ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਮੁਹਾਲੀ, ਰੂਪਨਗਰ, ਨਵਾਂ ਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ ਅਤੇ ਪਠਾਨਕੋਟ ਤਕ ਜਾਂਦੀ ਸੜਕ ਦੇ ਚੜ੍ਹਦੇ ਪਾਸੇ ਵੱਲ ਦੇ 5 ਜ਼ਿਲ੍ਹਿਆਂ ਵਿਚ ਪੈਂਦੇ ਇਲਾਕੇ ਨੂੰ ਕੰਢੀ ਦਾ ਏਰੀਆ ਕਿਹਾ ਜਾਂਦਾ ਹੈ। ਇਸ ਖੇਤਰ 'ਚ ਚੰਗਰ, ਬੀਤ, ਦੂਣੀ ਅਤੇ ਹੋਰ ਨਾਵਾਂ ਦੇ ਖਿੱਤੇ ਆਉਂਦੇ ਹਨ। ਇਨ੍ਹਾਂ ਦੀਆਂ ਵੱਖਰੀਆਂ-ਵੱਖਰੀਆਂ ਸਮੱਸਿਆਵਾਂ ਕਾਰਨ ਲੋਕ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੀ ਬੇਰੁਖੀ ਦਾ ਸੰਤਾਪ ਹੰਢਾ ਰਹੇ ਹਨ। ਪੀਣ ਵਾਲੇ ਅਤੇ ਸਿੰਚਾਈ ਲਈ ਪਾਣੀ, ਅਵਾਰਾ ਪਸ਼ੂਆਂ, ਜੰਗਲੀ ਜਾਨਵਰਾਂ ਵਲੋਂ ਕੀਤੇ ਉਜਾੜੇ ਦੀ ਸਮੱਸਿਆ ਨਾਲ ਅੱਜ ਵੀ ਇਨ੍ਹਾਂ ਖੇਤਰਾਂ ਦੇ ਲੋਕ ਜੂਝ ਰਹੇ ਹਨ। ਕੰਢੀ ਖੇਤਰ ਦੇ ਵਾਸੀਆਂ ਨੂੰ ਬੜੀਆਂ ਹੀ ਮੁਸ਼ਕਿਲਾਂ ਨਾਲ ਆਪਣਾ ਜੀਵਨ ਬਤੀਤ ਕਰਨ ਪੈਂਦਾ ਹੈ। ਇਨ੍ਹਾਂ ਦੀਆਂ ਪੱਕੀਆਂ ਹੋਈਆਂ ਫ਼ਸਲਾਂ ਸੋਕੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਰਹਿੰਦ ਖੂੰਹਦ ਫ਼ਸਲ ਵੀ ਜੰਗਲੀ ਜਾਨਵਰ ਉਜਾੜ ਦਿੰਦੇ ਹਨ।

ਅਨੇਕਾਂ ਥਾਵਾਂ 'ਤੇ ਪੀਣ ਵਾਲੇ ਪਾਣੀ ਦੀ ਭਾਰੀ ਤੰਗੀ ਹੈ। ਸਰਕਾਰਾਂ ਕੋਈ ਠੋਸ ਯਤਨ ਨਾ ਕਰ ਕੇ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਅਣਗੌਲਿਆਂ ਕਰਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ। ਜਿਸ ਦੀ ਅਗਵਾਈ ਇੱਥੇ ਦੀਆਂ ਵੱਖ-ਵੱਖ ਜੱਥੇਬੰਦੀਆਂ ਕਰ ਰਹੀਆਂ ਹਨ ।

ਸਿੰਜਾਈ ਤੇ ਪੀਣ ਵਾਲੇ ਪਾਣੀ ਦੀ ਕਮੀ

ਕੰਢੀ ਖੇਤਰ ਦੇ ਲੋਕਾਂ ਦੀ ਅਹਿਮ ਸਮੱਸਿਆ ਪੀਣ ਵਾਲੇ ਪਾਣੀ ਦੀ ਹੈ। ਅੱਜ ਵੀ ਕੰਢੀ ਖੇਤਰ ਦੀਆਂ ਔਰਤਾਂ ਦੂਰ ਦਰਾਡੇ ਤੋਂ ਘਰ ਦੇ ਗੁਜ਼ਾਰੇ ਲਈ ਪੀਣ ਯੋਗ ਪਾਣੀ ਦਾ ਪ੍ਰਬੰਧ ਕਰਦੀਆਂ ਹਨ। ਚੰਗਰ ਖੇਤਰ ਦੇ ਲੋਕ ਅੱਜ ਵੀ ਪੀਣ ਵਾਲੇ ਅਤੇ ਸਿੰਚਾਈ ਦੇ ਪਾਣੀ ਤੋਂ ਵਾਂਝੇ ਹਨ। ਇਨ੍ਹਾਂ ਲੋਕਾਂ ਨੂੰ ਫ਼ਸਲਾਂ ਲਈ ਕੁਦਰਤੀ ਸੋਮਿਆਂ ਦੇ ਪਾਣੀ 'ਤੇ ਹੀ ਨਿਰਭਰ ਕਰਨਾ ਪੈਂਦਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਪ੍ਰੰਤੂ ਹੁਣ ਤਕ ਕਿਸੇ ਵੀ ਸਰਕਾਰ ਦੁਆਰਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਲੋਕਾਂ ਨੂੰ ਵੱਡੇ ਸਬਜ਼ਬਾਗ਼ ਦਿਖਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ ਜਿਸ ਕਰਕੇ ਚੰਗਰ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।

ਜ਼ਿਕਰਯੋਗ ਹੈ ਕਿ 2007 ਵਿਚ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਚੰਗਰ ਖੇਤਰ ਵਿਚ ਸਿੰਚਾਈ ਦੇ ਪਾਣੀ ਲਈ ਅਲੱਗ-ਅਲੱਗ ਥਾਵਾਂ 'ਤੇ 13ਬੋਰਵੈੱਲਾਂ ਦਾ ਨਿਰਮਾਣ ਕੀਤਾ ਗਿਆ, ਜੋ ਕਿ ਅੱਜ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਇਨ੍ਹਾਂ ਬੋਰਵੈੱਲਾਂ 'ਤੇ ਕਰੋੜਾ ਰੁਪਇਆ ਖ਼ਰਚਿਆ ਜੋ ਕਿ ਕਿਸੇ ਵੀ ਕੰਮ ਨਾ ਆ ਸਕਿਆ। ਸਰਕਾਰ ਵਲੋਂ ਇਸ ਖੇਤਰ ਦੇ ਲੋਕਾਂ ਲਈ ਪੀਣ ਵਾਸਤੇ ਅਤੇ ਸਿੰਚਾਈ ਲਈ ਪਾਣੀ ਦੇਣ ਦਾ ਐਲਾਨ ਕੀਤਾ ਗਿਆ ਸੀ।

ਇਸ ਸਕੀਮ 'ਤੇ ਕੰਮ ਵੀ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਇਹ ਕੰਮ ਬਹੁਤੀ ਦੇਰ ਨਾ ਚੱਲ ਸਕਿਆ ਤੇ ਵਿਚਕਾਰ ਹੀ ਦਮ ਤੋੜ ਗਿਆ। ਸਿੰਚਾਈ ਵਿਭਾਗ ਨੇ ਨਹਿਰ ਤੋਂ ਪਾਣੀ ਚੁੱਕਣ ਲਈ ਪਹਿਲਾਂ ਤਾਂ 2 ਕਿਲੋਮੀਟਰ ਦੀ ਇਕ ਲੰਬੀ ਖਾਈ ਪੁਟੀ ਅਤੇ ਬਾਅਦ ਵਿਚ ਉਸ 'ਚ ਪੰਪ ਲਗਾ ਦਿੱਤੇ। ਇਸ ਨਾਲ ਲੋਕਾਂ ਦੀ ਕਈ ਏਕੜ ਜ਼ਮੀਨ ਬਰਬਾਦ ਹੋ ਗਈ। ਲੋਕਾਂ ਨੂੰ ਬਹੁਤ ਉਮੀਦ ਸੀ ਕਿ ਉਨ੍ਹਾਂ ਦੀਆਂ ਫ਼ਸਲਾਂ ਨੂੰ ਪਾਣੀ ਮਿਲੇਗਾ ਪਰ ਕੁਝ ਹੀ ਮਹੀਨਿਆਂ ਵਿਚ ਇਹ ਕੰਮ ਠੱਪ ਹੋ ਗਿਆ। ਨਤੀਜੇ ਵਜੋਂ ਚੰਗਰ ਦੇ ਲੋਕਾਂ ਨੂੰ ਆਪਣੀ ਜ਼ਮੀਨ ਪੱਧਰੀ ਕਰਨੀ ਪਈ।

ਬਾਗ਼ਬਾਨੀ

ਕੰਢੀ ਖੇਤਰ ਦੇ ਕਈ ਲੋਕਾਂ ਨੇ ਆਪਣੇ ਖੇਤਰ ਵਿਚ ਬਾਗ਼ਬਾਨੀ ਦਾ ਕਿੱਤਾ ਵੀ ਸ਼ੁਰੂ ਕੀਤਾ ਹੋਇਆ ਹੈ ਪਰ ਕੁਦਰਤ ਦੀ ਮਾਰ ਮੀਂਹ ਅਤੇ ਜੰਗਲੀ ਜਾਨਵਰਾਂ ਕਾਰਨ ਇਹ ਧੰਦਾ ਵੀ ਜ਼ਿਆਦਾ ਵਧ ਫੁਲ ਨਹੀਂ ਸਕਿਆ। ਕਿਸਾਨ ਕਦੋਂ ਤਕ ਇਸ ਫ਼ਸਲ ਦੀ ਰਾਖੀ ਕਰੇ। ਜੇ ਕਿਸਾਨ ਕੁਦਰਤੀ ਆਫਤ ਤੋਂ ਬਚ ਜਾਵੇ ਤੇ ਜੰਗਲੀ ਜਾਨਵਰ 'ਕਸਰ' ਪੂਰੀ ਕਰ ਜਾਂਦੇ ਹਨ। ਜਿਸ ਕਾਰਨ ਕਿਸਾਨ ਇਸ ਖੇਤਰ ਵਿਚ ਬਾਗ਼ਬਾਨੀ ਕਰਨ ਤੋਂ ਵੀ ਡਰਦਾ ਹੈ। ਇਸ ਕਿੱਤੇ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਪਹਾੜੀ ਏਰੀਆ ਹੋਣ ਕਾਰਨ ਇੱਥੇ ਦੀ ਮਿੱਟੀ ਬਹੁਤ ਹੀ ਉਪਜਾਊ ਹੈ ਜਿਸ 'ਤੇ ਰਿਵਾਇਤੀ ਫ਼ਸਲਾਂ ਦੇ ਬਦਲ ਵਜੋਂ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲਾਏ ਜਾਣ ਤੇ ਉਨ੍ਹਾਂ ਦੀ ਸੁਰੱਖਿਆ ਸਹੀ ਢੰਗ ਨਾਲ ਹੋ ਜਾਵੇ ਤਾਂ ਇਹ ਖਿੱਤਾ ਤੇ ਕਿੱਤਾ ਉਨ੍ਹਾਂ ਲਈ ਲਾਹੇਵੰਦ ਸਾਬਿਤ ਹੋ ਸਕਦਾ।

ਦਫ਼ਾ 4 ਦੀ ਦੁਰਵਰਤੋਂ

ਕੰਢੀ ਦੇ ਲੋਕ ਮਰਜ਼ੀ ਨਾਲ ਆਪਣੇ ਜੰਗਲ ਵਿੱਚੋਂ ਦਰੱਖ਼ਤਾਂ ਦੀ ਕਟਾਈ ਨਹੀਂ ਕਰ ਸਕਦੇ। ਜੰਗਲਾਤ ਵਿਭਾਗ ਦਫ਼ਾ 4 ਦੀ ਆੜ ਹੇਠ ਇਨ੍ਹਾਂ ਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦਾ ਆ ਰਿਹਾ ਹੈ। ਇੱਥੇ ਹੀ ਬਸ ਨਹੀਂ ਜੰਗਲਾਤ ਵਿਭਾਗ ਨੇ ਦਫ਼ਾ 5 ਦੀਆਂ ਸ਼ਰਤਾਂ ਬਹੁਤ ਸਖ਼ਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਵਿਚ ਕੋਈ ਵੀ ਸਮਰੱਥ ਨਹੀਂ ਹੈ।

ਜੰਗਲਾਤ ਦੇ ਕਰਮਚਾਰੀਆਂ ਦੀਆਂ ਮਨਮਰਜ਼ੀਆਂ ਕਾਰਨ ਲੋਕਾਂ ਨੂੰ ਮਾਨਸਿਕ ਪੀੜਾ ਵੀ ਸਹਿਣੀ ਪੈਂਦੀ ਹੈ। ਇਸ ਅਮਲ 'ਚੋਂ ਲਗਾਤਾਰ ਗੁਜ਼ਰਦਿਆਂ ਲੋਕ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ

ਲੱਗ ਜਾਂਦੇ ਹਨ।

ਟੋਲ ਟੈਕਸ ਦਾ ਬੋਝ

ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦਾ ਖੇਤਰ ਪੈਂਦਾ ਹੈ। ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਹਿਮਾਚਲ 'ਚ ਦਾਖ਼ਲ ਹੋਣ ਟੋਲ ਟੈਕਸ ਦੀ ਅਦਾਇਗੀ ਕਰਨੀ ਪੈਂਦੀ ਹੈ ਜਿਸ ਨਾਲ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਅਕਸਰ ਹਿਮਾਚਲ ਆਉਣਾ ਜਾਣਾ ਪੈਂਦਾ ਹੈ। ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੀਆਂ ਕਾਫ਼ੀ ਰਿਸ਼ਤੇਦਾਰੀਆਂ ਇਕ ਦੂਜੇ ਰਾਜ ਵਿਚ ਹਨ ਜਿਸ ਕਾਰਨ ਦੋਹਾਂ ਰਾਜਾਂ ਦੇ ਲੋਕਾਂ ਨੂੰ ਰਿਸ਼ਤੇਦਾਰੀ 'ਚ ਜਾਣ ਲਈ ਟੋਲ ਟੈਕਸ ਦੇਣ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਜਿਵੇਂ ਪੰਜਾਬ ਸਰਕਾਰ ਹਿਮਾਚਲ ਦੇ ਲੋਕਾਂ ਤੋਂ ਪੰਜਾਬ 'ਚ ਆਉਣ 'ਤੇ ਕੋਈ ਟੈਕਸ ਨਹੀਂ ਲੈਂਦੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵੀ ਅਜਿਹੀ ਵਿਵਸਥਾ ਕਰਨ ਦੀ ਲੋੜ ਹੈ।

ਨਾਮਾਤਰ ਸਿਹਤ ਸਹੂਲਤਾਂ

ਕੰਢੀ ਖੇਤਰ 'ਚ ਸਰਕਾਰੀ ਸਿਹਤ ਸਹੂਲਤਾਂ ਨਾ ਮਾਤਰ ਹੋਣ ਕਾਰਨ ਲੋਕਾਂ ਨੂੰ ਆਪਣਾ ਇਲਾਜ ਕਰਾਉਣ ਲਈ ਦੂਰ ਦੁਰਾਡੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ। ਇਲਾਕੇ ਦੇ ਪਿੰਡਾਂ ਵਿਚ ਸਿਰਫ਼ ਆਰ.ਐੱਮ.ਪੀ. ਡਾਕਟਰ ਹੀ ਇਨ੍ਹਾਂ ਲੋਕਾਂ ਦੇ 'ਦੂਜੇ ਰੱਬ' ਹਨ। ਬਲਾਕ ਨੂਰਪੁਰ ਬੇਦੀ ਵਿਚ ਇਕ ਹੀ ਪੇਂਡੂ ਹਸਪਤਾਲ ਨਜ਼ਦੀਕੀ ਪਿੰਡ ਸਿੰਘਪੁਰ ਵਿਚ ਸਥਿਤ ਹੈ ਜੋ ਕਿ ਸ਼ਹਿਰ ਤੋਂ ਦੋ ਢਾਈ ਕਿਲੋਮੀਟਰ ਦੀ ਦੂਰੀ 'ਤੇ ਹੈ ਜਿਸ ਕਾਰਨ ਅਕਸਰ ਲੋਕ ਉੱਥੇ ਆਉਣ ਤੋਂ ਗੁਰੇਜ ਕਰਦੇ ਹਨ।

ਜੇਕਰ ਕੋਈ ਅਭਾਗਾ ਉੱਥੇ ਪਹੁੰਚ ਜਾਂਦਾ ਹੈ ਤਾਂ ਕੋਈ ਸਪੈਸ਼ਲਿਸਟ ਡਾਕਟਰ ਨਹੀਂ ਮਿਲਦਾ । ਇਹ ਹੀ ਇਕ ਸਿਹਤ ਕੇਂਦਰ ਹੈ ਜਿੱਥੇ 135 ਪਿੰਡਾਂ ਦੇ ਲੋਕ ਸਿਹਤ ਸਹੂਲਤ ਲੈਣ ਲਈ ਪਹੁੰਚਦੇ ਹਨ। ਅਫਸੋਸ ਦੀ ਗੱਲ ਹੈ ਕਿ ਇਸ ਸਿਹਤ ਕਂੇਦਰ ਵਿਚ ਅਕਸਰ ਡਾਕਟਰਾਂ ਦੀ ਕਮੀ ਰਹਿੰਦੀ ਹੈ।

ਜਿਸ ਕਾਰਨ ਇਹ ਹਸਪਤਾਲ ਦੀ ਆਲੀਸ਼ਾਨ ਇਮਾਰਤ ਇਕ ਸਫ਼ੈਦ ਹਾਥੀ ਵਾਂਗ ਨਜ਼ਰ ਆਉਂਦੀ ਹੈ। ਇਹ ਵੀ ਦੇਖਣ ਵਿਚ ਆÀੁਂਦਾ ਹੈ ਜ਼ਿਆਦਾਤਰ ਡਾਕਟਰ ਛੁੱਟੀ 'ਤੇ ਹੀ ਰਹਿੰਦੇ ਹਨ। ਜਿਸ ਕਾਰਨ ਲੋਕ ਸਿਹਤ ਸੁਵਿਧਾਵਾਂ ਦੀ ਕਮੀ ਕਾਰਨ ਬਹੁਤ ਦੁਖੀ ਹੁੰਦੇ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਪੇਂਡੂ ਖੇਤਰ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਢਿੰਡੋਰਾ ਪਿੱਟਦੀ ਨਹੀਂ ਥੱਕਦੀ, ਪਰ ਪੇਂਡੂ ਖੇਤਰਾਂ ਵਿਚ ਹਕੀਕਤ ਕੁਝ ਹੋਰ ਹੀ ਹੈ।

ਬੱਚਿਆਂ ਦੇ ਮਾਹਿਰ ਡਾਕਟਰ ਦੀ ਕਮੀ ਕਾਰਨ ਬਲਾਕ ਦੇ ਲੋਕਾਂ ਨੂੰ ਦੂਰ ਦੁਰਾਡੇ ਜਾ ਕੇ ਧੱਕੇ ਖਾਣੇ ਪੈਂਦੇ ਹਨ। ਗ਼ਰੀਬ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਆਮ ਲੋਕਾਂ ਦਾ ਕਹਿਣਾ ਹੈ ਡਾਕਟਰਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਜਾ ਕੇ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਹੈ। ਮਰੀਜ਼ ਡਾਕਟਰ ਦਾ ਇੰਤਜ਼ਾਰ ਕਰਦਾ ਥੱਕ ਜਾਂਦਾ ਹੈ ਜਿਸ ਕਾਰਨ ਲੋਕ ਸ਼ਹਿਰ ਵੱਲ ਨੂੰ ਭੱਜਣ ਲਈ ਮਜਬੂਰ ਹੋ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਹਸਪਤਾਲ ਵਿਚ ਭਿਆਨਕ ਰੋਗ ਕੈਂਸਰ ਤੇ ਚਮੜੀ ਦੇ ਡਾਕਟਰਾਂ ਦਾ ਕੋਈ ਪ੍ਰਬੰਧ ਨਹੀਂ ਹੈ। ਪਿਛਲੇ ਸਮੇਂ ਦੌਰਾਨ ਕੰਢੀ ਖੇਤਰ 'ਚ ਸਿੰਚਾਈ ਲਈ ਚੈਕ ਡੈਮ ਬਣਾਏ ਗਏ ਸਨ। ਬਰਸਾਤ ਦੌਰਾਨ ਇਨ੍ਹਾਂ ਚੈਕ ਡੈਮਾਂ 'ਚ ਬਾਰਿਸ਼ ਦਾ ਪਾਣੀ ਇਕੱਤਰ ਕਰ ਕੇ ਸਿੰਚਾਈ ਲਈ ਵਰਤਿਆ ਜਾਂਦਾ ਸੀ। ਬਰਸਾਤ ਨਾ ਪੈਣ ਕਾਰਨ ਇਹ ਡੈਮ ਹੁਣ ਸੁੱਕ ਗਏ ਹਨ।

ਸਰਕਾਰ ਦਾ ਧਿਆਨ ਨਾ ਹੋਣ ਕਾਰਨ ਚੈਕ ਡੈਮਾਂ ਵਿਚ ਘਾਹ ਬੂਟੀ ਨੇ ਆਪਣੇ ਪੈਰ ਪਸਾਰ ਲਏ ਹਨ ਜਿਸ ਕਾਰਨ ਉਚਾਈ ਵਾਲੇ ਖੇਤਾਂ ਨੂੰ ਪਾਣੀ ਦੇਣ ਦੀ ਭਾਰੀ ਮੁਸ਼ਕਿਲ ਆ ਰਹੀ ਹੈ। ਪਿਛਲੇ ਸਮੇਂ ਦੌਰਾਨ ਇਹ ਚੈਕ ਡੈਮ ਕਿਸਾਨਾਂ ਲਈ ਕਾਰਗਰ ਸਿੱਧ ਹੁੰਦੇ ਸਨ ਪਰ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਇਨ੍ਹਾਂ ਦੀ ਹੋਂਦ ਖ਼ਤਰੇ ਵਿਚ ਹੈ।

ਸੰਚਾਰ ਸਾਧਨਾਂ ਦੀ ਕਮੀ

ਜਿਵੇਂ- ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਸੰਪਰਕ ਦੇ ਸਾਧਨ ਵੀ ਵੱਧ ਰਹੇ ਹਨ

ਪਰ ਕੰਢੀ ਖੇਤਰ ਵਿਚ ਟੈਲੀਕਮਿਊਨੀਕੇਸ਼ਨ ਦੀਆਂ ਸਹੂਲਤਾਂ ਬਹੁਤ ਘੱਟ ਹਨ । ਕਈ ਪਿੰਡਾਂ ਵਿਚ ਮੋਬਾਈਲ ਟਾਵਰ ਨਾ ਹੋਣ ਕਾਰਨ ਨੌਜਵਾਨਾਂ, ਬਿਜ਼ਨਸਮੈਨਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਕਾਫੀ ਦਿੱਕਤ ਪੇਸ਼ ਆਉਦੀ ਹੈ। ਅੱਜ ਦੇ ਯੁੱਗ ਮੋਬਾਈਲ ਹਰ ਆਮ-ਖ਼ਾਸ ਦੀ ਜ਼ਰੂਰਤ ਬਣ ਗਿਆ ਹੈ ਪਰ ਕੰਢੀ ਦੇ ਇਲਾਕੇ ਵਿਚ ਰੇਂਜ ਨਾ ਹੋਣ ਕਾਰਨ ਸੰਚਾਰ ਸਹੂਲਤਾਂ ਬਹੁਤ ਮਾੜੀਆਂ ਹਨ। ਕੰਢੀ ਦੇ ਪਿੰਡਾਂ ਡਿਜੀਟਲ ਇੰਡੀਆ ਅਜੇ ਸੁਪਨਾ ਹੀ ਹੈ।

ਜ਼ਮੀਨ ਬਣ ਰਹੀ ਹੈ ਬੰਜਰ

ਚੰਗਰ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਸਮੇਂ ਸਿਰ ਮੀਂਹ ਨਾ ਪੈਣ ਕਾਰਨ ਲੋਕ ਅੱਜ ਨਿਰਾਸ਼ਾ ਦੇ ਆਲਮ ਵਿਚ ਹਨ, ਕਿਉਂਕਿ ਮੀਂਹ ਨਾ ਪੈਣ ਕਾਰਨ ਲੋਕਾਂ ਵਲੋਂ ਫ਼ਸਲ ਤਾਂ ਬੀਜ ਦਿੱਤੀ ਜਾਂਦੀ ਹੈ ਪਰ ਉਸ ਦਾ ਬੀਜ ਜ਼ਮੀਨ ਅੰਦਰ ਹੀ ਗਲ਼ ਸੜ ਜਾਂਦਾ ਹੈ । ਜੇ ਮੀਂਹ ਨਾ ਪਵੇ ਤਾਂ ਖੇਤਾਂ 'ਚੋਂ ਕੁਦਰਤੀ ਹਰਿਆਲੀ ਖ਼ਤਮ ਹੋ ਜਾਵੇਗੀ ਅਤੇ ਭੁੱਖੇ ਮਰਨ ਦੇ ਅਸਾਰ ਬਣ ਜਾਣਗੇ। ਜੇ ਜ਼ਮੀਨਾਂ ਨੂੰ ਪਾਣੀ ਲੱਗਦਾ ਹੁੰਦਾ ਤਾਂ ਅੱਜ ਆਲਮ ਹੋਰ ਹੀ ਹੋਣਾ ਸੀ।

ਬਘਿਆੜੀ ਬੂਟੀ ਦਾ ਕਹਿਰ

ਕੰਢੀ ਦੇ ਲੋਕਾਂ ਨੇ ਦੱਸਿਆ ਕਿ ਸਾਡੀ ਭੂਗੋਲਿਕ ਸਥਿਤੀ ਅਨੁਸਾਰ ਕੰਢੀ ਖੇਤਰ ਵਿਚ ਚੰਦਨ ਅਤੇ ਖੈਰ ਦੇ ਬੁਟਿਆਂ ਨੂੰ ਲਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਸ ਨਾਲ ਰੋਜ਼ਗਾਰ ਦੇ ਸਾਧਨ ਪੈਦਾ ਹੋ ਸਕਣ। ਕੰਢੀ ਦੇ ਜੰਗਲਾਂ ਵਿਚ ਬਘਿਆੜੀ ਨਾਂ ਦੀ ਬੂਟੀ ਨੇ ਆਪਣੇ ਪੈਰ ਪਸਾਰ ਲਏ ਹਨ। ਜਿਸ ਕਾਰਨ ਜੰਗਲ ਵਿਚ ਬੂਟਿਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦਾ ਛੇਤੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਜੰਗਲਾਂ ਵਿਚ ਬੂਟੇ ਘੱਟ ਅਤੇ ਬਘਿਆੜੀ ਬੂਟੀ ਜ਼ਿਆਦਾ ਨਜ਼ਰ ਆਵੇਗੀ। ਬਰਸਾਤ ਦੇ ਮੌਸਮ ਵਿਚ ਜੰਗਲਾਂ ਤੇ ਪਹਾੜਾਂ ਤੋਂ ਆਉਣ ਵਾਲੇ ਪਾਣੀ ਨਾਲ ਲੱਗਣ ਵਾਲੇ ਖੋਰੇ ਕਾਰਨ ਅਬਾਦੀ ਅਤੇ ਕਿਸਾਨਾਂ ਦੇ ਖੇਤਾਂ ਨੂੰ ਜੋ ਨੁਕਸਾਨ ਹੁੰਦਾ ਹੈ ਉਸ ਤੋਂ ਬਚਣ ਲਈ ਬਰਸਾਤੀ ਪਾਣੀ ਨੂੰ ਚੈਨਲਾਇਜ਼ ਕੀਤਾ ਜਾਣਾ ਚਾਹੀਦਾ ਹੈ।

ਸਕੂਲਾਂ 'ਚ

ਅਧਿਆਪਕਾਂ ਦੀ ਕਮੀ

ਸਿੱਖਿਆ ਦੇ ਖੇਤਰ 'ਚ ਕੰਢੀ ਏਰੀਆ ਪੱਛੜ ਚੁੱਕਿਆ ਹੈ। ਇੱਥੇ ਸਰਕਾਰੀ ਸਕੂਲਾਂ ਘੱਟ ਹੋਣ ਕਾਰਨ ਕੋਈ ਵੀ ਅਧਿਆਪਕ ਇਨ੍ਹਾਂ ਸਕੂਲਾਂ ਵਿਚ ਜਾ ਕੇ ਪੜ੍ਹਾਉਣ ਦੀ ਖੇਚਲ ਨਹੀਂ ਕਰਦਾ। ਇਨ੍ਹਾਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਅਧਿਆਪਕ ਹੋਰ ਸਕੂਲਾਂ 'ਚ ਜਾ ਕੇ ਪੜ੍ਹਾਉਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਇਸ ਇਲਾਕੇ ਦੇ ਬੱਚੇ ਸਿÎੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਸਿੱਖਿਆ ਸਹੂਲਤਾਂ ਦੀ ਕਮੀ ਕਾਰਨ ਚੰਗਰ ਖੇਤਰ ਦੇ ਲੋਕ ਬਹੁਤੇ ਪੜ੍ਹੇ ਲਿਖੇ ਨਾ ਹੋਣ ਕਰਕੇ ਸਰਕਾਰੀ ਨੌਕਰੀਆਂ ਤੋਂ ਵਾਂਝੇ ਹਨ। ਅਨਪੜ੍ਹਤਾ ਕਾਰਨ ਲੋਕਾਂ ਨੂੰ ਆਪਣੀ ਜ਼ਮੀਨ 'ਤੇ ਹੀ ਨਿਰਭਰ ਰਹਿਣਾ ਪੈਂਦਾ ਹੈ ਅਤੇ ਛੋਟੇ ਮੋਟੇ ਧੰਦੇ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ।

ਨਹਿਰ ਕੱਢਣ ਦੀ ਮੰਗ

ਰੂਪਨਗਰ ਤਹਿਸੀਲ 'ਚ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਪਿਛਲੀ ਸਰਕਾਰ ਨੇ ਦਸਮੇਸ਼ ਨਹਿਰ ਨੂੰ ਬਣਾਉਣ ਦਾ ਏਜੰਡਾ ਤਾਂ ਬਣਾਇਆ ਸੀ ਪਰ ਉਸ ਦਾ ਕੰਮ ਠੰਢੇ ਬਸਤੇ ਵਿਚ ਪੈਣ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਕੀ ਹੋਣਾ ਸੀ ਸਗੋਂ ਹੋਰ ਵੱਧ ਗਈਆਂ ਹਨ। ਕੰਢੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਰੂਪਨਗਰ ਵਿਚ ਨੂਰਪੁਰ ਬੇਦੀ ਬਲਾਕ ਵਿਚ ਨੰਗਲ ਤਕ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਟਿੱਬਾ ਟੱਪਰੀਆਂ ਤਕ ਸ਼ਾਹਪੁਰ ਕੰਢੀ ਡੈਮ ਵਿੱਚੋਂ ਤਰਿਟੀ ਤੋਂ ਹੁੰਦੀ ਹੋਈ ਮਨਵਾਲ ਪਿੰਡ ਤਕ ਨਹਿਰ ਦਾ ਨਿਰਮਾਣ ਕਰ ਕੇ ਕੰਢੀ ਖੇਤਰ ਨੂੰ ਰਾਹਤ ਦੇਣੀ ਚਾਹੀਦੀ ਹੈ। ਬੀਤ ਇਲਾਕੇ ਨੂੰ ਪਾਣੀ ਦੇਣ ਲਈ ਗੜ੍ਹੀ ਮਨਣਸੋ ਵਾਲ ਤੇ ਖੁਰਾਲਗੜ੍ਹ ਦੇ ਵਿਚਕਾਰ ਚੱਕ ਡੈਮ ਬਣਾ ਕੇ ਖੇਤੀ ਲਈ ਪਾਣੀ ਦਾ ਪ੍ਰਬੰਧ ਕਰਨ ਵਿਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਜਿੱਥੇ ਨਹਿਰਾਂ ਦਾ ਪਾਣੀ ਨਹੀਂ ਲੱਗਦਾ, ਉਥੇ ਸਿੰਚਾਈ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨ ਮੀਂਹ ਦੇ ਪਾਣੀ 'ਤੇ ਨਿਰਭਰ ਕਰਦੇ ਹਨ।

ਬੇਲੋੜੀ ਮਾਈਨਿੰਗ ਕਾਰਨ ਬਰਬਾਦੀ


ਕੰਢੀ ਇਲਾਕੇ ਵਿਚ ਲਗਾਤਾਰ ਮਾਈਨਿੰਗ ਹੋਣ ਕਾਰਨ ਜੰਗਲਾਂ ਦੀ ਦਿਨ ਪ੍ਰਤੀ ਦਿਨ ਬਰਬਾਦੀ ਕੀਤਾ ਜਾ ਰਹੀ ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸ ਕੁਦਰਤੀ ਸੁਹੱਪਣ ਨੂੰ ਇਹ ਮਾਈਨਿੰਗ ਮਾਫੀਆ ਆਪਣੀਆਂ ਜੇਬਾਂ ਭਰਨ ਦੀ ਆੜ ਵਿਚ ਦਿਨ ਰਾਤ ਤਬਾਹ ਕਰਦਾ ਪਹਾੜਾਂ ਨੂੰ ਕੱਟਦਾ ਜਾ ਰਿਹਾ ਹੈ। ਜਿਸ ਨਾਲ ਕੁਦਰਤੀ ਸੋਮੇ ਖ਼ਤਮ ਹੁੰਦੇ ਜਾ ਰਹੇ ਹਨ ਤੇ ਵਾਤਾਵਰਨ ਇਨ੍ਹਾਂ ਦੀ ਨਲਾਇਕੀ ਕਾਰਨ ਦੂਸ਼ਿਤ ਹੋ ਰਿਹਾ ਹੈ। ਪੰਜਾਬ ਅੰਦਰ ਮਾਈਨਿੰਗ ਮਾਫੀਆ ਆਪਣਾ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ। ਜਿਸ ਨਾਲ ਕੰਢੀ ਦੇ ਵੱਡੇ ਪਹਾੜ ਆਪਣੀ ਖ਼ੂਬਸੂਰਤੀ ਖ਼ਤਮ ਕਰ ਚੁੱਕੇ ਹਨ। ਜੰਗਲੀ ਜੀਵ ਜੰਗਲ ਤੇ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕਿਆਂ ਨੂੰ ਪਲਾਇਨ ਕਰ ਚੁੱਕੇ ਹਨ ਜਿਸ ਕਾਰਨ ਇਹ ਜੀਵ ਮਨੁੱਖ ਲਈ ਖ਼ਤਰਾ ਬਣ ਚੁੱਕੇ ਹਨ।

ਸ਼ਾਹਪੁਰ ਕੰਢੀ ਡੈਮ ਬਣਾਉਣ ਸਮੇਂ ਕੰਢੀ ਖੇਤਰ ਦੇ ਕਈ ਪਰਿਵਾਰਾਂ ਦਾ ਉਜਾੜਾ ਕੀਤਾ ਗਿਆ ਸੀ ਪਰ ਇਨ੍ਹਾਂ ਪਰਿਵਾਰਾਂ ਦੇ ਰੁਜ਼ਗਾਰ ਪ੍ਰਤੀ ਸਰਕਾਰ ਨੇ ਕੁਝ ਨਹੀਂ ਸੋਚਿਆ ਜਿਸ ਕਾਰਨ ਆਪਣੀ ਜ਼ਮੀਨ ਛੱਡ ਕੇ ਉਨ੍ਹਾਂ ਨੂੰ ਆਪਣਾ ਵਸੇਬਾ ਹੋਰ ਥਾਂ ਕਰਨਾ ਪਿਆ। ਬੇਰੁਜ਼ਗਾਰੀ ਦਾ ਆਲਮ ਹੋਣ ਕਾਰਨ ਇਨ੍ਹਾਂ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੇ ਸ਼ਾਹਪੁਰ ਕੰਢੀ ਡੈਮ ਬਣਾਇਆ ਹੈ ਤਾਂ ਇਸ ਦੇ ਨੇੜੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਸੀ।

ਕੰਢੀ ਇਲਾਕੇ 'ਚ ਜ਼ਿਅਦਾ ਕਰ ਕੇ ਸੜਕਾਂ ਦਾ ਬਹੁਤ ਹੀ ਮੰਦਾ ਹਾਲ ਹੈ।

ਸੜਕ ਵਿਚ ਪਏ ਟੋਇਆਂ ਅਤੇ ਪੁਲੀਆਂ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਲੋਕਾਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨਾਲ ਇਨ੍ਹਾਂ ਲੋਕਾਂ ਦਾ ਬਾਕੀ ਕਸਬਿਆਂ ਨਾਲੋਂ ਬਰਸਾਤ ਦੇ ਮੌਸਮ ਵਿਚ ਸੰਪਰਕ ਟੁੱਟ ਜਾਂਦਾ ਹੈ ਅਤੇ ਇਹ ਲੋਕ ਆਪਣੇ ਆਪ ਨੂੰ ਟਾਪੂ ਨੁਮਾ ਇਲਾਕੇ ਦੇ ਮਹਿਸੂਸ ਕਰਦੇ ਹਨ। ਸਰਕਾਰਾਂ ਵਲੋਂ ਕੰਢੀ ਇਲਾਕੇ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਸਮੇਂ-ਸਮੇਂ 'ਤੇ ਮੁਰੰਮਤ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਹ ਆਪਣੇ ਸਮੇਂ ਤੋਂ ਪਹਿਲਾਂ ਹੀ ਟੁੱਟ ਜਾਂਦੀਆਂ ਹਨ। ਇਨ੍ਹਾਂ ਸੜਕਾਂ 'ਤੇ ਚੱਲਣਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ। ਵੱਡੇ-ਵੱਡੇ ਟੋਏ ਪੈਣ ਕਾਰਨ ਰਾਹਗੀਰਾਂ ਨੂੰ ਰੋਜ਼ਾਨਾ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ ਬਹੁਤੀ ਵਾਰ ਇਹ ਕੀਮਤੀ ਜਾਨਾਂ ਦਾ ਖੌ ਵੀ ਬਣ ਚੁੱਕੇ ਹਨ।

ਕੰਢੀ ਖੇਤਰ ਵਿਚ ਬੇਰੋਜ਼ਗਾਰੀ ਦਾ ਆਲਮ ਹੋਣ ਦੇ ਬਾਵਜੂਦ ਸਮੇਂ-ਸਮੇਂ ਬਣਨ ਵਾਲੀਆਂ ਸਰਕਾਰਾਂ ਵਲੋਂ ਨੌਜਵਾਨਾਂ ਲਈ ਖੇਤੀ ਆਧਾਰਤ ਕਾਰਖਾਨੇ ਅਤੇ ਹੋਰ ਪ੍ਰਾਜੈਕਟਾਂ ਰਾਹੀਂ ਰੋਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਭਾਵੇਂ ਕੇਂਦਰ ਸਰਕਾਰ ਵਲੋਂ ਪਿੰਡਾਂ ਵਿਚ ਮਨਰੇਗਾ ਸਕੀਮ ਤਹਿਤ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਪਰ ਕੰਢੀ ਖੇਤਰ ਵਿਚ ਮੁਸ਼ਕਿਲਾਂ ਬਾਕੀ ਪੰਜਾਬ ਨਾਲੋਂ ਥੋੜ੍ਹਾ ਵੱਖਰੀਆਂ ਹਨ ਇਸ ਲਈ ਇੱਥੇ ਵੱਡੀ ਪੱਧਰ 'ਤੇ ਰੋਜ਼ਗਾਰ ਦੇ ਸਾਧਨ ਜੁਟਾਏ ਜਾਣ ਦੀ ਲੋੜ ਹੈ ਤਾਂ ਜੋ ਲਗਾਤਾਰ ਰੋਜ਼ਗਾਰ ਮਿਲ ਸਕੇ। ਸ਼ਿਵਾਲਿਕ ਦੀਆਂ ਪਹਾੜੀਆਂ 'ਚ ਰੋਜ਼ਗਾਰ ਪੈਦਾ ਕਰਨ ਲਈ ਇਸ ਖਿੱਤੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰ ਕੇ ਰੋਜ਼ਗਾਰ ਵਿਚ ਵਾਧਾ ਕਰਨ ਵੱਲ ਪਹਿਲ ਕਦਮੀ ਕਰਨੀ ਚਾਹੀਦੀ ਹੈ।

- ਪਵਨ ਕੁਮਾਰ

98780-25179

Posted By: Harjinder Sodhi