ਅਸੀਂ ਗੱਲਾਂ ਮਾਰਦੇ ਬਿਹਾਰ ਦਾ ਮਸ਼ਹੂਰ ਸ਼ਹਿਰ ਮੁਜ਼ੱਫ਼ਰਪੁਰ ਲੰਘ ਗਏ। ਖੱਬੇ ਹੱਥ ਜਾਂਦੀ ਮੇਨ ਸੜਕ ਸਾਨੂੰ ਬਿਹਾਰ ਦੇ ਸ਼ਹਿਰ ਦਰਭੰਗਾ ਲੈ ਗਈ। ਦਰਭੰਗਾ ਦੇ ਬਾਈਪਾਸ 'ਤੇ ਇਕ ਢਾਬਾ ਵੇਖ ਕੇ ਅਸੀਂ ਬੜੇ ਖ਼ੁਸ਼ ਹੋਏ, ਕਿਉਂਕਿ ਉਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਢਾਬੇ ਵਾਲਿਆਂ ਨਾਲ ਗੱਲੀਂ ਪੈ ਗਏ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਵੀ ਪੰਜਾਬੀ ਨੇ ਤੇ ਤਰਨਤਾਰਨ ਸ਼ਹਿਰ ਤੋਂ ਹਨ। ਬਿਹਾਰ ਵਿਚ ਪੰਜਾਬੀ ਨੂੰ ਮਿਲ ਕੇ ਖ਼ੁਸ਼ੀ ਹੋਈ। ਉਨ੍ਹਾਂ ਸਾਨੂੰ ਪੁੱਛਿਆ 'ਬਾਈ ਜੀ ਤੁਸੀਂ ਐਨੀ ਦੂਰ ਕਿੱਧਰ ਬੁਲੇਟਾਂ 'ਤੇ ਫਿਰਦੇ ਹੋ' ਤਾਂ ਮੈਂ ਦੱਸਿਆ 'ਅਸੀਂ ਤਾਂ ਸਿੰਗਾਪੁਰ ਜਾ ਰਹੇ ਸੀ, ਰਾਹ 'ਚ ਬਾਬੇ ਨਾਨਕ ਦੀ ਫੋਟੋ ਲੱਗੀ ਵੇਖ ਰੁਕ ਗਏ। ਉਹ ਕਾਫ਼ੀ ਹੈਰਾਨ ਹੋਏ ਕਿ ਇਹ ਬੁਲੇਟਾਂ 'ਤੇ ਸਿੰਗਾਪੁਰ ਜਾ ਰਹੇ ਹਾਂ। ਚਾਹ ਪੀ ਕੇ ਅਸੀਂ ਉਨ੍ਹਾਂ ਤੋਂ ਵਿਦਾਈ ਲਈ ਤੇ ਉਨ੍ਹਾਂ ਸਾਡੇ ਤੋਂ ਚਾਹ ਦਾ ਬਿੱਲ ਨਾ ਲਿਆ ਤੇ ਵਾਪਸੀ ਵੇਲੇ ਉਨ੍ਹਾਂ ਨੇ ਆਪਣੇ ਕੋਲ ਠਹਿਰਣ ਦਾ ਸੱਦਾ ਵੀ ਦੇ ਦਿੱਤਾ।

ਅਸੀਂ ਉਨ੍ਹਾਂ ਦਾ ਸੱਦਾ ਕਬੂਲ ਕਰਦਿਆਂ ਦਰਭੰਗਾ ਤੋਂ ਚੱਲ ਪਏ। ਦਰਭੰਗਾ ਤੋਂ ਚੱਲ ਕੇ ਪਿਪਰੌਲੀਆ ਲੰਘ ਕੇ ਅਸੀਂ ਹਾਲੇ ਪ੍ਰਤਾਪਗੰਜ ਹੀ ਪਹੁੰਚੇ ਸੀ ਕਿ ਬੁਲੇਟ ਦੇ ਇੰਜਣ 'ਚੋਂ ਅਵਾਜ਼ ਆਉਣ ਲੱਗ ਪਈ। ਮਕੈਨਿਕ ਬਬਲੂ ਨੂੰ ਦਿਖਾਇਆ ਤਾਂ ਉਹ ਕਹਿੰਦਾ ਕਿ ਮੋਬਿਲਆਇਲ ਖ਼ਤਮ ਹੋ ਗਿਆ। ਅਸੀਂ ਆਪਣੇ ਕੋਲ ਰਿਜ਼ਰਵ ਰੱਖਿਆ ਮੋਬਿਲਆਇਲ ਪਾਇਆ। ਹਾਲੇ ਥੋੜ੍ਹੀ ਦੂਰ ਹੀ ਗਏ ਸੀ ਕਿ ਅਸੀਂ ਬਿਹਾਰ ਦਾ ਇਕ ਵਿਆਹ ਵੀ ਵੇਖਿਆ। ਡੋਲੀ ਤੁਰ ਰਹੀ ਸੀ ਤੇ ਅਸੀਂ ਸਭ ਖੜ੍ਹੇ ਦੇਖ ਰਹੇ ਸੀ। ਸਾਰੇ ਬਰਾਤੀ ਦੇਸੀ ਸ਼ਰਾਬ ਨਾਲ ਰੱਜੇ ਹੋਏ ਸਨ ਤੇ ਇਸਦੀ ਹਵਾੜ ਸਾਨੂੰ ਚੜ੍ਹ ਰਹੀ ਸੀ। ਸਾਨੂੰ ਵੀ ਉਨ੍ਹਾਂ ਨੇ ਆਪਣੇ ਨਾਲ ਪੈੱਗ ਸ਼ੈੱਗ ਸਾਂਝਾ ਕਰਨ ਅਤੇ ਨੱਚਣ ਦਾ ਸੱਦਾ ਦਿੱਤਾ, ਪਰ ਜਿਵੇਂ ਸਾਨੂੰ ਆਈਏਐਸ ਅਫ਼ਸਰ ਰਾਜੀਵ ਪ੍ਰਾਸ਼ਰ ਨੇ ਸਮਝਾਇਆ ਸੀ ਕਿ ਲੋਕਲ ਬੰਦਿਆਂ ਨਾਲ ਬਹੁਤਾ ਘੁਲਣਾ ਮਿਲਣਾ ਨਹੀਂ, ਨਹੀਂ ਤਾਂ ਕੋਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ, ਇਸ ਲਈ ਅਸੀਂ ਇੱਥੋਂ ਜਲਦੀ ਤੁਰਨ ਵਿਚ ਭਲਾਈ ਸਮਝੀ, ਕਿਉਂਕਿ ਅੱਗੇ ਬੁਲੇਟ ਵੀ ਚੈੱਕ ਕਰਾਉਣਾ ਸੀ। ਇੰਟਰਨੈੱਟ ਤੋਂ ਬੁਲੇਟ ਦੀ ਏਜੰਸੀ ਦੀ ਸਰਚ ਕੀਤੀ ਤਾਂ ਫੋਰਬਸਗੰਜ ਵਿਖੇ ਵਿਖਾਈ ਦਿੱਤੀ, ਜੋ ਕਿ 35 ਕਿਲੋਮੀਟਰ ਦੂਰ ਸੀ। ਅਸੀਂ ਜੀ.ਪੀ.ਅੱੈਸ ਵਾਲੀ 'ਬਸੰਤੀ' ਨੂੰ ਏਜੰਸੀ 'ਤੇ ਲੈ ਕੇ ਜਾਣ ਦਾ ਕਹਿ ਕੇ ਚੱਲ ਪਏ। ਚੱਠਾ ਸਾਬ੍ਹ ਹਾਲੇ ਵੀ ਬਸੰਤੀ ਦਾ ਨਾਂਅ ਲੈ ਕੇ ਮਖੌਲ ਕਰ ਰਹੇ ਸਨ ਤੇ ਦੂਸਰੇ ਪਾਸੇ ਮੇਰੇ ਜ਼ਿਹਨ 'ਚ ਉਦੋਂ ਹਿੰਦੀ ਫ਼ਿਲਮ 'ਸ਼ੋਅਲੇ' ਦੇ ਬਸੰਤੀ ਦੇ ਸੀਨ ਵੀ ਆ ਰਹੇ ਸਨ। ਖੈਰ ਫੋਰਬਸਗੰਜ ਪਹੁੰਚ ਕੇ ਬਸੰਤੀ ਦੇ ਵਿਖਾਏ ਰਾਹ 'ਤੇ ਚਲਦਿਆਂ ਬਜ਼ਾਰ ਵਿਚ ਦੀ ਹੁੰਦੇ ਹੋਏ ਅਸੀਂ ਏਜੰਸੀ 'ਤੇ ਪੁੱਜ ਗਏ। ਜਦੋਂ ਏਜੰਸੀ 'ਤੇ ਪੁੱਜੇ ਤਾਂ ਪਤਾ ਲੱਗਿਆ ਕਿ ਬਸੰਤੀ ਨੇ ਫ਼ਿਰ ਸਾਡੀ ਭਕਾਈ ਕਰਾ ਦਿੱਤੀ ਹੈ, ਜਿੱਥੇ ਅਸੀਂ ਮੇਨ ਰੋਡ ਤੋਂ ਉਤਰ ਕੇ ਸਾਰਾ ਬਜ਼ਾਰ ਗਾਹ ਕੇ ਆਏ ਹਾਂ, ਉਸਦੇ 50 ਮੀਟਰ ਅੱਗੇ ਹੀ ਏਜੰਸੀ ਸੀ। ਇਸ ਕਰਕੇ ਅਸੀਂ ਮਹਿਸੂਸ ਕੀਤਾ ਕਿ ਨਿਰਾ-ਪੁਰਾ ਬਸੰਤੀ 'ਤੇ ਨਿਰਭਰ ਕਰਨਾ ਵੀ ਗ਼ਲਤ ਹੈ। ਜੇ ਆਪਣਾ ਦਿਮਾਗ਼ ਲਾ ਕੇ ਸਥਾਨਕ ਲੋਕਾਂ ਨੂੰ ਪੁੱਛ ਲੈਂਦੇ ਤਾਂ ਸਾਨੂੰ ਫੋਰਬਸਗੰਜ ਦਾ ਬਜ਼ਾਰ ਨਾ ਗਾਹੁਣਾ ਪੈਂਦਾ ਤੇ ਸਾਡਾ ਸਮਾਂ ਵੀ ਕਾਫ਼ੀ ਬਚ ਜਾਣਾ ਸੀ।

ਪੰਜਾਬੀਆਂ ਦੇ ਮੁਕਾਬਲੇ ਬਿਹਾਰੀਆਂ ਦੇ ਕੱਦ ਛੋਟੇ

ਏਜੰਸੀ ਦੀ ਬੇਸਮੈਂਟ ਵਿਚ ਬਣੀ ਵਰਕਸ਼ਾਪ ਵਿਚ ਬੁਲੇਟ ਲਗਾ ਦਿੱਤਾ। ਮਕੈਨਿਕਾਂ ਵਿਚ ਬਣੀ ਵਰਕਸ਼ਾਪ ਵਿਚ-ਵਿਚ ਕਿ ਕੋਈ ਖ਼ਤਰੇ ਵਾਲੀ ਗੱਲ ਨਹੀਂ। ਤੁਸੀ ਇਸਨੂੰ ਇਵੇਂ ਹੀ ਚਲਾ ਸਕਦੇ ਹੋ। ਫੋਰਬਸਗੰਜ ਤੋਂ ਚੱਲ ਕੇ ਹਨ੍ਹੇਰਾ ਸ਼ੁਰੂ ਹੋ ਗਿਆ। ਭਾਵੇਂ ਹਾਲੇ ਦਿਨ ਦੇ ਪੰਜ ਹੀ ਵੱਜੇ ਸਨ, ਪਰ ਉਤਰ-ਦੱਖਣੀ ਭਾਰਤ ਵਿਚ ਪ੍ਰਵੇਸ਼ ਕਰਨ ਕਰਕੇ ਸਮਾਂ ਤਬਦੀਲ ਹੋ ਗਿਆ ਸੀ। ਅੱਗੇ ਜਾ ਕੇ ਟਰੈਫਿਕ ਨੂੰ ਦੇਖ ਕੇ ਮਹਿਸੂਸ ਹੋ ਰਿਹਾ ਸੀ ਕਿ ਇਹ ਸ਼ਹਿਰ ਕਾਫ਼ੀ ਵੱਡਾ ਹੋਵੇਗਾ, ਪਰ ਰਾਤ ਹੋਣ ਕਰਕੇ ਅਸੀਂ ਇਸ ਸ਼ਹਿਰ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕੇ। ਅੱਗੇ ਜਾ ਕੇ ਅਸੀ ਕਿਸ਼ਨਗੰਜ਼ ਸ਼ਹਿਰ 'ਚ ਪੁੱਜੇ ਤੇ ਸ਼ਹਿਰ ਦੇ ਬਾਹਰੋ ਬਾਹਰ ਇਕ ਟੀ ਸਟਾਲ 'ਤੇ ਚਾਹ ਲਈ ਰੁਕੇ। ਜਿੱਥੇ ਇਕ ਮੁਸਲਮਾਨ ਬਾਬਾ ਬੜੇ ਪ੍ਰੇਮ ਨਾਲ ਚਾਹ ਬਣਾ ਰਿਹਾ ਸੀ। ਕਿਸੇ ਸਥਾਨ ਦਾ ਧਰਾਤਲ ਉਥੋਂ ਦੇ ਰਹਿਣ ਵਾਲਿਆਂ ਦੇ ਜੀਵਨ ਅਤੇ ਸਰੀਰਿਕ ਬਣਤਰ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦਾ ਹੈ। ਪੰਜਾਬ ਵਿਚ ਖੁੱਲ੍ਹਾ ਖ਼ਾਣ ਪੀਣ ਅਤੇ ਚੰਗੇ ਰਹਿਣ ਸਹਿਣ ਕਰਕੇ ਛੇ ਫੁੱਟ ਕੱਦ ਤੇ ਰਿਸ਼ਟ ਪੁਸ਼ਟ ਸਰੀਰ ਹੋਣਾ ਆਮ ਗੱਲ ਹੈ, ਪਰ ਬਿਹਾਰ ਦੇ ਲੋਕਾਂ ਨੇ ਕੱਦ ਛੋਟੇ ਹੋਣ ਕਰਕੇ ਟੀ ਸਟਾਲਾਂ ਦੇ ਬਾਹਰ ਬਣਾਇਆ ਛੱਪਰ ਵੀ ਕਾਫ਼ੀ ਨੀਵਾਂ ਹੈ। ਹਰ ਵਾਰੀ ਜਦੋਂ ਅਸੀਂ ਅੰਦਰ ਆਉਣ ਲੱਗੇ ਤਾਂ ਛੱਪਰ ਦੇ ਕਾਨ੍ਹੇ ਅੱਖਾਂ 'ਚ ਵੱਜ ਜਾਂਦੇ ਸਨ। ਇੱਥੇ ਵੀ ਛੱਪਰ ਨੀਵਾਂ ਹੋਣ ਕਰਕੇ ਅੰਦਰ ਜਾਣ ਸਮੇਂ ਸਿਰ ਝੁਕਾ ਕੇ ਅੰਦਰ ਗਿਆ। ਚਾਹ ਪੀ ਕੇ ਜਦੋਂ ਖੜ੍ਹਾ ਹੋਇਆ ਤਾਂ ਫ਼ਿਰ ਇਹ ਭੁੱਲ ਗਿਆ ਕਿ ਛੱਪਰ ਨੀਵਾਂ ਹੈ। ਮੇਰਾ ਸਿਰ ਛੱਪਰ 'ਚ ਵੱਜਿਆ ਤੇ ਛੱਪਰ ਉਪਰ ਚੁੱਕਿਆ ਗਿਆ। ਸਾਰੇ ਜਿਵੇਂ ਹੱਸ ਪਏ ਤੇ ਮੇਰਾ ਵੀ ਹਾਸਾ ਨਿਕਲ ਗਿਆ। ਟੀ ਸਟਾਲ ਵਾਲੇ ਬਾਬੇ ਨੇ ਦੱਸਿਆ ਇੱਥੋਂ ਨੇਪਾਲ ਵੀ 30 ਕਿਲੋਮੀਟਰ 'ਤੇ ਹੈ ਤੇ ਬੰਗਲਾ ਦੇਸ਼ ਵੀ। ਯਾਨੀ ਕਿ ਕਿਸ਼ਨਗੜ੍ਹ ਨੇਪਾਲ ਤੇ ਬੰਗਲਾਦੇਸ਼ ਦੇ ਸੈਂਟਰ ਵਿੱਚ ਪੈਂਦਾ ਹੈ। ਅਸੀ ਬਾਬੇ ਨੂੰ ਖ਼ੁਦਾ ਹਾਫ਼ਿਜ਼ ਕਹਿ ਕੇ ਅੱਗੇ ਰਵਾਨਾ ਹੋ ਗਏ।

ਬਸੰਤੀ ਨੇ ਫਿਰ ਕੀਤੀ ਕਲੋਲ

ਅੱਜ ਅਸੀਂ ਤਕਨਾਲੋਜੀ ਦੇ ਇੰਨੇ ਗੁਲਾਮ ਹੋ ਚੁੱਕੇ ਹਾਂ ਕਿ ਉਸਦੀ ਹਰ ਗੱਲ ਨੂੰ ਅਟੱਲ ਸੱਚਾਈ ਸਮਝਦੇ ਹਾਂ। ਭਾਵੇਂ ਸਾਡੇ ਨਾਲ ਬਸੰਤੀ ਕਈ ਵਾਰ ਧੋਖਾ ਕਰ ਚੁੱਕੀ ਸੀ, ਪਰ ਫ਼ਿਰ ਵੀ ਅਸੀਂ ਵਾਰੀ-ਵਾਰੀ ਉਸਦੀਆਂ ਸੇਵਾਵਾਂ ਲੈਣ ਲਈ ਮਜਬੂਰ ਸਨ, ਕਿਉਂਕਿ ਹੋਰ ਕੋਈ ਚਾਰਾ ਵੀ ਨਹੀਂ ਸੀ। ਜਿਵੇਂ-ਜਿਵੇਂ ਅੱਗੇ ਵਧ ਰਹੇ ਸੀ, ਸਾਨੂੰ ਪਤਾ ਲੱਗ ਰਿਹਾ ਸੀ ਕਿ ਬਸੰਤੀ ਨੇ ਅੱਜ ਵੀ ਸਾਡੇ ਨਾਲ ਕਲੋਲ ਕਰ ਦਿੱਤੀ ਹੈ। ਗੋਰਖ਼ਪੁਰ ਤੋਂ ਤੁਰਨ ਵੇਲੇ ਰਸਤਾ ਸਾਢੇ ਪੰਜ ਸੌ ਕਿਲੋਮੀਟਰ ਦੱਸ ਕੇ ਬਸੰਤੀ ਸਾਨੂੰ ਸੱਤ ਸੌਂ ਛਿਆਹਟ ਕਿਲੋਮੀਟਰ ਸਿਲੀਗੁੜ੍ਹੀ ਤਕ ਲੈ ਆਈ ਸੀ। ਟਰੈਫ਼ਿਕ ਕਾਫ਼ੀ ਵੱਧ ਗਿਆ ਸੀ ਤੇ ਅਸੀਂ ਪੱਛਮੀ ਬੰਗਾਲ ਵਿੱਚ ਦਾਖ਼ਲ ਹੋ ਚੁੱਕੇ ਸੀ। ਸਾਡੇ ਅੱਗੇ-ਅੱਗੇ ਕਿਸੇ ਚੀਜ਼ ਦੇ ਨਾਲ ਭਰੇ ਟਰੱਕ ਜਾ ਰਹੇ ਸਨ। ਟਰੱਕਾਂ ਦਾ ਭੂੰਗ ਇਸ ਤਰ੍ਹਾਂ ਸੀ ਜਿਵੇਂ ਟਰੱਕਾਂ ਦੇ ਪੱਗਾਂ ਬੰਨ੍ਹੀਆਂ ਹੋਈਆਂ ਹੋਣ। ਅਸੀ ਕਹਿ ਰਹੇ ਸੀ ਕਿ ਸਰਕਾਰਾਂ ਦੇ ਸਵਾਗਤ ਲਈ ਪੱਛਮੀ ਬੰਗਾਲ ਵਾਲਿਆਂ ਨੇ ਆਪਣੇ ਟਰੱਕਾਂ ਦੇ ਵੀ ਪੱਗਾਂ ਬੰਨ੍ਹ ਦਿੱਤੀਆਂ ਹਨ। ਇਸ ਤਰ੍ਹਾਂ ਹੱਸਦੇ ਖੇਡਦੇ ਅਸੀਂ ਆਪਣੇ ਪੜ੍ਹਾਅ ਸਿਲੀਗੁੜੀ ਪਹੁੰਚ ਗਏ। ਇੱਥੇ ਅਸੀਂ ਸੀ.ਆਰ.ਪੀ ਕੈਂਪ ਵਿੱਚ ਜਾਣਾ ਸੀ। ਅਸੀਂ ਜੀ.ਪੀ.ਐਸ ਵਾਲੀ ਬਸੰਤੀ ਨੂੰ ਫ਼ਿਰ ਜਗਾ ਲਿਆ ਤੇ ਕਿਹਾ ਕਿ 'ਚੱਲ ਧੰਨੋ ਸੀ.ਆਰ.ਪੀ ਕੈਂਪਸ 'ਚ'।

ਡੀਐਸਪੀ ਅਵਨੀਤ ਸਿੱਧੂ ਨੇ ਦਿਖਾਇਆ ਰਾਹ

ਬਸੰਤੀ ਨੇ ਰਾਹ ਦੱਸਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਫੋਨ ਤੋਂ ਮੈਂ ਫੇਸਬੁੱਕ 'ਤੇ ਲਾਈਵ ਹੋ ਗਿਆ। ਕਾਫ਼ੀ ਦੋਸਤ ਲਾਈਵ ਤੇ ਮੇਰੇ ਨਾਲ ਜੁੜ ਗਏ। ਬਸੰਤੀ ਸਾਨੂੰ ਸਿਲੀਗੁੜ੍ਹੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਘੁਮਾ ਰਹੀ ਸੇ। ਸਾਨੂੰ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਗਲਤ ਭਟਕ ਰਹੇ ਹਾਂ, ਪਰ ਰਾਤ ਦੇ 11 ਵਜੇ ਹੋਣ ਕਰਕੇ ਕੋਈ ਬਾਹਰ ਵੀ ਨਹੀਂ ਸੀ ਮਿਲ ਰਿਹਾ। ਬਸੰਤੀ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ। ਫੇਸਬੁੱਕ ਲਾਈਵ ਤੋਂ ਡੀ.ਐਸ.ਪੀ ਅਵਨੀਤ ਸਿੱਧੂ ਨੇ ਰਾਇ ਦਿੱਤੀ ਕਿ ਗਲੀਆਂ 'ਚੋਂ ਨਿਕਲ ਕੇ ਮੇਨ ਰੋਡ 'ਤੇ ਜਾਓ। ਉਥੇ ਕੋਈ ਨਾ ਕੋਈ ਬੰਦਾ ਜਾਗਦਾ ਮਿਲ ਜਾਵੇਗਾ। ਅਸੀਂ ਉਨ੍ਹਾਂ ਦੀ ਮੰਨ ਲਈ ਤੇ ਮੇਨ ਰੋਡ ਲੱਭਣ ਲੱਗੇ। ਉਹੀ ਗੱਲ ਹੋਈ, ਮੇਨ ਰੋਡ 'ਤੇ ਪੁੱਜੇ ਤਾਂ ਇਹ ਜੋੜਾ ਸੈਰ ਕਰਦਾ ਹੋਇਆ ਮਿਲ ਗਿਆ। ਉਨ੍ਹਾਂ ਤੋਂ ਸੀ.ਆਰ.ਪੀ.ਐੱਫ ਕੈਂਪਸ ਦਾ ਪਤਾ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ 100 ਮੀਟਰ ਅੱਗੇ ਜਾ ਕੇ ਮੇਨ ਰੋਡ ਤੋਂ ਖੱਬੇ ਉਤਰ ਜਾਇਓ, 200 ਮੀਟਰ ਤੇ ਕੈਂਪਸ ਹੈ। ਇਨ੍ਹਾਂ ਸ਼ਬਦਾਂ ਨੇ ਸਾਨੂੰ ਕਾਫ਼ੀ ਰਾਹਤ ਦਿੱਤੀ ਤੇ ਅਸੀਂ ਕੈਂਪਸ ਦੇ ਗੇਟ 'ਤੇ ਸੀ। ਡੀ.ਆਈ.ਜੀ ਬਲਦੇਵ ਸਿੰਘ ਨੇ ਗੇਟ 'ਤੇ ਪਹਿਲਾਂ ਹੀ ਸਾਡੇ ਆਉਣ ਦੀ ਸੂਚਨਾ ਦਿੱਤੀ ਹੋਈ ਸੀ। ਇਸ ਕਰਕੇ ਜਵਾਨ ਅਧਿਕਾਰੀ ਮੈੱਸ 'ਚ ਲੈ ਆਏ। ਡੀ.ਆਈ.ਜੀ ਬਲਦੇਵ ਸਿੰਘ ਸਾਡਾ ਇੰਤਜ਼ਾਰ ਕਰ ਰਹੇ ਸੀ। ਡੀ.ਆਈ.ਜੀ ਨੇ ਗਰਮਜ਼ੋਸ਼ੀ ਨਾਲ ਸਾਡਾ ਸਵਾਗਤ ਕੀਤਾ। ਅਸਲ ਵਿਚ ਉਹ ਜਗਜੀਤ ਸਿੰਘ ਮਾਨ ਹੋਰਾਂ ਦੇ ਵਾਕਿਫ਼ ਸਨ। ਜਗਜੀਤ ਮਾਨ ਨੇ ਸਾਡੇ ਸਾਥੀਆਂ ਦੀ ਉਨ੍ਹਾਂ ਨਾਲ ਜਾਣ ਪਹਿਚਾਣ ਕਰਾਈ। ਗੱਲਾਂ ਕਰਦਿਆਂ ਪਤਾ ਲੱਗਿਆ ਕਿ ਡੀ.ਆਈ.ਜੀ ਆਪਣੇ ਗੁਆਂਢੀ ਜਿਲ੍ਹੇ ਮਾਨਸਾ ਦੇ ਪਿੰਡ ਮੌਜੀਆਂ ਤੋਂ ਹਨ। ਗੁਆਂਢੀ ਹੋਣ ਕਰਕੇ ਉਨ੍ਹਾਂ ਨਾਲ ਸਾਡੀ ਅਪਣੱਤ ਵਧ ਗਈ। ਕਮਰੇ, ਵੱਡੇ-ਵੱਡੇ ਹੋਟਲਾਂ ਤੇ ਸਵੀਟ ਰੂਮ ਦੀ ਤਰ੍ਹਾਂ ਬਣੇ ਹੋਏ ਸਨ। ਅਸੀਂ ਆਪਣੀਆਂ ਜੈਕਟਾਂ ਉਤਾਰ ਕੇ ਹਲਕੇ ਜਿਹੇ ਹੋ ਕੇ ਲੌਬੀ 'ਤੇ ਬੈਠ ਗਏ ਤੇ ਖ਼ਾਣਾ ਖ਼ਾਣ ਲੱਗੇ। ਖ਼ਾਣੇ ਤੋਂ ਬਾਅਦ ਉਨ੍ਹਾਂ ਸਵੀਟ ਡਿਸ਼ ਦੇ ਤੌਰ 'ਤੇ ਰਸਗੁੱਲੇ ਦਿੱਤੇ, ਪਰ ਰੰਗ ਉਨ੍ਹਾਂ ਦਾ ਗੁਲਾਬ ਜਾਮੁਨ ਦੀ ਤਰ੍ਹਾਂ ਸੀ। ਅਸੀਂ ਕਿਹਾ ਇਹ ਤਾਂ ਗੁਲਾਬ ਜਾਮੁਨ ਲੱਗਦੇ ਹਨ, ਸਾਰੇ ਦੋਸਤ ਖਿੜ-ਖਿੜ ਕਰਕੇ ਹੱਸ ਪਏ। ਰਾਤ ਦੇ ਸਾਢੇ 12 ਵੱਜ ਚੁੱਕੇ ਸਨ ਤੇ ਅਸੀਂ ਕਮਰਿਆਂ 'ਚ ਜਾ ਕੇ ਸੌਂ ਗਏ।

ਮਨ ਸ਼ਾਂਤ ਨਾ ਹੋਵੇ ਤਾਂ ਕੋਈ ਵੀ ਨਜ਼ਾਰਾ ਚੰਗਾ ਨਹੀਂ ਲੱਗਦਾ

ਸਾਡੇ ਨਾਲ ਗਏ ਬਬਲੂ ਨੇ ਸ਼ੌਕਰ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ, ਦ੍ਰਿਸ਼ ਬਹੁਤ ਸੋਹਣਾ ਸੀ, ਸਾਹਮਣੇ ਨਾਰੀਅਲ ਦੇ ਉੱਚੇ ਲੰਬੇ ਦਰੱਖਤ ਲਹਿਰਾ ਰਹੇ ਸਨ, ਪਰ ਆਖਿਆ ਜਾਂਦਾ ਹੈ ਕਿ ਜਦੋਂ ਤੁਹਾਡਾ ਮਨ ਸ਼ਾਂਤ ਨਾ ਹੋਵੇ ਤਾਂ ਕੋਈ ਦ੍ਰਿਸ਼ ਚੰਗਾ ਨਹੀਂ ਲੱਗਦਾ। ਇਸ ਸਮੇਂ ਵੀ ਸਾਰਿਆਂ 'ਤੇ ਖਿਝ ਹਾਵੀ ਸੀ। ਇਹ ਮਨਮੋਹਕ ਦ੍ਰਿਸ਼ ਚੰਗੇ ਨਹੀਂ ਲੱਗ ਰਹੇ ਸਨ। ਉਥੇ ਵੀ ਇੱਕੋਂ ਜਿਹੀਆਂ ਜੈਕਿਟਾਂ ਤੇ ਪੱਗਾਂ ਲੋਕਾਂ ਨੂੰ ਸਾਡੇ ਵੱਲ ਦੇਖਣ ਲਈ ਮਜ਼ਬੂਰ ਕਰ ਰਹੀਆਂ ਸਨ। ਸ਼ੌਕਰ ਬਦਲ ਕੇ ਅਸੀਂ ਤੁਰ ਪਏ, ਹਾਲੇ ਮੁਸ਼ਕਿਲ ਨਾਲ ਅੱਠ ਕਿਲੋਮੀਟਰ ਹੀ ਗਏ ਸੀ ਕਿ ਜਸਵਿੰਦਰ ਦੇ ਅਵੈਂਜ਼ਰ ਦਾ ਸ਼ੌਕਰ ਟੁੱਟ ਗਿਆ। ਸਾਡੇ ਇੱਕ ਦੋ ਸਾਥੀ ਇੰਨ੍ਹੇ ਅਵਾਜ਼ਾਰ ਹੋ ਗਏ ਕਿ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਨਵੇਂ ਸ਼ੌਕਰ ਖ਼ਤਮ ਹੋ ਚੁੱਕੇ ਸਨ। ਸਥਿਤੀ ਨੂੰ ਸੰਭਾਲਣ ਲਈ ਮੈਂ ਆਪਣੇ ਸਾਥੀਆਂ ਨੂੰ ਟੀ ਸਟਾਲ 'ਤੇ ਲੈ ਗਿਆ ਤੇ ਚਾਹ ਪੀਣ ਲੱਗੇ। ਅਸੀਂ ਜਲਪਾਏਗੁੜੀ ਨੂੰ ਲੰਘ ਕੇ ਰੁਕੇ ਹੋਏ ਸੀ। ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਜੋ ਕਰਦਾ ਹੈ, ਠੀਕ ਕਰਦਾ ਹੈ।

ਅਸਾਮੀ ਸਿੱਖ ਦੋਸਤ ਨੇ ਅਸਾਮ ਦਾਖਲ ਹੋਣੋਂ ਵਰਜਿਆ

ਉਸੇ ਸਮੇਂ ਫੇਸਬੁੱਕ 'ਤੇ ਸਾਨੂੰ ਫਾਲੋ ਕਰ ਰਹੇ ਇੱਕ ਅਸਾਮੀ ਸਿੱਖ ਦੋਸਤ ਨੇ ਦੱਸਿਆ ਕਿ ਹਾਲੇ ਅਸਾਮ ਵਿੱਚ ਦਾਖ਼ਲ ਹੋਣਾ ਠੀਕ ਨਹੀਂ ਹੈ, ਕਿਉਂਕਿ ਅਦਾਲਤ ਵੱਲੋਂ ਇੱਕ ਵੱਖਵਾਦੀ ਆਗੂ ਨੂੰ ਸਜ਼ਾ ਸੁਣਾਈ ਗਈ ਹੈ, ਜਿਸ ਕਰਕੇ ਸਾਰਾ ਖਿੱਤਾ ਤਨਾਅ ਵਿੱਚ ਹੈ। ਉਸਨੇ ਸਲਾਹ ਦਿੱਤੀ ਕਿ ਜੇਕਰ ਅਸੀਂ ਅਸਾਮ ਜਾਣਾ ਹੀ ਹੈ ਤਾਂ ਪੰਜ ਵਜੇ ਤੋਂ ਬਾਅਦ ਜਾਈਏ। ਅਸੀਂ ਉਸਦਾ ਧੰਨਵਾਦ ਕੀਤਾ। ਥੋੜ੍ਹੇ ਸਮੇਂ ਬਾਅਦ ਅਸੀ ਚੱਲ ਪਏ, ਅਗਲੇ ਸ਼ਹਿਰ ਧੁੱਪਗੜ੍ਹੀ ਪਹੁੰਚ ਗਏ।

ਪੰਜਾਬੀਆਂ ਦੇ ਸੁਭਾਅ ਮੁਤਾਬਿਕ ਐਵੇਂ ਹੀ ਟੰਗ ਅੜਾਈ

ਸ਼ੌਕਰ ਬਦਲਾਉਣ ਲਈ ਪਹੁੰਚੇ ਤਾਂ ਏਜੰਸੀ ਯੁੱਧ ਦਾ ਮੈਦਾਨ ਬਣੀ ਹੋਈ ਸੀ। ਇਕ ਵਿਅਕਤੀ ਅਸਾਮੀ ਭਾਸ਼ਾ 'ਚ ਉਚੀ-ਉਚੀ ਚੀਕ ਚੰਘਿਆੜਾਂ ਪਾ ਰਿਹਾ ਸੀ। ਅਸੀਂ ਉਥੋਂ ਦਾ ਦ੍ਰਿਸ਼ ਦੇਖ ਕੇ ਇਕ ਵਾਰ ਤਾਂ ਘਬਰਾ ਗਏ, ਪਰ ਪੰਜਾਬੀਆਂ ਦੇ ਸੁਭਾਅ ਅਨੁਸਾਰ ਕਿਸੇ ਦੇ ਫੱਟੇ ਵਿਚ ਲੱਤ ਫਸਾਉਣ ਦੀ ਕਹਾਵਤ ਨੂੰ ਚਰਥਾਰਿਤ ਕਰਦੇ ਹੋਏ ਸਾਡੇ ਕਈ ਸਾਥੀ ਉਸ ਘਟਨਾਕ੍ਰਮ ਵਿਚ ਕੁੱਦ ਪਏ। ਜਦੋਂ ਏਜੰਸੀ ਵਾਲਿਆਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਏਜੰਸੀ ਦੇ ਮੁਲਾਜ਼ਮ ਨਾਲ ਪੈਸੇ ਲੈ ਕੇ ਡਰਾਈਵਿੰਗ ਲਾਈਸੈਂਸ ਨਾ ਬਣਾਉਣ ਦਾ ਝਗੜਾ ਹੈ ਤਾਂ ਅਸੀਂ ਦੋਵਾਂ ਨੂੰ ਏਜੰਸੀ ਵਿੱਚੋਂ ਬਾਹਰ ਕੱਢਣ ਲਈ ਕਿਹਾ। ਜਲਦੀ-ਜਲਦੀ ਸ਼ੌਕਰ ਬਦਲਾ ਕੇ ਅਸੀਂ ਅੱਗੇ ਚਲ ਪਏ, ਸਾਡੇ ਮਨ ਵਿਚ ਰਾਤ ਦੇ ਠਹਿਰਣ ਦਾ ਕੋਈ ਪ੍ਰਬੰਧ ਨਾ ਹੋਣ ਦਾ ਡਰ ਵੀ ਸਤਾ ਰਿਹਾ ਸੀ, ਪਰ ਹਾਲੇ ਮੁਸੀਬਤਾਂ ਘਟੀਆਂ ਨਹੀਂ ਸੀ। ਕੂਚ ਬਿਹਾਰ ਸ਼ਹਿਰ ਦੇ ਨੇੜੇ ਪਹੁੰਚਦੇ ਹੀ ਮੇਰੇ ਵਾਲੇ ਬੁਲੇਟ ਦੇ ਸ਼ੌਕਰ ਦਾ ਪਟਾਕਾ ਪੈ ਗਿਆ। ਅਸੀਂ ਵਰਕਸ਼ਾਪ ਲੱਭੀਏ, ਪਰ ਲੀਡਰ ਦੀ ਸਜ਼ਾ ਕਾਰਨ ਸਾਰੇ ਬਜ਼ਾਰ ਬੰਦ ਸਨ। ਬੜੀ ਮੁਸ਼ਕਿਲ ਨਾਲ ਇਕ ਵਰਕਸ਼ਾਪ ਲੱਭੀ, ਉਸਨੇ ਵੱਧ ਪੈਸਿਆਂ ਦੀ ਮੰਗ ਕੀਤੀ। ਸਾਡੇ ਇਕ ਦੋ ਸਾਥੀਆਂ ਨੇ ਇਤਰਾਜ਼ ਕੀਤਾ, ਪਰ ਮੈਂ ਕਿਹਾ ਕਿ ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਨਹੀਂ ਪੁੱਛੀਦੇ, ਆਪਾਂ ਆਪਣਾ ਕੰਮ ਕਰਵਾਈਏ।

ਡੀਆਈਜੀ ਬਲਦੇਵ ਸਿੱਧੂ ਨੇ ਦਿਖਾਈ ਹਰੀ ਝੰਡੀ

ਸਵੇਰੇ ਜਦੋਂ ਅਸੀਂ ਉਠੇ ਤਾਂ ਲਾਂਗਰੀ ਨੇ ਸਾਡੇ ਲਈ ਪਰੌਂਠੇ ਬਣਾ ਕੇ ਪੈਕ ਕਰਕੇ ਰੱਖੇ ਹੋਏ ਸੀ। ਅਸੀਂ ਕਾਹਲੀ ਨਾਲ ਤਿਆਰ ਹੋਏ ਅਤੇ ਪਰੌਂਠੇ ਨਾਲ ਰੱਖ ਲਏ। ਇੱਥੋਂ ਸਾਨੂੰ ਸੀ.ਆਰ.ਪੀ.ਐੱਫ ਦੇ ਡੀ.ਆਈ.ਜੀ ਬਲਦੇਵ ਸਿੰਘ ਸਿੱਧੂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਅਸੀਂ ਸਾਰਾ ਗਰੁੱਪ ਡੀ.ਆਈ.ਜੀ ਸਾਬ੍ਹ ਦੇ ਪਿਆਰ ਤੇ ਸਤਿਕਾਰ ਨਾਲ ਸਰਾਬੋਰ ਹੋਏ ਪਏ ਸੀ। ਉਨ੍ਹਾਂ ਤੋਂ ਸ਼ੁੱਭਕਾਮਨਾਵਾਂ ਲੈਂਦੇ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋ ਗਏ। ਹਾਲੇ ਤੀਹ ਕੁ ਕਿਲੋਮੀਟਰ ਹੀ ਗਏ ਸੀ ਕਿ ਸਭ ਤੋਂ ਅੱਗੇ ਚਲ ਰਹੇ ਸੁਖਪਾਲ ਨੇ ਰੁਕਣ ਦਾ ਇਸ਼ਾਰਾ ਕੀਤਾ। ਰੁਕਣ 'ਤੇ ਪਤਾ ਲੱਗਿਆ ਕਿ ਖ਼ਾਰਾ ਸਾਬ੍ਹ ਦੇ ਅਵੈਂਜਰ ਦਾ ਇੱਕ ਵਾਰ ਫ਼ਿਰ ਸ਼ੌਕਰ ਟੁੱਟ ਗਿਆ। ਸਾਡੇ ਕਈ ਸਾਥੀ ਖਿੱਝ ਗਏ ਤੇ ਵਾਰ-ਵਾਰ ਕਹਿਣ ਦੇ ਬਾਵਜੂਦ ਇਹ ਮੋਟਰਸਾਇਕਲ ਕਿਉਂ ਲਿਆਂਦਾ। ਅਸਲ ਵਿੱਚ ਉਨ੍ਹਾਂ ਦੇ ਖਿਝਣ ਦਾ ਕਾਰਨ ਰਾਤ ਨੂੰ ਦੇਰ ਨਾਲ ਸੌਣਾ ਤੇ ਸਵੇਰੇ ਜਲਦੀ ਚੱਲ ਪੈਣਾ ਸੀ।

- ਗੁਰਪ੍ਰੇਮ ਲਹਿਰੀ

98886-48111

Posted By: Harjinder Sodhi