ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੀ ਨਿੱਜੀ ਕੰਪਨੀ ਸਪੇਸ-ਐਕਸ ਦੇ ਡ੍ਰੈਗਨ ਕੈਪਸੂਲ ਜ਼ਰੀਏ ਡਗਲਸ ਹਰਲੇ ਤੇ ਰਾਬਰਟ ਬੇਨਕੇਨ ਦੀ ਧਰਤੀ 'ਤੇ ਸੁਰੱਖਿਅਤ ਵਾਪਸੀ ਨਾਲ ਪੁਲਾੜ 'ਚ ਵੱਧ ਲੋਕਾਂ ਨੂੰ ਲੈ ਕੇ ਜਾਣ ਤੇ ਨਵੀਆਂ ਸਰਗਰਮੀਆਂ ਸ਼ੁਰੂ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ। ਪੁਲਾੜ ਸੈਰ ਸਪਾਟਾ, ਕਾਰਪੋਰੇਟ ਰਿਸਰਚ ਤੇ ਉਪਗ੍ਰਹਿਆਂ ਦੀ ਮੁਰੰਮਤ ਲਈ ਨਿੱਜੀ ਉੱਦਮਾਂ ਨੂੰ ਵੀ ਮੌਕੇ ਮਿਲਣਗੇ।

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੁਖੀ ਜਿਮ ਬਿ੍ਡੇਨਸਟਾਈਨ ਨੇ ਪ੍ਰਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਪੁਲਾੜ ਯਾਤਰਾ ਦੇ ਨਵੇਂ ਯੁਗ 'ਚ ਦਾਖ਼ਲ ਹੋ ਰਹੇ ਹਾਂ। ਉਹ ਦਿਨ ਦੂਰ ਨਹੀਂ, ਜਿੱਥੇ ਨਾਸਾ ਇਸ ਦਾ ਗਾਹਕ ਵੀ ਹੋਵੇਗਾ, ਮਾਲਿਕ ਤੇ ਸੰਚਾਲਕ ਵੀ। ਕਈ ਗਾਹਕਾਂ 'ਚੋਂ ਇਕ।

ਮੈਕਸੀਕੋ ਦੀ ਖਾੜੀ 'ਚ ਲੈਂਡਿੰਗ

ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਦੁਪਹਿਰ ਬਾਅਦ ਫਲੋਰੀਡਾ ਦੇ ਕਰੀਬ ਮੈਕਸੀਕੋ ਦੀ ਖਾੜੀ 'ਚ ਡ੍ਰੈਗਨ ਕੈਪਸੂਲ ਦੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਲਈ ਨਾਰੰਗੀ ਤੇ ਸਫੇਦ ਰੰਗ ਦੇ ਚਾਰ ਵੱਡੇ ਪੈਰਾਸ਼ੂਟ ਇਸਤੇਮਾਲ ਕੀਤੇ ਗਏ। ਲੈਂਡਿੰਗ ਦੇ ਫ਼ੌਰੀ ਬਾਅਦ ਨਾਸਾ ਦੀ ਟੀਮ ਬੋਟ ਜ਼ਰੀਏ ਡ੍ਰੈਗਨ ਕੈਪਸੂਲ ਤਕ ਪਹੁੰਚੀ। ਨਾਸਾ ਦੀ ਟੀਮ ਨੂੰ ਨਿੱਜੀ ਕਿਸ਼ਤੀਆਂ ਦੇ ਇਕ ਬੇੜੇ ਨਾਲ ਵੀ ਜੂਝਣਾ ਪਿਆ, ਜਿਸ 'ਤੇ ਸਵਾਰ ਲੋਕ ਸਪੇਸਕ੍ਰਾਫਟ ਨੂੰ ਨੇੜਿਓਂ ਦੇਖਣਾ ਚਾਹੁੰਦੇ ਸਨ। ਇਨ੍ਹਾਂ 'ਚੋਂ ਇਕ ਨੇ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ 'ਚ ਬੈਨਰ ਵੀ ਲਹਿਰਾਇਆ।

ਤੁਹਾਡਾ ਸਵਾਗਤ ਹੈ

ਸਫਲ ਲੈਂਡਿੰਗ ਤੋਂ ਬਾਅਦ ਸਪੇਸ-ਐਕਸ ਦੇ ਇੰਜੀਨੀਅਰ ਹੀਮੈਨ ਨੇ ਪੁਲਾੜ ਯਾਤਰੀਆਂ ਨੂੰ ਕਿਹਾ, 'ਧਰਤੀ 'ਤੇ ਤੁਹਾਡਾ ਸਵਾਗਤ ਹੈ। ਸਪੇਸ-ਐਕਸ ਰਾਹੀਂ ਉਡਾਣ ਲਈ ਸ਼ੁਕਰੀਆ।' ਇਕ ਘੰਟੇ ਬਾਅਦ ਦੋਵੇਂ ਐਸਟ੍ਰੋਨਾਟ ਕੈਪਸੂਲ ਤੋਂ ਬਾਹਰ ਆਏ। ਬਾਹਰ ਆਉਣ ਤੋਂ ਪਹਿਲਾਂ ਬੇਨਕੇਨ ਨੇ ਸਪੇਸ-ਐਕਸ ਟੀਮ ਨੂੰ ਇਹ ਕਹਿੰਦਿਆਂ ਧੰਨਵਾਦ ਦਿੱਤਾ ਕਿ ਤੁਸੀਂ ਅਸੰਭਵ ਨੂੰ ਸੰਭਵ ਬਣਾ ਦਿੱਤਾ। ਬਾਹਰ ਆਉਂਦੇ ਹੀ ਦੋਵਾਂ ਨੂੰ ਹਿਊਸਟਨ ਸਥਿਤ ਇਕ ਫ਼ੌਜੀ ਅੱਡੇ 'ਤੇ ਲਿਜਾਇਆ ਗਿਆ। ਪ੍ਰਰੋਟੋਕਾਲ ਕਾਰਨ ਦੋਵਾਂ ਪੁਲਾੜ ਯਾਤਰੀਆਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ।

19 ਘੰਟੇ ਦਾ ਸਫ਼ਰ

ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਧਰਤੀ ਦਾ ਇਹ ਸਫਰ ਤਕਰੀਬਨ 19 ਘੰਟੇ 'ਚ ਪੂਰਾ ਹੋਇਆ ਸੀ। ਕਿਸੇ ਨਿੱਜੀ ਕੰਪਨੀ ਦਾ ਇਹ ਪਹਿਲਾ ਕਰਿਸ਼ਮਾ ਹੈ। 1975 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦਾ ਕੋਈ ਪੁਲਾੜ ਜਹਾਜ਼ ਸਮੁੰਦਰ ਦੀ ਸਤ੍ਹਾ 'ਤੇ ਉਤਰਿਆ।

ਨਾਸਾ ਨੇ ਦਿੱਤਾ ਮੌਕਾ

ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਉਡਾਣ ਲਈ ਨਾਸਾ ਨੇ ਸਪੇਸ-ਐਕਸ ਤੇ ਬੋਇੰਗ ਨੂੰ ਮੌਕਾ ਦਿੱਤਾ ਸੀ। ਸਪੇਸ-ਐਕਸ ਨੇ ਬਾਜ਼ੀ ਮਾਰ ਲਈ। ਸਪੇਸ-ਐਕਸ ਦੀ ਚੀਫ ਆਪ੍ਰਰੇਟਿੰਗ ਅਫਸਰ ਗਾਅਨੇ ਸ਼ਾਟਵੈੱਲ ਨੇ ਕਿਹਾ ਕਿ ਇਹ ਮਿਸ਼ਨ ਕਾਮਯਾਬ ਰਿਹਾ। ਇਹ ਤਾਂ ਬੱਸ ਸ਼ੁਰੂਆਤ ਕਰਨ ਜਾ ਰਿਹਾ ਹੈ। ਅਸੀਂ ਚੰਦਰਮਾ ਤੇ ਮੰਗਲ ਯਾਤਰਾ ਬਾਰੇ ਵੀ ਸੋਚ ਰਹੇ ਹਾਂ।

ਐਤਵਾਰ ਦੀ ਸਵੇਰ

ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਸ਼ਨਿਚਰਵਾਰ ਸ਼ਾਮ ਧਰਤੀ ਲਈ ਰਵਾਨਾ ਹੋਏ ਪੁਲਾੜ ਯਾਤਰੀਆਂ ਦੀ ਨੀਂਦ ਐਤਵਾਰ ਦੀ ਸਵੇਰ ਜਾਣੀ-ਪਛਾਣੀ ਆਵਾਜ਼ ਨਾਲ ਖੁੱਲ੍ਹੀ। ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਪੁਲਾੜ 'ਚ ਗਏ। ਪਰ ਇਸ ਤੋਂ ਵੀ ਵੱਧ ਖ਼ੁਸ਼ੀ ਇਸ ਦੀ ਹੈ ਕਿ ਤੁਸੀਂ ਘਰਤ ਪਰਤ ਰਹੇ ਹੋ। ਇਹ ਹਰਲੇ ਦੇ ਪੁੱਤਰ ਜੈਕ ਦੀ ਆਵਾਜ਼ ਸੀ। ਇਸ ਤੋਂ ਬਾਅਦ ਬੇਨਕੇਨ ਦੇ ਪੁੱਤਰ ਥਿਓ ਦੀ ਵਾਰੀ ਸੀ, 'ਉੱਠੋ ਪਾਪਾ, ਉੱਠੋ, ਉੱਠ ਵੀ ਜਾਓ। ਤੁਸੀਂ ਕੱਲ ਵੀ ਸੌਂ ਸਕਦੇ ਹੋ।'

ਰਾਸ਼ਟਰਪਤੀ ਨੇ ਪ੍ਰਗਟਾਈ ਖ਼ੁਸ਼ੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਜ਼ਰੀਏ ਨਾਸਾ ਦੇ ਪੁਲਾੜ ਮਿਸ਼ਨ ਦੀ ਕਾਮਯਾਬੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸਾਰਿਆਂ ਦਾ ਧੰਨਵਾਦ ਕੀਤਾ।

ਅਗਲੀ ਉਡਾਣ ਸਤੰਬਰ 'ਚ

ਸਪੇਸ-ਐਕਸ ਮਿਸ਼ਨ ਨੂੰ ਗ਼ੈਰ ਰਸਮੀ ਤੌਰ 'ਤੇ ਐਲਾਨੇ ਜਾਣ ਤੋਂ ਬਾਅਦ ਕਰੂ ਡ੍ਰੈਗਨ ਦੀ ਅਗਲੀ ਉਡਾਣ ਸਤੰਬਰ ਦੇ ਅੰਤ 'ਚ ਲਾਂਚ ਹੋ ਸਕਦੀ ਹੈ। ਦੂਜੀ ਉਡਾਣ ਫਰਵਰੀ 2021 'ਚ ਤਜਵੀਜ਼ਸ਼ੁਦਾ ਹੈ, ਜਿਸ 'ਚ ਇਸੇ ਡ੍ਰੈਗਨ ਕੈਪਸੂਲ ਦਾ ਇਸਤੇਮਾਲ ਹੋਵੇਗਾ, ਜਿਹੜਾ ਹੁਣੇ-ਹੁਣੇ ਪੁਲਾੜ ਤੋਂ ਪਰਤਿਆ ਹੈ।