ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਇੱਕ ਛੋਟੇ ਜਿਹੇ ਟਾਪੂ ਉੱਤਰੀ ਸੈਂਟੀਨਲ ’ਤੇ ਹਜ਼ਾਰਾਂ ਸਾਲਾਂ ਤੋਂ ਰਹਿ ਰਿਹਾ ਸੈਂਟੀਨਾਲੀਜ਼ ਨਾਮਕ ਕਬੀਲਾ ਅੱਜ ਵੀ ਪੱਥਰ ਯੁੱਗ ਵਿੱਚ ਰਹਿ ਰਿਹਾ ਹੈ। ਇਸ ਕਬੀਲੇ ਨਾਲ ਸੰਪਰਕ ਸਾਧਣ ਅਤੇ ਆਧੁਨਿਕ ਸਮੇਂ ਦੇ ਹਾਣ ਦਾ ਬਣਾਉਣ ਦੇ ਹੁਣ ਤੱਕ ਅਨੇਕਾਂ ਅਸਫਲ ਯਤਨ ਕੀਤੇ ਗਏ ਹਨ। ਇਹ ਲੋਕ ਆਪਣੀ ਨਿੱਜਤਾ ਪ੍ਰਤੀ ਜਨੂੰਨ ਦੀ ਹੱਦ ਤੱਕ ਸ਼ੈਦਾਈ ਹਨ ਤੇ ਬਾਹਰੀ ਦੁਨੀਆ ਨਾਲ ਕੋਈ ਵੀ ਸੰਪਰਕ ਨਹੀਂ ਰੱਖਣਾ ਚਾਹੁੰਦੇ। ਹੈਰਾਨੀ ਦੀ ਗੱਲ ਹੈ ਇਹ ਟਾਪੂ ਅੰਡੇਮਾਨ ਦੀਪ ਤੋਂ ਸਿਰਫ਼ 36 ਕਿ.ਮੀ. ਦੂਰ ਹੈ।

ਇਨ੍ਹਾਂ ਨਾਲ ਸੰਪਰਕ ਕਰਨ ਲਈ ਜੇ ਕੋਈ ਵੱਡਾ ਸਮੂਹ ਜਾਵੇ ਤਾਂ ਇਹ ਟਾਪੂ ਦੇ ਅੰਦਰ ਗਾਇਬ ਹੋ ਜਾਂਦੇ ਹਨ ਤੇ ਜੇ ਇੱਕਾ ਦੁੱਕਾ ਲੋਕ ਹੋਣ ਤਾਂ ਉਨ੍ਹਾਂ ਨੂੰ ਕਤਲ ਕਰ ਕੇ ਸਮੁੰਦਰ ਕਿਨਾਰੇ ਰੇਤ ਵਿੱਚ ਦਫਨ ਕਰ ਦਿੰਦੇ ਹਨ। ਸਭ ਤੋਂ ਨਵੀਨ ਮਾਮਲਾ (ਨਵੰਬਰ 2018) ਅਮਰੀਕੀ ਮਿਸ਼ਨਰੀ ਜਾਹਨ ਐਲਨ ਚਾਉ ਦਾ ਹੈ।

ਸੈਂਟੀਨਾਲੀਜ਼ ਕਬੀਲੇ ਨੂੰ ਭਾਰਤ ਸਰਕਾਰ ਵੱਲੋਂ ਐਬਰੋਜੀਨਲ ਟਰਾਈਬਜ਼ ਐਕਟ 1956 ਦੇ ਅਧੀਨ ਸੁਰੱਖਿਅਤ ਕਬੀਲਾ ਐਲਾਨਿਆ ਹੋਇਆ ਹੈ ਤੇ ਕੋਈ ਵੀ ਵਿਅਕਤੀ ਇਸ ਟਾਪੂ ਦੇ 10 ਕਿ.ਮੀ. ਘੇਰੇ ਦੇ ਅੰਦਰ ਨਹੀਂ ਜਾ ਸਕਦਾ। ਉਕਤ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਕਤਲ ਜਾਂ ਜ਼ਖ਼ਮੀ ਕਰਨ ’ਤੇ ਸੈਂਟੀਨਾਲੀਜ਼ ਕਬੀਲੇ ਖ਼ਿਲਾਫ਼ ਕੋਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਪਰ ਚਾਉ ਈਸਾਈ ਧਰਮ ਨੂੰ ਫੈਲਾਉਣ ਦੇ ਜੋਸ਼ ਵਿੱਚ ਇੱਕ ਸਥਾਨਕ ਮਛੇਰੇ ਨੂੰ ਰਿਸ਼ਵਤ ਦੇ ਕੇ ਇਸ ਟਾਪੂ ’ਤੇ ਪਹੁੰਚਿਆ ਸੀ ਤਾਂ ਕਬੀਲੇ ਵਾਲਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਮਛੇਰਾ ਤਾਂ ਮੋਟਰ ਬੋਟ ਭਜਾ ਕੇ ਬਚ ਨਿਕਲਿਆ ਪਰ ਚਾਉ ਨੂੰ ਕਤਲ ਕਰ ਕੇ ਰੇਤ ਵਿੱਚ ਦੱਬ ਦਿੱਤਾ ਗਿਆ। ਉਸ ਦੀ ਲਾਸ਼ ਲੈਣ ਲਈ ਗਏ ਪੁਲਿਸ ਵਾਲਿਆਂ ਨੂੰ ਸਖ਼ਤ ਹਿੰਸਕ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਲਾਸ਼ ਹਾਸਲ ਕਰਨ ਦੇ ਯਤਨ ਬੰਦ ਕਰਨੇ ਪਏ।

ਮਛੇਰੇ ਨੇ ਬਾਅਦ ਵਿੱਚ ਦੱਸਿਆ ਕਿ ਕਬੀਲੇ ਵਾਲਿਆਂ ਨੇ ਚਾਉ ਵੱਲੋਂ ਲਿਆਂਦੇ ਤੋਹਫ਼ੇ ਵੀ ਭੰਨ ਤੋੜ ਕੇ ਉਸ ਦੀ ਲਾਸ਼ ਦੇ ਨਾਲ ਹੀ ਦਫਨ ਕਰ ਦਿੱਤੇ ਸਨ। 2006 ਵਿੱਚ ਇਨ੍ਹਾਂ ਨੇ ਦੋ ਮਛੇਰਿਆਂ ਦੀ ਹੱਤਿਆ ਕਰ ਦਿੱਤੀ ਸੀ ਜੋ ਕਿਸ਼ਤੀ ਡੁੱਬ ਜਾਣ ਕਾਰਨ ਇਸ ਟਾਪੂ ’ਤੇ ਪਹੁੰਚ ਗਏ ਸਨ।

ਇਸ ਛੋਟੇ ਜਿਹੇ ਦੀਪ ਦਾ ਕੁੱਲ ਖੇਤਰਫਲ ਸਿਰਫ 59.76 ਵਰਗ ਕਿ.ਮੀ. ਹੈ, ਲੰਬਾਈ 7.8 ਕਿ.ਮੀ. ਅਤੇ ਚੌੜਾਈ 7 ਕਿ.ਮੀ. ਹੈ। ਇਸ ਟਾਪੂ ’ਤੇ ਕਦੇ ਵੀ ਜਨਗਣਨਾ ਨਹੀਂ ਹੋਈ, ਇਸ ਲਈ ਇਸ ਦੀ ਆਬਾਦੀ ਬਾਰੇ ਸਿਰਫ਼ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ। ਵੱਖ-ਵੱਖ ਅਨੁਮਾਨਾਂ ਮੁਤਾਬਕ ਇਹ 40 ਤੋਂ 400 ਤੱਕ ਦੀ ਮੰਨੀ ਜਾਂਦੀ ਹੈ। ਸਮੁੰਦਰੀ ਤੱਟ ਨੂੰ ਛੱਡ ਕੇ ਬਾਕੀ ਸਾਰਾ ਟਾਪੂ ਸੰਘਣੇ ਜੰਗਲ ਨਾਲ ਢੱਕਿਆ ਹੋਇਆ ਹੈ ਜਿਸ ਕਾਰਨ ਹਵਾਈ ਸਰਵੇਖਣ ਵੀ ਸੰਭਵ ਨਹੀਂ ਹੈ।

ਇਸ ਟਾਪੂ ’ਤੇ ਬਾਹਰੀ ਲੋਕਾਂ ਦੇ ਜਾਣ ’ਤੇ ਪਾਬੰਦੀ ਦਾ ਇੱਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਲੋਕਾਂ ਦੇ ਸਰੀਰ ਵਿੱਚ ਛੂਤ ਦੀਆਂ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਨਹੀਂ ਹੈ। ਇਸ ਕਬੀਲੇ ਦਾ ਮੁੱਖ ਭੋਜਨ ਨਾਰੀਅਲ, ਜੰਗਲੀ ਸੂਰ, ਕੱਛੂਕੁੰਮੇ ਦੇ ਆਂਡੇ ਅਤੇ ਮੱਛੀਆਂ ਹਨ। ਇਹ ਆਪਣੀਆਂ ਛੋਟੀਆਂ ਕਿਸ਼ਤੀਆਂ ਰਾਹੀਂ ਕਾਫੀ ਦੂਰ ਤਕ ਮੱਛੀਆਂ ਦਾ ਤੀਰਾਂ ਨਾਲ ਸ਼ਿਕਾਰ ਕਰਨ ਨਿਕਲ ਜਾਂਦੇ ਹਨ, ਪਰ ਕਦੇ ਵੀ ਦੂਸਰੇ ਟਾਪੂ ’ਤੇ ਨਹੀਂ ਉੱਤਰਦੇ ਤੇ ਨਾ ਹੀ ਦੂਸਰਿਆਂ ਨੂੰ ਆਪਣੇ ਕੋਲ ਆਉਣ ਦਿੰਦੇ ਹਨ। ਇਨ੍ਹਾਂ ਦੀ ਭਾਸ਼ਾ ਨੂੰ ਵੀ ਹੁਣ ਤੱਕ ਕੋਈ ਨਹੀਂ ਸਮਝ ਸਕਿਆ। 1880 ਵਿੱਚ ਬਿ੍ਰਟਿਸ਼ ਇਨ੍ਹਾਂ ਦੀ ਭਾਸ਼ਾ ਨੂੰ ਸਮਝਣ ਲਈ ਅੰਡੇਮਾਨ ਤੋਂ ਔਂਗਸ ਕਬੀਲੇ ਦੇ ਲੋਕਾਂ ਨੂੰ ਲੈ ਕੇ ਆਏ ਸਨ, ਪਰ ਉਹ ਵੀ ਇਨ੍ਹਾਂ ਦੀ ਭਾਸ਼ਾ ਦਾ ਇੱਕ ਅੱਖਰ ਵੀ ਨਹੀਂ ਸਨ ਸਮਝ ਸਕੇ।

ਬਿ੍ਰਟਿਸ਼ ਕਾਲ ਦੌਰਾਨ ਕਈ ਬਿ੍ਰਟਿਸ਼ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਸੀ। 1867 ਈਸਵੀ ਵਿੱਚ ਇੱਕ ਬਿ੍ਰਟਿਸ਼ ਜੀਵ ਵਿਗਿਆਨੀ ਟਾਮ ਹੰਫਰੇ ਇੱਥੇ ਆਇਆ ਸੀ ਪਰ ਇਹ ਲੋਕ ਜੰਗਲ ਵਿੱਚ ਗਾਇਬ ਹੋ ਗਏ ਸਨ।

1870 ਈਸਵੀ ਵਿੱਚ ਨਿਨੇਵਾਹ ਨਾਮਕ ਕਲਕੱਤੇ ਦਾ ਇੱਕ ਵਪਾਰੀ ਜਹਾਜ਼ ਇਸ ਟਾਪੂ ਦੇ ਨਜ਼ਦੀਕ ਹਾਦਸਾ ਗ੍ਰਸਤ ਹੋ ਗਿਆ ਸੀ ਤੇ 106 ਯਾਤਰੀ ਅਤੇ ਜਹਾਜ਼ੀ ਕਿਸ਼ਤੀਆਂ ’ਤੇ ਸਵਾਰ ਹੋ ਕੇ ਇਸ ਟਾਪੂ ’ਤੇ ਪਹੁੰਚ ਗਏ ਸਨ। ਉਨ੍ਹਾਂ ਦੇ ਪਹੁੰਚਦੇ ਸਾਰ ਕਬੀਲੇ ਵਾਲਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਹ ਲੜਾਈ ਤਿੰਨ ਦਿਨ ਤੱਕ ਚੱਲਦੀ ਰਹੀ ਤੇ ਆਖ਼ਰ ਇੱਕ ਬਿ੍ਰਟਿਸ਼ ਨੇਵੀ ਦੇ ਇੱਕ ਜਹਾਜ਼ ਨੇ ਉਨ੍ਹਾਂ ਦੀ ਜਾਨ ਬਚਾਈ।

1880 ਵਿੱਚ ਇੱਕ ਬਿ੍ਰਟਿਸ਼ ਅਫਸਰ ਮੌਰਿਸ ਵੀਡਾਲ ਪੋਰਟਲੈਂਡ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਜਗਿਆਸਾ ਨਾਲ ਵੱਡਾ ਗਰੱੁਪ ਲੈ ਕੇ ਇਸ ਟਾਪੂ ’ਤੇ ਆਇਆ। ਜਦੋਂ ਉਹ ਇਸ ਟਾਪੂ ’ਤੇ ਪਹੁੰਚਿਆ ਤਾਂ ਉਸ ਨੂੰ ਸਿਰਫ਼ ਖ਼ਾਲੀ ਪਿੰਡ ਹੀ ਮਿਲੇ। ਕਈ ਦਿਨਾਂ ਦੀ ਖੋਜ ਬੀਨ ਤੋਂ ਬਾਅਦ ਦੋ ਬਜ਼ੁਰਗ ਅਤੇ ਚਾਰ ਬੱਚੇ ਉਨ੍ਹਾਂ ਦੇ ਹੱਥ ਲੱਗ ਗਏ ਜਿਨ੍ਹਾਂ ਨੂੰ ਉਹ ਅੰਡੇਮਾਨ ਦੀ ਰਾਜਧਾਨੀ ਪੋਰਟ ਬਲੇਅਰ ਲੈ ਆਏ ਪਰ ਉਹ ਲੋਕ ਬਿਮਾਰੀਆਂ ਦੇ ਕਿਟਾਣੂੰ ਬਰਦਾਸ਼ਤ ਨਾ ਕਰ ਸਕੇ ਤੇ ਬਜ਼ੁਰਗ ਜੋੜਾ ਚਾਰ ਦਿਨਾਂ ਵਿੱਚ ਹੀ ਮਰ ਗਿਆ। ਇਹ ਵੇਖ ਕੇ ਗਵਰਨਰ ਦਾ ਦਿਲ ਪਿਘਲ ਗਿਆ ਤੇ ਉਸ ਨੇ ਬੱਚਿਆਂ ਨੂੰ ਬਹੁਤ ਸਾਰੇ ਤੋਹਫ਼ਿਆਂ ਸਮੇਤ ਸਹੀ ਸਲਾਮਤ ਟਾਪੂ ’ਤੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਪੋਰਟਲੈਂਡ ਕਈ ਵਾਰ ਇਸ ਟਾਪੂ ’ਤੇ ਗਿਆ ਪਰ ਹਰ ਵਾਰ ਉਸ ਨੂੰ ਖ਼ਾਲੀ ਹੱਥ ਹੀ ਪਰਤਣਾ ਪਿਆ।

ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਇਸ ਦਿਸ਼ਾ ਵੱਲ ਕਈ ਕਦਮ ਚੁੱਕੇ। ਐਂਥਰੋਪੋਲੋਜੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਤਿ੍ਰਲੋਕੀ ਨਾਥ ਪੰਡਿਤ ਨੇ 1991 ਵਿੱਚ ਇਸ ਟਾਪੂ ਦਾ ਦੌਰਾ ਕੀਤਾ। ਉਹ ਟਾਪੂ ਵਾਲਿਆਂ ਨਾਲ ਕੁਝ ਸੰਪਰਕ ਬਣਾਉਣ ਵਿੱਚ ਸਫਲ ਰਿਹਾ ਪਰ ਬਹੁਤੀ ਸਫਲਤਾ ਹਾਸਲ ਨਾ ਹੋ ਸਕੀ। ਇਸ ਤੋਂ ਬਾਅਦ ਹੋਰ ਵੀ ਕਈ ਮਿਸ਼ਨ ਗਏ ਪਰ ਇਹ ਟਾਪੂ ਵਾਲੇ ਬਾਹਰੀ ਲੋਕਾਂ ਨਾਲ ਸੰਪਰਕ ਬਣਾਉਣ ਤੋਂ ਇਨਕਾਰੀ ਹੀ ਰਹੇ।

ਸੈਨਟਾਲੀਜ਼ ਐਨੇ ਹਿੰਸਕ ਹਨ ਕਿ ਹੁਣ ਵੀ ਟਾਪੂ ਦੇ ਨਜ਼ਦੀਕ ਤੋਂ ਗੁਜ਼ਰਨ ਵਾਲੇ ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਅਤੇ ਨੀਵੇਂ ਉੱਡਦੇ ਹੈਲੀਕਾਪਟਰਾਂ ’ਤੇ ਤੀਰਾਂ-ਭਾਲਿਆਂ ਨਾਲ ਹਮਲਾ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਇਸ ਵਿਵਹਾਰ ਕਾਰਨ ਭਾਰਤ ਸਰਕਾਰ ਨੇ 2005 ਤੋਂ ਬਾਅਦ ਅਜਿਹੇ ਯਤਨ ਕਰਨੇ ਬੰਦ ਕਰ ਦਿੱਤੇ ਤਾਂ ਜੋ ਇਹ ਲੋਕ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਬਿਤਾ ਸਕਣ। ਇਹ ਲੋਕ ਹੁਣ ਵੀ ਆਪਣੇ ਹਥਿਆਰ ਪੱਥਰ ਤੋਂ ਬਣਾਉਂਦੇ ਹਨ ਕਿਉਂਕਿ ਇਨ੍ਹਾਂ ਦੇ ਤੀਰਾਂ ਅਤੇ ਭਾਲਿਆਂ ਦੀਆਂ ਨੋਕਾਂ ਰਗੜ ਕੇ ਤਿੱਖੇ ਕੀਤੇ ਗਏ ਪੱਥਰ ਦੀਆਂ ਬਣੀਆਂ ਹੁੰਦੀਆਂ ਹਨ। ਇਸ ਕਬੀਲੇ ਦੇ ਲੋਕਾਂ ਦਾ ਕੱਦ ਦਰਮਿਆਨਾ, ਰੰਗ ਕਾਲਾ, ਨੈਣ ਨਕਸ਼ ਮੋਟੇ ਅਤੇ ਸਰੀਰ ਸਿਹਤਮੰਦ ਹੁੰਦੇ ਹਨ।

ਆਦਮੀ ਅਤੇ ਔਰਤਾਂ ਸਿਰਫ਼ ਸਰੀਰ ਦੇ ਹੇਠਲੇ ਹਿੱਸੇ ’ਤੇ ਦਰੱਖ਼ਤਾਂ ਦੀਆਂ ਛਿੱਲਾਂ ਅਤੇ ਪੱਤਿਆਂ ਤੋਂ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਕੱਪੜਾ ਬੰਨ੍ਹਦੇ ਹਨ। ਇੱਥੇ ਸਾਰਾ ਸਾਲ ਤਾਪਮਾਨ ਸੁਹਾਵਣਾ (32 ਤੋਂ 22 ਡਿਗਰੀ ਸੈਂਟੀਗਰੇਡ) ਰਹਿੰਦਾ ਹੈ ਤੇ ਭਰਪੂਰ ਬਾਰਸ਼ ਹੁੰਦੀ ਹੈ।

- ਬਲਰਾਜ ਸਿੰਘ ਸਿੱਧੂ

Posted By: Harjinder Sodhi