸ਼ਿਫਟਾਂ ਵਿਚ ਕੰਮ ਕਰਦੇ ਹਨ।

ਹਰੇਕ ਬੁੱਤ ਦਾ ਵਜ਼ਨ

ਧਰਮ ਸਿੰਘ ਮਾਰਕੀਟ ਦੇ ਬਾਹਰ ਵਿਰਾਸਤੀ ਮਾਰਗ 'ਤੇ ਲਾਏ ਗਏ ਬੁੱਤਾਂ ਵਿਚ ਇਕ ਢੋਲੀ ਢੋਲ ਵਜਾਉਂਦਾ ਹੈ ਅਤੇ ਪੰਜਾਬੀ ਲੋਕ ਨਾਚ ਗਿੱਧਾਂ ਤੇ ਕਿੱਕਲੀ ਪਾਉਂਦੀਆਂ ਪੰਜਾਬੀ ਮੁਟਿਆਰਾਂ ਦੇ ਚਾਰ ਬੁੱਤਾਂ ਤੋਂ ਇਲਾਵਾ ਚਾਰ ਗੱਭਰੂ ਪੰਜਾਬੀ ਪਹਿਰਾਵੇ 'ਚ ਲਗਾਏ ਗਏ ਸਨ। ਹਰੇਕ ਬੁੱਤ ਦਾ ਵਜ਼ਨ ਤਕਰੀਬਨ 5 ਕਵਿੰਟਲ ਹੈ ਜੋ ਤਾਂਬੇ ਦੀਆਂ ਧਾਤਾਂ ਨਾਲ ਤਿਆਰ ਕੀਤੇ ਗਏ ਹਨ। ਹੁਣ ਇਨ੍ਹਾਂ ਬੁੱਤਾਂ ਨੂੰ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ 'ਚ ਰੱਖਿਆ ਗਿਆ ਹੈ।

- ਅੰਮ੍ਰਿਤਪਾਲ ਸਿੰਘ

98148-98597

Posted By: Harjinder Sodhi