ਗਰਮੀਆਂ ਵਿਚ ਅਕਸਰ ਹਰ ਕੋਈ ਚਾਹੁੰਦਾ ਹੈ ਕਿ ਠੰਢੇ ਇਲਾਕੇ ਵਿਚ ਜਾਇਆ ਜਾਵੇ। ਇਸ ਵਾਰ ਸ੍ਰੀਨਗਰ ਅਤੇ ਲੇਹ-ਲਦਾਖ ਦਾ ਟੂਰ ਉਲੀਕਿਆ ਗਿਆ। ਲੇਹ-ਲਦਾਖ ਨੂੰ ਜਾਣ ਲਈ ਦੋ ਰਸਤੇ ਹਨ : ਪਹਿਲਾ ਮਨਾਲੀ-ਰੋਹਤਾਂਗ ਰਾਹੀਂ ਅਤੇ ਦੂਜਾ ਜੰਮੂ-ਕਸ਼ਮੀਰ ਰਾਹੀਂ। ਅਸੀਂ ਮਨਾਲੀ ਰਾਹੀਂ ਜਾਣ ਅਤੇ ਸ੍ਰੀਨਗਰ ਰਾਹੀਂ ਵਾਪਸ ਆਉਣ ਦਾ ਫ਼ੈਸਲਾ ਕੀਤਾ ਪਰ ਜਦੋਂ ਮਨਾਲੀ ਪਹੁੰਚੇ ਤਾਂ ਪਤਾ ਲੱਗਾ ਕਿ ਇਸ ਸਰਚੂ ਪਾਸ ਤੋਂ ਰਸਤਾ ਬੰਦ ਹੈ। ਸੋ ਪਰਮਿਟ ਨਾ ਮਿਲਿਆ, ਪਰ ਮਨ ਵਿਚ ਲੇਹ-ਲਦਾਖ ਪਹੁੰਚਣ ਦੀ ਤ੍ਰਿਸ਼ਨਾ ਸੀ। ਇਸ ਲਈ ਮਨਾਲੀ ਤੋਂ ਵਾਪਸ ਮੰਡੀ ਰਾਹੀਂ ਸ੍ਰੀਨਗਰ ਨੂੰ ਚੱਲ ਪਏੇ। ਪਹਿਲੀ ਰਾਤ ਧਰਮਸ਼ਾਲਾ ਨੇੜੇ ਪਾਲਮਪੁਰ ਰੁਕੇ, ਜਿਸ ਨੂੰ ਉੱਤਰ ਭਾਰਤ ਦਾ ਟੀ-ਗਾਰਡਨ ਵੀ ਕਿਹਾ ਜਾਂਦਾ ਹੈ। ਮੌਸਮ ਸ਼ਾਂਤ, ਠੰਢਾ ਅਤੇ ਸੁਹਾਵਣਾ ਸੀ। ਸ੍ਰੀਨਗਰ ਨੂੰ ਚੱਲਦਿਆਂ ਜੰਮੂ ਤਕ ਨੀਮ ਪਹਾੜੀਆਂ ਹਨ। ਰਾਵੀ ਦਰਿਆ ਦੇ ਉੱਪਰੋਂ ਦੀ ਲੰਘਦੇ ਹੋਏ ਸ੍ਰੀਨਗਰ-ਕੰਨਿਆਕੁਮਾਰੀ ਹਾਈਵੇ ਰਾਹੀਂ ਚਿਨਾਨੀ ਪਹੁੰਚੇ, ਜਿੱਥੇ ਅਤਿ-ਆਧੁਨਿਕ 9 ਕਿ.ਮੀ. ਲੰਬੀ 'ਚਿਨਾਨੀ-ਨਸ਼ਰੀ-ਸੁਰੰਗ' ਬਣੀ ਹੈ। ਜਿਸਦੇ ਰਾਹੀਂ ਲਗਪਗ 2-3 ਘੰਟੇ ਦਾ ਰਸਤਾ 15 ਮਿੰਟ ਵਿਚ ਤੈਅ ਹੁੰਦਾ ਹੈ। ਚਨਾਬ ਦਰਿਆ ਦੇ ਨਾਲ-ਨਾਲ ਸੱਪ ਵਾਂਗ ਵਲ਼ ਖਾਂਦੇ ਹੋਏ 2500 ਮੀਟਰ ਲੰਬੀ 'ਜਵਾਹਰ ਸੁਰੰਗ' ਰਾਹੀਂ ਸ਼ਾਮ ਤਕ ਸ੍ਰੀਨਗਰ ਪਹੁੰਚ ਗਏ। ਇੱਥੇ ਪਹੁੰਚਦੇ ਹੀ ਸ਼ਿਕਾਰਾ, ਬੋਟ ਹਾਊਸ ਅਤੇ ਹੋਟਲ ਕਿਰਾਏ 'ਤੇ ਦੇਣ ਵਾਲਿਆਂ ਦਾ ਹੜ੍ਹ ਆ ਗਿਆ। ਝੀਲ ਦੇ ਨੇੜੇ ਹੀ ਕਮਰਾ ਮਿਲ ਗਿਆ।

ਅਗਲੀ ਸਵੇਰ 'ਦੂਧ-ਪਥਰੀ' ਜਾਣ ਦਾ ਫ਼ੈਸਲਾ ਕੀਤਾ, ਜੋ ਸ੍ਰੀਨਗਰ ਤੋਂ 45 ਕਿ.ਮੀ. ਦੂਰ ਹੈ। ਜਿਉਂ ਹੀ ਇੱਥੇ ਪਹੁੰਚੇ ਤਾਂ ਬੱਦਲਾਂ ਅਤੇ ਧੁੰਦ ਨੇ ਚਾਰ-ਚੁਫੇਰਾ ਢਕ ਲਿਆ। ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਤਾਂ ਉੱਥੇ ਹੀ ਕੁਦਰਤ ਦਾ ਆਨੰਦ ਮਾਣਿਆ। ਵਾਪਸ ਆ ਕੇ ਫੁੱਲਾਂ, ਬੂਟਿਆਂ, ਫੁਹਾਰੇ ਅਤੇ ਰੌਣਕਾਂ ਨਾਲ ਭਰੇ ਨਿਸ਼ਾਤ ਬਾਗ਼ (ਮੁਗ਼ਲ ਗਾਰਡਨ) ਵਿਚ ਕੁਦਰਤ ਨੂੰ ਨੇੜੇ ਤੋਂ ਵੇਖਿਆ। ਇਸ ਤੋਂ ਇਲਾਵਾ ਇੱਥੇ ਸ਼ਾਲੀਮਾਰ ਬਾਗ਼, ਚਸ਼ਮੇ ਸ਼ਾਹੀ ਬਾਗ਼, ਨਸੀਮ ਬਾਗ਼, ਇੰਦਰਾ ਗਾਂਧੀ ਯਾਦਗਾਰੀ ਬਾਗ਼ ਹਨ। ਸ਼ਾਮ ਨੂੰ ਡਲ ਝੀਲ ਵਿਚ ਸ਼ਿਕਾਰੇ 'ਚ ਨਵਾਬੀ ਪਲ ਬਿਤਾਏ। ਰਾਤ ਨੂੰ ਝੀਲ ਦੇ ਕਿਨਾਰੇ 'ਤੇ ਸੈਲਾਨੀਆਂ ਦੀ ਰੌਣਕ ਅਤੇ ਅਨੇਕਾਂ ਬੋਟ-ਹਾਊਸ ਦੀ ਪਾਣੀ ਵਿਚ ਖਿੰਡਦੀ ਰੋਸ਼ਨੀ ਹੁਸੀਨ ਸੁਫ਼ਨੇ ਤੋਂ ਘੱਟ ਨਹੀਂ ਜਾਪਦੀ। ਇੱਥੋਂ ਦੇ ਲੋਕ ਸਰਦਾਰਾਂ ਦਾ ਬਹੁਤ ਸਤਿਕਾਰ ਕਰਦੇ ਹਨ।

ਅਗਲੀ ਸਵੇਰ ਲੇਹ-ਲਦਾਖ ਨੂੰ ਚਾਲੇ ਪਾਏ। ਰਸਤੇ ਵਿਚ ਸੋਨੇ ਵਰਗੇ ਸੁੰਦਰ 'ਸੋਨਮਾਰਗ' ਵਿਖੇ ਰੁਕ ਕੇ ਕਿੰਨਾ ਹੀ ਸਮਾਂ ਕੁਦਰਤ ਨਾਲ ਇਕਮਿਕ ਹੁੰਦੇ ਰਹੇ। ਅੱਗੇ ਰਸਤੇ ਵਿਚ 'ਜ਼ੋਜਿਲਾ ਪਾਸ' ਹੈ। ਕੱਚੇ ਪਹਾੜ ਟੁੱਟਿਆ-ਫੁੱਟਿਆ ਪੱਥਰਾਂ ਵਾਲਾ ਰਸਤਾ ਤੇ ਬਹੁਤ ਹੀ ਵੱਡੇ ਜਾਮ ਨੇ ਸਾਡਾ ਸਵਾਗਤ ਕੀਤਾ। ਜ਼ਿਆਦਾਤਰ ਯਾਤਰੀ 2-3 ਘੰਟੇ ਜਾਮ ਨਾ ਖੁੱਲ੍ਹਦਾ ਵੇਖ ਵਾਪਸ ਹੋ ਗਏ। ਪਰ ਅਸੀਂ ਨਹੀਂ ਹੋਏ। ਸੋ ਦੁਪਹਿਰ 2 ਵਜੇ ਦੇ ਜਾਮ ਵਿਚ ਖੜ੍ਹੇ ਰਾਤ ਨੂੰ 11 ਕੁ ਵਜੇ ਤਕ ਜਾਮ ਹਟਿਆ ਅਤੇ ਅਸੀਂ ਇੰਡੀਆ ਗੇਟ ਰਾਹੀਂ ਲਗਪਗ ਡੇਢ ਕੁ ਵਜੇ ਦਰਾਸ ਪਹੁੰਚੇ। ਉਹ ਰਾਤ ਕਾਰ ਵਿਚ ਗੁਜ਼ਾਰੀ। ਉਸ ਸਮੇਂ ਤਾਪਮਾਨ -4 ਡਿਗਰੀ ਸੀ। ਸਵੇਰੇ ਉੱਠ ਕੇ ਦੇਖਿਆ ਤਾਂ ਗਲ਼ੀਆਂ-ਨਾਲ਼ੀਆਂ ਵਿਚ ਬਰਫ਼ ਜੰਮੀ ਪਈ ਸੀ। ਸੁੰਨ ਚੜ੍ਹ ਰਿਹਾ ਸੀ। ਜ਼ੋਜਿਲਾ ਪਾਸ ਦਾ ਰਸਤਾ ਦੁਨੀਆ ਦੇ ਸਭ ਤੋਂ ਖ਼ਤਰਨਾਕ ਰਸਤਿਆਂ ਵਿੱਚੋਂ ਇਕ ਹੈ।

ਕਾਰਗਿਲ ਤੋਂ ਲੇਹ ਤਕ ਐੱਨ ਐੱਚ 1 ਹੈ। ਲੇਹ ਨੂੰ ਚਲਦੇ ਹੋਏ ਚੁੰਬਕੀ ਪਹਾੜੀ ਕੋਲ਼ ਰੁਕੇ। ਇੱਥੇ ਕੋਈ ਵੀ ਵਾਹਨ ਹੋਵੇ, ਪਿੱਛੇ ਵੱਲ ਆਪ-ਮੁਹਾਰੇ ਰੁੜ੍ਹਦਾ ਜਾਂਦਾ ਹੈ। ਇਹ ਵੀ ਕੁਦਰਤ ਦਾ ਕ੍ਰਿਸ਼ਮਾ ਹੈ। ਇੱਥੋਂ ਕੁਝ ਦੂਰ ਗੁਰਦੁਆਰਾ ਸ੍ਰੀ 'ਪੱਥਰ ਸਾਹਿਬ' ਹੈ, ਜਿਸਦੇ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਭਗਤੀ ਕਰ ਰਹੇ ਸਨ ਅਤੇ ਚੋਟੀ ਤੋਂ ਇਕ ਰਾਕਸ਼ਿਸ਼ ਨੇ ਵੱਡਾ ਪੱਥਰ ਗੁਰੂ ਜੀ ਨੂੰ ਮਾਰਨ ਲਈ ਰੋੜਿਆ, ਜੋ ਗੁਰੂ ਕੋਲ਼ ਆ ਕੇ ਰੁਕ ਗਿਆ ਤੇ ਜਦੋਂ ਰਾਕਸ਼ਿਸ਼ ਨੇ ਆ ਕੇ ਪਿੱਛੋਂ ਲੱਤ ਮਾਰੀ ਤਾਂ ਪੱਥਰ ਸਪੰਜ ਵਾਂਗ ਬਣ ਗਿਆ। ਉਹ ਪੱਥਰ ਹੁਣ ਵੀ ਹੈ ਅਤੇ ਉਸ ਵਿਚ ਗੁਰੂ ਜੀ ਦਾ ਅਕਾਰ ਬਣਿਆ ਹੋਇਆ ਹੈ। ਇੱਥੇ ਹਰ ਸਮੇਂ ਲੰਗਰ ਚਲਦਾ ਹੈ ਅਤੇ ਇੱਥੋਂ ਦੀ ਸਾਰੀ ਸਾਂਭ ਸੰਭਾਲ ਸੈਨਾ ਕਰਦੀ ਹੈ।

ਲੇਹ ਬਿਲਕੁੱਲ ਨੇੜੇ ਸੀ, ਤਾਂ ਅਜੀਬ ਜਿਹੇ ਦ੍ਰਿਸ਼ ਆਏ। ਬਹੁਤ ਸਾਰੇ ਰੰਗਾਂ ਦੀਆਂ ਪਹਾੜੀਆਂ ਸਲੇਟੀ, ਹਰੇ, ਭੂਰੇ, ਕਾਲੇ, ਚਿੱਟੇ ਰੰਗ ਦੀਆਂ ਸਨ। ਖ਼ਾਸ ਗੱਲ ਕਿ ਇਹ ਨਾਲੋ-ਨਾਲ ਹਨ। ਲੇਹ ਤੋਂ ਪੰਜ ਕਿ.ਮੀ. ਪਹਿਲਾਂ ਸੈਨਾ ਦੀ ਛਾਉਣੀ ਹੈ। ਉੱਥੇ 'ਅਡਵੈਂਚਰ ਪਾਰਕ' ਅਤੇ 'ਹਾਲ ਆਫ਼ ਫੇਮ' ਬਣਿਆ ਹੈ। ਜਿਸ ਵਿਚ ਆਜ਼ਾਦੀ ਤੋਂ ਹੁਣ ਤਕ ਦੀਆਂ ਲੜਾਈਆਂ ਦਾ ਵੇਰਵਾ, ਸ਼ਹੀਦ ਸੈਨਿਕਾਂ ਬਾਰੇ, ਵੱਖ-ਵੱਖ ਸਨਮਾਨ, ਉਪਕਰਨ, ਦੁਸ਼ਮਣਾਂ ਤੋਂ ਜੰਗ ਵਿਚ ਖੋਹੇ ਹਥਿਆਰ, ਪਹਿਰਾਵੇ ਅਤੇ ਵੱਖ-ਵੱਖ ਓਪਰੇਸ਼ਨਾਂ ਦੇ ਮਾਡਲ ਬਣੇ ਹੋਏ ਹਨ। ਜਿਨ੍ਹਾਂ ਨੂੰ ਦੇਖ ਕੇ ਸੈਨਾ 'ਤੇ ਮਾਣ ਮਹਿਸੂਸ ਹੁੰਦਾ ਹੈ। ਲੇਹ ਸੋਹਣਾ ਅਤੇ ਪਹਾੜੀ 'ਤੇ ਵਸਿਆ ਸ਼ਹਿਰ ਹੈ। ਸ੍ਰੀਨਗਰ ਤੋਂ ਲੇਹ 420 ਕਿ.ਮੀ. ਦੂਰ ਹੈ ਅਤੇ ਸਮੁੰਦਰੀ ਤਲ ਤੋਂ 11500 ਫੁੱਟ ਉੱਚਾ ਹੈ।

ਅਗਲੀ ਸਵੇਰ ਪੈਗੌਂਗ ਝੀਲ 'ਤੇ ਜਾਣਾ ਸੀ। ਉਸ ਦੇ ਲਈ ਪਰਮਿਟ ਵੀ ਹੋਟਲ ਵਾਲਿਆਂ ਰਾਹੀਂ ਆਨ-ਲਾਇਨ ਬਣਵਾ ਲਿਆ। ਜਾਣ ਸਮੇਂ ਬਹੁਤ ਉਤਸੁਕਤਾ ਸੀ। ਇਹ ਲੇਹ ਤੋਂ 154 ਕਿ.ਮੀ. ਦੂਰ ਹੈ। ਸਿਰਫ਼ 50 ਕੁ ਕਿ.ਮੀ. ਦਾ ਰਸਤਾ ਠੀਕ ਹੈ, ਬਾਕੀ ਤਾਂ ਬਸ ਬਹੁਤ ਬੁਰਾ ਹਾਲ ਹੈ। ਰਸਤੇ ਵਿਚ ਖ਼ੁਸ਼ਕ ਤੇ ਬਰਫ਼ੀਲੀਆਂ ਪਹਾੜੀਆਂ ਆਉਂਦੀਆਂ ਹਨ। ਰਸਤੇ ਵਿਚ ਬਰਫ਼ ਬਹੁਤ ਹੈ ਅਤੇ ਸੈਲਾਨੀ ਇਸ ਦਾ ਪੂਰਾ ਫ਼ਾਇਦਾ ਉਠਾਉਂਦੇ ਹਨ। ਅਬਾਦੀ ਤਾਂ ਬਹੁਤ ਹੀ ਵਿਰਲੀ ਹੈ। 25-30 ਕਿ.ਮੀ. ਬਾਅਦ ਥੋੜ੍ਹੇ-ਬਹੁਤੇ ਘਰ ਹਨ। ਸ਼ਾਮ ਤਕ ਝੀਲ 'ਤੇ ਪਹੁੰਚੇ। ਉੱਥੇ ਰਹਿਣ ਲਈ ਲੱਕੜੀ ਦੇ ਘਰ ਜਾਂ ਟੈਂਟ ਮਿਲਦੇ ਹਨ। ਅਸੀਂ ਟੈਂਟ ਵਿਚ ਰਹੇ ਅਤੇ ਖਾਣਾ-ਦਾਣਾ ਵੀ ਟੈਂਟ ਵਿਚ ਆਪ ਹੀ ਬਣਾਇਆ। ਅੱਧੀ ਕੁ ਰਾਤ ਨੂੰ ਇੱਥੇ ਆਕਸੀਜਨ ਦੀ ਕਮੀ ਹੋਣੀ ਸ਼ੁਰੂ ਹੋ ਗਈ। ਸਾਡੇ 2-3 ਸਾਥੀਆਂ ਦਾ ਸਾਹ ਰੁਕਣ ਲੱਗ ਪਿਆ। ਬਾਕੀਆਂ ਨੂੰ ਤੇਜ਼ ਸਿਰ ਦਰਦ ਤੇ ਉਲਟੀਆਂ ਲੱਗ ਗਈਆਂ। ਰਾਤ ਨੂੰ ਦਵਾਈ ਲਈ ਤੇ ਕਪੂਰ ਸੁੰਘ-ਸੁੰਘ ਕੇ ਰਾਤ ਬਿਤਾਈ। ਠੰਢ ਵੀ ਬਹੁਤ ਜ਼ਿਆਦਾ ਸੀ ਤੇ ਤਾਪਮਾਨ -2 ਡਿਗਰੀ ਸੀ। ਸਵੇਰੇ ਉੱਠ ਕੇ ਅਸੀਂ ਬਿਨਾਂ ਨਹਾਏ ਹੀ ਵਾਪਸੀ ਲਈ ਤਿਆਰ ਹੋ ਗਏ, ਕਿਉਂਕਿ ਇੰਨੇ ਠੰਢੇ ਪਾਣੀ ਨੂੰ ਹੱਥ ਵੀ ਨਹੀਂ ਲੱਗ ਰਿਹਾ ਸੀ। ਇਸਦੀ ਉਚਾਈ 14256 ਫੁੱਟ ਹੈ। ਪਹਾੜਾਂ 'ਤੇ ਸਵੇਰ ਵੀ ਜਲਦੀ ਹੁੰਦੀ ਹੈ ਅਤੇ ਸ਼ਾਮ ਵੀ ਲੇਟ ਹੁੰਦੀ ਹੈ।

ਵਾਪਸੀ 'ਤੇ ਉਹੀ ਰਸਤਾ ਅਕਾਊ, ਬੋਰ ਤੇ ਬਹੁਤ ਔਖਾ ਲੱਗਿਆ। ਪਰ ਸਾਡਾ ਨਿੱਕਾ ਡਰਾਇਵਰ ਅਸਪਾਲ ਕਲਾਂ ਦਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਸੀ। ਮਸਾਂ ਲੇਹ ਪਹੁੰਚੇ ਤੇ ਸਾਰੇ ਅੱਕ-ਥੱਕ ਕੇ ਸੌਂ ਗਏ। ਸ਼ਾਮ ਨੂੰ ਲੇਹ ਦੀ ਮਾਲ-ਰੋਡ ਦੀਆਂ ਰੰਗੀਨੀਆਂ ਦੇਖਣੀਆਂ ਹੀ ਬਣਦੀਆਂ ਹਨ। ਜੋ ਸ਼ਿਮਲੇ ਦੇ ਰਿਜ਼ ਅਤੇ ਮਨਾਲੀ ਦੇ ਮਾਲ-ਰੋਡ ਨੂੰ ਮਾਤ ਪਾਉਂਦੀਆਂ ਹਨ।

ਅਗਲੀ ਸਵੇਰ ਲੇਹ ਤੋਂ ਵਾਪਸੀ 'ਤੇ ਕਾਰਗਿਲ ਵਿਖੇ 'ਵਾਰ-ਮੈਮੋਰੀਅਲ' ਦੇਖਿਆ। ਇਕ ਜਵਾਨ ਨੇ ਓਪਰੇਸ਼ਨ ਵਿਜੈ ਦੌਰਾਨ ਵੱਖ-ਵੱਖ ਚੋਟੀਆਂ ਦੀ ਜਿੱਤ, ਸ਼ਹੀਦ ਹੋਏ ਸੈਨਿਕਾਂ ਅਤੇ ਦਿੱਤੇ ਸਨਮਾਨ ਬਾਰੇ ਜਾਣਕਾਰੀ ਦਿੱਤੀ। ਜਿਸ ਨੂੰ ਸੁਣ ਕੇ ਅੱਖਾਂ ਅੱਥਰੂਆਂ ਅਤੇ ਛਾਤੀ ਮਾਣ ਨਾਲ ਭਰ ਗਈ। ਰਸਤੇ ਵਿਚ ਅੱਗੇ ਫਿਰ ਜ਼ੋਜਿਲਾ ਪਾਸ ਸੀ। ਜਿਸਦੇ ਜਾਮ ਨੇ 4 ਘੰਟੇ ਖੜਾਈ ਰੱਖਿਆ। ਰਾਤ ਤਕ ਸ੍ਰੀਨਗਰ ਪਹੁੰਚ ਗਏ।

ਅੱਗੇ ਪਹਿਲਗਾਮ ਗਏ ਪਰ ਅਨੰਤਨਾਗ ਵਿਚ ਐਨਕਾਉਂਟਰ ਚੱਲ ਰਿਹਾ ਸੀ। ਜਿਸ ਕਰਕੇ ਚੱਪੇ-ਚੱਪੇ 'ਤੇ ਆਰਮੀ ਅਤੇ ਪੂਰੀ ਚੈਕਿੰਗ ਸੀ। ਜਦੋਂ ਕਿ ਆਉਣ ਵੇਲੇ ਸਾਨੂੰ ਨਾ ਕਿਸੇ ਨੇ ਪੁੱਛਿਆ ਤੇ ਨਾ ਕੋਈ ਚੈਕਿੰਗ ਹੋਈ ਸੀ। ਪਹਿਲਗਾਮ ਵਾਲਾ ਰਸਤਾ ਬਹੁਤ ਉਪਜਾਊ ਹੈ। ਪੂਰੇ ਰਸਤੇ ਸੇਬਾਂ ਦੇ ਬਾਗ਼ ਹਨ ਅਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੈ। ਪਹਿਲਗਾਮ ਤੋਂ 5 ਕਿ. ਮੀ. ਉਪਰ ਬਾਈਸ਼ਰਨ ਵੈਲੀ (ਮਿੰਨੀ ਸਵਿਟਜ਼ਰਲੈਂਡ) ਦਾ ਰਸਤਾ ਘੋੜਿਆਂ ਰਾਹੀਂ ਖ਼ਤਰਨਾਕ ਪਰ ਦਿਲਚਸਪ ਤੈਅ ਕੀਤਾ। ਇਹ ਬਹੁਤ ਸੁੰਦਰ ਤੇ ਮਨਮੋਹਕ ਵੈਲੀ ਹੈ। ਇਸ ਦੌਰਾਨ ਮੀਂਹ ਵੀ ਬਹੁਤ ਆਇਆ। ਇਨ੍ਹਾਂ ਯਾਦਾਂ ਨੂੰ ਸੰਜੋਂਦੇ ਹੋਏ ਘਰ ਵਾਪਸੀ ਕੀਤੀ।

ਸਭ ਤੋਂ ਵੱਧ ਸੁੰਦਰ ਸ੍ਰੀਨਗਰ ਅਤੇ ਇਸ ਦੇ ਆਸ-ਪਾਸ ਦੇ ਖੇਤਰ ਹਨ। ਜਿਵੇਂ ਕਿ ਸ੍ਰੀਨਗਰ ਜਾਂ ਜੰਮੂ ਕਸ਼ਮੀਰ ਵਿਚ ਜਾਣ ਤੋਂ ਹਰੇਕ ਡਰਦਾ ਹੈ ਪਰ ਅਸਲ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇੱਥੋਂ ਦੇ ਵਸਨੀਕ ਬਹੁਤ ਵਧੀਆ, ਸੁਹਿਰਦ ਅਤੇ ਮਿਲਾਪੜੇ ਸੁਭਾਅ ਦੇ ਹਨ। ਸਾਰੇ ਡਰਾਈਫਰੂਟ ਅਤੇ ਫਲ ਇਥੇ ਹੁੰਦੇ ਹਨ। ਕੁਦਰਤੀ ਹਰੇ ਪਹਾੜ ਅਤੇ ਘਾਟੀਆਂ ਨਾਲੇ ਸਜੇ ਇਸ ਖੇਤਰ ਨੂੰ ਧਰਤੀ ਦਾ ਸਵਰਗ ਕਹਿਣਾ ਅਤਿ ਕਥਨੀ ਨਹੀਂ ਹੋਵੇਗਾ। ਪਰ ਇੱਥੇ ਰੋਜ਼ਗਾਰ ਦੀ ਬਹੁਤ ਘਾਟ ਹੈ।

ਪਹਿਲਗਾਮ ਤੋਂ ਬਾਈਸ਼ਰਨ ਵੈਲੀ ਤਕ ਘੋੜੇ ਰਾਹੀਂ ਲੈ ਕੇ ਜਾਣ ਵਾਲੇ ਸੁਲਤਾਨ ਨੇ ਦੱਸਿਆ ਕਿ ਉਹ ਐੱਮ.ਫਿਲ. ਹੈ, ਪਰ 200 ਰੁਪਏ ਦੀ ਦਿਹਾੜੀ ਕਰਦਾ ਹੈ ਅਤੇ ਇਕ ਫੋਟੋਗਰਾਫਰ ਰਸ਼ਿਦ ਵੀ ਡਬਲ ਐੱਮ.ਏ. ਕਰਕੇ ਬੇਰੁਜ਼ਗਾਰ ਹੈ ਅਤੇ ਹੋਰਨਾਂ ਬਾਰੇ ਵੀ ਕਾਫ਼ੀ ਦੱਸਿਆ। ਸ੍ਰੀਨਗਰ ਵੱਲ ਲੋਕ ਮੁਸਲਿਮ ਧਰਮ ਅਤੇ ਲੇਹ ਵੱਲ ਬੁੱਧ ਧਰਮ ਨੂੰ ਵੱਧ ਮੰਨਦੇ ਹਨ। ਕਾਰਗਿਲ ਲੰਘ ਕੇ ਹਰਿਆਲੀ ਬਹੁਤ ਘੱਟ ਜਾਂਦੀ ਹੈ ਤੇ ਪਹਾੜ ਵੀ ਖ਼ੁਸ਼ਕ ਹਨ। ਅਬਾਦੀ ਵੀ ਬਹੁਤ ਵਿਰਲੀ ਹੈ।

- ਰਣਜੀਤ ਸਿੰਘ ਬਰ੍ਹੇ

81466-61077

Posted By: Harjinder Sodhi