ਜ਼ਿਲ੍ਹਾ ਨਵਾਂਸ਼ਹਿਰ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਕ ਦਾ ਸਫ਼ਰ ਤਹਿ ਕਰ ਲਿਆ ਹੈ ਪਰ ਹਾਲੇ ਬਹੁਤ ਕੁੱਝ ਹੋਣਾ ਬਾਕੀ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਪਹਿਲਾਂ ਨਵਾਂਸ਼ਹਿਰ ਵਜੋਂ ਜਾਣਿਆ ਜਾਂਦਾ ਸੀ, ਨੂੰ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚੋਂ 7 ਨਵੰਬਰ 1995 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸ਼ੁੱਭ ਮੌਕੇ ’ਤੇ ਪੰਜਾਬ ਰਾਜ ਦੇ ਸੋਲ੍ਹਵੇਂ ਜ਼ਿਲ੍ਹੇ ਵਜੋਂ ਮਾਨਤਾ ਮਿਲੀ ਸੀ। 29 ਸਤੰਬਰ 2008 ਨੂੰ ਪੰਜਾਬ ਸਰਕਾਰ ਨੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਵਜੋਂ ਨਵਾਂਸ਼ਹਿਰ ਤੋਂ ਇਸ ਦਾ ਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਂਅ ’ਤੇ ਸ਼ਹੀਦ ਭਗਤ ਸਿੰਘ ਨਗਰ ਰੱਖਣ ਲਈ ਨੋਟੀਫਿਕੇਸ਼ਨ ਨੰਬਰ 19/7/07-ਐਲਆਰ-4/7929 ਜਾਰੀ ਕੀਤਾ।

ਜ਼ਿਲੇ੍ਹ ’ਚ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਅੱਜ ਵੀ ਪਿੰਡ ਖਟਕੜ ਕਲਾਂ ਵਿਖੇ ਬਣਿਆ ਹੈ। ਜਿਸ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਖਟਕੜ ਕਲਾਂ ਵਿਖੇ ਮਹਾਨ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਫਲਸਫ਼ੇ ਨੂੰ ਦਰਸਾਉਦਾ ਇਕ ਅਤਿ ਆਧੁਨਿਕ ਅਜਾਇਬ ਘਰ ਵੀ ਬਣਾਇਆ ਹੈ। ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਪਰਿਵਾਰ ਕੈਨੇਡਾ, ਯੂਕੇ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਵਸੇ ਹੋਏ ਹਨ। ਸਿੱਟੇ ਵਜੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਭਾਰਤ ਵਿਚ ਵੱਡੀ ਮਾਤਰਾ ਵਿਚ ਪੈਸਾ ਭੇਜਿਆ ਜਾ ਰਿਹਾ ਹੈ ਜੋ ਜ਼ਿਲ੍ਹੇ ਦੇ ਆਰਥਿਕ ਵਿਕਾਸ ਅਤੇ ਖ਼ੁਸ਼ਹਾਲੀ ਵਿਚ ਯੋਗਦਾਨ ਪਾਉਦਾ ਹੈ।

ਜ਼ਿਲ੍ਹੇ ਦੇ ਕਲਾਕਾਰਾਂ ਦੀ ਬਾਲੀਵੁੱਡ ’ਚ ਝੰਡੀ

ਬਾਲੀਵੁੱਡ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਦੇ ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਬੀਆਰ ਚੋਪੜਾ ਅਤੇ ਚੋਪੜਾ ਪਰਿਵਾਰ ਜ਼ਿਲ੍ਹੇ ਨਾਲ ਸਬੰਧਤ ਸਨ। ਉਨ੍ਹਾਂ ਨੇ 1988 ਵਿਚ ਮਹਾਂਕਾਵਿ ਅਤੇ ਪ੍ਰਸਿੱਧ ਟੀਵੀ ਲੜੀ, ਮਹਾਭਾਰਤ ਦਾ ਨਿਰਮਾਣ ਕੀਤਾ। ਉਨ੍ਹਾਂ ਨੂੰ 1998 ਵਿਚ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਛੋਟੇ ਭਰਾ ਮਰਹੂਮ ਯਸ਼ ਚੋਪੜਾ, ਮਰਹੂਮ ਪੁੱਤਰ ਰਵੀ ਚੋਪੜਾ ਨੂੰ ਵੀ ਫਿਲਮਾਂ ਵਿਚ ਪ੍ਰਸਿੱਧੀ ਮਿਲੀ ਅਤੇ ਭਤੀਜੇ ਆਦਿੱਤਿਆ ਚੋਪੜਾ ਵੀ ਬਾਲੀਵੁੱਡ ਇੰਡਸਟਰੀ ਵਿਚ ਨਿਰਦੇਸ਼ਕ ਹਨ। ਉੱਘੇ ਅਦਾਕਾਰ ਮਦਨ ਲਾਲ ਪੁਰੀ ਦਾ ਜਨਮ ਨਵਾਂਸ਼ਹਿਰ ਪੰਜਾਬ ਵਿਚ ਹੋਇਆ। ਉਹ ਜ਼ਿਲ੍ਹੇ ਦੇ ਰਾਹੋਂ ਸ਼ਹਿਰ ਵਿਚ ਪੜ੍ਹਦੇ ਸੀ। ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਮਰਹੂਮ ਅਮਰੀਸ਼ ਪੁਰੀ ਦੇ ਵੱਡੇ ਭਰਾ ਸਨ। ਮੁਹੰਮਦ ਜ਼ਹੂਰ ਖਯਾਮ, ਜੋ ਕਿ ਖਯਾਮ ਵਜੋਂ ਜਾਣੇ ਜਾਂਦੇ ਹਨ, ਭਾਰਤੀ ਸੰਗੀਤ ਨਿਰਦੇਸ਼ਕ ਅਤੇ ਬੈਕਗ੍ਰਾਊਂਡ ਸਕੋਰ ਕੰਪੋਜ਼ਰ ਸੀ। ਉਨ੍ਹਾਂ ਨੇ ਤਿੰਨ ਫਿਲਮਫੇਅਰ ਅਵਾਰਡ ਜਿੱਤੇ ਅਤੇ 2011 ਲਈ ਭਾਰਤ ਸਰਕਾਰ ਦੁਆਰਾ ਤੀਸਰੇ-ਉੱਚਤਮ ਨਾਗਰਿਕ ਸਨਮਾਨ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬਹੁਤ ਸਾਰੇ ਉੱਘੇ ਗਾਇਕ ਕਲਾਕਾਰ ਜੈਜ਼ੀ ਬੀ, ਰੌਸ਼ਨ ਪਿ੍ਰੰਸ, ਪ੍ਰਵੀਨ ਭਾਰਟਾ, ਅਨਮੋਲ ਵਿਰਕ, ਜੋਤੀ ਅਰੋੜਾ, ਅਮਨਦੀਪ ਅਰੋੜਾ, ਸਿਮਰਨ ਸਹਿਜਪਾਲ, ਜਸਵਿੰਦਰ ਜੱਸੀ, ਸਤਵਿੰਦਰ ਲਵਲੀ, ਸਮੇਤ ਹੋਰ ਵੀ ਕਲਾਕਾਰ ਅਤੇ ਅਦਾਕਾਰ ਆਪਣੇ ਖੇਤਰ ਵਿਚ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰ ਰਹੇ ਹਨ।

ਖੇਤੀਬਾੜੀ ਸੁਧਾਰ ’ਚ

ਡਾ. ਡੀਆਰ ਭੂੰਬਲਾ ਖੇਤਰੀ ਖੋਜ ਕੇਂਦਰ ਦਾ ਯੋਗਦਾਨ

ਡਾ. ਡੀਆਰ ਭੁੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਬਲਾਚੌਰ ਸਬ-ਡਵੀਜ਼ਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਚਲਾਇਆ ਜਾਂਦਾ ਹੈ। ਕੇਂਦਰ ਦੀ ਸਥਾਪਨਾ ਭੂਮੀ ਅਤੇ ਜਲ ਪ੍ਰਬੰਧਨ ਵਿਚ ਲੋੜ-ਅਧਾਰਿਤ ਸਥਾਨ ਵਿਸ਼ੇਸ਼ ਖੋਜ ਕਰਨ, ਮਾਈਕਰੋ ਵਾਟਰਸ਼ੈੱਡ ਹਾਈਡ੍ਰੋਲੋਜੀ, ਵਾਟਰ ਹਾਰਵੈਸਟਿੰਗ, ਮੀਂਹ ਦੇ ਪਾਣੀ ਦੀ ਸੰਭਾਲ ਦੇ ਅਭਿਆਸਾਂ, ਭੂਮੀ ਸੰਭਾਲ ਤਕਨਾਲੋਜੀ, ਖੇਤੀ ਯੋਗ ਫ਼ਸਲਾਂ ਲਈ ਢੁਕਵੀਂ ਫਸਲ ਉਤਪਾਦਨ ਤਕਨਾਲੋਜੀ ਅਤੇ ਫ਼ਸਲੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।

ਧਾਰਮਿਕ ਅਸਥਾਨਾਂ ਅਤੇ ਸੰਗਤਾਂ ਦੀ ਭਰਮਾਰ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਧਾਰਮਿਕ ਅਸਥਾਨ ਸੂਰਜ ਕੁੰਡ ਇਕ ਅਜਿਹੀ ਜਗ੍ਹਾ ਹੈ ਜਿੱਥੇ ਇਕ ਪੂਰਾ ਕੁੰਡ ਸਥਿਤ ਹੈ। ਜਦਕਿ ਪੂਰੀ ਦੁਨੀਆ ਦੇ ਢਾਈ ਕੁੰਡ ਮਸ਼ਹੂਰ ਹਨ। ਜ਼ਿਲ੍ਹੇ ਵਿਚ ਹੋਰ ਵੀ ਕਈ ਧਾਰਮਿਕ ਅਸਥਾਨ ਹਨ

ਜਿਵੇਂ ਸ਼ਿਵਾਲਾ ਬੰਨ੍ਹਾ ਮੱਲ, ਸਨੇਹੀ ਮੰਦਰ, ਗੀਤਾ ਭਵਨ ਮੰਦਰ, ਸ੍ਰੀ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਟਾਹਲੀ ਸਾਹਿਬ, ਗੁਰਦੁਆਰਾ ਭਾਈ ਸਿੱਖ ਸਮੇਤ ਵੱਖ-ਵੱਖ ਦੇਵੀ ਦੇਵਤਿਆਂ, ਪੀਰਾਂ ਪੈਗੰਬਰਾਂ ਦੇ ਅਸਥਾਨ ਹਨ ਪਰ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਰਾਜਾ ਸਾਹਿਬ ਮਜਾਰਾ ਨੌਂ ਅਬਾਦ ਵਿਖੇ ਲੋਕ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾ ਨਤਮਸਤਕ ਹੁੰਦੇ ਹਨ।

ਜ਼ਿਲ੍ਹੇ ਦੀਆਂ ਮੰਗਾਂ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ ਪਿਛਲੇ ਕਾਫੀ ਸਮੇਂ ਤੋਂ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਨਵਾਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ 200 ਬੈਡ ਦਾ ਹਸਪਤਾਲ ਹੈ। ਜਦਕਿ ਮੈਡੀਕਲ ਕਾਲਜ ਖੋਲ੍ਹਣ ਲਈ 250 ਬੈਡ ਦੀ ਲੋੜ ਹੈ। ਇਸ ਲਈ ਇਸ ਨੂੰ 250 ਬੈੱਡ ਦਾ ਹਸਪਤਾਲ ਬਣਾਇਆ ਜਾਵੇ। ਮੈਡੀਕਲ ਕਾਲਜ, ਹਾਈਵੇ ’ਤੇ ਹੋਣ ਕਰਕੇ ਟਰੋਮਾ ਸੈਂਟਰ ਬਣਾਇਆ ਜਾ ਸਕਦਾ ਹੈ। ਸਿਵਲ ਹਸਪਤਾਲ ਨਵਾਂਸ਼ਹਿਰ ਜੋ ਕਿ ਪਿੰਡ ਬਰਨਾਲਾ ਕਲਾਂ ਦੀ ਜ਼ਮੀਨ ਵਿਚ ਸਥਿਤ ਹੈ ਤੇ ਵਧੀਆ ਲੋਕੇਸ਼ਨ ਅਤੇ ਚੰਡੀਗੜ੍ਹ ਨਵਾਂਸ਼ਹਿਰ ਮੁੱਖ ਮਾਰਗ ’ਤੇ ਸਥਿਤ ਹੈ। ਪਰ ਇਸ ਨੂੰ ਨਵਾਂਸ਼ਹਿਰ-ਫਗਵਾੜਾ ਫੋਰ ਲੇਨ ਨਾਲ ਜੋੜਨ ਦਾ ਕੰਮ ਅੱਧ ਵਿਚਾਲੇ ਹੋਣ ਕਾਰਨ ਇਸ ਨੂੰ ਜੋੜਨ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਮੰਗ ਅਨੁਸਾਰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਬਣਾਉਣ ਦਾ ਰਸਤਾ ਸਾਫ਼ ਹੋ ਸਕੇ। ਭਾਵੇੇਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਕੀਤੀ ਗਈ ਹੈ ਪਰ ਹਾਲੇ ਵੀ ਕੁਝ ਕੁ ਸਰਕਾਰੀ ਦਫ਼ਤਰ, ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਰਿਹਾਇਸ਼, ਪੁਲਿਸ ਲਾਈਨ, ਪੁਲਿਸ ਥਾਣੇ ਅਤੇ ਚੌਂਕੀਆਂ ਕਿਰਾਏ ਦੀਆਂ ਬਿਲਡਿੰਗਾਂ ਵਿਚ ਚੱਲ ਰਹੇ ਹਨ। ਜ਼ਿਲ੍ਹੇ ਵਿਚ ਆਈਟੀਆਈ ਨਵਾਂਸ਼ਹਿਰ ਖੇਡ ਸਟੇਡੀਅਮ ਬਣਿਆ ਹੋਇਆ ਹੈ ਪਰ ਉਸ ਦੇ ਟਰੈਕ ਅਤੇ ਸਾਧਨਾਂ ਦੀ ਘਾਟ ਕਾਰਨ ਇਲਾਕੇ ਦੇ ਨੌਜਵਾਨ ਖੇਡ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ। ਜੇਕਰ ਕੇਂਦਰ ਅਤੇ ਸੂਬਾ ਸਰਕਾਰ ਜ਼ਿਲ੍ਹੇ ਵਿਚ ਕੌਮਾਂਤਰੀ ਖੇਡ ਸਟੇਡੀਅਮ ਬਣਾਉਣ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਸਕੇਗੀ।

ਮੁੱਖ ਮੰਤਰੀ ਦਾ ਸਹੂੰ ਚੁੱਕ ਸਮਾਗਮ ਬਣਿਆ ਚਰਚਾ ਦਾ ਵਿਸ਼ਾ

ਪੰਜਾਬ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 28ਵੇਂ ਮੁੱਖ ਮੰਤਰੀ ਵੱਜੋਂ ਸ. ਭਗਵੰਤ ਸਿੰਘ ਮਾਨ ਵੱਲੋਂ 16 ਮਾਰਚ 2022 ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰੁ ਚੁੱਕ ਸਮਾਗਮ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਸੀ। ਇਸ ਸਮਾਗਮ ਵਿਚ ਪੰਜਾਬ ਦੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਸੀ। ਜਦਕਿ ਵਿਸ਼ੇਸ਼ ਤੌਰ ਤੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਆਪ ਨੇਤਾਵਾਂ ਸਮੇਤ ਆਪ ਦੇ ਸਾਰੇ 91 ਜੇਤੂ ਵਿਧਾਇਕਾਂ ਨੇ ਸਹੁੰ ਚੁੱਕ ਸਮਾਗਮ ’ਚ ਸ਼ਿਰਕਤ ਕੀਤੀ ਸੀ। ਇਸ ਸਮਾਗਮ ਨੂੰ ਲੈ ਕੇ ਸੂਬੇ ਸਮੇਤ ਦੇਸ਼ਾਂ, ਵਿਦੇਸ਼ਾਂ ਵਿਚ ਭਾਰੀ ਚਰਚਾ ਰਹੀ ਸੀ।

ਸਰਕਾਰੀ ਕਾਲਜ ਵਿਚ ਨਵੇਂ ਕੋਰਸਾਂ ਅਤੇ ਅਧਿਆਪਕਾਂ ਦੀ ਘਾਟ

ਸਰਕਾਰੀ ਕਾਲਜ ਜਾਡਲਾ ਵਿਖੇ ਸਾਰੇ ਸਟਰੀਮ ਦੇ ਕੋਰਸਾਂ ਨੂੰ ਸ਼ੁਰੂ ਕਰਨ ਅਤੇ ਪੜ੍ਹਾਈ ਦੇ ਅਨੁਸਾਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਵੱਲ ਸਰਕਾਰ ਨੂੰ ਬਣਦੀ ਗੌਰ ਕਰਨੀ ਚਾਹੀਦਾ ਹੈ। ਇਸੇ ਤਰ੍ਹਾਂ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿਖੇ ਵੀ ਸਰਕਾਰੀ ਕਾਲਜ ਖੋਲ੍ਹਣ ਨੂੰ ਤਰਜੀਹ ਦੇਣ ਦੀ ਮੰਗ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।

1267 ਵਰਗ ਕਿਲੋਮੀਟਰ ਹੈ ਜ਼ਿਲ੍ਹੇ ਦਾ ਖੇਤਰਫਲ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦੇ ਛੋਟੇ ਜ਼ਿਲ੍ਹਿਆਂ ਵਿੱਚੋਂ ਇਕ ਹੈ ਅਤੇ ਇਸ ਦਾ ਖੇਤਰਫਲ 1267 ਵਰਗ ਕਿਲੋਮੀਟਰ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ 612310 ਦੀ ਆਬਾਦੀ ਵਾਲਾ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਮੀਨ ਸਤਲੁਜ ਦਰਿਆ ਹੋਣ ਕਾਰਨ ਉਪਜਾਊ ਹੈ ਅਤੇ ਬਲਾਚੌਰ ਸਬ-ਡਵੀਜ਼ਨ ਦੇ ਕੰਢੀ ਖੇਤਰ ਵਿਚ ਪੈਂਦੇ ਕੁਝ ਹਿੱਸੇ ਨੂੰ ਛੱਡ ਕੇ ਟਿਊਬਵੈੱਲਾਂ ਅਤੇ ਨਹਿਰਾਂ ਰਾਹੀਂ ਸਿੰਜਾਈ ਕੀਤੀ ਜਾਂਦੀ ਹੈ।

ਅੰਗਰੇਜ਼ਾਂ ਦੇ ਸਮੇਂ ਬਣੀਆਂ ਸਨਰੇਲਵੇ ਲਾਈਨਾਂ

ਇਸ ਜ਼ਿਲ੍ਹੇ ਵਿਚ ਰੇਲਵੇ ਸਟੇਸ਼ਨ ਅਤੇ ਰੇਲਵੇ ਲਾਈਨਾਂ 1914 ਵਿਚ ਸਥਾਪਿਤ ਕੀਤੀਆਂ ਗਈਆਂ ਸਨ। ਰੇਲ ਰਾਹੀਂ ਸਮੱਗਰੀ ਦੀ ਆਵਾਜਾਈ ਅਤੇ ਢੋਆ-ਢੁਆਈ ਲਈ ਇਹ ਜ਼ਿਲ੍ਹਾ ਰਾਹੋਂ, ਜਲੰਧਰ, ਜੇਜੋਂ ਅਤੇ ਫਗਵਾੜਾ ਨਾਲ ਜੁੜਿਆ ਹੋਇਆ ਹੈ। ਇਸ ਜ਼ਿਲ੍ਹੇ ਤੋਂ ਚੌਲ, ਕਣਕ, ਮੱਕੀ ਅਤੇ ਖੰਡ ਭਾਰਤ ਦੇ ਦੂਜੇ ਹਿੱਸਿਆਂ ਵਿਚ ਭੇਜੀ ਜਾਂਦੀ ਹੈ।

ਚਾਰ ਜ਼ਿਲ੍ਹਿਆਂ ਨਾਲ ਘਿਰਿਆ ਹੈ ਸ਼ਹੀਦ ਭਗਤ ਸਿੰਘ ਨਗਰ

ਸ਼ਹੀਦ ਭਗਤ ਸਿੰਘ ਨਗਰ ਸਤਲੁਜ ਦਰਿਆ ਦੇ ਸੱਜੇ ਕੰਢੇ ’ਤੇ ਪੰਜਾਬ ਦੇ 31.8ਐੱਨ ਅਤੇ 76.7 ਈ ਭਾਗ ਵਿਚ ਸਥਿਤ ਹੈ। ਜ਼ਿਲ੍ਹੇ ਤੋਂ ਰਾਜ ਦੀ ਰਾਜਧਾਨੀ ਚੰਡੀਗੜ੍ਹ ਦੀ ਦੂਰੀ 92 ਕਿਲੋਮੀਟਰ ਹੈ। ਸ਼ਹੀਦ ਭਗਤ ਸਿੰਘ ਨਗਰ ਚਾਰ ਜ਼ਿਲ੍ਹਿਆਂ ਨਾਲ ਘਿਰਿਆ ਹੋਇਆ ਹੈ। ਜ਼ਿਲ੍ਹੇ ਦੀ ਪੱਛਮੀ ਸਰਹੱਦ ਜਲੰਧਰ ਨੂੰ ਛੂੰਹਦੀ ਹੈ, ਪੂਰਬੀ ਸਰਹੱਦ ਰੂਪਨਗਰ (ਰੋਪੜ) ਜ਼ਿਲ੍ਹੇ ਨਾਲ ਲੱਗਦੀ ਹੈ, ਜ਼ਿਲ੍ਹੇ ਦੀ ਉੱਤਰੀ ਸਰਹੱਦ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਮਿਲਦੀ ਹੈ ਅਤੇ ਦੱਖਣ ਵਿਚ ਇਹ ਲੁਧਿਆਣਾ (ਭਾਰਤ ਦੇ ਮਾਨਚੈਸਟਰ ਵਜੋਂ ਜਾਣੇ ਜਾਂਦੇ) ਅਤੇ ਕਪੂਰਥਲਾ ਜ਼ਿਲ੍ਹੇ ਨਾਲ ਮਿਲਦੀ ਹੈ।

- ਪ੍ਰਦੀਪ ਭਨੋਟ

Posted By: Harjinder Sodhi