ਕਦੇ ਕਦੇ ਮੈਂ ਸੋਚਦਾਂ ਹਾਂ ਕਿ ਜਹਾਜ਼ੀ ਜ਼ਿੰਦਗੀ ਤੇ ਟਰੱਕਾਂ\ਟਰਾਲਿਆਂ ਦੀ ਜ਼ਿੰਦਗੀ ਕਿੰਨੀ ਮਿਲਦੀ-ਜੁਲਦੀ ਹੈ। ਟਰਾਲਿਆਂ ਵਾਲੇ ਭਰਾਵਾਂ ਨੇ ਕਿਤਿਓਂ ਮਾਲ ਭਰ ਲਿਆ ਤੇ ਕਿਤੇ ਜਾ ਕੇ ਲਾਹ ਦਿੱਤਾ। ਹਮੇਸ਼ਾ ਚੱਲ ਸੋ ਚੱਲ। ਇਹੀ ਹਾਲ ਜਹਾਜ਼ਾਂ ਤੇ ਜਹਾਜ਼ੀਆਂ ਦਾ ਹੈ। ਕਿਸੇ ਬੰਦਰਗਾਹ ਤੋਂ ਮਾਲ ਭਰ ਲਿਆ ਤੇ ਕਿਸੇ ’ਤੇ ਲਾਹ ਦਿੱਤਾ। ਟਰੱਕਾਂ ਵਾਲਿਆਂ ਦਾ ਵਾਹ ਵੱਖ-ਵੱਖ ਸੂਬਿਆਂ ਦੇ ਲੋਕਾਂ ਨਾਲ ਪੈਂਦਾ ਹੈ ਤੇ ਜਹਾਜ਼ੀਆਂ ਦਾ ਵਾਹ ਵੱਖ-ਵੱਖ ਮੁਲਕਾਂ ਦੇ ਲੋਕਾਂ ਨਾਲ। ਵੱਖ-ਵੱਖ ਮੁਲਕਾਂ ਵਿਚ ਜਾਣ ਕਰਕੇ ਜਹਾਜ਼ੀ ਲੋਕਾਂ ਨੂੰ ਬਾਹਰਲੇ ਮੁਲਕਾਂ ਦੀਆਂ ਕਈ ਮਹੱਤਵਪੂਰਨ ਥਾਵਾਂ ਦੇਖਣ ਦਾ ਮੌਕਾ ਵੀ ਮਿਲ ਜਾਂਦਾ ਹੈ।

ਇਟਲੀ ਦਾ ਸ਼ਹਿਰ ਲਾ-ਸਪੀਜ਼ੀਆ ਸਮੁੰਦਰ ਕੰਢੇ ਵਸਿਆ ਹੋਇਆ ਹੋਣ ਕਰਕੇ ਕੰਟੇਨਰਾਂ ਤੇ ਅਨਾਜ ਦੀ ਢੋਆ-ਢੁਆਈ ਦੀ ਵੱਡੀ ਬੰਦਰਗਾਹ ਹੈ। ਇਸ ਬੰਦਰਗਾਹ ਦੇ ਤਿੰਨ ਪਾਸੇ ਪਹਾੜੀਆਂ ਹਨ ਤੇ ਇਕ ਪਾਸੇ ਸਮੁੰਦਰ ਵੱਲ ਨੂੰ ਖੁੱਲ੍ਹਦਾ ਰਸਤਾ। ਪਹਾੜਾਂ ਦੇ ਪੈਰਾਂ ’ਚ ਬਣੀ ਇਹ ਬੰਦਰਗਾਹ ਦਾ ਦਿ੍ਰਸ਼ ਬੜਾ ਹੀ ਸੁੰਦਰ ਹੈ। ਰਾਤ ਸਮੇਂ ਇਹ ਪਹਾੜੀਆਂ ਜਦੋਂ ਉਪਰ ਤਕ ਜਗਮਗ ਕਰ ਉੱਠਦੀਆਂ ਹਨ, ਤਾਂ ਬਹੁਤ ਹੀ ਹਸੀਨ ਲਗਦੀਆਂ ਹਨ। ਮੇਰਾ ਜਹਾਜ਼ ਵੀ ਕੰਟੇਨਰ ਲਾਹੁਣ ਤੇ ਲੱਦਣ ਦੇ ਸੰਬੰਧ ’ਚ ਇਸ ਬੰਦਰਗਾਹ ਵਿਚ ਖੜ੍ਹਾ ਸੀ। ਕਿਸੇ ਵਜ੍ਹਾ ਕਰਕੇ ਅਜੇ ਦੋ ਦਿਨ ਹੋਰ ਰੁਕਣਾ ਸੀ। ਇਟਲੀ ਦਾ ਸ਼ਹਿਰ ‘ਪੀਸਾ’, ਜੋ ‘ਟਾਵਰ ਆਫ ਪੀਸਾ’ ਕਰਕੇ ਦੁਨੀਆ ਭਰ ’ਚ ਮਸ਼ਹੂਰ ਹੈ, ਇਸ ਬੰਦਰਗਾਹ ਤੋਂ ਕਰੀਬ 80 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਮਨ ’ਚ ਖ਼ਿਆਲ ਆਇਆ ਕਿ ਪੀਸਾ ਦੇ ਬਹੁਤ ਨਜ਼ਦੀਕ ਆਏ ਹੋਏ ਹਾਂ, ਕਿਉਂ ਨਾ ‘ਟਾਵਰ-ਆਫ-ਪੀਸਾ’ ਨੂੰ ਨਜ਼ਦੀਕ ਤੋਂ ਦੇਖਿਆ ਜਾਵੇ।

ਜਹਾਜ਼ ਦੇ ਕੁਝ ਹੋਰ ਸਾਥੀਆਂ ਨਾਲ ਗੱਲ ਹੋਈ ਤੇ ਸਾਡੀ ‘ਪੀਸਾ’ ਘੁੰਮ ਕੇ ਆਉਣ ਦੀ ਸਹਿਮਤੀ ਬਣ ਗਈ। ਅਗਲੇ ਦਿਨ ਅਸੀਂ ਬੰਦਰਗਾਹ ਤੋਂ ਟੈਕਸੀ ਫੜੀ ਤੇ ਲਾ-ਸਪੀਜ਼ੀਆ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ। ਪਤਾ ਲੱਗਿਆ ਕਿ ਦੋ ਤਰਾਂ ਦੀ ਟਿਕਟ ਹੈ ਫਸਟ ਕਲਾਸ ਤੇ ਸੈਕਿੰਡ ਕਲਾਸ। ਅਸੀਂ ਸੈਕਿੰਡ ਕਲਾਸ ਦੀ ਟਿਕਟ ਲਈ। ਇਟਲੀ ਦੀ ਕਰੰਸੀ ਦਾ ਨਾਂ ਲੀਰੇ ਹੈ। ਟਿਕਟ ਦੀ ਕੀਮਤ ਉਸ ਵਕਤ 13400\- ਇਟਾਲੀਅਨ ਲੀਰੇ ਸੀ। ਉਸ ਵਕਤ ਇਕ ਅਮਰੀਕਨ ਡਾਲਰ ਦੇ 1580 ਲੀਰੇ ਮਿਲਦੇ ਸਨ।

ਇਹ ਟਿਕਟ ਆਉਣ-ਜਾਣ ਦੋਵੇਂ ਪਾਸਿਆਂ ਦੀ ਸੀ। ਗੱਡੀ ਚੜ੍ਹਨ ਤੋਂ ਪਹਿਲਾਂ ਟਿਕਟ ਇਕ ਮਸ਼ੀਨ ’ਚ ਪਾ ਕੇ ਪੰਚ ਕੀਤੀ। ਤਾਰੀਕ, ਸਮਾਂ ਤੇ ਸਟੇਸ਼ਨ ਦਾ ਨਾਂ ਟਿਕਟ ’ਤੇ ਪੰਚ ਹੋ ਗਿਆ। ਹੁਣ ਅਸੀਂ ਗੱਡੀ ’ਚ ਸਵਾਰ ਸਾਂ ਤੇ ਮੈਂ ਬਹੁਤ ਖ਼ੁਸ਼ ਸੀ। ਇਸ ਏਸੀ ਗੱਡੀ ਦੀਆਂ ਸੀਟਾਂ ਬਹੁਤ ਹੀ ਆਰਾਮਦਾਇਕ ਸਨ। ਚੱਲ ਰਹੀ ਗੱਡੀ ’ਚ ਮਾਮੂਲੀ ਝਟਕਾ ਵੀ ਨਹੀਂ ਸੀ ਲੱਗ ਰਿਹਾ।

ਆਵਾਜ਼ ਬਿਲਕੁਲ ਨਾਮਾਤਰ, ਤੇ ਬੜਾ ਹੀ ਸ਼ਾਂਤ ਜਿਹਾ ਮਾਹੌਲ। ਇਹ ਸਭ ਆਪਣੀਆਂ ਗੱਡੀਆਂ ਨਾਲੋਂ ਅਲੱਗ ਜਿਹਾ ਲੱਗਿਆ। ਮੈਂ ਦੇਖਿਆ ਗੱਡੀ ’ਚ ਨੌਜਵਾਨ ਮੁੰਡੇ-ਕੁੜੀਆਂ ਬਹੁਤ ਹਨ। ਚੁਸਤ-ਦਰੁਸਤ ਕੱਪੜਿਆਂ ’ਚ ਇਹ ਮੁੰਡੇ ਤੇ ਕੁੜੀਆਂ ਬੜੇ ਸੋਹਣੇ ਤੇ ਪਿਆਰੇ ਲੱਗ ਰਹੇ ਸਨ। ਇਕ ਯਾਤਰੀ ਨੇ ਦੱਸਿਆ ਕਿ ਇਹ ਸਭ ਪੀਸਾ-ਯੂਨੀਵਰਸਿਟੀ ਦੇ ਵਿਦਿਆਰਥੀ ਹਨ।ਪੀਸਾ ਯੂਨੀਵਰਸਿਟੀ ਇਟਲੀ ਦੀ ਬਹੁਤ ਪੁਰਾਣੀ ਤੇ ਮਸ਼ਹੂਰ ਯੂਨੀਵਰਸਿਟੀ ਹੈ, ਜੋ 1343 ਈ: ’ਚ ਬਣੀ ਸੀ। ਇਸ ਵਕਤ ਤੀਹ ਹਜ਼ਾਰ ਦੇ ਕਰੀਬ ਵਿਦਿਆਰਥੀ ਇੱਥੇ ਪੜ੍ਹ ਰਹੇ ਹਨ।

ਇਕ-ਦੋ ਵਿਦਿਆਰਥੀਆਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਾੜੀ-ਮੋਟੀ ਅੰਗਰੇਜ਼ੀ ਹੀ ਬੋਲਦੇ ਸਨ। ਚੰਗੀ ਕਿਸਮਤ ਕਿ ਇਕ ਮੁੰਡਾ ਅਜਿਹਾ ਸੀ, ਜੋ ਵਧੀਆ ਅੰਗਰੇਜ਼ੀ ਬੋਲ ਤੇ ਸਮਝ ਸਕਦਾ ਸੀ। ਉਸ ਨਾਲ ਗੱਲ ਕਰਨ ’ਤੇ ਉਸ ਨੇ ਦੱਸਿਆ ਕਿ ਇਹ ਸਾਰਾ ਗਰੁੱਪ, ਲਿਟਰੇਚਰ ਦੇ ਸਟੂਡੈਂਟਾਂ ਦਾ ਹੈ ਤੇ ਅਸੀਂ ਸਾਰੇ ਯੂਨੀਵਰਸਿਟੀ ਜਾ ਰਹੇ ਹਾਂ। ਮੈਂ ਦੱਸਿਆ ਕਿ ਮੈਂ ਇੰਡੀਆ ਤੋਂ ਹਾਂ ਤੇ ਪੀਸਾ ਟਾਵਰ ਦੇਖਣ ਜਾ ਰਿਹਾ ਹਾਂ। ਮੇਰੇ ਏਨਾ ਕਹਿਣ ’ਤੇ ਕਈ ਵਿਦਿਆਰਥੀਆਂ ਨੇ ਨੱਕ-ਬੁੱਲ੍ਹ ਚੜ੍ਹਾਏ। ਮੈਂ ਹੈਰਾਨ ਰਹਿ ਗਿਆ, ਤੇ ਨਾਲ ਹੀ ਪੁੱਛਿਆ ਕਿ ਕੀ ਗੱਲ? ਉਹ ਕਹਿਣ ਲੱਗੇ, ਅਸੀਂ ਇਸ ਟਾਵਰ ਨੂੰ ਪਸੰਦ ਨਹੀਂ ਕਰਦੇ, ਇਹ ਕੋਈ ਵਧੀਆ ਸਟਰੱਕਚਰ ਨਹੀਂ ਹੈ।

ਮੈਂ ਫਿਰ ਹੈਰਾਨ! ਪਰ ਕੀ ਕਹਿ ਸਕਦਾ ਸੀ। ਸੋਚਿਆ, ਸ਼ਾਇਦ ਉਹ ਰੋਜ਼-ਰੋਜ਼ ਟਾਵਰ ਨੂੰ ਦੇਖ ਕੇ ਉਕਤਾ ਗਏ ਹੋਣਗੇ। ਮੈਂ ਗੱਲ ਨੂੰ ਹੋਰ ਪਾਸੇ ਬਦਲ ਕੇ ਪੱੁਛਿਆ, ਤੁਹਾਡੇ ਏਥੇ ਮਸ਼ਹੂਰ ਇਟਾਲੀਅਨ ਕਵੀ ਕਿਹੜਾ ਹੈ। ਉਨ੍ਹਾਂ ਦੱਸਿਆ, ਮੋਨਟਾਲੇ ਤੇ ਪਾਵੇਸੇ ਦੋਵੇਂ ਹੀ ਮਸ਼ਹੂਰ ਹਨ। ਇਹ ਦੋਵੇਂ ਕਵੀ ਸਮਾਜਿਕ ਤੇ ਰਾਜਨੀਤਕ ਸਰੋਕਾਰਾਂ ’ਤੇ ਕਵਿਤਾ ਲਿਖਦੇ ਸਨ।

ਇਕ ਨਿਕੋਲਿਤਾ ਨਾਂ ਦਾ ਸਟੂਡੈਂਟ ਕਹਿਣ ਲੱਗਿਆ, ‘ਉਨ੍ਹਾਂ ਨੂੰ ਰੁਮਾਂਟਿਕ ਕਵੀ ਬਿਲਕੁਲ ਪਸੰਦ ਨਹੀਂ।’ ਮੈਂ ਸੁਣ ਵੀ ਲਿਆ ਤੇ ਮਨ ’ਚ ਹੀ ਕਹੀ ਗਿਆ, ‘ਮੁਸੋਲਿਨੀ ਦੀ ਔਲਾਦ।’ ਮੁਸੋਲਿਨੀ ਇਟਲੀ ਦਾ ਇਕ ਡਿਕਟੇਟਰ ਸੀ ਤੇ ਦੂਸਰੀ ਸੰਸਾਰ ਜੰਗ ਸਮੇਂ ਜਰਮਨੀ ਦੇ ਨਾਲ ਹਿਟਲਰ ਵਾਲੇ ਗਰੁੱਪ ’ਚ ਸੀ। ਇਹ ਖ਼ਿਆਲ ਮਨ ’ਚ ਕਿਉਂ ਆਇਆ, ਮੈਨੂੰ ਖ਼ੁਦ ਸਮਝ ਨਾ ਪਈ। ਵੈਸੇ ਇਹ ਗੱਲ ਮੈਂ ਉਨ੍ਹਾਂ ਕੋਲ ਜ਼ਾਹਿਰ ਨਾ ਹੋਣ ਦਿੱਤੀ ਪਰ ਹੀਰ-ਰਾਂਝਾ ਤੇ ਮਿਰਜ਼ਾ-ਸਾਹਿਬਾ ਦੇ ਪੜ੍ਹੇ ਕਿੱਸੇ ਮੇਰੀਆਂ ਅੱਖਾਂ ਅੱਗੇ ਘੁੰਮ ਗਏ।

ਮੈਂ ਸੋਚਣ ਲੱਗਾ ਕਿ ਸਾਨੂੰ ਪੰਜਾਬੀਆਂ ਨੂੰ ਤਾਂ ਇਹ ਰੁਮਾਂਟਿਕ ਕਾਵਿ ਵੀ ਬਹੁਤ ਪਸੰਦ ਨੇ। ਝੱਟ ਹੀ ਇਕ ਹੋਰ ਮੁੰਡਾ ਬੋਲ ਪਿਆ, ‘ਇਟਲੀ ’ਚ ਜੋ ਲੇਖਕ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ, ਉਸੇ ਨੂੰ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਸ ਨੇ ਪੀਰੈਂਡਲੋ ਦਾ ਨਾਂ ਲਿਆ ਤੇ ਦੱਸਿਆ ਕਿ ਉਹ ਇਸ ਕਰਕੇ ਮਸ਼ਹੂਰ ਹੈ ਕਿ ਉਸ ਨੇ ਜੋ ਨਾਵਲ ਤੇ ਡਰਾਮੇ ਲਿਖੇ, ਉਨ੍ਹਾਂ ਦਾ ਥੀਮ ਸਮਾਜਿਕ ਸੀ। ਪੀਰੈਂਡਲੋ ਦਾ ਇਕ ਨਾਵਲ ‘ਨਾਵਲ ਇਕ ਸਾਲ ਦਾ’ ਬੜਾ ਮਸ਼ਹੂਰ ਹੋਇਆ ਹੈ। ਇਕ ਹੋਰ ਮੁੰਡੇ ਨੇ ਦੱਸਿਆ ਕਿ ਪਿਛਲੀ ਸਦੀ ’ਚ ਲੀੲੋਪਾਰਪੀ ਨਾਂ ਦਾ ਕਵੀ ਵੀ ਕਾਫ਼ੀ ਮਸ਼ਹੂਰ ਹੋਇਆ , ਜੋ ਕੁਦਰਤ ਦਾ ਕਵੀ ਸੀ। ਮੇਰੇ ਲਈ ਇਹ ਸਭ ਜਾਣਕਾਰੀ ਨਵੀਂ ਤੇ ਬੜੀ ਦਿਲਚਸਪ ਸੀ।

ਮੈਂ ਸੋਚਣ ਲੱਗਾ ਕਿ ਮੁਸੋਲਿਨੀ ਤੋਂ ਬਾਅਦ ਤਾਂ ਇਟਲੀ ਬਹੁਤ ਬਦਲ ਚੁੱਕਿਆ ਹੈ। ਹੋਰਨਾਂ ਕੌਮਾਂ ਦੇ ਨਾਲ-ਨਾਲ ਹੁਣ ਤਾਂ ਪੰਜਾਬੀ ਵੀ ਕਾਫ਼ੀ ਗਿਣਤੀ ’ਚ ਇੱਥੇ ਪਹੁੰਚ ਚੁੱਕੇ ਹਨ। ਜਿਸ ਸਮਾਜਿਕ ਸਰੋਕਾਰ ਤੇ ਕੁਦਰਤ ਪ੍ਰੇਮ ਦੀ ਗੱਲ ਇਹ ਮੁੰਡਾ ਕਰ ਰਿਹਾ ਹੈ, ਇਸ ’ਚ ਸਾਡੇ ਪੰਜਾਬੀ ਕਵੀ ਤੇ ਸਾਹਿਤਕਾਰ ਵੀ ਕਿਸੇ ਤੋਂ ਘੱਟ ਨਹੀਂ ਹਨ। ਸਾਡੀ ਕਵਿਤਾ ਤੇ ਸਾਡਾ ਸਾਹਿਤ ਵੀ ਆਮ ਲੋਕਾਂ ਦੇ ਨਾਲ ਖੜ੍ਹਾ ਹੈ ਤੇ ਉਨ੍ਹਾਂ ਦੀ ਗੱਲ ਕਰਦਾ ਹੈ।

ਗੱਲਾਂ-ਗੱਲਾਂ ’ਚ ਹੀ ਪੀਸਾ ਦਾ ਰੇਲਵੇ ਸਟੇਸ਼ਨ ਆ ਗਿਆ। ਸਵਾ ਘੰਟੇ ਦਾ ਇਹ ਸਫ਼ਰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਲੰਘ ਗਿਆ। ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਰੇਲਵੇ ਸਟੇਸ਼ਨ ਤੋਂ ਬੱਸ ਫੜ ਕੇ ਅਸੀਂ ਪੀਸਾ ਟਾਵਰ ਵਾਲੀ ਜਗ੍ਹਾ ਲਈ ਚੱਲ ਪਏ। ਉੱਥੇ ਪਹੁੰਚ ਕੇ ਮੈਂ ਦੇਖਿਆ ਕਿ ਇਹ ਇਕ ਬਹੁਤ ਸਾਰੀ ਖੁੱਲ੍ਹੀ ਜਗ੍ਹਾ ਸੀ। ਇਸ ਨੂੰ ਬਹੁਤ ਵੱਡਾ ਸੁਕੇਅਰ ਜਾਂ ਕੰਪਾਉਂਡ ਕਹਿ ਸਕਦੇ ਹਾਂ। ਉੱਥੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਤਿੰਨ ਸਟਰੱਕਚਰ ਸਨ। ਇਕ ਸਟਰੱਕਚਰ ਕਾਫ਼ੀ ਵੱਡਾ ਸੀ ਤੇ ਇਹ ਗੁੰਬਦਨੁਮਾ ਸੀ। ਇਸ ਬਾਰੇ ਦੱਸਿਆ ਗਿਆ ਕਿ ਇਸ ’ਚ ਬੱਚਿਆਂ ਨੂੰ ਇਸਾਈ ਧਰਮ ਪ੍ਰਤੀ ਬੈਪੇਟਾਈਜ਼ ਕੀਤਾ ਜਾਂਦਾ ਹੈ। ਇਹ ਕਹਿ ਸਕਦੇ ਹਾਂ ਕਿ ਜਿਵੇਂ ਸਾਡੇ ਅੰਮਿ੍ਰਤ ਛਕਾਉਣ ਦੀ ਰਸਮ ਹੈ। ਮੈਂ ਤੇ ਮੇਰੇ ਸਾਥੀ ਇਸ ਦੇ ਅੰਦਰ ਨਹੀਂ ਜਾ ਸਕੇ। ਅੰਦਰ ਕੀ ਸਿਸਟਮ ਹੈ ਤੇ ਕਿਵੇਂ ਇਹ ਰਸਮ ਹੁੰਦੀ ਹੈ, ਇਹ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

ਦੂਸਰਾ ਸਟਰੱਕਚਰ ਇਕ ਚਰਚ ਸੀ। ਕਾਫ਼ੀ ਵੱਡੀ ਤੇ ਬੜੀ ਪੁਰਾਣੀ ਚਰਚ ਹੈ। ਇਸ ਚਰਚ ਦੇ ਅੰਦਰ ਜਾ ਕੇ ਦੇਖਿਆ ਤਾਂ ਹੈਰਾਨ ਹੋ ਗਏ। ਅੰਦਰ ਦਾ ਆਰਟ-ਵਰਕ ਬੜਾ ਵਧੀਆ ਸੀ। ਭਾਵੇਂ ਪੁਰਾਣਾ ਸੀ ਪਰ ਬਹੁਤ ਹੀ ਸੁੰਦਰ ਤੇ ਆਕਰਸ਼ਕ ਸੀ। ਇਸ ਚਰਚ ਦਾ ਕਾਫ਼ੀ ਵੱਡਾ ਹਾਲ ਸੀ ਪਰ ਉਸ ਵਕਤ ਲਗਭਗ ਖ਼ਾਲੀ ਹੀ ਸੀ। ਸਿਰਫ਼ ਟੂਰਿਸਟ ਹੀ ਅੰਦਰ-ਬਾਹਰ ਆ ਜਾ ਰਹੇ ਸਨ। ਮੈਨੂੰ ਇਹ ਥੋੜ੍ਹਾ ਅਜੀਬ ਜਿਹਾ ਲੱਗਿਆ ਕਿਉਂਕਿ ਸਾਡੇ ਅਜਿਹੇ ਧਾਰਮਿਕ ਸਥਾਨਾਂ ’ਤੇ ਅਕਸਰ ਹੀ ਬਹੁਤ ਭੀੜ-ਭੜੱਕਾ ਬਣਿਆ ਰਹਿੰਦਾ ਹੈ। ਸ਼ਾਇਦ ਇਹ ਸਾਡੀ ਆਸਥਾ ਤੇ ਇਨ੍ਹਾਂ ਲੋਕਾਂ ਦੀ ਆਸਥਾ ਦਾ ਫ਼ਰਕ ਹੋ ਸਕਦਾ ਹੈ।

ਤੀਸਰਾ ਸਟਰੱਕਚਰ ਪੀਸਾ ਟਾਵਰ ਸੀ, ਜੋ ਦੁਨੀਆਂ ਭਰ ਵਿਚ ਮਸ਼ਹੂਰ ਹੈ। ਇਹ ਟਾਵਰ ਉਸ ਵੇਲੇ ਇਕ ਪਾਸੇ ਨੂੰ ਕਾਫ਼ੀ ਝੁਕਿਆ ਹੋਇਆ ਸੀ। ਸਾਨੂੰ ਦੱਸਿਆ ਗਿਆ ਕਿ ਇਹ ਕਈ ਸਾਲਾਂ ਤੋਂ ਇਸੇ ਤਰ੍ਹਾਂ ਝੁਕਿਆ ਹੋਇਆ ਹੈ। ਬਿਲਕੁਲ ਨਜ਼ਦੀਕ ਜਾ ਕੇ ਦੇਖਣ ਵੇਲੇ ਤਾਂ ਬਹੁਤ ਝੁਕਿਆ ਲਗਦਾ ਹੈ। ਮੈਂ ਦੇਖਿਆ ਕਿ ਸੀਮਿੰਟ ਦੇ ਵੱਡੇ-ਵੱਡੇ ਬਲਾਕ ਬਣਾ ਕੇ ਦੂਸਰੇ ਪਾਸੇ ਵਜ਼ਨ ਦੇ ਤੌਰ ’ਤੇ ਰੱਖੇ ਹੋਏ ਸਨ। ਇਹ ਵਜ਼ਨ ਇਸ ਲਈ ਹੈ ਕਿ ਉਹ ਪਾਸਾ ਦੱਬਿਆ ਰਹੇ ਤੇ ਟਾਵਰ ਹੋਰ ਨਾ ਝੁਕੇ। ਕਈ ਸਾਲਾਂ ਤੋਂ ਇਸ ਟਾਵਰ ਦੇ ਉੱਪਰ ਚੜ੍ਹਨ ਦੀ ਮਨਾਹੀ ਸੀ। ਮੇਰਾ ਤੇ ਸਾਥੀਆਂ ਦਾ ਉਪਰ ਚੜ੍ਹ ਕੇ ਚਾਰ-ਚੁਫੇਰੇ ਪੀਸਾ ਸ਼ਹਿਰ ਨੂੰ ਦੇਖਣ ਦਾ ਚਾਅ ਵੀ ਵਿੱਚੇ ਹੀ ਰਹਿ ਗਿਆ। ਮੈਂ ਦੇਖਿਆ ਕਿ ਕੁਝ ਕੁ ਵਿਦੇਸ਼ੀ ਟੂਰਿਸਟਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਗੱਡੀ

ਵਿਚਲੇ ਉਸ ਵਿਦਿਆਰਥੀ ਦੀ ਗੱਲ ਯਾਦ ਆਈ, ਜੋ ਕਹਿ ਰਿਹਾ ਸੀ ਇਹ ਕੋਈ ਵਧੀਆ ਸਟਰੱਕਚਰ ਨਹੀਂ ਹੈ। ਟਾਵਰ ਬੜਾ ਉਦਾਸ ਲੱਗਿਆ।

ਇਹ ਸਾਰੀ ਜਗ੍ਹਾ ਦੀ ਹਿਸਟਰੀ ਬਾਰੇ ਕੋਈ ਐਸਾ ਬੋਰਡ ਨਜ਼ਰ ਨਹੀਂ ਪਿਆ, ਜਿੱਥੇ ਅੰਗਰੇਜ਼ੀ ਵਿਚ ਜਾਣਕਾਰੀ ਲਿਖੀ ਹੋਵੇ। ਇੱਥੇ ਜੋ ਵੀ ਬੋਰਡ ਸਨ, ਉਹ ਇਟਾਲੀਅਨ ਭਾਸ਼ਾ ਵਿਚ ਸਨ। ਮੈਂ ਸੋਚ ਰਿਹਾ ਸੀ ਕਿ ਸਾਡੇ ਲੋਕ ਆਪਣੀ ਭਾਸ਼ਾ ’ਚ ਲਿਖਣ ਭਾਵੇਂ ਨਾ ਲਿਖਣ ਪਰ ਅੰਗਰੇਜ਼ੀ ਵਿਚ ਬੋਰਡ ਜ਼ਰੂਰ ਲਾ ਦਿੰਦੇ ਨੇ। ਤਿੰਨ ਕੁ ਘੰਟਿਆਂ ਬਾਅਦ ਹੀ ਅਸੀਂ ਰੇਲਵੇ ਸਟੇਸ਼ਨ ’ਤੇ ਵਾਪਸ ਆ ਗਏ। ਪਤਾ ਲੱਗਿਆ ਕਿ ਜਿਸ ਗੱਡੀ ਰਾਹੀਂ ਵਾਪਸ ਲਾ-ਸਪੀਜ਼ੀਆ ਜਾਣਾ ਸੀ, ਉਹ ਕੈਂਸਲ ਹੋ ਗਈ ਹੈ। ਸਾਡੇ ਲਈ ਵੱਡੀ ਪਰੇਸ਼ਾਨੀ ਖੜ੍ਹੀ ਹੋ ਗਈ। ਫਿਰ ਪਤਾ ਲੱਗਾ ਸਪੈਸ਼ਲ ਇੰਟਰ ਸਿਟੀ ਗੱਡੀ, ਟੂਰੀਨ ਸ਼ਹਿਰ (ਟੋਰੀਨੋ ਵੀ ਕਹਿ ਰਹੇ ਸਨ’ ਨੂੰ ਜਾਏਗੀ ਤੇ ਉਹ ਲਾ-ਸਪੀਜ਼ੀਆ ਹੋ ਕੇ ਜਾਵੇਗੀ। ਭੱਜ-ਨੱਠ ਕਰ ਕੇ ਉਸ ਗੱਡੀ ਵਿਚ ਕਿਸੇ ਤਰ੍ਹਾਂ ਸੀਟ ਤਾਂ ਮਿਲ ਗਈ, ਪਰ ਸਾਨੂੰ 4500\- ਲੀਰੇ ਪਰ ਸੀਟ ਹੋਰ ਦੇਣੇ ਪਏ।

ਸ਼ਾਮ ਨੂੰ ਅਸੀਂ ਵਾਪਸ ਜਹਾਜ਼ ’ਚ ਆ ਗਏ। ਪੀਸਾ ਦੀਆਂ ਉਹ ਯਾਦਾਂ ਤੇ ਨੌਜਵਾਨਾਂ ਨਾਲ ਹੋਈਆਂ ਗੱਲਾਂ ਅੱਜ ਵੀ ਮਨ ਦੇ ਇਕ ਕੋਨੇ ’ਚ ਵਸੀਆਂ ਹੋਈਆਂ ਹਨ। ਕਦੀ ਮਨ ’ਚ ਇਹ ਵੀ ਆਉਂਦਾ ਹੈ ਕਿ ਪੀਸਾ ਟਾਵਰ ਹੁਣ ਬੁੱਢਾ ਹੋ ਚੁੱਕਿਆ ਹੈ। ਉਸ ਦੀ ਕਮਰ ’ਚ ਵੱਡਾ ਕੁੱਬ ਪੈ ਗਿਆ ਹੈ। ਉਸ ਦੀ ਕਦਰ ਬਹੁਤ ਘਟ ਗਈ ਹੈ। ਨੌਜਵਾਨ ਉਸ ਨੂੰ ਦੇਖਣਾ ਨਹੀਂ ਚਾਹੁੰਦੇ। ਉਹ ਕੀ ਸੰਦੇਸ਼ ਦੇਣਾ ਚਾਹੁੰਦਾ ਸੀ, ਉਸ ਨੂੰ ਸੁਣਨਾ ਨਹੀਂ ਚਾਹੁੰਦੇ। ਕੀ ਸਰਕਾਰ ਇਸ ਨੂੰ ਇਸੇ ਤਰ੍ਹਾਂ ਝੁਕਿਆ ਖੜ੍ਹਾ ਰਹਿਣ ਦੇਵੇਗੀ ਜਾਂ ਕੋਈ ਕਦਮ ਚੁੱਕੇਗੀ? ਕੀ ਬਾਹਰੀ ਟੂਰਿਸਟ ਅੱਗਿਓਂ ਵੀ ਆਉਂਦੇ ਰਹਿਣਗੇ ਜਾਂ ਹੌਲੀ-ਹੌਲੀ ਇਹ ਜਗ੍ਹਾ ਉਨ੍ਹਾਂ ਦੇ ਮਨਾਂ ’ਚੋਂ ਵੀ ਗਾਇਬ ਹੋ ਜਾਵੇਗੀ ?

ਨੌਜਵਾਨ ਮਨਾਂ ਅੰਦਰ ਖ਼ਤਮ ਹੋ ਚੱੁਕੀ ਹੈ ਪੀਸਾ ਟਾਵਰ ਦੀ ਸ਼ਾਨ

ਪਹਿਲਾਂ ਮੈਂ ਸੋਚਦਾ ਸੀ ਕਿ ‘ਟਾਵਰ ਆਫ ਪੀਸਾ’ ਦੁਨੀਆਂ ਦੇ ਮਸ਼ਹੂਰ ਅਜੂਬਿਆਂ ਵਿੱਚੋਂ ਇੱਕ ਹੈ, ਇਸ ਲਈ ਬਹੁਤ ਭੀੜ-ਭੜੱਕਾ ਤੇ ਰੌਣਕ ਹੋਵੇਗੀ। ਖਾਣ-ਪੀਣ ਦੀਆ ਦੁਕਾਨਾਂ ਅਤੇ ਤਰ੍ਹਾਂ-ਤਰ੍ਹਾਂ ਦੇ ਸਟਾਲ ਹੋਣਗੇ ਪਰ ਇੱਥੇ ਆ ਕੇ ਦੇਖਿਆ ਤਾਂ ਅਜਿਹਾ ਕੁਝ ਵੀ ਨਹੀਂ ਸੀ। ਨਾ ਕੋਈ ਦੁਕਾਨ ਤੇ ਨਾ ਕੋਈ ਭੀੜ-ਭੜੱਕਾ। ਬਾਹਰਲੇ ਟੂਰਿਸਟ ਹੀ ਤੁਰੇ ਫਿਰਦੇ ਤੇ ਘੁੰਮਦੇ ਦੇਖੇ, ਲੋਕਲ ਤਾਂ ਕੋਈ ਟਾਵਾਂ ਹੀ ਸੀ। ਮਨ ’ਚ ਖ਼ਿਆਲ ਆਇਆ, ਕੀ ਇਹ ਜਗ੍ਹਾ ਆਪਣੀ ਚੜ੍ਹਤ ਵਾਲੀ ਸ਼ਾਨ ਗਵਾ ਚੁੱਕੀ ਹੈ? ਗੱਡੀ ’ਚ ਜਦ ਮੈਂ ਦੱਸਿਆ ਸੀ ਕਿ ਮੈਂ ਪੀਸਾ ਟਾਵਰ ਦੇਖਣ ਜਾ ਰਿਹਾ ਹਾਂ ਤਾਂ ਕਈ ਮੰੁਡਿਆਂ ਨੇ ਨੱਕ-ਬੁੱਲ੍ਹ ਚੜ੍ਹਾਏ ਸਨ। ਉਨ੍ਹਾਂ ਨੌਜਵਾਨਾਂ ਦੇ ਮਨਾਂ ਅੰਦਰ ਤਾਂ ਇਸ ਜਗ੍ਹਾ ਦੀ ਸ਼ਾਨ ਖ਼ਤਮ ਹੋ ਚੁੱਕੀ ਹੈ।

- ਪਰਮਜੀਤ ਮਾਨ

Posted By: Harjinder Sodhi