ਹਿਮਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ਵਿਚ ਸਥਿਤ ਬੜੋਗ ਹਿੱਲ ਸਟੇਸ਼ਨ ਜਿੱਥੇ ਕੁਦਰਤੀ ਨਜ਼ਾਰਿਆਂ ਕਾਰਨ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਹੈ, ਉੱਥੇ ਇਸ ਸਥਾਨ ਨਾਲ ਜੁੜੀ ਇਤਿਹਾਸਕ ਘਟਨਾ ਵੀ ਘੱਟ ਰੋਚਕ ਨਹੀਂ ਹੈ। ਚੰਡੀਗੜ੍ਹ ਤੋਂ ਕਰੀਬ 60 ਕਿਲੋਮੀਟਰ ਦੀ ਦੂਰੀ ’ਤੇ ਹਿਮਾਚਲ ਦੇ ਸੋਲਨ ਜ਼ਿਲ੍ਹੇ ਵਿਚ ਵਸਿਆ ਬੜੋਗ ਕਾਲਕਾ-ਸ਼ਿਮਲਾ ਹਾਈਵੇ ’ਤੇ ਸਥਿਤ ਹੈ। ਇੱਥੋਂ ਦੀ ਖ਼ਾਸੀਅਤ ਇਹ ਹੈ ਕਿ ਬੜੋਗ ਸੁਰੰਗ ਕਾਲਕਾ-ਸ਼ਿਮਲਾ ਰੇਲਵੇ ਦੀ ਸਭ ਤੋਂ ਲੰਬੀ ਸੁਰੰਗ ਹੈ, ਜਿਸ ਦੀ ਲੰਬਾਈ 1143.61 ਮੀਟਰ ਹੈ ਤੇ ਰੇਲ ਗੱਡੀ ਨੂੰ ਇਸ ਸੁਰੰਗ ਨੂੰ ਪਾਰ ਕਰਨ ਲਈ ਕਰੀਬ 2.30 ਮਿੰਟ ਦਾ ਸਮਾਂ ਲਗਦਾ ਹੈ। ਅਸਲ ਵਿਚ 1898 ਨੂੰ ਇਸ ਸੁਰੰਗ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਕਰਨਲ ਬੜੋਗ ਨੂੰ ਜੋ ਬਿ੍ਰਟਿਸ਼ ਇੰਜਨੀਅਰ ਸਨ। ਕਰਨਲ ਬੜੋਗ ਨੇ ਜਦੋਂ ਇਸ ਸੁਰੰਗ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਦੋ ਸੁਰੰਗਾਂ ਨੂੰ ਬਣਾਉਣਾ ਸ਼ੁਰੂ ਕੀਤਾ ਤੇ ਇਸ ਲਈ ਮਾਰਕ ਵੀ ਲਾਏ ਗਏ ਤਾਂ ਜੋ ਦੋਵੇਂ ਸੁਰੰਗਾਂ ਇਕ ਥਾਂ ’ਤੇ ਆ ਕੇ ਆਪਸ ਵਿਚ ਮਿਲ ਜਾਣ ਤੇ ਇਕ ਵੱਡੀ ਸੁਰੰਗ ਬਣ ਜਾਵੇ ਪਰ ਹੋਇਆ ਇਸ ਦੇ ਉਲਟ।

ਦੋਵੇਂ ਸੁਰੰਗਾਂ ਆਪਸ ਵਿਚ ਨਹੀਂ ਮਿਲੀਆਂ ਤੇ ਬਿ੍ਰਟਿਸ਼ ਸਰਕਾਰ ਨੇ ਕਰਨਲ ਬੜੋਗ ’ਤੇ ਪੈਸਿਆਂ ਦੀ ਬਰਬਾਦੀ ਦਾ ਦੋਸ਼ ਲਾ ਦਿੱਤਾ ਤੇ ਇਕ ਰੁਪਏ ਦਾ ਜੁਰਮਾਨਾ ਵੀ। ਜੁਰਮਾਨਾ ਕੋਈ ਜ਼ਿਆਦਾ ਨਹੀਂ ਸੀ ਪਰ ਇਲਜ਼ਾਮ ਤੋਂ ਦੁਖੀ ਹੋ ਕੇ ਕਰਨਲ ਬੜੋਗ ਨੇ ਆਪਣੀ ਪਿਸਤੌਲ ਨਾਲ ਸੁਰੰਗ ਵਾਲੀ ਥਾਂ ’ਤੇ ਆਤਮ ਹੱਤਿਆ ਕਰ ਲਈ। ਇਹ ਸੁਰੰਗਾਂ ਇਸੇ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ। ਸੁਰੰਗ ਨੂੰ ਬਣਾਉਣ ਦਾ ਫਿਰ ਤੋਂ ਕੰਮ ਸ਼ੁਰੂ ਕੀਤਾ ਗਿਆ ਤੇ ਆਖ਼ਰ ਮੌਜੂਦਾ ਸੁਰੰਗ ਦਾ ਨਿਰਮਾਣ ਹੋਇਆ ਤੇ ਇਸ ਸੁਰੰਗ ਦਾ ਨਾਂ ਰੱਖਿਆ ਗਿਆ ਬੜੋਗ ਸੁਰੰਗ। ਖੈਰ ਸੁਰੰਗ ਤਾਂ ਬਣ ਗਈ ਪਰ ਲੋਕਾਂ ਵਿਚ ਬਹੁਤ ਸਾਰੀਆਂ ਧਾਰਨਾਵਾਂ ਪ੍ਰਚੱਲਿਤ ਹਨ। ਲੋਕਾਂ ਦਾ ਮੰਨਣਾ ਹੈ ਕਿ ਇੱਥੇ ਬੜੋਗ ਦੀ ਆਤਮਾ ਦਿਖਾਈ ਦਿੰਦੀ ਹੈ। ਇਸ ਲਈ ਕਈ ਲੋਕ ਇਸ ਨੂੰ ਭੂਤੀਆ ਸੁਰੰਗ ਵੀ ਕਹਿੰਦੇ ਹਨ।

ਹਾਲਾਂਕਿ ਸਾਨੂੰ ਤਾਂ ਬੜੋਗ ਦੀ ਆਤਮਾ ਨਹੀਂ ਦਿਖਾਈ ਦਿੱਤੀ ਪਰ ਹਾਂ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਇਆ ਕਿ ਬੜੋਗ ਇਕ ਹੋਣਹਾਰ ਇੰਜੀਨੀਅਰ ਸੀ ਤੇ ਉਹ ਆਪਣੇ ਇਸ ਕੰਮ ਦੀ ਨਾਕਾਮਯਾਬੀ ਤੇ ਆਪਣੇ ’ਤੇ ਲੱਗੇ ਇਲਜ਼ਾਮ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਆਪਣੇ ਆਪਨੂੰ ਖ਼ਤਮ ਕਰ ਬੈਠੇ ਪਰ ਬੜੋਗ ਸੁਰੰਗ ਨੂੰ ਲੋਕ ਦੂਰੋਂ- ਦੂਰੋਂ ਵੇਖਣ ਆਉਂਦੇ ਹਨ ਕਿਉਂਕਿ ਇਹ ਖ਼ੂਬਸੂਰਤੀ ਤੇ ਕਲਾ ਦਾ ਬੇਜੋੜ ਮੇਲ ਹੈ ।

- ਪ੍ਰੋ. ਰੀਨਾ (ਏਕਨੂਰ)

Posted By: Harjinder Sodhi