ਪੰਜਾਂ ਪੀਰਾਂ ਦੀ ਧਰਤੀ ਪਿੰਡ ਜੇਜੋਂ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਹਿਮਾਚਲ ਦੀਆਂ ਪਹਾੜੀਆਂ ਦੀ ਗੋਦ ਵਿਚ ਵਸਿਆ ਹੋਇਆ ਹੈ ਨੂੰ ਅੰਗਰੇਜ਼ਾਂ ਦੀ ਹਕੂਮਤ (ਸਰਕਾਰ) ਵਲੋਂ ਇਸ ਨੂੰ ਵਪਾਰ ਕਰਕੇ ਹਿਮਾਚਲ ਪ੍ਰਦੇਸ਼ ਨਾਲ ਜੋੜਿਆ ਗਿਆ ਸੀ। ਉੱਥੋਂ ਦੇ ਸਿਆਣੇ ਲੋਕਾਂ ਦੇ ਦੱਸਣ ਮੁਤਾਬਕ ਇੱਥੋਂ ਬਾਹਰਲੇ ਦੇਸ਼ਾਂ ਨੂੰ ਵੀ ਵਪਾਰ ਦੇ ਸਾਧਨ ਸਨ। ਉਸ ਸਮੇਂ ਦੀ ਅੰਗਰੇਜ਼ ਸਰਕਾਰ ਵਲੋਂ ਜਲੰਧਰ ਤੋਂ ਜੇਜੋ ਤਕ ਇਕ ਰੇਲਵੇ ਲਾਈਨ ਵੀ ਸਥਾਪਤ ਕੀਤੀ ਸੀ ਜਿੱਥੋਂ ਕਿ ਸਾਰੇ ਹਿਮਾਚਲ ਨੂੰ ਸਾਮਾਨ ਦੀ ਢੋਆ ਢੁਆਈ ਕੀਤੀ ਜਾਂਦੀ ਸੀ। ਅੱਜ ਵੀ ਜੇਜੋ-ਦੁਆਬਾ ਰੇਲਵੇ ਸਟੇਸ਼ਨ ਮੌਜੂਦ ਹੈ ਜਿਸ ਦਾ ਨਿਰਮਾਣ 1914 ਵਿਚ ਹੋਇਆ ਸੀ। ਜਲੰਧਰ ਤੋਂ ਜੇਜੋ ਲਈ ਰੋਜ਼ਾਨਾ ਰੇਲਵੇ ਵਲੋਂ 2-3 ਗੇੜੇ ਲਗਾਏ ਜਾਂਦੇ ਹਨ। ਬੇਸ਼ੱਕ ਜੇਜੋ ਸਾਡੇ ਤੋਂ ਫ਼ਰਕ ਨਾਲ ਹੈ ਅਤੇ ਜ਼ਿਆਦਾ ਆਉਣ ਜਾਣ ਦਾ ਸਬੱਬ ਨਹੀਂ ਬਣਦਾ। ਪਿੰਡ ਜੇਜੋ ਦਾ ਪੁਰਾਣਾ ਨਾਂ ਜੀਜੂ ਸੀ। ਪਿੰਡ ਵਿਚ ਬਹੁਤ ਹੀ ਪੁਰਾਣੀ ਪੀਰਾਂ ਦੀ ਦਰਗਾਹ ਹੈ ਜੋ ਕਿ ਪੀਰ ਜੀਜੂ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੈ। ਉੱਥੇ ਹੋਰ ਵੀ ਪੀਰ ਹਨ। ਪੀਰ ਖਾਕੀ ਸ਼ਾਹ ਜੀ, ਬਾਬਾ ਔਗੜ ਨਾਥ ਜੀ, ਬਾਬਾ ਮਨੋਹਰ ਦਾਸ ਜੀ ਅਤੇ ਜਵਾਲਾ ਪੁਰੀ ਅਤੇ ਡੇਰਾ ਰਤਨ ਪੁਰੀ ਜੀ ਮਸ਼ਹੂਰ ਧਾਰਮਿਕ ਅਸਥਾਨ ਹਨ ਪਰ ਖ਼ਾਸ ਗੱਲ ਇਹ ਹੈ ਕਿ ਜੇਜੋ ਦੇ ਪੇੜੇ ਅੱਜ ਵੀ ਬਹੁਤ ਮਸ਼ਹੂਰ ਹਨ ਜੋ ਕਿ ਅਸਲ ਖੋਏ ਦੇ ਬਣਦੇ ਹਨ। ਭਾਵੇਂ ਭਾਰਤ ਵਿਚ ਖੋਏ ਦੇ ਪੇੜੇ ਮਥੁਰਾ ਦੇ ਮਸ਼ਹੂਰ ਹਨ ਪਰ ਪੰਜਾਬ ਵਿਚ ਜੇਜੋ ਦੇ ਪੇੜੇ ਮਸ਼ਹੂਰ ਹਨ ਜੋ ਰਾਹੀ-ਮੁਸਾਫਰ ਦੂਰ ਦੁਰਾਡੇ ਤੋਂ ਆਉਂਦਾ ਹੈ ਉਹ ਪੇੜੇ ਜ਼ਰੂਰ ਲੈ ਕੇ ਜਾਂਦਾ ਹੈ ਪਰ ਕੁਝ ਸਮਾਂ ਪਹਿਲਾਂ ਮੈਂ ਵੀ ਉਚੇਚੇ ਤੌਰ ’ਤੇ ਜੇਜੋ ਗਿਆ ਸੀ ਅਤੇ ਉੱਥੇ ਦੀ ਜਾਣਕਾਰੀ ਹਾਸਲ ਕੀਤੀ।

ਇੱਥੇ ਇਕ ਬਹੁਤ ਹੀ ਮਸ਼ਹੂਰ ਪੇੜਿਆਂ ਦੀ ਦੁਕਾਨ ਖੁੱਟਾ ਦੀ ਹੈ ਜਿਸ ਦੇ ਬਾਹਰਲੇ ਦੇਸ਼ਾਂ ਤਕ ਵੀ ਪੇੜੇ ਜਾਂਦੇ ਹਨ। ਜੇਜੋ ਦੇ ਰੇਲਵੇ ਸਟੇਸ਼ਨ ’ਤੇ ਬਹੁਤ ਹੀ ਪੁਰਾਣੀ ਇਕ ਚਾਹ ਦੀ ਦੁਕਾਨ ਮਸ਼ਹੂਰ ਹੈ ਜੋ ਕਿ 80 ਸਾਲ ਪੁਰਾਣੀ ਹੈ ਜਿਸ ਨੂੰ ਪੰਡਿਤ ਰਾਮ ਜੀ ਚਲਾੳਂੁਦੇ ਸਨ ਅਤੇ ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ੳਸ ਨੂੰ ਚਲਾ ਰਹੀ ਹੈ। ਉੱਥੇ ਅੱਜ ਵੀ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਅੱਜ ਕੱਲ੍ਹ ਕੋਵਿਡ ਦੇ ਸਮੇਂ ਦੌਰਾਨ ਵੀ ਇਸ ਜੰਗਲ ਨੁਮਾ ਸਟੇਸ਼ਨ ’ਤੇ ਲੋਕੀ ਚਾਹ ਪੀਣ ਜਾਂ ਪੇੜੇ ਖ਼ਰੀਦਣ ਲਈ ਆੳਂੁਦੇ ਹਨ ਤੇ ਹਮੇਸ਼ਾ 5-7 ਸਾਧੂ ਜਾਂ ਹੋਰ ਪਿੰਡ ਵਾਸੀ ਉਥੇ ਬੈਠੇ ਹੀ ਰਹਿੰਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੇਨ ਸੜਕ ਤੋਂ ਅੰਦਰ ਜਾ ਕੇ ਖੁੱਲ੍ਹੀ ਜਗ੍ਹਾ ’ਤੇ ਦਰੱਖ਼ਤਾਂ ਦੀ ਛਾਵੇਂ ਇਸ ਦੁਕਾਨ ਦਾ ਅਨੰਦ ਹੀ ਹੋਰ ਹੈ।

ਇਸ ਵੇਲੇ ਪਿੰਡ ਜੇਜੋ ਦੇ ਸਰਪੰਚ ਅਸ਼ੋਕ ਦੱੱਤ ਹਨ ਜੋ ਕਿ ਪੜ੍ਹੇ ਲਿਖੇ ਅਤੇ ਕੱਪੜੇ ਦਾ ਕਾਰੋਬਾਰ ਕਰਦੇ ਹਨ। ਇਸੇ ਹੀ ਪਿੰਡ ਤੋਂ ਇਕ ਮਹਾਨ ਸ਼ਖ਼ਸੀਅਤ ਜੋ ਕਿ ਪਹਿਲਾਂ ਐੱਮ.ਐੱਲ.ਏ. ਅਤੇ ਫਿਰ ਐਮ.ਪੀ. ਰਹੇ ਉਹ ਹਨ ਅਵਿਨਾਸ਼ ਰਾਏ ਖੰਨਾ ਜੋ ਇਸੇ ਪਿੰਡ ਦੇ ਹੀ ਜੰਮ ਪਲ ਹਨ । ਉਨ੍ਹਾਂ ਨੂੰ ਜੇਜੋ ਨਾਲ ਬਹੁਤ ਪਿਆਰ ਹੈ ਅਤੇ ਅੱਜ ਕੱਲ੍ਹ ਪਿੰਡ ਜੇਜੋ ਵਿਚ ਲੜਕੀਆਂ ਦੇ ਇਕ ਕਾਲਜ ਦੀ ਉਸਾਰੀ ਕਰਵਾ ਰਹੇ ਹਨ ਜੋ ਕਿ ਬਾਬਾ ਔਗੜ ਨਾਥ ਜੀ ਦੇ ਨਾਂ ’ਤੇ ਟਰੱਸਟ ਹੇਠ ਚੱਲ ਰਿਹਾ ਹੈ। ਜਿੱਥੇ ਲੜਕੀਆਂ ਨੂੰ ਬਹੁਤ ਹੀ ਘੱਟ ਫੀਸਾਂ ਤੇ ਪੜ੍ਹਾਈ ਕਰਵਾਈ ਜਾਂਦੀ ਹੈ। ਅਵਿਨਾਸ਼ ਰਾਏ ਖੰਨਾ ਇਸ ਕਾਲਜ ਦੇ ਚੇਅਰਮੈਨ ਹਨ। ਇਸ ਕਾਲਜ ਦੀ ਬਿਲਡਿੰਗ ਸਾਬਕਾ ਸਰਪੰਚ ਪਰਵੀਨ ਸੋਨੀ ਅਤੇ ਮੌਜੂਦਾ ਲੰਬੜਦਾਰ ਹਨ। ਇਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਨਾਲ ਸਬੰਧਤ ਹੈ।

- ਦਲਵੀਰ ਸਿੰਘ ਭਾਮ

Posted By: Harjinder Sodhi