ਸੰਨ 1988 ’ਚ ਦੂਰਦਰਸ਼ਨ ਤੋਂ ਇਕ ਸੀਰੀਅਲ ਵਿਖਾਇਆ ਜਾ ਰਿਹਾ ਸੀ। ਸੀਰੀਅਲ ਦਾ ਨਾਂ ਸੀ ‘ਹਿਮਾਲਿਆ ਦਰਸ਼ਨ’। ਉਨ੍ਹਾਂ ਦਿਨਾਂ ’ਚ ਬਲੈਕ ਐਂਡ ਵਾੲ੍ਹੀਟ ਟੀ.ਵੀ. ਹੁੰਦੇ ਸਨ। ‘ਹਿਮਾਲਿਆ ਦਰਸ਼ਨ’ ਦਾ ਇਕ ਐਪੀਸੋਡ ਭਰਮੌਰ ’ਤੇ ਫਿਲਮਾਇਆ ਗਿਆ। ਉਸੇ ਦਿਨ ਤੋਂ ਮਂੈ ਭਰਮੌਰ ਦੀ ਸੁੰਦਰਤਾ ਦਾ ਮੁਰੀਦ ਬਣ ਗਿਆ। ਭਰਮੌਰ ਵੇਖਣ ਦੀ ਉਤਸੁਕਤਾ ਵਧਦੀ ਗਈ। ਬੜੇ ਸਾਲ ਲੰਘ ਗਏ, ਆਖ਼ਰ 2 ਅਕਤੂਬਰ 2021 ’ਚ ਮੇਰੀ ਉਤਸਕਤਾ ਦਾ ਅੰਤ ਹੋਇਆ।

1 ਅਕਤੂਬਰ ਦਿਨ ਸ਼ੁੱਕਰਵਾਰ 2021 ਰਾਤ 11 ਵਜੇ, ਮੈਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ’ਤੇ ਘੁੰਮ ਰਿਹਾ ਹਾਂ। ਸਟੇਸ਼ਨ ਦੇ ਬਾਹਰ 24 ਘੰਟੇ ਚੱਲਣ ਵਾਲੀ ਚਾਹ ਦੀ ਦੁਕਾਨ ਤੋਂ 2 ਵਾਰ ਚਾਹ ਪੀ ਚੁਕਿਆ ਹਾਂ। ਮੈਨੂੰ ਲਿਜਾਣ ਵਾਲੀ ਟਰੇਨ, ਜੰਮੂ ਮੇਲ ਆਪਣੇ ਨਿਰਧਾਰਿਤ ਸਮੇਜ਼ ’ਤੇ ਪਹੁੰਚਦੀ ਹੈ। ਵਾਤਾਅਨਕੂਲ ਦੂਜੇ ਦਰਜੇ ਦੀ ਆਪਣੀ ਰਿਜ਼ਰਵ ਸੀਟ ’ਤੇ ਮੈਂ ਆਪਣਾ ਸਾਮਾਨ ਟਿਕਾਉਂਦਾ ਹਾਂ। ਅੱਧੀ ਰਾਤ ਸਾਰੀਆਂ ਸਵਾਰੀਆਂ ਘੂਕ ਸੁੱਤੀਆਂ ਪਈਆਂ ਹਨ। ਗੱਡੀ ਕਈ ਸਟੇਸ਼ਨਾਂ ਨੂੰ ਪਾਰ ਕਰਦੀ ਹੋਈ, ਸਵੇਰੇ ਸਾਢੇ 4 ਵਜੇ ਮੈਨੂੰ ਪਠਾਨਕੋਟ ਛਾਉਣੀ ਵਿਖੇ ਉਤਾਰਦੀ ਹੈ।

ਸਟੇਸ਼ਨ ਦੇ ਬਾਹਰ ਇਕ ਆਟੋ ਵਾਲਾ ਬਜ਼ੁਰਗ, ਬੱਸ ਅੱਡੇ ਜਾਣ ਲਈ ਹਾਕਾਂ ਮਾਰ ਰਿਹਾ ਹੈ,‘30 ਰੁਪਏ ਪ੍ਰਤੀ ਸਵਾਰੀ।’ ਮੈਂ ਆਟੋ ’ਚ ਬੈਠ ਕੇ ਬੱਸ ਸਟੈਂਡ ’ਤੇ ਪਹੁੰਚਦਾ ਹਾਂ। ਘਰੋਂ ਲਿਆਂਦੇ ਪਰੌਂਠੇ ਮੈਨੂੰ ਯਾਦ ਆਉਂਦੇ ਹਨ। ਇਕ ਚਾਹ ਵਾਲੀ ਦੁਕਾਨ ਤੋਂ ਚਾਹ ਬਣਵਾ ਕੇ, ਮਂੈ ਨਾਸ਼ਤਾ ਕਰ ਲਿਆ। ਅਜੇ ਪੂਰਾ ਚਾਨਣ ਨਹੀਂ ਹੋਇਆ, ਸਵੇਰ ਦੇ 5 ਵੱਜਣ ਵਾਲੇ ਹਨ। ਪਠਾਨਕੋਟ ਬੱਸ ਸਟੈਂਡ ’ਤੇ ਟਾਵੇਂ-ਟਾਵੇਂ ਯਾਤਰੀ ਖੜ੍ਹੇ ਹੋਏ ਹਨ। ਹਿਮਾਚਲ ਦੀ ਇਕ ਸਰਕਾਰੀ ਬੱਸ ਆਉਂਦੀ ਹੈ। ਬੱਸ ’ਚ ਜ਼ਿਆਦਾ ਪਹਾੜੀ ਲੋਕ ਹੀ ਚੜ੍ਹਦੇ ਹਨ। ਚੰਬਾ ਜਾਣ ਵਾਲੀ ਬੱਸ (ਕਿਰਾਇਆ 230 ਰੁਪਏ) ਸਵੇਰੇ 7 ਵਜੇ ਤੁਰਦੀ ਹੈ। ਸ਼ਹਿਰ ਪਾਰ ਕਰ ਕੇ ਬੱਸ ਪਹਾੜਾਂ ਦੀਆਂ ਉਚਾਈਆਂ ’ਤੇ ਚੜ੍ਹਦੀ ਹੈ।

ਦੁਨੇਰਾ, ਅੰਬ ਪਾਪੜ ਅਤੇ ਅਚਾਰ ਦੇ ਨਾਂ ਨਾਲ ਜਾਣਿਆ ਜਾਂਦਾ ਇਕ ਛੋਟਾ ਜਿਹਾ ਕਸਬਾ ਹੈ। ‘ਲਉ ਬਈ ਚਾਹ ਪੀਣ ਵਾਸਤੇ ਬੱਸ 15 ਮਿੰਟ ਰੁਕੇਗੀ’, ਕੰਡਕਟਰ ਦੀ ਦੱਬੀ ਜਿਹੀ ਆਵਾਜ਼ ਨਾਲ ਮੁਸਾਫਰਾਂ ’ਚ ਹਿੱਲਜੁਲ ਜਿਹੀ ਹੋਈ ਹੈ। ਚਾਹ, ਪਕੌੜੇ, ਅਚਾਰ ਅਤੇ ਹੋਰ ਕਰਿਆਨੇ ਦੀਆਂ ਦੁਕਾਨਾਂ ਦਾ ਇਕ ਛੋਟਾ ਬਾਜ਼ਾਰ ਹੈ। ਚਾਹ ਪੀਣ ਤੋਂ ਫਾਰਗ ਹੋ ਕੇ, ਬੱਸ ਚੰਬੇ ਵੱਲ ਵਧਦੀ ਹੈ। ਪੱਟੀਦਾਰ ਖੇਤ, ਸਲੇਟਾਂ ਵਾਲੇ ਮਕਾਨ, ਪੱਕੀਆਂ ਛੱਤਾਂ ਵਾਲੇ ਮਕਾਨਾਂ ’ਤੇ ਮੱਕੀ ਸੁੱਕ ਰਹੀ ਹੈ। ਚਾਰੇ ਪਾਸੇ ਪਹਾੜਾਂ ’ਤੇ ਹਰਿਆਵਲ ਹੀ ਹਰਿਆਵਲ ਦੇ ਨਜ਼ਾਰੇ ਮੰਤਰਮੁਗਧ ਕਰਦੇ ਹਨ।

ਬਨੀਖੇਤ ਦੇ ਚੌਕ ਤੋਂ ਡਲਹੌਜ਼ੀ ਕੇਵਲ 5 ਕਿਲੋਮੀਟਰ ਹੈ। ਬਨੀਖੇਤ ਤੋਂ ਅੱਗੇ ਸੜਕਾਂ ’ਤੇ ਚੰਬਾ ਦੇ ਸੇਬ 50 ਰੁਪਏ ਕਿਲੋ ਵਿਕ ਰਹੇ ਹਨ। ਚੰਬਾ, ਹੁਣ ਉਹ ਚੰਬਾ ਨਹੀਂ ਰਿਹਾ। ਇਕ ਪਿੰਡ ਤੋਂ ਵੱਡਾ ਵਿਕਸਿਤ ਸ਼ਹਿਰ ਬਣ ਗਿਆ ਹੈ। ਕਿਸੇ ਸਮੇਂ ਚੰਬਾ, ਸੈਲਾਨੀਆਂ ਦਾ ਮਨਭਾਉਂਦਾ ਕੇਂਦਰ ਸੀ।

ਕਦੀ ਕੰੁਜੂਆਂ ਅਤੇ ਚੰਚਲੋਂ ਦੀ ਲੋਕ ਗਾਥਾ ਨਾਲ ਚੰਬਾ ਬੜਾ ਮਸ਼ਹੂਰ ਸੀ। ਭਰਾਵਾਂ ਤੋਂ ਡਰਦੀ ਚੰਚਲੋਂ ਕਿਹਾ ਕਰਦੀ ਸੀ, ਕੁੰਜੂਆਂ ਰਾਤੀਂ ਨਾ ਆਇਆ ਕਰ। ਬਾਲੋ ਮਾਹੀਆ ਵਾਂਗ, ਕਦੇ ਕੰੁਜੂਆਂ ੍ਚੰਚਲਂੋ ਦੇ ਕਿੱਸੇ ਪਹਾੜੀ ਫਿਜ਼ਾ ’ਚ ਗੂੰਜਦੇ ਸਨ। ਮਿਜ਼ੰਰ ਦਾ ਮੇਲਾ ਵੇਖਣ ਵਾਸਤੇ ਲੋਕ ਵਹੀਰਾਂ ਘੱਤ ਕੇ ਆਉਂਦੇ ਸਨ। ਅੱਜ ਚੰਬਾ ਦਾ ਸੱਭਿਆਚਾਰ ਵੱਡੀਆਂ-ਵੱਡੀਆਂ ਇਮਾਰਤਾਂ ਥੱਲੇ ਦਫਨ ਹੋ ਗਿਆ ਹੈ। ਮੋਬਾਈਲਾਂ ਅਤੇ ਆਧੁਨਿਕ ਦਾ ਰੰਗ ਗੁੂੜ੍ਹਾ ਹੋ ਕੇ ਚਿੰਬੜ ਗਿਆ ਚੰਬੇ ਨੂੰ।

ਕਰੀਬ ਦੁਪਹਿਰ 12 ਵਜੇ ਮੈਂ ਚੰਬੇ ਦੇ ਬੱਸ ਸਟੈਂਡ ’ਤੇ ਉਤਰਦਾ ਹਾਂ। ਗਰਮੀ ਲੁਧਿਆਣੇ ਤੋਂ ਘੱਟ ਹੈ। ਇਕ ਕੱਪ ਚਾਹ ਪੀਣ ਤੋਂ ਬਾਅਦ ਮੈਨੂੰ ਭਰਮੌਰ ਜਾਣ ਵਾਲੀ ਮਿੰਨੀ, ਸਰਕਾਰੀ ਬੱਸ ਮਿਲਦੀ ਹੈ। ਚੰਬੇ ਸ਼ਹਿਰ ਤੋਂ ਬਾਹਰ ਨਿਕਲ ਕੇ ਬੱਸ ਤਿੱਖੀਆਂ ਚੜ੍ਹਾਈਆਂ ਛੂੰਹਦੀ ਹੈ। ਬੱਸ ’ਚ ਚੜ੍ਹੀਆਂ ਪਹਾੜਨ ਬੀਬੀਆਂ ਨੇ ਸਵੈਟਰ ਪਾਏ ਹੋਏ ਹਨ। ਇਕ ਪਾਸੇ ਉੱਚੇ-ਉੱਚੇ ਪਹਾੜ, ਦੂਜੇ ਪਾਸੇ ਡੂੰਘੀ ਖਾਈ, ਸਮਝ ਲਉ ਇਕ ਪਾਸੇ ਜ਼ਿੰਦਗੀ, ਦੂਜੇ ਪਾਸੇ ਮੌਤ ’ਵਾਜ਼ਾਂ ਮਾਰਦੀ ਹੈ। ਸਿੰਗਲ ਅਤੇ ਟੁੱਟੀ-ਫੁੱਟੀ ਸੜਕ ’ਤੇ ਬੱਸ ਦਾ ਡਰਾਇਵਰ ਬੜੀ ਸਾਵਧਾਨੀ ਨਾਲ ਬੱਸ ਚਲਾ ਰਿਹਾ ਹੈ। ਸੜਕ ਦੇ ਨਾਲ- ਨਾਲ ਨਦੀ (ਖੱਡ) ਭਰਮੌਰ ਤਕ ਚਲਦੀ ਹੈ। ਕਿਤੇ ਬਹੁਤ ਡੂੰਘੇ, ਵੱਡੇ-ਵੱਡੇ ਪੱਥਰਾਂ ਵਿਚੋਂ ਲੰਘਦਾ ਕਲ ਕਲ ਕਰਦਾ ਪਾਣੀ। ਜਗ੍ਹਾ- ਜਗ੍ਹਾ ’ਤੇ ਪਾਣੀ ਨੂੰ ਇਸਤੇਮਾਲ ਕਰ ਕੇ ਬਿਜਲੀ ਬਣਾਈ ਜਾ ਰਹੀ ਹੈ। ਹਿਮਾਚਲ ਸਰਕਾਰ ਨੇ ਸਮੇਂ ਨੂੰ ਭਾਂਪਦੇ ਹੋਏ, ਕੁਦਰਤੀ ਸਰੋਤਾਂ ਤੋਂ ਬਿਜਲੀ ਬਣਾਉਣ ਦਾ ਵੱਡਾ ਕਾਰਜ ਕੀਤਾ ਹੈ। ਥਾਂ-ਥਾਂ ’ਤੇ 5 ਮੈਗਾਵਾਟ ਦੇ ਬਿਜਲੀ ਸਟੇਸ਼ਨ ਮਿਲਦੇ ਹਨ। ਘਰਾਟਾਂ ਨੂੰ ਹਟਾ ਕੇ, ਪਣਚੱਕੀਆਂ ਨਾਲ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਆਲੇ-ਦੁਆਲੇ ਪਰਬਤਾਂ ’ਚ ਨਿੱਕੇ-ਨਿੱਕੇ ਪਿੰਡ ਸੁੰਦਰਤਾ ਦੀ ਇਕ ਅਲੱਗ ਪਂੇਟਿੰਗ ਵਰਗੇ ਲੱਗਦੇ ਹਨ। ਨਦੀ ਦੇ ਉਪਰੋਂ, ਬਣੇ ਨਿੱਕੇ ਅਸਥਾਈ ਤਾਰਾਂ (ਰੱਸਿਆਂ) ਦੇ ਪੁੱਲ ਲਕਸ਼ਮਣ ਝੂਲੇ ਦੀ ਤਸਵੀਰ ਪੇਸ਼ ਕਰਦੇ ਹਨ।

ਪਹਾੜਾਂ ’ਚ ਬਣੀ ਇਕ ਚਾਹ ਦੀ ਦੁਕਾਨ ’ਤੇ ਬੱਸ ਰੁਕਦੀ ਹੈ। ਬਾਕੀ ਸਵਾਰੀਆਂ ਵਾਂਗ, ਮੈਂ ਵੀ ਚਾਹ ਪੀਣ ਲਈ ਬੱਸ ਤੋਂ ਥੱਲੇ ਉਤਰਦਾ ਹਾਂ। ਪਰ ਮੈਨੂੰ ਨਿਰਾਸ਼ਾ ਮਿਲਦੀ ਹੈ ਕਿ ਚਾਹ ਵਾਲੀ ਦੁਕਾਨ ਸ਼ੁੱਧ ਸ਼ਾਕਾਹਾਰੀ ਨਹੀਂ, ਇਸ ਲਈ ਫਿਰ ਮੈਂ ਵਾਪਸ ਆ ਕੇ ਬੱਸ ’ਚ ਬੈਠ ਜਾਂਦਾ ਹਾਂ।

ਲੰਘੀਆਂ ਬਰਸਾਤਾਂ ਕਾਰਨ ਸੜਕ ਦਾ ਬੁਰਾ ਹਾਲ ਹੈ। ਮੁਰੰਮਤ ਵਾਸਤੇ ਟਰੈਕਟਰ ਅਤੇ ਕਰੇਨਾਂ ਕੰਮ ਕਰ ਰਹੀਆਂ ਹਨ। ਭਰਮੌਰ ਨੇੜੇ ਆਉਣ ਦੇ ਸੰਕੇਤਕ ਬੋਰਡ ਨਜ਼ਰ ਆਉਂਦੇ ਹਨ। ਇਮਾਰਤੀ ਨਿਸ਼ਾਨੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵੈਲਕਮ ਭਰਮੌਰ, ਦਾ ਸੁੰਦਰ ਵੱਡਾ ਮੀਲ ਪੱਥਰ ਵੇਖ ਕੇ ਖ਼ੁਸ਼ੀ ਹੁੰਦੀ ਹੈ। ਭਰਮੌਰ ਦੇ ਮੁੱਖ ਬਾਜ਼ਾਰ ’ਚ ਬਣੇ ਅੱਡੇ ’ਤੇ ਬੱਸ ਰੁਕਦੀ ਹੈ। ਅਪਣਾ ਵੱਡਾ ਬੈਗ ਚੁੱਕ ਕੇ ਬੱਸ ਤੋਂ ਥੱਲੇ ਉਤਰਦਾ ਹਾਂ। ਠੰਢੀ ਯਖ ਹਵਾ, ਕੰਬਣੀ ਛੇੜਦੀ ਹੈ। ਸਥਾਨਕ ਲੋਕਾਂ ਨੇ ਗਰਮ ਕੱਪੜੇ ਪਾਏ ਹਨ। ਆਲੇ-ਦੁਆਲੇ ਦੀ ਸੁੰਦਰਤਾ ਵੇਖ ਕੇ, ਮੇਰੇ ਮੂੰਹੋਂ ‘ਵਾਹ’ ਨਿਕਲਦਾ ਹੈ। ਅੰਤਾਂ ਦੀ ਖ਼ੂਬਸੂਰਤੀ ਵੇਖ ਕੇ, ਮਨ ਬੜਾ ਖ਼ੁਸ਼ ਹੈ। ਠੰਢੀ-ਠੰਢੀ ਹਵਾ ਕਾਰਨ ਗਰਮ ਚਾਹ ਪੀਣ ਦੀ ਇੱਛਾ ਜਾਗਦੀ ਹੈ। ਇੱਥੋਂ ਦਾ ਮੁੱਖ ਬਾਜ਼ਾਰ ਜੋ ਕਿ ਅੰਦਾਜਨ ਪੌਣਾ ਕਿਲੋਮੀਟਰ ਹੈ। ਚਾਹ ਪੀਣ ਉਪਰੰਤ ਮੈਂ ਇਸ ਬਾਜ਼ਾਰ ’ਚ ਪ੍ਰਵੇਸ਼ ਕਰਦਾ ਹਾਂ।

ਉੱਚਾ-ਨੀਵਾਂ ਬਾਜ਼ਾਰ ਲੰਘ ਕੇ ਮੈਂ ਵਿਸ਼ਵ ਪ੍ਰਸਿੱਧ ਚੌਰਾਸੀ ਮੰਦਰ ਦੇ ਮੁੱਖ ਦੁਆਰ ’ਤੇ ਪਹੁੰਚ ਕੇ ਸਾਹ ਲੈਂਦਾ ਹਾਂ। ਮੰਦਰ ਦਾ ਕੋਈ ਦਰਵਾਜ਼ਾ ਨਹੀਂ, ਨਾ ਹੀ ਕੋਈ ਚੌਕੀਦਾਰ। ਥੋੜ੍ਹੀ ਜਿਹੀ ਹੋਰ ਚੜ੍ਹਾਈ ਚੜ੍ਹਨ ਤੋਂ ਬਾਅਦ ਮੈਂ ਹੈਲੀਪੈਡ ਦੀ ਵੱਡੀ ਗਰਾਊਂਡ ’ਤੇ ਪਹੁੰਚਦਾ ਹਾਂ। ਇੱਥੋਂ ਇੱਕੋ ਸਮੇਂ ਤਿੰਨ ਹੈਲੀਕਾਪਟਰ ਉਡਾਨ ਭਰ ਸਕਦੇ ਹਨ। ਮਨੀ ਮਹੇਸ਼ ਦੀ ਯਾਤਰਾ ਸਮੇਂ ਇਥੋਂ ਬਹੁਤੇ ਤੀਰਥ ਯਾਤਰੀ ਹੈਲੀਕਾਪਟਰ ਰਾਹੀਂ ਆਉਂਦੇ ਜਾਂਦੇ ਹਨ।

ਹਿਮਾਚਲ ਟੂਰਜ਼ਿਮ ਵਿਭਾਗ ਦਾ ਕਲਰਕ ਸੁਰੇਸ਼ ਠਾਕੁਰ ਮੈਨੂੰ ਵੇਖ ਕੇ ਭੱਜਾ-ਭੱਜਾ ਆਉਂਦਾ ਹੈ। ਮੇਰਾ ਭਾਰਾ ਬੈਗ ਚੁੱਕ ਲੈਂਦਾ ਹੈ। ਸਰ ਕੋਈ ਤਕਲੀਫ਼ ਤੋਂ ਨਹੀਂ ਹੁਈ, ਦੋ ਦਿਨ ਪਹਿਲਾਂ ਮੇਰੀ ਉਸ ਨਾਲ ਮੋਬਾਈਲ ’ਤੇ ਕਾਫ਼ੀ ਗੱਲਬਾਤ ਹੋਈ ਸੀ। ਉਹ ਸਾਊ ਤੇ ਮਿਲਾਪੜਾ ਹੈ। ਹਿਮਾਚਲ ਟੂਰਜ਼ਿਮ ਦੀ ਬਿਲਡਿੰਗ ਬੜੀ ਪ੍ਰਾਇਮ ਲੋਕੇਸ਼ਨ ’ਤੇ ਬਣੀ ਹੋਈ ਹੈ। ਸਾਹਮਣੇ ਮਨੀ ਮਹੇਸ਼ ਦੇ ਉੱਚੇ ਪਰਬਤ, ਹੇਠਾਂ ਚੌਰਾਸੀ ਮੰਦਰ ਦਾ ਸੁੰਦਰ ਨਜ਼ਾਰਾ, ਨਾਲ ਹੀ ਬਣਿਆ ਵੱਡਾ ਹੈਲੀਪੈਡ। ਪਾਣੀ ਪਿਆ ਕੇ, ਸੁਰੇਸ਼ ਮੈਨੂੰ ਕਮਰੇ ਵਿਖਾਉਂਦ ਹੈ। ਅੱਜ-ਕੱਲ ਪੱਚੀ ਪ੍ਰਤੀਸ਼ਤ ਡਿਸਕਾਊਂਟ ਚੱਲ ਰਿਹਾ ਹੈ। ਸਾਰੇ ਹੋਟਲ ’ਚ ਕੋਈ ਵੀ ਯਾਤਰੀ ਨਹੀਂ, ਇਸ ਲਈ ਡੋਮੈਟਰੀ ਬੈੱਡ ਲੈਣ ਲਈ ਸਲਾਹ ਬਣ ਗਈ। ਸਾਰੀਆਂ ਸਹੂਲਤਾਂ ਸਮੇਤ ਕਿਰਾਇਆ ਸਿਰਫ਼ 300 ਰੁਪਏ। ਰਜਿਸਟਰ ’ਚ ਨਾਂ ਪਤਾ ਦਰਜ ਕਰ ਕੇ ਮੈਂ ਆਪਣੇ ਕਮਰੇ ’ਚ ਪਹੁੰਚਦਾ ਹਾਂ।

ਸ਼ਾਮ ਦੇ 6 ਵਜੇ ਮੈਂ ਭਰਮੌਰ ਦੇ ਚੌਰਾਸੀ ਮੰਦਰ ’ਚ ਘੁੰਮ ਰਿਹਾ ਹਾਂ। ਸੰਧਿਆ ਦੀ ਆਰਤੀ ਹੋ ਰਹੀ ਹੈ। ਸੰਧਿਆ ਕਿਸ ਨੂੰ ਕਹਿੰਦੇ ਹਨ, ਇਹ ਮੈਂ ਇਕ ਸਤਿਸੰਗ ’ਚ ਸੁਣਿਆ ਸੀ। ਜਦੋਂ ਰਾਤ ਅਤੇ ਦਿਨ ਦੀ ਸੰਧੀ ਹੋ ਜਾਵੇ, ਉਸ ਨੂੰ ਸੰਧਿਆ ਕਹਿੰਦੇ ਹਨ। ਕਾਫ਼ੀ ਹਨੇਰਾ ਪਸਰ ਗਿਆ, ਰਾਤ ਦੇ ਹਨੇਰੇ ’ਚ ਖ਼ੂਬਸੂਰਤ ਮੰਦਰ ਵੇਖਣਾ ਮੁਸ਼ਕਲ ਹੈ, ਕਿਉਂਕਿ ਇੱਥੇ ਰੌਸ਼ਨੀ ਦੇ ਪੁਖਤਾ ਪ੍ਰਬੰਧ ਨਹੀਂ ਹਨ। ਟਾਵੇਂ- ਟਾਵੇਂ ਮੱਧਮ ਲੋਅ ਵਾਲੇ ਲਾਟੂ ਜਗ ਰਹੇ ਹਨ। ਬਾਜ਼ਾਰ ’ਚ ਦੁਕਾਨਾਂ ਵੀ ਬੰਦ ਹੋ ਰਹੀਆਂ ਹਨ। ਦੁਕਾਨਦਾਰ ਦੂਰ ਦੁਰੇਡੇ ਪਹਾੜੀ ਇਲਾਕੇ ਵਿੱਚੋਂ ਆਉਂਦੇ ਹਨ। ਸਾਰੇ ਬਾਜ਼ਾਰ ਵਿੱਚੋਂ ਇਕੋ ਹੀ ਪੰਜਾਬੀ ਵੈਸ਼ਨੋ ਢਾਬਾ ਮਿਲਦਾ ਹੈ। ਢਾਬੇ ਵਾਲਾ ਅੰਮਿ੍ਰਤਸਰੀ ਮੇਰੇ ਨਾਲ ਕਾਫੀ ਘੁਲ ਮਿਲ ਜਾਂਦਾ ਹੈ। ਖਾਣਾ ਤਾਜ਼ਾ ਤੇ ਸੁਆਦੀ ਸੀ।

ਬੰਦ ਹੋ ਚੁੱਕੇ ਬਾਜ਼ਾਰ ’ਚ ਮੈਂ ਘੁੰਮ ਰਿਹਾ ਹਾਂ। ਦੂਰ ਵੱਡੇ-ਵੱਡੇ ਪਰਬਤਾਂ ਦੇ ਧੁੰਦਲੇ ਅਕਸ ਸੁੰਦਰ ਲੱਗਦੇ ਹਨ। ਬੜੀ ਠੰਢ ਲੱਗਦੀ ਹੈ। ਬਾਜ਼ਾਰ ਦੇ ਸਿਰੇ ਤੋਂ ਵਾਪਸ ਹੁੰਦਾ ਹਾਂ। ਹੋਟਲ ਦੇ ਕਮਰੇ ’ਚ ਪਹੁੰਚ ਕੇ ਸਾਰੇ ਪਰਦੇ ਇਕ ਪਾਸੇ ਕਰ ਕੇ, ਸਾਰੀਆਂ ਖਿੜਕੀਆਂ ਬੇਪਰਦਾ ਕਰਦਾ ਹਾਂ। ਵੱਡੇ ਹਾਲ ਕਮਰੇ ਵਿਚ ਸਾਰੀਆਂ ਸ਼ੀਸ਼ਿਆਂ ਵਾਲੀਆਂ ਬਾਰੀਆਂ ਲੱਗੀਆਂ ਹੋਈਆਂ ਹਨ। ਚਾਰੇ ਪਾਸੇ ਪਹਾੜਾਂ ਦੇ ਨਿੱਕੇ-ਨਿੱਕੇ ਪਿੰਡਾਂ ਦੀਆਂ ਜਗਦੀਆਂ ਲਾਈਟਾਂ, ਕਿਸੇ ਪੁਲਾੜ ਦੀ ਯਾਤਰਾ ਦਾ ਨਜ਼ਾਰਾ ਪੇਸ਼ ਕਰਦੀਆਂ ਹਨ। ਬਿਸਤਰੇ ’ਤੇ ਕਰਵਟ ਲੈਂਦਿਆਂ ਪਤਾ ਨਹੀਂ ਕਦੋਂ ਅੱਖ ਲੱਗ ਜਾਂਦੀ ਹੈ।

ਅਲਾਰਮ ਘੜੀ ਅੱਧੀ ਰਾਤ 2 ਵਜੇ ਜਗਾਉਂਦੀ ਹੈ। ਰੋਜ਼ਾਨਾ ਨਿਤਨੇਮ ਵਾਸਤੇ ਮੈਂ ਤਿਆਰ ਹੰੁਦਾ ਹਾਂ। ਪਹਾੜੀ ਇਕਾਗਰਤਾ ਮੈਡੀਟੇਸ਼ਨ ਵਾਸਤੇ ਸੋਨੇ ’ਤੇ ਸੁਹਾਗਾ ਹੈ। ਦੂਰੋਂ ਟਿਮਟਮਾਉਂਦੀਆਂ ਬਿਜਲੀਆਂ, ਪਹਾੜਾਂ ਦੀਆਂ ਵੱਲ ਖਾਂਦੀਆਂ ਸੜਕਾਂ ਤੋਂ ਕੋਈ ਟਰੱਕ ਆ ਰਿਹਾ ਹੈ। ਦੂਰੋਂ ਆਉਂਦੀ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਵੀ ਬੜੀ ਸੁਰੀਲੀ ਹੈ।

ਆਪਣੇ ਹੈਡੀਜ਼ ਹੀਟਰ ਨਾਲ 2 ਕੱਪ ਚਾਹ ਬਣਾਈ, ਸੁੱਕਾ ਦੁੱਧ ਅਤੇ ਟੀਬੈਗ ਹਰ ਵੇਲੇ ਮੇਰੇ ਕੋਲ ਹੁੰਦੇ ਹਨ। ਸਵੇਰੇ 6 ਵਜੇ ਮੈਂ ਫਿਰ ਚੌਰਾਸੀ ਮੰਦਰ ’ਚ ਘੰੁਮ ਰਿਹਾ ਹਾਂ। ਕੋਈ ਟਾਵਾਂ-ਟਾਵਾਂ ਭਗਤ ਮੱਥਾ ਟੇਕਣ ਆ ਰਿਹਾ ਹੈ। ਉੱਥੇ ਦੇ ਪੁਜਾਰੀਆਂ ਕੋਲੋਂ ਮੈਨੂੰ ਕਾਫੀ ਜਾਣਕਾਰੀ ਮਿਲਦੀ ਹੈ।

ਇਹ ਵਿਸ਼ਵ ਪ੍ਰਸਿੱਧ ਚੌਰਾਸੀ ਮੰਦਰ 7ਵੀਂ ਸਦੀ ਦਾ ਬਣਿਆ ਹੋਇਆ ਹੈ। 7ਵੀਂ ਸਦੀ ’ਚ ਕੁਰੂਕਸ਼ੇਤਰ ਤੋਂ 84 ਯੋਗੀ ਮਨੀ ਮਹੇਸ਼ ਦੀ ਯਾਤਰਾ ਨੂੰ ਨਿਕਲੇ। ਮਨੀ ਮਹੇਸ਼ ਪਹੁੰਚਣ ਤੋਂ ਪਹਿਲਾਂ, ਇਨ੍ਹਾਂ ਯੋਗੀਆਂ ਨੇ ਆਪਣੇ ਖੇਮੇ ਭਰਮੌਰ ਵਿਖੇ ਲਾਏ। ਇਨ੍ਹਾਂ ਦੀ ਸਾਧਨਾ ਤੋਂ ਖ਼ੁਸ਼ ਹੋ ਕੇ 7ਵੀਂ ਸਦੀ ਦੇ ਰਾਜਾ ਮੈਰੂ ਵਰਮਨ ਨੇ ਇਸ 84 ਮੰਦਰ ਦਾ ਨਿਰਮਾਣ ਕਰਵਾਇਆ। ਇਹ ਖੂਬਸੂਰਤ ਜਗ੍ਹਾ ਵੇਖਣਯੋਗ ਹੈ। ਇਸ ’ਚ 84 ਅਲੱਗ-ਅਲੱਗ ਮੰਦਰ ਹਨ। ਚਿੱਤਰ ਗੁਪਤ, ਨਰਸਿੰਘਾਂ ਅਤੇ ਧਰਮਰਾਜ (ਯਮਰਾਜ) ਦੇ ਮੰਦਿਰ ਆਕਰਸ਼ਕ ਹਨ। ਅਖਰੋਟ ਦੀ ਲੱਕੜ ਦੇ ਬਣੇ ਹੋਏ ਲਖਣਾ ਦੇਵੀ ਮੰਦਰ ਦੀ ਲੱਕੜ ਤਰਾਸ਼ੀ ਵੇਖਣ ਵਾਲੀ ਹੈ।

ਮੰਦਰ ਦੇ ਮੁੱਖ ਦੁਆਰ ਤੋਂ ਪ੍ਰਵੇਸ਼ ਕਰਦਿਆਂ ਗਣੇਸ਼ ਜੀ ਦਾ ਮੰਦਰ ਹੈ, ਨਾਲ ਹੀ ਇਕ ਕਲਾ ਮੰਚ ਹੈ। ਛੋਟੇ ਵੱਡੇ ਕੁਲ 84 ਮੰਦਰ ਹਨ। ਪ੍ਰਮੁੱਖ ਭੋਲੇ ਨਾਥ ਦੇ ਮੰਦਰ ’ਚ ਸਵੇਰੇ ਸ਼ਾਮ ਆਰਤੀ ਹੁੰਦੀ ਹੈ। ਵੈਸੇ ਤਾਂ ਇਸ ਮੰਦਰ ’ਚ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਪਰ ਸ਼ਿਵਰਾਤਰੀ ਉਚੇਚੇ ਤੌਰ ’ਤੇ ਮਨਾਈ ਜਾਂਦੀ ਹੈ। ਇਸ ਮੰਦਰ ’ਚ ਦੋ ਫਿਲਮਾਂ ‘ਜ਼ਿੱਦ’ ਅਤੇ ‘ਕੋਇਲਾ’ ਦੀ ਸ਼ੂਟਿੰਗ ਹੋਈ ਸੀ। 84 ਮੰਦਰਾਂ ’ਚ 5 ਮੁੱਖ ਮੰਦਰਾਂ ਨੂੰ ਕੇਂਦਰ ਸਰਕਾਰ ਨੇ ਆਪਣੇ ਅਧੀਨ ਕਰ ਲਿਆ ਹੈ। ਬਾਕੀ ਮਾਮਲੇ ਹਿਮਾਚਲ ਸਰਕਾਰ ਦੇ ਅਧੀਨ ਹਨ। ਬ੍ਰਹਮਲੀਨ ਤਪੱਸਵੀ ਸ਼੍ਰੀ ਕਿਸ਼ਨ ਗਿਰੀ ਜੀ ਮਹਾਰਾਜ, ਨੰਦੀ ਬੈਲ, ਨਰਸਿੰਘਾ ਮੰਦਰ ਵੀ ਵੇਖਣਯੋਗ ਹਨ। ਇਹ 84 ਮੰਦਰ ’ਚ ਅੰਤਾਂ ਦੀ ਸਾਦਗੀ, ਪ੍ਰਾਚੀਨਤਾ ਤੇ 1400 ਸਾਲ ਪਹਿਲਾਂ ਦੀ ਝਲਕ ਸਾਫ਼ ਦਿਸਦੀ ਹੈ।

ਭਰਮੌਰ ਵਿਚ ਡੀ.ਡਬਲਯੂ ਰੈਸਟ ਹਾਊਸ, ਸਨੀ ਮੰਦਰ, ਨਾਗਰਿਕ ਚਕਿਤਸ਼ਾਲਾ (ਹਸਪਤਾਲ) ਸ਼ਿਵਾਲਿਕ ਪਬਲਿਕ ਹਾਈ ਸਕੂਲ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸੁੰਦਰ ਇਮਾਰਤ ਵੀ ਹੈ। ਭਰਮੌਰ ਦਾ ਨਾਂ ਪ੍ਰਸਿੱਧ ਭਰਮਾਨੀ ਮਾਤਾ ਦੇ ਨਾਂ ਤੋਂ ਪਿਆ। ਭਰਮਾਨੀ ਮਾਤਾ ਦਾ ਮੰਦਰ ਇਥੋਂ 6 ਕਿਲੋਮੀਟਰ, ਮਨੀ ਮਹੇਸ਼ ਝੀਲ 26 ਕਿਲੋਮੀਟਰ, ਕੁਗਤੀ 30 ਕਿਲੋਮੀਟਰ ਅਤੇ ਬਨੀ ਮਾਤਾ ਟਂੈਪਲ 30 ਕਿਲੋਮੀਟਰ ਹੈ। ਭਰਮੌਰ ਤੋਂ 6 ਕਿਲੋਮੀਟਰ ਹੱਡਸਰ ਤੋਂ ਅੱਗੋਂ ਸੜਕ ਸਮਾਪਤ ਹੋ ਜਾਂਦੀ ਹੈ। ਇਸ ਤੋਂ ਅੱਗੇ ਮਨੀ ਮਹੇਸ਼ ਪਰਬਤ ਅਤੇ ਮਾਨਸਰੋਵਰ ਕੈਲਾਸ਼ ਪਰਬਤ ਹਨ।

ਹਿਮ ਮਾਨਵ ਇੱਥੋਂ ਦੇ ਲੋਕਾਂ ਦੇ ਦਿਲਾਂ ’ਚ ਵਸਿਆ ‘ਬਰਫ਼ ਦਾ ਦੇਵਤਾ’ ਹੈ। ਹਿਮ ਮਾਨਵ ਨੂੰ ਯੇਤੀ ਤੇ ਸਨੋਮੈਨ ਵੀ ਆਖਿਆ ਜਾਂਦਾ ਹੈ। ਇਸ ਨੂੰ ਪਹਿਲੀ ਵਾਰ ਸੰਨ 1932 ’ਚ ਇੰਡੀਅਨ ਆਰਮੀ ਨੇ ਵੇਖਿਆ ਸੀ। ਕਈ ਵਾਰ ਆਜੜੀ, ਗੱਦੀਲੋਕ ਅਤੇ ਪਰਬਤ ਰੋਹੀ ਇਸ ਨੂੰ ਵੇਖਣ ਵਾਲੇ ਚਸ਼ਮਦੀਦ ਬਣੇ ਪਰ ਉਹ ਕੋਈ ਠੋਸ ਸਬੂਤ ਨਾ ਦੇ ਸਕੇ।

ਵਿਗਿਆਨੀਆਂ ਨੇ ਹਿਮ ਮਾਨਵ ਦੀਆਂ ਬੜੀਆਂ ਖੋਜਾਂ ਕੀਤੀ, ਪੈਰਾਂ ਦੇ ਨਿਸ਼ਾਨ ਵੀ ਜਾਂਚੇ, ਸਾਰੇ ਨਤੀਜੇ ਬੇਅਸਰ ਰਹੇ। ਹਿਮ ਮਾਨਵ ਕਹਾਣੀ ਉਸੇ ਤਰ੍ਹਾਂ ਹੈ, ਜਿਵੇਂ ਅਮਰੀਕਨ ਲੋਕ ‘ਏਲੀਅਨ’ ਨੂੰ ਵੇਖਣ ਦਾ ਦਾਅਵਾ ਕਰਦੇ ਰਹਿੰਦੇ ਹਨ। ਹਜ਼ਾਰਾਂ ਖੋਜਾਂ ਤੋਂ ਬਾਅਦ ਵੀ ਹਿਮ ਮਾਨਵ ਇਕ ਪਹੇਲੀ ਹੀ ਬਣਿਆ ਰਿਹਾ ਪਰ ਇਕ ਗੱਲ ਜ਼ਰੂਰ ਹੈ, ਇਹ ਕਹਾਣੀਆਂ, ਕਥਾਵਾਂ ਅਤੇ ਅਣ ਬੁੱਝੀਆਂ ਬੁਝਾਰਤਾਂ ਨੂੰ ਜਨਮ ਜ਼ਰੂਰ ਦੇ ਗਿਆ।

ਇਕ ਦੁਕਾਨ ਹਿਮਾਚਲੀ ਟੋਪੀਆਂ ਦੀ ਹੈ। ਇਸ ਇਲਾਕੇ ’ਚ ਗੱਦੀ ਲੋਕ ਬਹੁਤ ਰਹਿੰਦੇ ਹਨ। ਆਮ ਤੌਰ ’ਤੇ ਗੱਦੀ ਲੋਕ ਹੀ, ਇਹ ਟੋਪੀ ਪਹਿਨ ਕੇ ਚਲਦੇ ਹਨ। ਕਿਸੇ ਜ਼ਮਾਨੇ ’ਚ ਗੱਦੀ ਨੂੰ ਸਭ ਨਾਲੋਂ ਜ਼ਿਆਦਾ ਭੋਲਾ ਭਾਲਾ ਮੰਨਿਆ ਜਾਂਦਾ ਸੀ। ਇਕ ਕਹਾਵਤ ਬੜੀ ਮਸ਼ਹੂਰ ਸੀ।

‘ਗੱਦੀ ਮਿੱਤਰ ਭੋਲਾ,

ਲੈ ਲੈਂਦਾ ਟੋਪੀ

ਦੇ ਦਿੰਦਾ ਥੈਲਾ।

ਇਸ ਮੰਦਰ ਨੂੰ ਜਿਹੜੇ ਕਾਰੀਗਰ ਨੇ ਬਣਾਇਆ, ਉਸ ਦੇ ਹੱਥ ਨਹੀਂ ਸਨ। ਉਸ ਨੇ ਪੈਰਾਂ ਨਾਲ ਔਜ਼ਾਰ ਫੜ ਕੇ ਇਸ ਮੰਦਰ ਨੂੰ ਸੁੰਦਰ ਢੰਗ ਨਾਲ ਤਰਾਸ਼ਿਆ ਸੀ। ਭਰਮੌਰ ਆਰਥਿਕ ਪੱਖੋਂ ਪੱਛੜਿਆ ਕਸਬਾ ਹੈ। ਹੋਟਲ ਬਹੁਤ ਘੱਟ ਹਨ। ਵੈਸ਼ਨੋ ਢਾਬਾ ਵੀ ਸਿਰਫ਼ ਇਕੋ ਹੈ। ਨਾਨਵੈਜ ਲੋਕ ਬਹੁਤ ਖਾਂਦੇ ਹਨ। ਵਸੋਂ ਘੱਟ ਹੋਣ ਕਰ ਕੇ, ਖ਼ੂਬਸੂਰਤ ਜ਼ਿਆਦਾ ਹੈ। ਇਹ ਜੋਤ ਦੇ ਇਲਾਕੇ ’ਚ ਆਉਂਦਾ ਹੈ। ਇਕ ਖੁੂੰਖਾਰ ਨਦੀ ਪਾਰ ਕਰਨ ਤੋਂ ਬਾਅਦ ਜੋਤ ਦਾ ਇਲਾਕਾ ਸ਼ੁਰੂ ਹੁੰਦਾ ਹੈ, ਜਿੱਥੇ ਪ੍ਰਵੇਸ਼ ਕਰਦਿਆਂ ਹਰ ਚੀਜ਼ ਡੇਢ ਜਾਂ ਦੁਗਣੇ ਭਾਅ ਹੋ ਜਾਂਦੀ ਹੈ। ਜੋਤ ਵਿਖੇ ਜੰਗਲੀ ਘਾਹ ਖਾਣ ਗਈਆਂ ਮੱਝਾਂ, ਗਾਵਾਂ ਤੇ ਬੱਕਰੀਆਂ ਵਧੇਰੇ ਦੁੱਧ ਦਿੰਦੀਆਂ ਹਨ। ਇਸ ਲਈ ਗੱਦੀ, ਗੱਡਰੀਏ ਆਪਣੇ ਪਸ਼ੂਆਂ ਦੇ ਇੱਜੜ ਲੈ ਕੇ ਕਠਿਨ ਜੋਤ ਦੇ ਇਲਾਕੇ ’ਚ ਜਾਂਦੇ ਹਨ। ਉਥੋਂ ਦੇ ਲੋਕ ਬਹੁਤ ਅੰਧ-ਵਿਸ਼ਵਾਸੀ ਹਨ। ਵੈਸੇ ਤਾਂ ਪਹਾੜੀ ਲੋਕਾਂ ਲਈ ਹਰ ਅੱਠਵਾਂ ਨੌਵਾਂ ਪੱਥਰ ਇਕ ਦੇਵਤਾ ਹੁੰਦਾ ਹੈ। ਹਿਮਾਚਲ ਦੇ ਕਿਸੇ ਵੀ ਗਰਾਂ ਪਿੰਡ ’ਚ ਜਾਵੋ, ਤੁਹਾਨੂੰ ਅੰਧ-ਵਿਸ਼ਵਾਸੀ ਨਿਸ਼ਾਨੀਆਂ ਆਮ ਮਿਲਣਗੀਆਂ।

ਜੇਕਰ ਹਿਮਾਚਲ ਸਰਕਾਰ ਚਾਹੇ ਤਾਂ ਭਰਮੌਰ ਨੂੰ ਸੈਲਾਨੀਆਂ ਦਾ ਮੱਕਾ ਬਣਾ ਸਕਦੀ ਹੈ। ਭਰਮੌਰ ਦੀ ਖ਼ੂਬਸੂਰਤੀ ਨੂੰ ਅੱਖਾਂ ’ਚ ਵਸਾ ਕੇ ਵਾਪਸੀ ਚੰਬਾ, ਬਨੀਖੇਤ, ਡਲਹੌਜ਼ੀ, ਪਠਾਨਕੋਟ ਹੁੰਦੇ ਹੋਏ ਮੈਂ 4 ਅਕਤੂਬਰ 2021 ਸਵੇਰੇ ਆਪਣੇ ਸ਼ਹਿਰ ਲੁਧਿਆਣਾ ਪਹੁੰਚਦਾ ਹਾਂ। ਭਾਵੇਂ ਇਹ ਮੇਰੀ ਸਫਲ ਯਾਤਰਾ 3 ਦਿਨਾਂ ਦੀ ਸੀ ਪਰ ਭਰਮੌਰ ਦੀ ਸੁੰਦਰਤਾ ਦਾ ਤਾਪ ਮੈਨੂੰ ਕਈ ਹਫ਼ਤੇ ਚੜ੍ਹਿਆ ਰਿਹਾ।

- ਤਰਸੇਮ ਲਾਲ ਸ਼ੇਰਾ

Posted By: Harjinder Sodhi