ਪਿਛਲੇ ਮਹੀਨੇ ਯੂਨੈਸਕੋ ਵਲੋਂ ਜੈਪੁਰ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਤਾਂ ਮੇਰੇ ਘੁਮੱਕੜ ਦੋਸਤਾਂ ਨੇ ਗੁਲਾਬੀ ਸ਼ਹਿਰ ਜੈਪੁਰ ਦੀ ਯਾਤਰਾ ਦਾ ਪ੍ਰੋਗਰਾਮ ਬਣਾਉਣਾ ਸ਼ੁਰੂ ਕਰ ਦਿਤਾ ਸੀ। ਪਿਛਲੇ ਸਾਲ ਸ੍ਰਿਸ਼ਟੀ ਰਚੇਤਾ ਬ੍ਰਹਮਾ ਜੀ ਦੇ ਪੁਸ਼ਕਰ ਮੰਦਰ ਦੀ ਜ਼ਿਆਰਤ ਤੇ ਮੇਲੇ ਦੇ ਰੁਝੇਵੇਂ ਕਰ ਕੇ ਜੈਪੁਰ ਨੁੰ ਸਮਾਂ ਨਹੀਂ ਸੀ ਦੇ ਸਕੇ। ਸੋ ਹੁਣ ਜੈਪੁਰ ਇਕ ਚੰਗੇ ਹੋਟਲ ਵਿਚ ਦੋ ਕਮਰੇ ਬੁਕ ਕਰਵਾ ਕਟੜਾ ਜੰਮੂ ਤੋਂ ਜੈਪੁਰ ਜਾਣ ਵਾਲੀ ਟ੍ਰੇਨ ਦੀ ਅੰਮ੍ਰਿਤਸਰ ਤੋਂ ਟਿਕਟ ਬੁੱਕ ਕਰਾ ਲਈਆਂ।

ਟ੍ਰੇਨ ਨੇ ਅੰਮ੍ਰਿਤਸਰ ਤੋਂ ਸਵਾ ਪੰਜ ਚਲਣਾ ਸੀ ਤੇ ਹਿਸਾਰ ਹੁੰਦੀ ਹੋਈ 11. 35 'ਤੇ ਜੈਪੁਰ ਪਹੁੰਚਣਾ ਸੀ। ਜੈਪੁਰ ਹੋਟਲ ਪਹੁੰਚ ਤਾਜ਼ਾਦਮ ਹੋ ਨਾਸ਼ਤਾ ਕਰ ਸੌਂ ਕੇ ਘੁੰਮਣ ਫਿਰਨ ਨਿਕਲ ਤੁਰੇ। ਕਿਸੇ ਦੇਸ਼ ਦੀ ਪਛਾਣ ਸੱਭਿਆਚਾਰਕ, ਪ੍ਰਕਿਰਤਕ ਅਤੇ ਇਤਿਹਾਸਕ ਵਿਰਾਸਤ ਨਾਲ ਹੁੰਦੀ ਹੈ। ਵਾਸਤੂਕਲਾ ਦੀ ਸ਼ਾਨਦਾਰ ਵਿਰਾਸਤ ਅਤੇ ਜੀਵੰਤ ਸੰਸਕ੍ਰਿਤੀ ਲਈ ਪ੍ਰਸਿੱਧ, ਪੂਰੀ ਦੁਨੀਆ ਵਿਚ ਪਿੰਕ ਸਿਟੀ ਦੇ ਤੌਰ 'ਤੇ ਮਸ਼ਹੂਰ ਪ੍ਰਾਚੀਨ ਸ਼ਹਿਰ ਜੈਪੁਰ ਯੁਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਬਾਕੂ (ਅਬਰਬੈਜਾਨ) 'ਚ ਵਿਸ਼ਵ ਵਿਰਾਸਤ ਕਮੇਟੀ ਵਲੋਂ ਭਾਰਤ ਦੇ ਰਾਜ ਰਾਜਸਥਾਨ ਦੇ ਜੈਪੁਰ ਸ਼ਹਿਰ ਨੂੰ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਦੇ ਤੌਰ 'ਤੇ ਚਿੰਨ੍ਹਤ ਕੀਤਾ ਗਿਆ'। ਵਰਨਣਯੋਗ ਹੈ ਕਿ ਭਾਰਤ ਦੇ ਹੁਣ ਤਕ 37 ਸਮਾਰਕ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਸਨ। ਹੁਣ ਇਨ੍ਹਾਂ ਦੀ ਗਿਣਤੀ 38 ਹੋ ਗਈ। ਰਾਜਸਥਾਨ ਦੇ ਵਰਲਡ ਹੈਰੀਟੇਜ ਸਾਈਟਸ ਵਿਚ ਕਿਲ੍ਹਾ ਚਿਤੌੜਗੜ੍ਹ, ਕੁੰਭਲਗੜ੍ਹ, ਜੈਸਲਮੇਰ, ਰਣਥੰਬੋਰ ਅਤੇ ਗਾਗਰੋਨ ਦਾ ਕਿਲ੍ਹਾ ਸ਼ਾਮਲ ਹਨ। ਰਾਜਸਥਾਨ ਦਾ ਨਾਂ ਲੈਂਦਿਆ ਹੀ ਪਿੰਕ ਸਿਟੀ ਜੈਪੁਰ, ਝੀਲਾਂ ਦਾ ਸ਼ਹਿਰ ਉਦੇਪੁਰ, ਪੁਸ਼ਕਰ, ਮੰਦਰ, ਮੇਲੇ 'ਚ ਸ਼ਿੰਗਾਰੇ ਊਠ ਆਦਿ ਯਾਦ ਆਉਂਦੇ ਹਨ ਜੋ ਰਵਾਇਤੀ ਪਹਿਰਾਵੇ 'ਚ ਸਜੇ ਰਾਜਸਥਾਨੀ ਦੇਸੀ ਵਿਦੇਸ਼ੀ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ। ਸਤਾਰਵੀਂ ਸਦੀ 'ਚ ਜਦੋਂ ਮੁਗ਼ਲ ਸਲਤਨਤ ਦੀ ਤਾਕਤ ਘੱਟ ਰਹੀ ਸੀ ਤਾਂ ਇਸ ਦੌਰਾਨ ਰਾਜਪੂਤਾਨਾ ਸ਼ਕਤੀ ਦੇ ਰੂਪ ਵਿਚ 'ਅਮੇਰ' ਇਕ ਵੱਡੀ ਤਾਕਤ ਦੇ ਰੂਪ ਵਿਚ ਉੱਭਰ ਰਹੇ ਸਨ। ਆਪਣੀ ਮੀਲਾਂ ਤਕ ਫੈਲੀ ਵਿਸ਼ਾਲ ਰਿਆਸਤ 'ਤੇ ਬਾਜ਼ ਨਜ਼ਰ ਰੱਖਣ ਲਈ ਤਤਕਾਲੀ ਮਹਾਰਾਜਾ ਸਵਾਈ ਜੈ ਸਿੰਘ ਨੇ 1728 ਵਿਚ ਜੈਪੁਰ ਨੂੰ ਨਵੀਂ ਰਾਜਧਾਨੀ ਵਜੋਂ ਵਸਾਇਆ। ਉਸ ਵਕਤ ਸ਼ਹਿਰ ਦੀ ਅਬਾਦੀ ਕੁਝ ਹਜ਼ਾਰ ਸੀ ਜੋ ਹੁਣ ਵੱਧ ਕੇ 35 ਲੱਖ ਤੋਂ ਵੀ ਵੱਧ ਗਈ ਹੈ।

ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਸ਼ਵ ਦੇ ਸਭ ਤੋਂ ਖ਼ੂਬਸਰਤ 10 ਸ਼ਹਿਰਾਂ ਵਿਚ ਸ਼ਾਮਲ ਹੈ। ਸਾਫ਼ ਸੁਥਰੀਆਂ ਸੜਕਾਂ, ਸੜਕਾਂ ਕਿਨਾਰੇ ਹਰੇ ਭਰੇ ਫੁੱਲ, ਫਲ ਬੂਟੇ ਅਤੇ ਸਜਾਵਟੀ ਰੁੱਖ ਇਸਦੀ ਸੁੰਦਰਤਾ ਨੂੰ ਚਾਰ ਚੰਦ ਲਾਉਂਦੇ ਹਨ। 1876 ਵਿਚ ਤਤਕਾਲੀਨ ਮਹਾਰਾਜਾ ਸਵਈ ਰਾਮ ਸਿੰਘ ਨੇ ਇੰਗਲੈਂਡ ਦੀ ਮਹਾਰਾਣੀ ਅਲਿਜਾਬੇਥ, ਪ੍ਰਿੰਸ ਆਫ ਵੇਲਜ਼ ਯੁਵਰਾਜ ਅਲਬਰਟ ਦੇ ਸਵਾਗਤ ਵਿਚ ਪੂਰੇ ਸ਼ਹਿਰ ਨੂੰ ਗੁਲਾਬੀ ਰੰਗ ਨਾਲ ਰੰਗ ਦਿੱਤਾ ਸੀ। ਜੈਪੁਰ ਦੇਸੀ ਵਿਦੇਸ਼ੀ ਸੈਲਾਨੀਆਂ ਦਾ ਪਸੰਦੀਦਾ ਸ਼ਹਿਰ ਹੈ।

ਤਿੰਨਾਂ ਪਾਸਿਆਂ ਤੋਂ ਅਰਾਵਲੀ ਪਹਾੜੀਆਂ 'ਚ ਘਿਰੇ ਜੈਪੁਰ ਦੇ ਜਿਥੇ ਇਕ ਪਾਸੇ ਪੁਰਾਣੇ ਸ਼ਹਿਰ ਦੇ ਜਮੇ ਜਮਾਏ ਸ਼ਹਿਰ ਦੇ ਬਾਜ਼ਾਰਾਂ ਦੀ ਰੌਣਕ ਵੇਖਣੀ ਬਣਦੀ ਹੈ ਉੱਥੇ ਦੂਸਰੇ ਪਾਸੇ ਨਵੇਂ ਬਣ ਰਹੇ ਸ਼ਹਿਰ ਵਿਚ ਮਲਟੀਪਲੈਕਸ ਅਤੇ ਮਾਲਜ਼ ਦੀਆਂ ਗਗਨ ਚੁੰਬੀਆਂ ਆਲੀਸ਼ਾਨ ਇਮਾਰਤਾਂ ਸ਼ਹਿਰ ਦੀ ਖ਼ੂਬਸੂਰਤੀ ਵਿਚ ਵਾਧਾ ਕਰਦੀਆਂ ਹਨ। ਇਥੇ ਦੇਸੀ ਵਿਦੇਸ਼ੀ ਸੈਲਾਨੀਆਂ ਦੀਆਂ ਭੀੜਾਂ ਖਿੱਚੀਆਂ ਚਲੀਆਂ ਆਉਂਦੀਆਂ ਹਨ। ਵੀਕ ਐਂਡ (ਸ਼ਨੀ ਐਤ) ਨੂੰ ਮਾਲਵੀਆ ਨਗਰ ਦਾ ਗੌਰਵ ਟਾਵਰ ਤਾਂ ਪਿਕਨਿਕ ਸਪਾਟ 'ਚ ਬਦਲ ਜਾਂਦਾ ਹੈ। ਪੁਰਾਣਾ ਸ਼ਹਿਰ ਜਿਸ ਨੂੰ ਪਰਕੋਟਾ ਕਿਹਾ ਜਾਂਦਾ ਹੈ ਉਹ ਸੈਂਕੜੇ ਸਾਲ ਪਹਿਲਾਂ ਬਣੇ ਹੋਣ ਦੇ ਬਾਵਜੂਦ ਦੇਸ਼ ਦੇ ਹੋਰ ਇਤਿਹਾਸਕ ਸ਼ਹਿਰਾਂ ਨਾਲੋਂ ਅੱਜ ਵੀ ਬੜੀ ਵਧੀਆ ਹਾਲਤ 'ਚ ਹੈ। ਇਥੋਂ ਦੀਆਂ ਚੌੜੀਆਂ ਸੜਕਾਂ ਦੇ ਦੋਵਾਂ ਕਿਨਾਰਿਆਂ 'ਤੇ ਉਨ੍ਹਾਂ ਸਮਿਆਂ ਦੀਆਂ ਦੁਕਾਨਾਂ ਮੌਜੂਦ ਹਨ। ਦੁਕਾਨਾਂ ਦੇ ਰੰਗ ਤੇ ਅਕਾਰ ਇਕਸਾਰ ਹਨ ਜਿਸ ਵਿਚ ਬਦਲਾਅ ਨਹੀਂ ਕੀਤਾ ਜਾ ਸਕਦਾ। ਪੂਰਾ ਸ਼ਹਿਰ ਦੀਵਾਰਾਂ ਤੇ ਪਰਕੋਟਿਆਂ ਨਾਲ ਘਿਰਿਆ ਹੋਇਆ ਹੈ। ਜੈਪੁਰ ਸ਼ਹਿਰ ਵਿਚ ਪ੍ਰਵੇਸ਼ ਕਰਨ ਲਈ 7 ਦਰਵਾਜ਼ੇ ਸਨ। ਬਾਅਦ ਵਿਚ ਨਵਾਂ ਦਰਵਾਜ਼ਾ ਬਣਵਾਇਆ ਗਿਆ ਜਿਸਨੂੰ ਨਿਊ ਗੇਟ ਕਿਹਾ ਜਾਂਦਾ ਹੈ। ਇਹ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਦਿੰਦਾ ਹੈ। ਇਥੇ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਜੈਨ ਅਤੇ ਹੋਰ ਫਿਰਕਿਆਂ ਦੇ ਲੋਕ ਵਸਦੇ ਹਨ। ਅਪਰਾਧ ਬਹੁਤ ਘੱਟ ਹੈ। ਸ਼ਹਿਰ ਵਿਚ ਔਰਤਾਂ ਅਤੇ ਮੁਟਿਆਰਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਥੋਂ ਦੇ ਲੋਕ ਤਿੱਖਾ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਦੇ ਪਸੰਦੀਦੇ ਭੋਜਨ ਵਿਚ ਦਾਲ-ਬਾਟੀ-ਚੂਰਮਾ ਸ਼ਾਮਲ ਹੈ। ਜੈਪੁਰ ਦੇ ਹਵਾ ਮਹਿਲ ਦਾ ਨਿਰਮਾਣ ਸ਼ਾਹੀ ਔਰਤਾਂ ਲਈ ਕਰਵਾਇਆ ਗਿਆ ਸੀ ਤਾਂ ਕਿ ਉਹ ਸ਼ਹਿਰ ਦੀਆਂ ਸਰਗਰਮੀਆਂ ਅਤੇ ਤਿਓਹਾਰਾਂ ਮੌਕੇ ਨਿਕਲਣ ਵਾਲੀਆਂ ਝਾਕੀਆਂ ਤੇ ਜਲੂਸ ਆਦਿ ਵੇਖ ਸਕਣ। ਇਸ ਦੇ ਨਿਰਮਾਣ ਦੀ ਖ਼ਾਸੀਅਤ ਇਹ ਵੀ ਹੈ ਕਿ ਇਸਦੇ ਸਾਰੇ ਝਰੋਖੇ ਹਵਾਦਾਰ ਹਨ। ਜਿਨ੍ਹ੍ਹਾਂ ਵਿੱਚੋਂ ਦੀ ਹਵਾ ਆਉਂਦੀ ਰਹਿੰਦੀ ਹੈ। ਇਥੋਂ ਦੀ ਵੈਧਸ਼ਾਲਾ ਨੂੰ 2012 ਵਿਚ ਯੂਨੈਸਕੋ ਨੇ ਵਿਸ਼ਵ ਵਿਰਾਸਤ ਵਿਚ ਸ਼ਾਮਲ ਕੀਤਾ ਸੀ। ਮੋਤੀ ਡੁੰਗਰੀ ਕਿਲ੍ਹਾ ਇਕ ਨਿੱਜੀ ਪਹਾੜੀ ਚੋਟੀ ਉੱਤੇ ਬਣਿਆ ਹੈ। ਇਥੇ ਗਣੇਸ਼ ਜੀ ਦਾ ਮੰਦਰ ਹੈ।

ਜੈਪੁਰ ਦਾ ਅਮੇਰ ਕਿਲ੍ਹਾ ਬਹੁਤ ਵਿਸ਼ਾਲ ਤੇ ਅਹਿਮ ਹੈ। ਇਸ ਤੋਂ ਇਲਾਵਾ ਜੈਗੜ੍ਹ ਅਤੇ ਨਾਹਰਗੜ੍ਹ ਕਿਲ੍ਹੇ ਵੀ ਜੈਪੁਰ ਦੀ ਸ਼ਾਨ ਨੂੰ ਚਾਰ ਚੰਦ ਲਾਉਂਦੇ ਹਨ। ਜੈਗੜ੍ਹ ਕਿਲੇ ਵਿਚ ਦੁਨੀਆ ਦੀ ਸਭ ਤੋਂ ਵੱਡੀ ਤੋਪ ਹੈ। ਪੁਰਾਣੇ ਸ਼ਹਿਰ ਦੇ ਵਿਚਕਾਰ ਸਿਟੀ ਪੈਲਸ ਹੈ ਜਿਸ ਵਿਚ ਅਜਾਇਬ ਘਰ ਸਥਾਪਤ ਹੈ ਜਿਸ ਵਿਚ ਰਵਾਇਤੀ ਪੁਸ਼ਾਕਾਂ ਦੇ ਨਾਲ ਰਾਜਪੂਤਾਂ ਤੇ ਮੁਗ਼ਲਾਂ ਦੇ ਹਥਿਆਰ ਸਾਂਭੇ ਹੋਏ ਹਨ। ਪੈਲਸ ਨੇੜੇ ਭਗਵਾਨ ਕ੍ਰਿਸ਼ਨ ਦਾ ਮੰਦਰ ਹੈ ਜਿਸਨੂੰ ਗੋਵਿੰਦਦੇਵ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਸਥਾਪਤ ਰਾਧਾ ਗੋਵਿੰਦ ਦੀ ਮੂਰਤੀ ਪਹਿਲਾਂ ਵਰਿੰਦਾਵਨ ਦੇ ਮੰਦਰ ਵਿਚ ਸੀ ਜਿਸਨੂੰ ਸਵਾਈ ਜੈ ਸਿੰਘ (ਦੂਜੇ ) ਨੇ ਆਂਪਣੇ ਪਰਿਵਾਰ ਦੇ ਦੇਵਤਾ ਦੇ ਰੂਪ 'ਚ ਪੁਨਰ ਸਥਾਪਤ ਕੀਤਾ ਸੀ। ਜੈਪੂਰ ਦਾ ਨਾਂ ਆਉਂਦਿਆਂ ਹੀ ਮਨ 'ਚ ਕੁਝ ਨੀਮ ਗੁਲਾਬੀ, ਗੁਲਾਬੀ ਅਹਿਸਾਸ ਹੋਣ ਲਗਦਾ ਹੈ।

ਜੈਪੁਰ ਦੇ ਬਾਜ਼ਾਰ

ਜੈਪੁਰ ਦੇ ਬਾਜ਼ਾਰ ਵਿਚ ਹਸਤ ਕਲਾ ਦੇ ਸੁੰਦਰ ਨਮੂਨੇ ਮਿਲਦੇ ਹਨ। ਜੈਪੁਰੀ ਰਜਾਈ ਤਾਂ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਗੋਟੇ ਵਾਲੀਆਂ ਚੁੰਨੀਆਂ,ਲਾਖ ਦੀਆਂ ਚੂੜੀਆਂ ਅਤੇ ਝੁੰਮਕੇ ਆਦਿ ਜਿਊਲਰੀ ਮਿਲਦੀ ਹੈ। ਸਾਂਗਾ ਨੇਰੀਪ੍ਰਿੰਟ ਦੀਆਂ ਚਾਦਰਾਂ ਤੇ ਜੈਪੁਰ ਫੁੱਟ (ਨਕਲੀ ਪੈਰ ) ਦੇਸ਼ ਦੇ ਹਜ਼ਾਰਾਂ ਅੰਗਹੀਣਾਂ ਨੂੰ ਚੱਲਣ 'ਚ ਸਹਾਈ ਹੋ ਰਹੇ ਹਨ। ਇਹ ਅਤੇ ਚੰਗੀ ਕੁਆਲਟੀ ਦੇ ਵੀ ਹੁੰਦੇ ਹਨ।

J ਮੁਖ਼ਤਾਰ ਗਿੱਲ

98140-82217

Posted By: Harjinder Sodhi