ਪੱਥਰ (ਪਾਸ਼ਾਨ) ਯੱੁਗ ਅਤੇ ਮੋਹੰਜੋਦਾੜੋ-ਹੜੱਪਾ ਸੱਭਿਅਤਾ ਤੋਂ ਬਾਅਦ ਕਲਾ ਦੇ ਸੰਦਰਭ ’ਚ ਅਸੀਂ ਆਰੀਆ ਯੁਗ ’ਚ ਆ ਪਰਵੇਸ਼ ਕਰਦੇ ਹਾਂ। ਇਹ ਵੀ ਵੇਖਣ ’ਚ ਆਇਆ ਹੈ ਕਿ ਮੋਹੰਜੋਦਾੜੋ-ਹੜੱਪਾ ਸੱਭਿਅਤਾ ਦੇ ਅੰਤ ਅਤੇ ਭਾਰਤ ਦੀ ਧਰਤੀ ’ਤੇ ਆਰੀਆ ਲੋਕਾਂ ਦੇ ਆਉਣ ਦਾ ਸਮਾਂ ਤਕਰੀਬਨ ਇਕੋ ਹੈ। ਇਤਿਹਾਸਕਾਰਾਂ ਅਨੁਸਾਰ ਇਹ ਸਮਾਂ 1500 ਪੂਰਵ ਈਸਵੀ ਦੇ ਆਸ ਪਾਸ ਦੱਸਿਆ ਗਿਆ ਹੈ।

ਜੇ ਵਿਹਾਰਕ ਪੱਧਰ ’ਤੇ ਵੇਖਿਆ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ਅੱਜ ਤੋਂ 3500 ਜਾਂ 4000 ਵਰ੍ਹੇ ਪਹਿਲਾਂ ਜਿਨ੍ਹਾਂ ਇੰਡੋ-ਆਰੀਆ ਕਬੀਲਿਆਂ ਨੇ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ’ਤੇ ਆਪਣੇ ਡੇਰੇ ਜਮਾਏ ਤਾਂ ਇਹ ਪਸ਼ੂਪਾਲਕ ਲੋਕ ਸਨ। ਇਨ੍ਹਾਂ ਨੂੰ ਚਰਾਂਦਾ ਦੀ ਲੋੜ ਸੀ। ਇਨ੍ਹਾਂ ਨੂੰ ਨਾ ਮੂਰਤੀਆਂ ਦੀ ਲੋੜ ਸੀ, ਨਾ ਮੰਦਰਾਂ ਦੀ। ਇਨ੍ਹਾਂ ਨੂੰ ਥੋੜ੍ਹੀ ਨਹੀਂ ਖੁੱਲ੍ਹੀ ਥਾਂ ਹੀ ਕਾਫ਼ੀ ਸੀ ਤਾਂ ਜੋ ਆਪਣੇ ਯੱਗਾਂ ਲਈ ਅੱਗ ਬਾਲ ਕੇ ਅਹੂਤੀਆਂ ਦੇ ਸਕਣ। ਇਸ ਦੇ ਲਈ ਜਜਮਾਨਾਂ ਦੀ ਲੋੜ ਸੀ ਅਤੇ ਯੱਗ ਦੇ ਕਿਰਿਆ ਕਾਂਡ ਲਈ ਪ੍ਰੋਹਤਾਂ ਦੀ। ਰਿਗਵੇਦ ਅਤੇ ਹੋਰ ਵੇਦਾਂ ’ਚ ਜਿਨ੍ਹਾਂ ਦੇਵਤਿਆਂ ਦਾ ਜ਼ਿਕਰ ਆਉਦਾ ਹੈ, ਉਹ ਸਾਰੇ ਪ੍ਰਕਿਰਤੀ ਨਾਲ ਸਬੰਧਿਤ ਹਨ, ਅਗਨੀ ਦੇਵਤਾ, ਇੰਦਰ ਦੇਵਤਾ, ਊਸ਼ਾ ਆਦਿ।

ਜਿੱਥੋਂ ਤੱਕ ਕਲਾ ਦਾ ਸਵਾਲ ਹੈ ਭਾਰਤੀ ਮੂਰਤੀ ਕਲਾ ਤਕਰੀਬਨ ਤੀਸਰੀ ਪੂਰਵਸ਼ਤਾਬਦੀ ’ਚ ਜਾ ਕੇ ਸ਼ੁਰੂ ਹੁੰਦੀ ਹੈ। ਭਾਵ ਇਹ ਕਿ ਮੋਹੰਜੋਦਾੜੋ-ਹੜੱਪਾ ਸੱਭਿਅਤਾਵਾਂ ਦੇ ਲੋਪ ਹੋ ਜਾਣ ਅਤੇ ਭਾਰਤ ਦੇ ਮੂਰਤੀ ਕਲਾ ਦੇ ਕੁਝ ਆਰੰਭ ਹੋਣ ’ਚ ਹਜ਼ਾਰ, ਅੱਠ ਸੌ ਸਾਲ ਦਾ ਵਕਫ਼ਾ ਹੈ। ਉਨ੍ਹਾਂ ਸਮਿਆਂ ਦੇ ਲਿਖੀ ਗਈ ਸੰਸਿਤ ਸਾਹਿਤ ਤੋਂ ਇੰਨਾ ਕੁ ਪਤਾ ਲੱਗਦਾ ਹੈ ਕਿ ਰਾਜਿਆਂ ਅਤੇ ਧਨਵਾਨ ਵਿਅਕਤੀਆਂ ਦੇ ਘਰਾਂ ਦੀਆਂ ਕੰਧਾਂ ’ਤੇ ਜੋ ਲੱਕੜੀ ਦੀਆਂ ਹੁੰਦੀਆਂ ਸਨ, ਚਿਤਰਕਾਰੀ ਹੁੰਦੀ ਸੀ। ਲੱਕੜੀ ਦੇ ਦਰਵਾਜ਼ਿਆਂ ’ਤੇ ਨਕਾਸ਼ੀ ਹੁੰਦੀ ਸੀ। ਹਾਥੀ ਦੰਦ ਦੇ ਸੋਨੇ ਚਾਂਦੀ ਦੇ ਸੁੰਦਰ ਨਕਾਸ਼ੀ ਵਾਲੇ ਗਹਿਣੇ ਵੀ ਬਣਦੇ ਸਨ। ਪਰ ਇਨ੍ਹਾਂ ਦੇ ਹੋਣ ਦੇ ਸਾਰੇ ਪ੍ਰਮਾਣ, ਸਵਾਏ ਮਿੱਟੀ ਦੇ ਕੁਝ ਖਡੌਣਿਆਂ ਦੇ ਸਮੇਂ ਨਾਲ ਬਰਬਾਦ ਹੋ ਗਏ। ਪੁਰਾਤਤਵ ਆਧਾਰ ’ਤੇ ਮੂਰਤੀਕਲਾ ਦਾ ਲਗਾਤਾਰ ਵਿਕਾਸ ਤੀਸਰੀ ਸ਼ਤਾਬਦੀ ਪੂਰਵੀ ਈਸਵੀ (ਅਸ਼ੋਕ ਦੇ ਸਮੇਂ ਤੋਂ) ਵੇਖਿਆ ਜਾ ਸਕਦਾ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਇਸ ਤੋਂ ਪਹਿਲਾਂ ਮੂਰਤੀਆਂ ਬਿਲਕੁਲ ਹੀ ਨਹੀਂ ਸੀ ਬਣਦੀਆਂ। ਪ੍ਰਾਚੀਨ ਸੰਸਿਤ ਸਾਹਿਤ ’ਚ ਪਵਿੱਤਰ ਪ੍ਰਤਿਮਾਵਾਂ ਦੇ ਕੁਝ ਉਲੇਖ ਮਿਲਦੇ ਹਨ। ਇਨ੍ਹਾਂ ਗ੍ਰੰਥਾਂ ’ਚ ਮੂਰਤੀਆਂ ਨੂੰ ਪ੍ਰਤਿਮਾ, ਸੰਦਰਸ਼ੀ, ਪ੍ਰਕਿਰਤ ਜਾਂ ਬਿੰਬ ਕਿਹਾ ਗਿਆ ਹੈ।

ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਭਾਰਤ ਦੀ ਮੂਰਤੀ ਕਲਾ ਦੀ ਵਿਧੀਵਧ ਸ਼ੁਰੂਆਤ ਅਸ਼ੋਕ ਦੇ ਸਮੇਂ (273-232 ਪੂਰਵ ਈਸਵੀ) ਤੋਂ ਹੋਈ। ਅਸ਼ੋਕ ਨੇ ਮਹਾਤਮਾ ਬੁੱਧ ਨਾਲ ਜੁੜੇ ਹੋਏ ਹਰ ਸਥਾਨ ਤੇ ਸਤੂਪ ਅਤੇ ਸਤੰਭ ਬਣਵਾਏ। ਇਹ ਸਾਰੇ ਸਥਾਨ ਜ਼ਿਆਦਾਤਰ ਉੱਤਰੀ ਭਾਰਤ ’ਚ ਸਨ। ਮੁੱਢ ਕਦੀਮ ’ਚ ਕਿਸੇ ਦੀ ਮਿ੍ਰਤਕ ਦੇਹ ਨੂੰ ਜਾਂ ਮਿ੍ਰਤਕ ਦੇ ਕਿਸੇ ਭਾਗ ਨੂੰ ਮਿੱਟੀ ’ਚ ਦਬਾ ਕੇ ਢੇਰੀ ਬਣਾ ਦਿੱਤੀ ਜਾਂਦੀ ਸੀ। ਅਸ਼ੋਕ ਦੇ ਸਮੇਂ ਇਨ੍ਹਾਂ ਢੇਰੀਆਂ ਨੇ ਸਤੂਪਾਂ ਦੀ ਸ਼ਕਲ ਅਖ਼ਤਿਆਰ ਕਰ ਲਈ। ਇਨ੍ਹਾਂ ਗੋਲਾਕਾਰ ਸਤੂਪਾਂ ਦੇ ਆਲੇ ਦੁਆਲੇ ਰੇਲਿੰਗ ਅਤੇ ਤੋਰਣ (ਸਜਾਵਟੀ ਦਵਾਰ) ਬਣਵਾਏ। ਇਨ੍ਹਾਂ ਸੈਂਕੜੇ ਸਤੂਪਾਂ ਵਿਚ ਭੋਪਾਲ ਤੋਂ ਕੁਝ ਦੂਰ ਸਾਂਚੀ ਦਾ ਸਤੂਪ, ਬਹੁਤ ਸਾਰੇ ਬਰਬਾਦ ਜਾਂ ਲੋਪ ਹੋ ਗਏ। ਅਨੇਕਾਂ ਸਤੂਪਾਂ ’ਚ ਸਭ ਤੋਂ ਸਾਬਤ ਅਤੇ ਤਕਰੀਬਨ ਉਸੇ ਹਾਲਤ ’ਚ ਖੜ੍ਹਾ ਹੈ ਜਿਵੇਂ ਇਹ ਅੱਜ ਤੋਂ ਤਕਰੀਬਨ 2300 ਵਰ੍ਹੇ ਪਹਿਲਾਂ ਬਣਿਆ ਸੀ।

ਸਾਂਚੀ ਅਤੇ ਹੋਰ ਸਥਾਨਾਂ ’ਤੇ ਵਿਕਸਤ ਹੁੰਦੀ ਕਲਾ ਦੇ ਫਲਸਰੂਪ ਕਲਾ ਦੇ ਤਿੰਨ ਮੁੱਖ ਸਕੂਲਾਂ/ਸ਼ੈਲੀਆਂ ਦਾ ਵਿਕਾਸ ਹੋਇਆ ਜੋ ਪਹਿਲੀ ਸ਼ਤਾਬਦੀ ਈਸਵੀ ਤੋਂ ਚੌਥੀ ਸ਼ਤਾਬਦੀ ਈਸਵੀ ਵਿਚਕਾਰ ਉੱਤਰ ਅਤੇ ਦੱਖਣੀ ਭਾਰਤ ’ਚ ਮਥੁਰਾ ਦੇ ਆਲੇ ਦੁਆਲੇ, ਗੰਧ-ਟੈਕਸਲਾ ਦੇ ਖੇਤਰ ’ਚ ਅਤੇ ਅਮਰਾਵਤੀ ’ਚ (ਮਹਾਰਾਸ਼ਟਰਾ) ਵਿਕਸਤ ਹੋਇਆਂ। ਇਨ੍ਹਾਂ ਖੇਤਰਾਂ ’ਚ ਮੂਰਤੀ ਕਲਾ ਦੇ ਵਿਕਾਸ ਨੇ ਭਾਰਤ ’ਚ ਮੂਰਤੀਕਲਾ ਵਿਗਿਆਨ ਦੇ ਮਾਪਦੰਡ ਅਤੇ ਕਲਾਸਿਜ਼ਮ ਦੀ ਨੀਂਹ ਰੱਖੀ।

ਸਾਂਚੀ ਦਾ ਸਤੂਪ ਜੋ ਬਿਲਕੁਲ ਸਾਬਤ ਹੈ, ਇਸ ’ਚ ਬੁੱਧ ਧਰਮ ਦੀ ਧੱਜਾ, ਅਰੂਜ ਅਤੇ ਕਲਾ ਦੇ ਕਮਾਲ ਨੂੰ ਵੇਖਿਆ ਜਾ ਸਕਦਾ ਹੈ। ਇਸ ਸਤੂਪ ਦਾ ਮੁੱਖ ਗੌਰਵ ਇਸ ਦੇ ਦੁਆਲੇ ਦੇ ਚਾਰ ਦਵਾਰ (ਤੋਰਨ) ਹਨ। ਇਨ੍ਹਾਂ ਦੀਵਾਰਾਂ ਦੀ ਸੱਜਾ, ਕਲਾ ਅਤੇ ਕਾਰੀਗਰੀ ਨੂੰ ਵੇਖ ਕੇ ਆਦਮੀ ਹੈਰਾਨ ਰਹਿ ਜਾਂਦਾ ਹੈ। ਇਨ੍ਹਾਂ ਦੀਵਾਰਾਂ ਦੇ ਪੈਨਲਾਂ ਅਤੇ ਆਲੇ ਦੁਆਲੇ ਮਹਾਤਮਾ ਬੁੱਧ ਦੇ ਜੀਵਨ ਜਾਂ ਜਾਤਕ ਕਥਾਵਾਂ ਦੀ ਬਿਰਤਾਂਤਕਾਰੀ ਦੇ ਨਾਲ-ਨਾਲ ਜਾਨਵਰਾਂ, ਬਨਸਪਤੀਆਂ, ਨਰਾਣ ਅਪਸਰਾਵਾਂ, ਬੇਲ ਬੂਟਿਆਂ ਨੂੰ ਪੱਥਰਾਂ ’ਚ ਤਰਾਸ਼ਿਆ ਗਿਆ ਹੈ। ਇਨ੍ਹਾਂ ’ਚ ਅਪਸਰਾਵਾਂ ਸ਼ਾਲ ਭੰਜਿਕਾਵਾਂ ਦੇ ਇਲਾਵਾ ਸ਼ੇਰ, ਹਾਥੀ, ਨਾਗ, ਮੱਝਾਂ ਆਦਿ ਦੀ ਨਕਾਸ਼ੀ ਮੂਰਤੀ ਕਲਾ ਦੇ ਸ਼ਿਖਰਾਂ ਨੂੰ ਛੂੰਹਦੀ ਪ੍ਰਤੀਤ ਹੁੰਦੀ ਹੈ। ਮਹਾਤਮਾ ਬੁੱਧ ਦੇ ਜੀਵਨ ਨਾਲ ਸਬੰਧਿਤ ਜਾਤਕ ਕਥਾਵਾਂ ਦੇ ਵਰਣਨ ਲਈ ਕਈ ਤਰ੍ਹਾਂ ਦੀਆਂ ਸ਼ਿਲਪ ਕਲਾਵਾਂ ਦਾ ਸਹਾਰਾ ਲਿਆ ਗਿਆ ਹੈ। ਕਿਤੇ ਇਹ ਪੈਨਲ ਹਨ, ਕਿਤੇ ਹਵਾ ’ਚ ਝੂਮਦੀਆਂ ਅਪਸਰਾਵਾਂ ਹਨ।

- ਮਨਮੋਹਨ ਬਾਵਾ

Posted By: Harjinder Sodhi