ਮੈਂ ਇੰਡੀਅਨ-ਨੇਵੀ ਦੀ ਨੌਕਰੀ ਛੱਡ ਕੇ ਮਰਚੈਂਟ-ਨੇਵੀ ਵਿਚ ਨੌਕਰੀ ਲੱਭ ਰਿਹਾ ਸੀ। ਇਸ ਵਿਚ ਜਾਣ ਲਈ ਤੁਸੀਂ ਇੰਜਨੀਅਰ ਹੋ ਜਾਂ ਡੈਕ-ਅਫਸਰ, ਮੇਨ ਕੋਰਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਈ ਕੋਰਸ ਕਰਨੇ ਪੈਂਦੇ ਹਨ। ਫਸਟ-ਏਡ, ਫਾਇਰ-ਫਾਈਟਿੰਗ, ਐਡਵਾਂਸ ਫਾਇਰ-ਫਾਈਟਿੰਗ, ਸਰਵਾਈਵਿਲ ਕਰਾਫਟ, ਕੈਮੀਕਲ ਟੈਂਕਰ ਕੋਰਸ ਆਦਿ ਅਲੱਗ-ਅਲੱਗ ਜ਼ਰੂਰੀ ਕੋਰਸ ਹਨ, ਜਿਨ੍ਹਾਂ ਤੋਂ ਬਿਨਾਂ ਤੁਸੀਂ ਜਹਾਜ਼ਾਂ ਦੀ ਨੌਕਰੀ ਨਹੀਂ ਕਰ ਸਕਦੇ। ਪਾਸਪੋਰਟ ਅਤੇ ਪਾਸਪੋਰਟ ਵਰਗਾ ਇਕ ਹੋਰ ਡਾਕੂਮੈਂਟ ਜਿਸ ਨੂੰ ਸੀ.ਡੀ.ਸੀ. ਕਹਿੰਦੇ ਹਨ, ਉਹ ਦੋਵੇਂ ਵੀ ਲੈਣੇ ਪੈਂਦੇ ਹਨ। ਇਹ ਸੀ.ਡੀ.ਸੀ. ਵੀ ਭਾਰਤ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ। ਸਾਰੇ ਸਰਟੀਫਿਕੇਟ ਤੇ ਡਾਕੂਮੈਂਟ ਪੂਰੇ ਹੋਣ ’ਤੇ ਹੀ ਕੋਈ ਕੰਪਨੀ ਤੁਹਾਡੀ ਮੌਕੇ ਦੀ ਮੈਡੀਕਲ ਫਿੱਟਨਿਸ ਰਿਪੋਰਟ ਦੇਖ ਕੇ ਨੌਕਰੀ ਦੇਵੇਗੀ।

ਮਰਚੈਂਟ ਨੇਵੀ ਜਾਂ ਮਰਚੈਂਟ ਸ਼ਿਪਿੰਗ ਕੰਪਨੀਆਂ ਦੇ ਮੁੱਖ ਦਫਤਰ ਬੰਬਈ ਵਿਚ ਹਨ। ਨੌਕਰੀ ਦੇ ਲੋੜਵੰਦ ਸਾਰੇ ਸਰਟੀਫਿਕੇਟ ਆਪਣੇ ਬਰੀਫਕੇਸ ਵਿਚ ਪਾ ਕੇ, ਕੰਪਨੀ ਦਫ਼ਤਰਾਂ ਦੇ ਚੱਕਰ ਕੱਢਦੇ ਰਹਿੰਦੇ ਹਨ। ਸਭ ਦੀ ਆਪਣੀ ਕਿਸਮਤ ਹੈ ਕਿਸੇ ਨੂੰ ਅਚਾਨਕ, ਕਿਸੇ ਨੂੰ ਕੁਝ ਹਫ਼ਤਿਆਂ ਬਾਅਦ, ਕਿਸੇ ਨੂੰ ਮਹੀਨਿਆਂ ਬਾਅਦ ਨੌਕਰੀ ਮਿਲਦੀ ਹੈ। ਕਈ ਚੱਕਰ ਮਾਰ-ਮਾਰ ਥੱਕ ਵੀ ਜਾਂਦੇ ਹਨ, ਤੇ ਵਾਪਸ ਆਪਣੇ ਪਿੰਡ/ਸ਼ਹਿਰ ਮੁੜ ਪੈਂਦੇ ਹਨ। ਕਦੇ ਮੈਂ ਵੀ ਉਨ੍ਹਾਂ ਵਿੱਚੋਂ ਇਕ ਸੀ। ਬੰਬਈ ਗਏ ਨੂੰ ਤੀਸਰਾ ਹਫ਼ਤਾ ਸੀ। ਮੈਂ ਐੱਮ.ਐੱਮ.ਐੱਸ. ਕੰਪਨੀ ਦੇ ਦਫਤਰ ਵਿਚ ਬੈਠਾ ਸੀ। ਕਲਰਕ ਕਹਿਣ ਲੱਗਾ ਤੁਹਾਨੂੰ ਸੁਪਰਡੈਂਟ ਸਾਹਿਬ ਬੁਲਾ ਰਹੇ ਹਨ। ਮੈਨੂੰ ਖ਼ੁਸ਼ੀ ਹੋਈ, ਵਰਨਾ ਤਾਂ ਕਲਰਕ ਇਹ ਕਹਿ ਕੇ ਮੋੜ ਦਿੰਦੇ, ‘‘ਅਜੇ ਕੋਈ ਜਗ੍ਹਾ ਖ਼ਾਲੀ ਨਹੀਂ। ਕੱਲ੍ਹ ਆਵੋ ਜਾਂ ਅਗਲੇ ਹਫ਼ਤੇ ਆਵੋ।’’

ਮੈਂ ਸੁਪਰਡੈਂਟ ਸਾਹਿਬ ਦੇ ਸਾਹਮਣੇ ਸੀ। ਉਨ੍ਹਾਂ ਪੁੱਛਿਆ, ‘‘ਆਸਟ੍ਰੇਲੀਆ ਜਾ ਕੇ ਜਹਾਜ਼ ਜੁਆਇਨ ਕਰਨਾ ਹੈ ਤੇ ਕੱਲ੍ਹ ਨੂੰ ਹੀ ਸਿਡਨੀ ਜਾਣਾ ਹੈ, ਜਾ ਸਕਦੇ ਹੋ?’’ ਮੈਂ ਉਸੇ ਟਾਇਮ ਹਾਂ ਕਰ ਦਿੱਤੀ। ਜਹਾਜ਼ ਦਾ ਨਾਂ ‘ਜਲ ਵਿਹਾਰ’ ਸੀ। ਜਹਾਜ਼ ਸਿਡਨੀ ਤੋਂ ਕਰੀਬ 105 ਕਿਲੋਮੀਟਰ ਦੂਰ, ਪੋਰਟ-ਕੈਂਬਲਾ ਨਾਂ ਦੀ ਬੰਦਰਗਾਹ ’ਤੇ ਖੜ੍ਹਾ ਸੀ। ਕੰਪਨੀ ਨੇ ਦੱਸਿਆ ਕਿ ਸਿਡਨੀ ਏਅਰ-ਪੋਰਟ ਦੇ ਬਾਹਰ ਸਾਡਾ ਇਕ ਬੰਦਾ ‘ਪਰਮਜੀਤ ਮਾਨ’ ਜਾਂ ‘ਜਲ ਵਿਹਾਰ’ ਨਾਂ ਦੀ ਤਖ਼ਤੀ ਲਈ ਖੜ੍ਹਾ ਹੋਵੇਗਾ। ਤੁਸੀਂ ਉਸ ਕੋਲ ਚਲੇ ਜਾਣਾ, ਤੇ ਅੱਗੇ ਸਭ ਜ਼ਿੰਮੇਵਾਰੀ ਉਸਦੀ। ਹੋਰ ਜੁਆਇੰਨਿੰਗ ਕਾਗਜ਼ਾਤ ਦੇ ਨਾਲ-ਨਾਲ, ਮੈਨੂੰ ਸਿਡਨੀ ਵਾਲੇ ਬੰਦੇ ਦਾ ਦਫ਼ਤਰ ਪਤਾ ਤੇ ਟੈਲੀਫੋਨ ਨੰਬਰ ਵਾਲਾ ਕਾਗ਼ਜ਼ ਦੇ ਦਿੱਤਾ।

ਮਰਚੈਂਟ ਸ਼ਿਪਿੰਗ ਦੀ ਪਹਿਲੀ ਨੌਕਰੀ, ਆਸਟ੍ਰੇਲੀਆ ਜਾ ਕੇ ਜਹਾਜ਼ ਜੁਆਇਨ ਕਰਨਾ, ਮਨ ’ਚ ਬੜੀ ਖ਼ੁਸ਼ੀ ਤੇ ਚਾਅ। ਬੰਬਈ ਤੋਂ ਚੱਲ ਕੇ ਵਾਇਆ ਸਿੰਘਾਪੁਰ ਹੁੰਦਾ ਮੈਂ 8 ਅਕਤੂਬਰ 1990 ਨੂੰ ਸਵੇਰੇ 5.30 ਵਜੇ ਸਿਡਨੀ ਏਅਰ-ਪੋਰਟ ’ਤੇ ਪਹੁੰਚ ਗਿਆ। ਸਿਡਨੀ ਤਕ ਚਾਅ ਹੀ ਚੜ੍ਹਿਆ ਰਿਹਾ ਤੇ ਹਵਾਈ ਉਡਾਨ ਦਾ ਖ਼ੂਬ ਆਨੰਦ ਲਿਆ।

ਸਿਡਨੀ ਪਹੁੰਚ ਮੈਂ ਆਪਣਾ ਸਾਮਾਨ ਲਿਆ ਤੇ ਕਸਟਮ ਤੋਂ ਬਾਹਰ ਆ ਕੇ ਆਪਣੇ ਏਜੰਟ ਨੂੰ ਲੱਭਣ ਲੱਗਾ। ਏਧਰ-ਓਧਰ ਨਜ਼ਰ ਘੁੰਮਾਈ, ਪਰ ਮੇਰੇ ਨਾਮ ਜਾਂ ਜਹਾਜ਼ ਦੇ ਨਾਂ ਦੀ ਤਖ਼ਤੀ ਵਾਲਾ ਕੋਈ ਵੀ ਬੰਦਾ ਦਿਖਾਈ ਨਾ ਦਿੱਤਾ।

ਮੈਂ ਇੰਤਜ਼ਾਰ ਕਰਨ ਲੱਗਾ ਕਿ ਬੰਦਾ ਕਈ ਵਾਰ ਲੇਟ ਵੀ ਹੋ ਜਾਂਦਾ ਹੈ। ਮੈਂ ਸਾਮਾਨ ਵਾਲੀ ਟਰਾਲੀ ਫੜੀ ਅੱਗੇ-ਪਿੱਛੇ ਘੁੰਮਣ ਲੱਗਾ। ਇਕ, ਦੋ, ਤਿੰਨ, ਘੰਟੇ ਬੀਤ ਗਏ ਪਰ ਕੋਈ ਨਾ ਆਇਆ। ਮੈਂ ਪਰੇਸ਼ਾਨ ਹੋ ਗਿਆ ਤੇ ਏਅਰ-ਪੋਰਟ ਸਟਾਫ ਦੇ ਇਕ ਬੰਦੇ ਨੂੰ ਆਪਣਾ ਉਹ ਕਾਗਜ਼ ਵਿਖਾਇਆ। ਮੈਂ ਦੱਸਿਆ ਕਿ ਇਸ ਬੰਦੇ ਨੇ ਮੈਨੂੰ ਲੈਣ ਆਉਣਾ ਸੀ ਪਰ ਆਇਆ ਨਹੀਂ, ਪਲੀਜ਼ ਮੇਰੀ ਕੋਈ ਮਦਦ ਕਰੋ। ਉਹਨੇ ਇਕ ਦਫ਼ਤਰ ਤੋਂ ਫੋਨ ਟਰਾਈ ਕੀਤਾ, ਰਿੰਗ ਜਾ ਰਹੀ ਸੀ ਪਰ ਕੋਈ ਫੋਨ ਨਹੀਂ ਸੀ ਚੁੱਕ ਰਿਹਾ। ਮੋਢੇ ਜਿਹੇ ਹਿਲਾ ਕੇ ਉਸਨੇ ਸੌਰੀ ਕਿਹਾ, ਤੇ ਆਪਣੇ ਕੰਮ ਲੱਗ ਗਿਆ।

ਇੰਤਜ਼ਾਰ ਕਰਦਿਆਂ ਪੰਜ ਘੰਟੇ ਬੀਤ ਗਏ। ਕਦੇ ਬੈਠ ਜਾਵਾਂ ਤੇ ਕਦੇ ਥੋੜ੍ਹਾ ਘੁੰਮਣ ਲੱਗ ਜਾਵਾਂ। ਧਿਆਨ ਬਾਹਰ ਵੱਲ ਕਿ ਕੋਈ ਮੇਰੇ ਨਾਂ ਦੀ ਤਖ਼ਤੀ ਵਾਲਾ ਆ ਜਾਵੇ। ਅਖੀਰ ਮੈਂ ਬਹੁਤ ਪਰੇਸ਼ਾਨ ਹੋ ਗਿਆ। ਸੋਚਿਆ ਏਅਰ-ਪੋਰਟ ’ਤੇ ਕਦ ਤਕ ਇਸ ਤਰ੍ਹਾਂ ਘੁੰਮੀ ਜਾਵਾਂਗਾ। ਇਸ ਐਡਰੈਸ ਤੋਂ ਬਿਨਾਂ ਹੋਰ ਕੋਈ ਟਿਕਾਣਾ ਵੀ ਨਹੀਂ। ਮੈਂ ਉੱਥੇ ਇਕ ਪੁਲਿਸ ਵਾਲੇ ਨੂੰ ਆਪਣੀ ਮੁਸ਼ਕਲ ਦੱਸੀ। ਉਹ ਕਹਿਣ ਲੱਗਾ ਹੋਰ ਇੰਤਜ਼ਾਰ ਕਰ ਲਵੋ, ਤੁਹਾਡਾ ਬੰਦਾ ਜ਼ਰੂਰ ਆਏਗਾ। ਉਸਦੀ ਗੱਲ ਸੁਣ ਮੈਂ ਫੇਰ ਇਕ ਜਗ੍ਹਾ ਬੈਠ ਗਿਆ।

ਸੋਚਿਆ ਮਨਾ ਪੰਜ ਘੰਟੇ ਤਾਂ ਹੋ ਗਏ, ਹੋਰ ਕਿੰਨਾ ਇੰਤਜ਼ਾਰ ਕਰਾਂ। ਬੈਠੇ-ਬੈਠੇ ਦੇ ਅਚਾਨਕ ਮਨ ਵਿਚ ਆਇਆ ਕਿ ਪੁਲਿਸ ਕੋਲ ਉੱਚੀ ਬੋਲ ਕੇ ਰੌਲਾ ਪਾਇਆ ਜਾਵੇ। ਰੌਲਾ ਪਾਉਣ ਦੇ ਬਹਾਨੇ ਇਹ ਲੋਕ ਮੈਨੂੰ ਫੜ ਲੈਣਗੇ। ਕਿਸੇ ਵੱਡੇ ਅਫਸਰ ਜਾਂ ਕਿਸੇ ਠਾਣੇ ਲੈ ਜਾਣਗੇ। ਸਾਡੀ ਪੁਲਿਸ ਵੀ ਤਾਂ ਏਹੀ ਕਰਦੀ ਹੈ, ‘‘ਇਹਨੂੰ ਗੱਡੀ ’ਚ ਬਿਠਾਓ ਤੇ ਠਾਣੇ ਲੈ ਕੇ ਚੱਲੋ।’’ ਇਹ ਵੀ ਸ਼ਾਇਦ ਇਹੀ ਕਰਨਗੇ। ਕਿਸੇ ਠਾਣੇ ਲਿਜਾ ਕੇ ਇਨ੍ਹਾਂ ਨੂੰ ਮੇਰੇ ਕੰਪਨੀ ਏਜੰਟ ਨਾਲ ਸੰਪਰਕ ਕਰਨਾ ਹੀ ਪਊ। ਏਜੰਟ ਆਪੇ ਆ ਕੇ ਮੇਰਾ ਖਹਿੜਾ ਛੁਡਾਊ। ਨਾ ਛੁਡਾਊ ਤਾਂ ਵੀ ਦੇਖੀ ਜਾਏਗੀ। ਮੈਂ ਕਿਹੜਾ ਕਿਸੇ ਨਾਲ ਲੜਨ ਲੱਗਾਂ, ਸਿਰਫ਼ ਰੌਲਾ ਹੀ ਪਾਉਣੈ।

ਮੈਂ ਦੁਬਾਰਾ ਪੁਲਿਸ ਵਾਲਿਆਂ ਕੋਲ ਗਿਆ ਤੇ ਉਨ੍ਹਾਂ ਦੇ ਨੇੜੇ ਹੋ ਕੇ ਉੱਚੀ-ਉੱਚੀ ਬੋਲ ਕੇ ਆਪਣਾ ਗੁੱਸਾ ਜਾਹਰ ਕਰਨ ਲੱਗਾ, ‘‘ਕੀ ਮੁਲਕ ਹੈ ਇਹ---ਕੋਈ ਮਦਦ ਨੀ ਕਰ ਰਿਹਾ---ਕੋਈ ਸੁਣ ਨਹੀਂ ਰਿਹਾ---ਬਸ, ਵੇਟ-ਵੇਟ----ਕਾਹਦਾ ਵੇਟ----ਕਿੰਨੇ ਗ਼ੈਰਜ਼ਿੰਮੇਵਾਰ ਲੋਕ ਨੇ---ਡਿਊਟੀ ਨੂੰ ਡਿਊਟੀ ਹੀ ਨਹੀਂ ਸਮਝਦੇ---ਪੰਜ ਘੰਟਿਆਂ ਤੋਂ ਪ੍ਰੇਸ਼ਾਨ ਘੁੰਮ ਰਿਹਾ ਹਾਂ---ਏਜੰਟ ਨੂੰ ਕੋਈ ਫ਼ਿਕਰ ਨਹੀਂ---ਪਤਾ ਨਹੀਂ ਕਿੱਥੇ ਸੁੱਤਾ ਪਿਐ ---ਕੀ ਕਰ ਰਿਹੈ --- ਕਿਸੇ ਨੂੰ ਕੋਈ ਫ਼ਿਕਰ ਨਹੀਂ-।’’ ਵਗੈਰਾ-ਵਗੈਰਾ ਪਤਾ ਨਹੀਂ ਮੈਂ ਕੀ ਕੁਝ ਬੋਲ ਗਿਆ। ਮੈਂ ਚਾਹੁੰਦਾ ਸੀ ਪੁਲਿਸ ਮੈਨੂੰ ਫੜ ਲਵੇ ਤੇ ਇਹ ਸਾਮਾਨ ਵਾਲੀ ਟਰਾਲੀ ਲੈ ਕੇ ਘੁੰਮਣ ਤੋਂ ਖਹਿੜਾ ਛੁੱਟੇ। ਇਹ ਵੀ ਹੋ ਸਕਦੈ ਪੁਲਿਸ ਵਾਲੇ ਖ਼ੁਦ ਮੈਨੂੰ ਪੋਰਟ-ਕੈਂਬਲਾ ਹੀ ਲੈ ਜਾਣ, ਤੇ ਮੇਰੇ ਜਹਾਜ਼ ਵਿਚ ਜਾ ਕੇ ਗੱਲ ਕਰਨ ਜਾਂ ਛੱਡ ਆਉਣ।

ਪਰ ਐਸਾ ਕੁਝ ਵੀ ਨਾ ਹੋਇਆ। ਮੈਨੂੰ ਫੜਨ ਦੀ ਬਜਾਏ ਪੁਲਿਸ ਵਾਲੇ ਉਲਟਾ ਪਲੀਜ਼-ਪਲੀਜ਼ ਕਰਨ ਲੱਗ ਪਏ, ‘ਪਲੀਜ਼ ਸਰ----ਕੂਲ ਡਾਊਨ ਸਰ----ਡੌਂਟ ਵਰੀ ਸਰ’---- ਪਤਾ ਨਹੀਂ ਕੀ ਸਰ-ਸਰ ਕਹੀ ਜਾਣ। ਮੈਨੂੰ ਖਿਝ ਆਵੇ ਕਿ ਇਹ ਮੈਨੂੰ ਫੜਕੇ ਕਿਸੇ ਪਾਸੇ ਲਿਜਾਂਦੇ ਕਿਉਂ ਨਹੀਂ। ਅਖੀਰ ਬੜੇ ਪਿਆਰ ਨਾਲ ਉਹ ਮੈਨੂੰ ਲੋਕਾਂ ਤੋਂ ਪਰੇ, ਇਕ ਦਫਤਰ ਵਿਚ ਲੈ ਗਏ। ਮੈਂ ਮਨ ਹੀ ਮਨ ਸ਼ੁਕਰ ਕੀਤਾ, ਪਰ ਚਿਹਰੇ ਦਾ ਗੁੱਸਾ ਤੇ ਪਰੇਸ਼ਾਨੀ ਨੂੰ ਬਰਕਰਾਰ ਰੱਖਿਆ।

ਉਸ ਦਫ਼ਤਰ ਵਿਚ ਤਿੰਨ ਚੁਸਤ-ਦਰੁਸਤ ਕੁੜੀਆਂ ਆਪਣੇ ਕੰਮ ਵਿਚ ਰੁਝੀਆਂ ਹੋਈਆਂ ਸਨ। ਮੈਨੂੰ ਕੁਰਸੀ ’ਤੇ ਬਿਠਾਇਆ ਤੇ ਇਕ ਨੇ ਪਾਣੀ ਪਿਲਾਇਆ। ਕੌਫੀ ਵੀ ਮੰਗਵਾ ਲਈ ਤੇ ਨਾਲੇ ਗੱਲਾਂ ਕਰੀ ਗਈਆਂ। ਏਜੰਟ ਦੇ ਪਤੇ ਵਾਲਾ ਪੇਪਰ ਲੈ ਕੇ, ਇਕ ਕੁੜੀ ਨੇ ਕਈ ਵਾਰ ਫੋਨ ਮਿਲਾਇਆ ਪਰ ਅੱਗੋਂ ਕੋਈ ਚੁੱਕ ਨਹੀਂ ਸੀ ਰਿਹਾ। ਉਹਨੇ ਦੱਸਿਆ, ‘‘ਸਰ ਆਸਟ੍ਰੇਲੀਆ ਵਿਚ ਅੱਜ ਛੁੱਟੀ ਹੋਣ ਕਰਕੇ ਸਾਰੇ ਅਦਾਰੇ ਤੇ ਦਫ਼ਤਰ ਬੰਦ ਹਨ। ਦਫ਼ਤਰ ਬੰਦ ਹੋਣ ਕਰਕੇ ਹੀ ਕੋਈ ਫੋਨ ਨਹੀਂ ਉਠਾ ਰਿਹਾ। ਫਿਰ ਵੀ ਅਸੀਂ ਉਸ ਆਦਮੀ ਨੂੰ ਸੰਪਰਕ ਵਿਚ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ, ਤੁਸੀਂ ਕੋਈ ਫ਼ਿਕਰ ਨਾ ਕਰੋ।’’ ਮੈਂ ਹੁਣ ਤਸੱਲੀ ਨਾਲ ਬੈਠਾ ਸੀ, ਤੇ ਮਨ ਕਾਫ਼ੀ ਸ਼ਾਂਤ ਸੀ। ਮੇਰੀ ਮੁਸੀਬਤ, ਹੁਣ ਉਹ ਕੁੜੀਆਂ ਦੀ ਮੁਸੀਬਤ ਬਣ ਗਈ। ਪਰ ਮੈਂ ਵੀ ਕੀ ਕਰਦਾ। ਸਵੇਰੇ 5.30 ਵਜੇ ਫਲਾਈਟ ਆਈ ਤੇ 11.30 ਵੱਜਣ ਵਾਲੇ ਸਨ। ਉਨ੍ਹਾਂ ਵਿਚਾਰੀਆਂ ਨੇ ਬੜੇ ਫੋਨ ਘੁਮਾਏ ਤੇ ਅਖੀਰ ਉਸ ਆਦਮੀ ਨੂੰ ਲੱਭ ਹੀ ਲਿਆ। ਏਜੰਟ ਨੂੰ ਆਪਣੇ ਸੰਪਰਕ ਵਿਚ ਲੈ ਕੇ, ਉਸਨੂੰ ਮੇਰੇ ਬਾਰੇ ਸਾਰੀ ਗੱਲ ਦੱਸੀ। ਏਜੰਟ ਨੇ ਇਕ ਘੰਟੇ ਵਿਚ ਏਅਰ-ਪੋਰਟ ਪਹੁੰਚਣ ਦਾ ਵਾਅਦਾ ਕੀਤਾ। ਮੈਨੂੰ ਤਸੱਲੀ ਹੋਈ ਕਿ ਹੁਣ ਜਹਾਜ਼ ’ਚ ਪਹੁੰਚਣ ਦਾ ਰਾਹ ਪੱਧਰਾ ਹੋ ਗਿਆ।

ਸਹੀ ਇਕ ਘੰਟੇ ਬਾਅਦ ਉਹ ਆਦਮੀ ਆਇਆ ਤੇ ਮੈਨੂੰ ਪਹਿਲਾ ਸਵਾਲ ਇਹ ਕੀਤਾ, ‘‘ਤੁਸੀਂ ਤਾਂ ਕੱਲ੍ਹ ਨੂੰ ਆਉਣਾ ਸੀ, ਅੱਜ ਕਿਸ ਤਰ੍ਹਾਂ ਆ ਗਏ? ਮੈਂ ਕੱਲ੍ਹ ਨੂੰ ਇਸੇ ਫਲਾਈਟ ’ਤੇ ਤੁਹਾਨੂੰ ਪਿੱਕ ਕਰਨਾ ਸੀ।’’

ਸਵਾਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਤਾਂ ਅਜੇ ਆਪਣਾ ਗੁੱਸਾ ਉਸ ਉੱਪਰ ਝਾੜਨਾ ਸੀ, ਪਰ ਉਸਦੇ ਸਵਾਲ ਨੇ ਮੈਨੂੰ ਭੰਬਲਭੂਸੇ ਵਿਚ ਪਾ ਦਿੱਤਾ। ਮੈਂ ਕਿਹਾ, ‘‘ਕੰਪਨੀ ਨੇ ਇਸ ਫਲਾਈਟ ਦੀ ਟਿਕਟ ਦੇ ਕੇ ਭੇਜਿਆ ਹੈ, ਮੈਂ ਆਪਣੀ ਮਰਜ਼ੀ ਨਾਲ ਤਾਂ ਆਇਆ ਨਹੀਂ।’’ ਖੈਰ ਦੋਵੇਂ ਪਾਸੇ ਗੱਲ ਸਮਝ ਆ ਗਈ ਕਿ ਗ਼ਲਤੀ ਉਸ ਬੰਦੇ ਦੀ ਨਹੀਂ, ਗ਼ਲਤੀ ਬੰਬਈ ਦਫ਼ਤਰ ਦੇ ਸਟਾਫ ਵੱਲੋਂ ਹੋਈ ਹੈ। ਮੈਂ ਵੀ ਹੁਣ ਅੱਗੇ ਕੀ ਕਹਿੰਦਾ, ਤੇ ਇਕਦਮ ਢੈਲਾ ਪੈ ਗਿਆ। ਉਸ ਨੇ ਮੇਰਾ ਸਾਮਾਨ ਆਪਣੀ ਗੱਡੀ ’ਚ ਰੱਖਿਆ ਤੇ ਮੈਨੂੰ ਗੱਡੀ ’ਚ ਬਿਠਾ ਕੇ ਚੱਲ ਪਿਆ। ਸਿਡਨੀ ਵਾਲੀ ਗੱਲ ਹੁਣ ਕਦੀ ਯਾਦ ਆਉਂਦੀ ਹੈ ਤਾਂ ਸੋਚਦਾਂ ਕਿ ਮੈਂ ਤਾਂ ਰੌਲੇ-ਰੱਪੇ ਤੋਂ ਦੂਰ ਰਹਿਣ ਵਾਲਾ ਹਾਂ, ਫਿਰ ਉਸ ਦਿਨ ਇਹ ਕਿਵੇਂ ਹੋ ਗਿਆ। ਕਦੀ ਸੋਚਦਾਂ ਇਹ ਬਚਪਨਾ ਸੀ ਤੇ ਮੇਰਾ ਵਿਵਹਾਰ ਗ਼ਲਤ ਸੀ। ਕਦੀ ਸੋਚਦਾਂ ਠੀਕ ਸੀ ਹੋਰ ਕੀ ਕਰਦਾ। ਸੱਚ ਪੁੱਛੋ ਤਾਂ ਇਹ ਠੀਕ/ਗ਼ਲਤ ਵਾਲਾ ਭੰਬਲਭੂਸਾ ਅਜੇ ਵੀ ਬਣਿਆ ਹੋਇਆ ਹੈ।

‘ਓਪੇਰਾ-ਹਾਊਸ’

ਸਿਡਨੀ ਦੁਨੀਆ ਦਾ ਇਕ ਮਸ਼ਹੂਰ ਸ਼ਹਿਰ ਹੈ ਜੋ 1788 ਈਸਵੀ ’ਚ ਬਣਿਆ, ਤੇ ਹੁਣ ‘ਨਿਊ-ਸਾਊਥ-ਵੇਲਜ਼’ ਸੂਬੇ ਦੀ ਰਾਜਧਾਨੀ ਹੈ। ਇਸ ਦੀ ਬੰਦਰਗਾਹ ’ਚ ਬਣੀ ‘ਓਪੇਰਾ-ਹਾਊਸ’ ਦੀ ਬਿਲਡਿੰਗ ਬੜੀ ਮਸ਼ਹੂਰ ਹੈ ਤੇ ਇੱਥੋਂ ਦਾ ਡਾਰਲਿੰਗ-ਹਾਰਬਰ ਵੀ ਕੋਈ ਘੱਟ ਨਹੀਂ।

- ਪਰਮਜੀਤ ਮਾਨ

Posted By: Harjinder Sodhi