ਅਕਸਰ ਦੇਖਣ ਵਿਚ ਆਇਆ ਹੈ ਕਿ ਜਦੋਂ ਵੀ ਕੋਈ ਕਿਸੇ ਰਾਸ਼ਟਰ ਦਾ ਮੁੱਖੀ ਭਾਰਤ ਵਿਚ ਵਿਦੇਸ਼ੀ ਦੌਰੇ 'ਤੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਨੂੰ ਭਾਰਤ ਵਿਚ ਆਗਰਾ ਵਿਖੇ ਸਥਿਤ ਸੰਗਮਰਮਰ ਦਾ ਬਣਿਆ ਤਾਜ ਮਹਿਲ ਹੀ ਵਿਖਾਉਂਦੇ ਹਾਂ। ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਭਾਰਤ ਆਏ ਤਾਂ ਤਾਜ ਮਹਿਲ ਵੇਖਣ ਦੀ ਲਾਲਸਾ ਪ੍ਰਗਟ ਕੀਤੀ ਪਰ ਟਰਰੰਪ ਦੀ ਪਤਨੀ ਮਲਾਨੀਆ ਨੇ ਪਹਿਲਾਂ ਦਿੱਲੀ ਦਾ ਸਮਾਰਟ ਸਕੂਲ ਵੇਖਣ ਦੀ ਹਾਮੀ ਭਰੀ। ਇਸ ਬਾਰੇ ਲੋਕਾਂ ਵਿਚ ਭਰਪੂਰ ਚਰਚਾ ਹੋਈ। ਚਾਹੇ ਇਨ੍ਹਾਂ ਨੇ ਦੋਵੇਂ ਥਾਵਾਂ ਵੇਖੀਆਂ ਤੇ ਲੋਕਾਂ ਨਾਲ ਦੋਵਾਂ ਥਾਵਾਂ 'ਤੇ ਪਿਆਰ ਪ੍ਰਗਟ ਕੀਤਾ।

ਭਾਰਤ ਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰੇ 'ਚ ਬਣਿਆ 17 ਹੈਕਟਰ ਵਿਚ ਮਕਬਰਾ ਇਸਲਾਮੀ ਸ਼ਿਲਪ ਕਲਾ ਦਾ ਅਦਭੁੱਤ ਨਮੂਨਾ ਹੈ। ਇਸ ਦੀ ਉਚਾਈ 240 ਫੁੱਟ ਹੈ। ਇਸ ਦਾ ਨਿਰਮਾਣ ਸ਼ਾਹਜਹਾਨ ਨੇ ਆਪਣੀ ਬੇਗ਼ਮ ਮੁਮਤਾਜ ਮਹਿਲ ਦੀ ਯਾਦ ਵਿਚ 1632-53 ਵਿਚ ਕਰਵਾਇਆ। ਦੁਨੀਆ ਦੇ ਪ੍ਰਸਿੱਧ ਸ਼ਿਲਪਕਾਰਾਂ ਨੂੰ ਇਸ ਦੇ ਨਿਰਮਾਣ ਲਈ ਸੱਦਿਆ ਗਿਆ ਪਰ ਇਸ ਦੇ ਮੁੱਖ ਸ਼ਿਪਲਕਾਰ ਦਾ ਨਾਂ ਉਸਤਾਦ ਅਹਿਮਦ ਲੁਹਾਰੀ ਸੀ। ਲੱਖਾਂ ਕਰੋੜਾਂ ਲੋਕ ਇਸ ਦੇ ਸੁਹਪੱਣ ਨੂੰ ਮਾਣ ਚੁਕੇ ਹਨ ਪਰ ਇਕ ਅੰਦਾਜ਼ੇ ਅਨੁਸਾਰ 2014 ਤਕ ਇਸ ਦੀ ਗਿਣਤੀ 8 ਮਿਲੀਅਨ ਦੱਸੀ ਜਾਂਦੀ ਹੈ ਪਰ ਇਸ ਬਾਰੇ ਕੋਈ ਅੰਤਮ ਗਿਣਤੀ ਨਹੀਂ ਬਿਆਨ ਕੀਤੀ ਜਾ ਸਕਦੀ। ਇਸ ਉੱਤੇ ਕੀਤੇ ਗਏ ਖ਼ਰਚੇ ਦਾ ਅਨੁਮਾਨ ਨਹੀ ਲਾਇਆ ਜਾ ਸਕਦਾ, ਇਕ ਅੰਦਾਜ਼ੇ ਅਨੁਸਾਰ ਇਸ ਤੇ ਕੋਈ 34,000 ਮਿਲੀਅਨ ਰੁਪਏ ਖ਼ਰਚ ਆਏ ਹਨ।

ਤਾਜ ਮਹਿਲ ਨੂੰ ਦੁਨੀਆ ਦੇ ਸੱਤ ਅਜੂਬਿਆਂ 'ਚ ਥਾਂ ਪ੍ਰਾਪਤ ਹੈ ਤੇ ਯੂਨੈਸਕੋ ਨੇ 1983 ਵਿਚ ਇਸ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਦਿੱਤਾ। ਇਸ ਤੋਂ ਵੀ ਵੱਧ ਇਸ ਦੀ ਨਿਆਰੀ ਬਣਤਰ ਹੈ ਮਨ ਨੂੰ ਕੀਲ ਲੈਂਦੀ ਹੈ। ਜਿਸ ਢੰਗ ਨਾਲ ਮੁਮਤਾਜ ਦੀ ਕਬਰ ਦਾ ਨਿਰਮਾਣ ਕੀਤਾ ਗਿਆ ਹੈ, ਉਹ ਅੱਦੁਤੀ ਹੈ। ਨਾਲ ਹੀ ਜਿਸ ਢੰਗ ਨਾਲ ਤਾਜ ਨੂੰ ਹਮੇਸ਼ਾ ਲਈ ਸੁਰੱਖਿਅਤ ਰਖਣ ਲਈ ਚਾਰ ਪਿਲਰਜ਼ ਦਾ ਨਿਰਮਾਣ ਕੀਤਾ ਗਿਆ ਹੈ ਉਹ ਲਾਸਾਨੀ ਇਮਾਰਤ ਕਲਾ ਦਾ ਨਮੂਨਾ ਹੈ। ਇਹ ਪਿਲਰਜ਼ ਇਸ ਢੰਗ ਨਾਲ ਬਣਾਏ ਗਏ ਹਨ ਕਿ ਇਹ ਝੁੱਕੇ ਹੋਏ ਨਜ਼ਰ ਇਸ ਲਈ ਆਉਂਦੇ ਹਨ ਕਿ ਇਹ ਤਾਜ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਈ ਰੱਖਣ। ਇਸ ਦੇ ਆਲੇ ਦੁਆਲੇ ਬਹੁਤ ਮਨਭਾਉਣੇ ਬਾਗ਼, ਪਾਰਕ, ਝਰਨੇ ਆਦਿ ਇਸ ਦੀ ਖ਼ੂਬਸੂਰਤੀ ਨੂੰ ਚੰਨ ਲਾਉਂਦੇ ਹਨ ਇਸ ਦਾ ਨਿਰਮਾਣ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ ਦੇ ਮਕਬਰੇ ਵਜੋਂ ਤਿਆਰ ਕੀਤਾ ਤੇ ਅਮਰ ਪਿਆਰ ਦੀ ਇਕ ਮਿਸਾਲ ਪੈਦਾ ਕੀਤੀ।

ਇਸ ਦੇ ਨਿਰਮਾਣ ਬਾਰੇ ਦੱਸਿਆ ਜਾਂਦਾ ਹੈ ਕਿ ਸ਼ਾਹਜਹਾਂ ਦੀ ਬੇਗ਼ਮ ਦੀ 14 ਵੇਂ ਬੱਚੇ ਨੂੰ ਜਨਮ ਦੇਣ ਸਮੇਂ 17 ਜੂਨ 1631 ਨੂੰ ਮੌਤ ਹੋ ਗਈ ਸੀ ਅਤੇ ਇਕ ਸਾਲ ਬਾਅਦ ਇਸ ਇਮਾਰਤ ਨਿਰਮਾਣ ਸ਼ੁਰੂ ਹੋਇਆ। ਇਹ ਕਾਰਜ ਸੰਨ 1653 ਤਕ ਚੱਲਿਆ। ਇਸ ਤਰ੍ਹਾਂ ਆਗਰੇ ਦਾ ਤਾਜ ਮਹਿਲ ਬਾਦਸ਼ਾਹ ਪਤੀ-ਪਤਨੀ ਦੇ ਪਿਆਰ ਦੀ ਉੱਘੀ ਮਿਸਾਲ ਬਣ ਗਿਆ। ਸ਼ਾਹਜਹਾਂ ਦੀ ਮੌਤ ਤੋਂ ਬਾਅਦ ਉਸ ਦੀ ਕਬਰ ਵੀ ਨਾਲ ਹੀ ਬਣਾ ਦਿੱਤੀ ਗਈ ਤਾਂ ਜੋ ਰਹਿੰਦੀ ਦੁਨੀਆ ਤਕ ਉਨ੍ਹਾਂ ਦਾ ਸਾਥ ਬਣਿਆ ਰਹੇ।

ਤਾਜ ਮਹਿਲ ਕਈ ਵਿਵਾਦਾਂ ਵਿਚ ਵੀ ਰਿਹਾ ਹੈ। ਜਿੱਥੇ ਬਹੁਤੇ ਲੋਕਾਂ ਨੇ ਇਸ ਦੀ ਸੁੰਦਰਤਾ ਦਾ ਗੁਣਗਾਨ ਕੀਤਾ ਹੈ ਉੱਥੇ ਕਈ ਸ੍ਰੇਸ਼ਠ ਕਵੀਆਂ ਨੇ ਇਸ ਪਿਆਰ ਦੀ ਯਾਦਗਾਰ ਨੂੰ ਨਕਾਰਿਆ ਵੀ ਹੈ। ਉਰਦੂ ਦੇ ਸ਼ਾਇਰ ਸਾਹਿਰ ਲੁਧਿਆਣਵੀ ਨੇ ਤਾਂ ਇੱਥੋਂ ਤਕ ਲਿਖਿਆ ਕਿ 'ਇਕ ਸਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ ਹਮ ਗ਼ਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।' ਪ੍ਰਸਿੱਧ ਪੰਜਾਬੀ ਕਵੀ ਮੋਹਨ ਸਿੰਘ ਨੇ ਸਮਾਜਵਾਦੀ ਸੁਰ ਉਭਾਰਦਿਆਂ ਕਿਹਾ ਹੈ ਕਿ ਕੀ ਉਹ ਹੁਸਨ ਕਿਹਾ ਜਾ ਸਕਦਾ ਹੈ,ਜੋ ਗ਼ਰੀਬ ਮਜ਼ਦੂਰਾਂ ਦੇ ਹੰਝੂਆਂ 'ਤੇ ਪਲਦਾ ਹੈ। ਇਸ ਅਦਭੁੱਤ ਅਜੂਬੇ ਨੂੰ ਬਣਾਉਣ ਲਈ ਸੈਂਕੜੇ ਮਜ਼ਦੂਰਾਂ ਨੇ ਆਪਣਾ ਪਸੀਨਾ ਡੋਲ੍ਹਿਆ, ਦੁੱਧ ਪਿਆਉਂਦੀਆਂ ਮਾਵਾ ਨੇ ਵੀ ਮਜ਼ਦੂਰੀ ਕੀਤੀ ਤੇ ਉਨ੍ਹਾਂ ਨੂੰ ਚਾਬਕਾਂ ਮਾਰ ਕੇ ਕੰਮ ਕਰਵਾਇਆ ਗਿਆ ਤੇ ਬਣਦੀ ਮਜ਼ਦੂਰੀ ਵੀ ਨਹੀਂ ਦਿੱਤੀ ਗਈ।

ਇਸ ਦਾ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਤੇ ਕਾਰੀਗਰਾਂ ਦੇ ਸਰੀਰ ਦੇ ਅੰਗ ਕੱਟ ਦਿਤੇ ਗਏ ਸਨ ਤਾਂ ਜੋ ਉਹ ਇਸ ਤਰ੍ਹਾਂ ਦਾ ਕੋਈ ਹੋਰ ਨਮੂਨਾ ਨਾ ਪੇਸ਼ ਕਰ ਸਕਣ। ਇਸ ਦੀ ਸ਼ਿਲਪਕਾਰੀ ਨੂੰ ਲੈ ਕੇ ਪੱਛਮ ਦੇ ਅੰਗਰੇਜ਼ੀ ਲੇਖਕਾਂ ਨੇ ਵੀ ਰਾਏ ਪੇਸ਼ ਕੀਤੀ ਹੈ ਕਿ ਇਸ ਦੀ ਸ਼ਿਲਪਕਾਰੀ ਵਿਚ ਕਈ ਨੁਕਸ ਹਨ। ਇਸ ਦੀ ਸ਼ਿਲਪਕਾਰੀ ਵਿਚ ਸਿਧਾਂਤਕ ਤੌਰ 'ਤੇ ਨਾ ਤਾਂ ਇਸਲਾਮੀ ਆਦੇਸ਼ਾਂ ਦਾ ਪਾਲਣ ਕੀਤਾ ਗਿਆ ਹੈ ਤੇ ਨਾ ਭਾਰਤੀ।

ਤਾਜ ਦਾ ਆਲਾ-ਦੁਆਲਾ ਦੂਸ਼ਿਤ ਹੋਣ ਬਾਰੇ ਆਵਾਜ਼ ਵੀ ਉੱਠਦੀ ਰਹੀ ਹੈ। ਇਸ ਦੇ ਨਾਲ ਵਗਣ ਵਾਲੀ ਯਮੁਨਾ ਨਦੀ ਦਾ ਪਾਣੀ ਮੈਲਾ ਹੋ ਰਿਹਾ ਹੈ ਤੇ ਆਲੇ ਦੁਆਲੇ ਉਦਯੋਗਿਕ ਇਕਾਈਆਂ ਦਾ ਧੂੰਆਂ ਇਸ ਦੀਆਂ ਸੰਗਮਰਮਰ ਦੀਆਂ ਬਣੀਆਂ ਸੁੰਦਰ ਪਲੇਟਾਂ 'ਤੇ ਮਾੜਾ ਅਸਰ ਪਾ ਰਿਹਾ ਹੈ। ਅਜਿਹੀਆਂ ਥਾਵਾਂ 'ਤੇ ਅਕਸਰ ਵੇਖਿਆ ਜਾਂਦਾ ਹੈ ਕਿ ਲੋਕ ਇਸ ਅਜੂਬੇ ਨੂੰ ਮੌਜ ਮਸਤੀ ਦਾ ਸਥਾਨ ਸਮਝ ਲੈਂਦੇ ਹਨ। ਆਮ ਲੋਕ ਸਖ਼ਤ ਤਾੜਨਾ ਦੇ ਬਾਵਜੂਦ ਇਸ ਸਥਾਨ 'ਤੇ ਵੀ ਸਿਗਰਟ ਤਕ ਪੀਂਦੇ ਹਨ, ਸਿਗਰਟਾਂ ਦੇ ਟੋਟੇ ਆਮ ਮਿਲਦੇ ਹਨ ਤੇ ਧੂੰਆਂ ਫੈਲਿਆ ਰਹਿੰਦਾ ਹੈ। ਤਾਜ ਮਹਿਲ ਮੁਸਲਮਾਨੀ ਕਲਚਰ ਦਾ ਇਕ ਪਤ੍ਰੀਨਿਧ ਰੂਪ ਹੈ ਤੇ ਮੁਸਲਮਾਨੀ ਅਸੂਲਾਂ ਅਨੁਸਾਰ ਹੀ ਸਾਰੇ ਦਿਨ-ਤਿਉਹਾਰਾਂ ਮੌਕੇ ਇਸ ਨੂੰ ਪਬਲਿਕ ਲਈ ਖੋਲ੍ਹਿਆ ਜਾਂਦਾ ਹੈ। ਹਰ ਜੁੰਮੇ ਵਾਲੇ ਦਿਨ ਇੱਥੇ ਛੁੱਟੀ ਹੁੰਦੀ ਹੈ।

J ਪ੍ਰੋ. ਜਤਿੰਦਰਬੀਰ ਸਿੰਘ ਨੰਦਾ

98152-55295

Posted By: Harjinder Sodhi