ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਸ੍ਰੀ ਮਣੀਕਰਨ ਸਾਹਿਬ ਹਿਮਾਲਿਆ ਦੀ ਗੋਦ ਵਿਚ 6 ਹਜ਼ਾਰ ਫੁੱਟ ਦੀ ਉਚਾਈ 'ਤੇ ਵਸਿਆ ਇਕ ਰਮਣੀਕ ਧਾਰਮਿਕ ਅਸਥਾਨ ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਚੰਡੀਗੜ੍ਹ ਤੋਂ 295 ਕਿਲੋਮੀਟਰ, ਭੂੰਤਰ ਤੋਂ 35 ਕਿਲੋਮੀਟਰ ਅਤੇ ਕੁਲੂ ਤੋਂ 44 ਕਿਲੋਮੀਟਰ ਦੂਰ ਸਥਿਤ ਹੈ। ਇਹ ਅਸਥਾਨ ਬਹੁਤ ਹੀ ਇਤਿਹਾਸਕ ਮਹੱਤਤਾ ਵਾਲਾ ਹੈ ਅਤੇ ਅਧਿਆਤਮਿਕਤਾ ਨਾਲ ਭਰਪੂਰ ਹੈ।

ਚਾਰੇ ਪਾਸੇ ਉÎੱਚੇ ਦਿਉ ਕੱਦ ਪਰਬਤਾਂ ਅਤੇ ਲੰਮ-ਸਲੰਮੇ ਦੇਵਦਾਰ ਦੇ ਦਰੱਖ਼ਤਾਂ ਨਾਲ ਘਿਰਿਆ ਇਹ ਅਸਥਾਨ ਮਨ ਨੂੰ ਮੋਹ ਲੈਣ ਵਾਲਾ ਹੈ। ਠਾਠਾਂ ਮਾਰਦੇ ਪਾਰਬਤੀ ਦਰਿਆ ਦਾ ਕਲ਼-ਕਲ਼ ਕਰਦਾ ਪਾਣੀ, ਸੂਰਜ ਦੀ ਪਹਿਲੀ ਕਿਰਨ ਪੈਣ ਵੇਲੇ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ। ਗਰਮੀਆਂ ਦੇ ਦਿਨਾਂ ਵਿਚ ਇੱਥੇ ਹਜ਼ਾਰਾਂ ਦੀ ਤਦਾਦ ਵਿਚ ਸ਼ਰਧਾਲੂ ਪਹੁੰਚਦੇ ਹਨ। ਅਪ੍ਰੈਲ ਤੋਂ ਲੈ ਕੇ ਸਤੰਬਰ ਤਕ ਇੱਥੇ ਭਾਰੀ ਇਕੱਠ ਹੁੰਦਾ ਹੈ।

ਇਤਿਹਾਸਕ ਮਹੱਤਤਾ

ਸਾਖੀਆਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਭਾਈ ਮਰਦਾਨੇ ਅਤੇ ਭਾਈ ਬਾਲੇ ਨਾਲ ਉਤਰੀ ਖੰਡ ਦੀ ਯਾਤਰਾ (ਉਦਾਸੀ) ਲਈ ਚੱਲੇ ਤਾਂ ਆਪ ਅੱਡ-ਅੱਡ ਸਥਾਨਾਂ ਤੋਂ ਪੈਦਲ ਤੁਰਦੇ ਹੋਏ ਮੰਡੀ, ਰਵਾਲਸਰ, ਕੁਲੂ ਅਤੇ ਭੂੰਤਰ ਤੋਂ ਚਲਦੇ ਹੋਏ ਮਣੀਕਰਨ ਸਾਹਿਬ ਪਹੁੰਚੇ। ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ। ਮੇਰੇ ਕੋਲ ਆਟਾ ਦਾਲ ਤਾਂ ਹੈ ਪਰ ਅੱਗ ਨਹੀਂ ਹੈ। ਰੋਟੀ ਕਿਵੇਂ ਬਣਾਵਾਂ? ਬਾਬਾ ਜੀ ਕਹਿੰਦੇ ਮਰਦਾਨਿਆਂ ਤੈਨੂੰ ਭੁੱਖ ਉਸ ਵੇਲੇ ਲਗਦੀ ਹੈ ਜਦ ਪਕਾਉਣ ਲਈ ਕੋਈ ਸਾਧਨ ਨਾ ਹੋਵੇ। ਸਾਖੀਆਂ ਤੋਂ ਪਤਾ ਚਲਦਾ ਹੈ ਕਿ ਮਰਦਾਨੇ ਨੂੰ ਭੁੱਖ ਬਹੁਤ ਲਗਦੀ ਸੀ। ਜਦੋਂ ਮਰਦਾਨਾ ਰੋਟੀ ਖਾਣਲਈ ਜ਼ਿੱਦ ਕਰਨ ਲੱਗਾ ਤਾਂ ਗੁਰੂ ਜੀ ਹੱਸ ਕੇ ਕਹਿੰਦੇ ਚੰਗਾ ਮਰਦਾਨੇ ਇਹ ਪੱਥਰ ਨੂੰ ਚੁੱਕ ਅਤੇ ਰੱਬ ਦੇ ਰੰਗ ਦੇਖ। ਜਦੋਂ ਮਰਦਾਨੇ ਨੇ ਪੱਥਰ ਚੁੱਕਿਆ ਤਾਂ ਹੇਠੋਂ ਗਰਮਾ-ਗਰਮ ਪਾਣੀ ਦਾ ਚਸ਼ਮਾ ਫੁੱਟ ਪਿਆ। ਗੁਰੂ ਜੀ ਨੇ ਮਰਦਾਨੇ ਨੂੰ ਪਾਣੀ ਵਿਚ ਰੋਟੀ ਬਣਾ ਕੇ ਪਾਉਣ ਨੂੰ ਕਿਹਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਨੂੰ ਕਿਹਾ। ਜਦੋਂ ਮਰਦਾਨੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਤਾਂ ਪਾਣੀ ਵਿਚ ਪਾਈਆਂ ਰੋਟੀਆਂ ਪੱਕ ਕੇ ਉÎੱਪਰ ਆ ਗਈਆਂ। ਅੱਜ ਵੀ ਇੱਥੇ ਚੌਵੀ ਘੰਟੇ ਗੁਰੂ ਦਾ ਲੰਗਰ ਚਲਦਾ ਹੈ ਅਤੇ ਦਾਲਾਂ, ਸਬਜ਼ੀਆਂ, ਕੜੀ, ਚਾਵਲ ਗਰਮ ਪਾਣੀ ਦੀਆਂ ਕੁੰਡਾਂ, ਜੋ ਨਾਲ ਲਗਦੇ ਸ਼ਿਵਜੀ ਦੇ ਮੰਦਿਰ ਵਿਚ ਹਨ, ਵਿਚ ਬਣਦੀਆਂ ਹਨ। ਸ਼ਰਧਾਲੂ ਗਰਮ ਪਾਣੀ ਵਿਚ ਛੋਲੇ, ਚਾਵਲ ਰਿਝਾ ਕੇ ਦੇਖਦੇ ਹਨ। ਗਰੁੜ ਪੁਰਾਣ ਅਨੁਸਾਰ ਇਹ ਮੰਨਿਆ ਜਾਂਦਾ ਕਿ ਇਸ ਅਸਥਾਨ 'ਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਅਤੇ ਪਾਰਬਤੀ ਨੇ ਤਪ ਕੀਤਾ। ਕਹਿੰਦੇ ਹਨ ਕਿ ਸ੍ਰੀ ਰਾਮ ਚੰਦਰ ਜੀ ਵੀ ਸ਼ਿਵ ਜੀ ਦੇ ਦਰਸ਼ਨਾਂ ਲਈ ਆਉਂਦੇ ਸਨ। ਇਸ ਨੂੰ ਤੀਰਥ ਰਾਜ

ਵੀ ਕਿਹਾ ਜਾਂਦਾ ਹੈ। ਜਦੋਂ ਸ਼ਿਵਜੀ ਪਾਰਬਤੀ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਸਥਾਨ 'ਤੇ ਬਹੁਤ ਚੰਗਾ ਲੱਗਾ। ਇੱਥੇ ਸ਼ਿਵਜੀ ਅਤੇ ਪਾਰਬਤੀ ਨੇ 11000 ਸਾਲ ਤਪੱਸਿਆ ਕੀਤੀ।

ਮਣੀਕਰਨ ਨਾਮਕਰਨ ਹੋਣਾ

ਕਹਿੰਦੇ ਇਕ ਦਿਨ ਇਸ਼ਨਾਨ ਕਰਦੇ ਸਮੇਂ ਪਾਰਬਤੀ ਦੇ ਕੰਨ ਦੇ ਗਹਿਣੇ ਵਿਚ ਪਾਈ ਮਣੀ ਜਲ ਵਿਚ ਡਿਗ ਗਈ। ਪਾਰਬਤੀ ਨੂੰ ਮਣੀ ਦੀ ਬਹੁਤ ਚਿੰਤਾ ਹੋਈ। ਜਦੋਂ ਭਾਲ ਕਰਨ 'ਤੇ ਨਾ ਲੱਭੀ ਤਾਂ ਪਾਰਬਤੀ ਨੇ ਸ਼ਿਵਜੀ ਨੂੰ ਦੱਸਿਆ। ਜਦੋਂ ਸ਼ਿਵਜੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਮਣੀ ਭਾਲ ਕੇ ਲਿਆਉ। ਉਨ੍ਹਾਂ ਬੜੀ ਕੋਸ਼ਿਸ਼ ਕੀਤੀ ਪਰ ਮਣੀ ਨਾ ਲੱਭੀ, ਕਿਉਂਕਿ ਉਹ ਮਣੀ ਸਿੱਧੀ ਪਤਾਲ ਵਿਚ ਰਹਿੰਦੇ ਸ਼ੇਸ਼ ਨਾਗ ਕੋਲ ਪਹੁੰਚ ਗਈ ਸੀ। ਇਹ ਪਤਾ ਲੱਗਣ 'ਤੇ ਸ਼ਿਵਜੀ ਗੁੱਸੇ ਵਿਚ ਆ ਗਏ। ਉਨ੍ਹਾਂ ਦਾ ਤੀਸਰਾ ਨੇਤਰ ਖੁੱਲ੍ਹ ਗਿਆ। ਧਰਤੀ ਕੰਬਣ ਲੱਗੀ, ਦੇਵੀ ਦੇਵਤੇ ਡਰ ਗਏ। ਸ਼ਿਵਜੀ ਦੇ ਤੀਸਰੇ ਨੇਤਰ ਵਿਚ ਨੈਣਾ ਦੇਵੀ ਦਾ ਜਨਮ ਹੋਇਆ। ਨੈਣਾ ਦੇਵੀ ਪਤਾਲ ਦੇ ਸੁਆਮੀ ਸ਼ੇਸ਼ ਨਾਗ ਕੋਲ ਗਈ ਅਤੇ ਮਣੀ ਬਾਰੇ ਦੱਸਿਆ। ਸ਼ੇਸ਼ ਨਾਗ ਨੇ ਸ਼ਿਵ ਨੂੰ ਖ਼ੁਸ਼ ਕਰਨ ਲਈ ਬਹੁਤ ਜ਼ੋਰ ਦੀ ਫੁੰਕਾਰ ਮਾਰੀ। ਜਿਸ ਤੋਂ ਗਰਮ ਪਾਣੀ ਦਾ ਫੁਹਾਰਾ ਪ੍ਰਗਟ ਹੋਇਆ। ਫੁਹਾਰੇ ਨਾਲ ਪਾਰਬਤੀ ਜੀ ਦੀ ਮਣੀ ਅਤੇ ਬਹੁਤ ਸਾਰੀਆਂ ਮਣੀਆਂ ਬਾਹਰ ਆਈਆਂ। ਪਾਰਬਤੀ ਨੇ ਆਪਣੀ ਮਣੀ ਲੈ ਕੇ ਬਾਕੀ ਮਣੀਆਂ ਨੂੰ ਪੱਥਰ ਬਣਨ ਦਾ ਸ਼ਰਾਪ ਦੇ ਦਿੱਤਾ। ਸ਼ਿਵਜੀ ਦਾ ਗੁੱਸਾ ਠੰਢਾ ਹੋ ਗਿਆ। ਉਸ ਦਿਨ ਤੋਂ ਇਸ ਸਥਾਨ ਦਾ ਨਾਂ ਮਣੀਕਰਣ ਪੈ ਗਿਆ। ਇਹ ਸਾਰੀ ਵਿਆਖਿਆ ਇੱਥੇ ਸ਼ਿਵਜੀ ਦੇ ਮੰਦਿਰ ਵਿਚ ਲੱਗੇ ਬੋਰਡ 'ਤੇ ਪੜ੍ਹੀ ਜਾ ਸਕਦੀ ਹੈ।

ਕਹਿੰਦੇ ਹਨ ਕਿ ਬ੍ਰਹਮਾ ਜੀ ਨੇ ਵੀ ਇਸ ਸਥਾਨ ਤੋਂ 30 ਕਿਲੋਮੀਟਰ ਦੂਰ ਤਪ ਕੀਤਾ। ਜਿੱਥੇ ਸਰਦੀਆਂ ਵਿਚ ਬਰਫ਼ ਪੈਂਦੀ ਹੈ। ਗਰਮੀਆਂ ਵਿਚ ਇੱਥੇ ਸ਼ਰਧਾਲੂ ਦਰਸ਼ਨ ਕਰਨ ਜਾਂਦੇ ਹਨ। ਉਸ ਸਥਾਨ ਤੋਂ ਬ੍ਰਹਮ ਗੰਗਾ ਨਿਕਲਦੀ ਹੈ। ਜੋ 29 ਕਿਲੋਮੀਟਰ 'ਤੇ ਜਾ ਕੇ ਪਾਰਬਤੀ ਨਾਲ ਮਿਲ ਜਾਂਦੀ ਹੈ। ਪਾਰਬਤੀ ਮਣੀਕਰਨ ਸਾਹਿਬ ਤੋਂ 35 ਕਿਲੋਮੀਟਰ ਦੂਰ ਭੂੰਤਰ ਜਾ ਕੇ ਬਿਆਸ ਦਰਿਆ ਵਿਚ ਮਿਲ ਜਾਂਦੀ ਹੈ। ਇਸ ਦੀ ਰਫ਼ਤਾਰ ਬਹੁਤ ਤੇਜ਼ ਅਤੇ ਸ਼ੋਰ ਮਚਾਉਂਦੀ ਹੈ। ਪਾਣੀ ਮਟਮੈਲਾ ਹੈ।

ਸੰਤ ਬਾਬਾ ਨਰੈਣ ਹਰੀ ਜੀ ਦਾ ਯੋਗਦਾਨ

ਬਾਬਾ ਨਰੈਣ ਹਰੀ ਜੀ ਦਾ ਜਨਮ 1909 ਵਿਚ ਪਾਕਿਸਤਾਨ ਦੇ ਜ਼ਿਲ੍ਹਾ ਕੈਮਲਪੁਰ ਦੇ ਇਕ ਪਿੰਡ ਹਤਾਰ ਵਿਚ ਭਾਈ ਜਵਾਲਾ ਸਿੰਘ ਅਤੇ ਮਾਤਾ ਲਾਜਵੰਤੀ ਦੇ ਘਰ ਹੋਇਆ। ਨਰੈਣ ਹਰੀ ਜੀ ਦੇ ਮਾਂ ਬਾਪ ਬਚਪਨ ਵਿਚ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦਾ ਪਾਲਣ-ਪੋਸ਼ਣ ਇਨ੍ਹਾਂ ਦੀ ਭੂਆ ਨੇ ਕੀਤਾ।

12 ਸਾਲ ਦੀ ਉਮਰ ਵਿਚ ਇਨ੍ਹਾਂ ਦਾ ਵਿਆਹ ਇਕ ਅਮੀਰ ਵਪਾਰੀ ਦੀ ਪੁੱਤਰੀ ਬਸੰਤ ਕੌਰ ਨਾਲ ਹੋ ਗਿਆ। ਆਪ ਜੀ ਦਾ ਦਿਲ ਵਪਾਰ ਵਿਚ ਨਾ ਲੱਗਿਆ। ਆਪ ਕਈ-ਕਈ ਘੰਟੇ ਰੱਬ ਦੀ ਭਗਤੀ ਕਰੀ ਜਾਂਦੇ ਸਨ। ਇਸ ਦੌਰਾਨ ਦਰਬਾਰ ਸਾਹਿਬ ਫੇਰ ਹਜ਼ੂਰ ਸਾਹਿਬ ਚਲੇ ਗਏ, ਉÎੱਥੇ ਸੇਵਾ ਕਰਦੇ ਰਹੇ। ਕੁਝ ਸਮੇਂ ਬਾਅਦ ਆਪਣੇ ਘਰ ਆ ਗਏ। ਸੰਨ 1940 ਵਿਚ ਆਪ ਨੇ ਭਵਿੱਖ ਬਾਣੀ ਕੀਤੀ ਕਿ ਜਲਦੀ ਹੀ ਦੰਗੇ ਫਸਾਦ ਹੋਣਗੇ। ਫਿਰ ਆਪ ਜੀ ਪਰਿਵਾਰ ਸਮੇਤ ਹਿਮਾਚਲ ਵਿਚ ਆ ਗਏ ਅਤੇ ਪੁਰਾਣੇ ਇਤਿਹਾਸ ਦੀ ਖੋਜ ਕੀਤੀ।

ਮਣੀਕਰਨ ਵਿਚ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਣਾਉਣਾ ਸ਼ੁਰੂ ਕੀਤਾ। ਕਹਿੰਦੇ ਹਨ ਕਿ ਪਹਿਲਾਂ-ਪਹਿਲਾਂ ਜਦ ਕੋਈ ਸਾਧਨ ਨਹੀਂ ਸੀ ਤਾਂ ਕੁੱਲੂ ਤੋਂ ਆਪ ਜੀ ਸੀਮਿੰਟ ਦੇ ਥੈਲੇ ਪਿੱਠ 'ਤੇ ਚੁੱਕ ਲਿਆਉਂਦੇ ਸਨ। ਆਪ ਜੀ ਦੀ ਨਿਸ਼ਕਾਮ ਸੇਵਾ ਕਾਰਨ ਸ਼ਾਨਦਾਰ ਗੁਰੂ ਘਰ ਅਤੇ ਰਿਹਾਇਸ਼ੀ ਕਮਰੇ ਬਣ ਗਏ। ਆਪ ਜੀ ਨੇ 50 ਸਾਲ ਇਸ ਸਥਾਨ ਦੀ ਸੇਵਾ ਕੀਤੀ।

ਗੁਰੂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ। ਦਰਬਾਰ ਹਾਲ ਵਿਚ ਸਾਰੇ ਧਰਮਾਂ ਦੀਆਂ ਇੱਥੋਂ ਤਕ ਮੱਕੇ ਮਦੀਨੇ ਦੀਆਂ ਫੋਟੋਆਂ ਵੀ ਲੱਗੀਆਂ ਹਨ। ਇਸ ਲਈ ਇਹ ਸਥਾਨ ਭਾਈਚਾਰਕ ਸਾਂਝ ਅਤੇ ਸ਼ਾਂਤੀ ਦਾ ਪ੍ਰਤੀਕ ਬਣ ਗਿਆ। 2 ਫਰਵਰੀ 1989 ਨੂੰ ਬਾਬਾ ਜੀ ਨੇ ਸਰੀਰ ਤਿਆਗ ਦਿੱਤਾ। ਇਨ੍ਹਾਂ ਤੋਂ ਬਾਅਦ ਇਨ੍ਹਾਂ ਦੀ ਵੱਡੀ ਬੇਟੀ ਸ੍ਰੀ ਦੇਵਾ ਜੀ ਇਸ ਸਥਾਨ ਦੀ ਸੇਵਾ ਕਰਦੇ ਹਨ। ਸਾਰਾ ਇੰਤਜ਼ਾਮ ਬਾਬਾ ਜੀ ਦੀ ਛੋਟੀ ਬੇਟੀ ਗੁੱਡੀ ਦੇ ਪਤੀ ਸ੍ਰੀ ਰਾਮ ਜੀ ਕਰਦੇ ਹਨ। ਸਵੇਰੇ ਸ਼ਾਮ ਸਤਿ ਸੰਗਤ ਕੀਰਤਨ ਨਾਲ ਅਤੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ। ਰਾਤ ਸਮੇਂ ਇੱਥੇ ਆਰਤੀ ਦੇਖਣ ਵਾਲੀ ਹੁੰਦੀ ਹੈ।

ਜੇਕਰ ਤੁਸੀਂ ਮਣੀਕਰਣ ਸਾਹਿਬ ਜਾਂਦੇ ਹੋ ਤਾਂ ਤੁਸੀਂ ਇੱਥੋਂ 25 ਕਿਲੋਮੀਟਰ ਦੂਰ ਖੀਰ ਗੰਗਾ ਵੀ ਜਾ ਸਕਦੇ ਹੋ। ਰਸਤਾ ਬਹੁਤ ਔਖਾ ਹੈ। ਇੱਥੋਂ 94 ਕਿਲੋਮੀਟਰ ਮਨਾਲੀ ਅਤੇ ਮਨਾਲੀ ਤੋਂ 50 ਕਿਲੋਮੀਟਰ ਰੋਹਤਾਂਗ ਹੈ। ਇੱਥੇ ਬਹੁਤ ਸਾਰੇ ਹੋਟਲ ਅਤੇ ਗੈÎੱਸਟ ਹਾਊਸ ਵੀ ਮਿਲਦੇ ਹਨ। ਹੋਟਲਾਂ ਵਿਚ ਗਰਮ ਪਾਣੀ ਅਤੇ ਠੰਢੇ ਪਾਣੀ ਦਾ ਪ੍ਰਬੰਧ ਹੈ। ਇਹ ਪਾਣੀ ਗਰਮ ਪਾਣੀ ਦੇ ਚਸ਼ਮਿਆਂ ਅਤੇ ਪਾਰਬਤੀ ਦਰਿਆ ਵਿੱਚੋਂ ਆਉਂਦਾ ਹੈ। ਇੱਥੇ ਹੋਟਲਾਂ, ਘਰਾਂ ਅਤੇ ਗੁਰੂ ਘਰ ਵਿੱਚ ਧਰਤੀ ਹੇਠੋਂ ਨਿਕਲਿਆ ਗਰਮ ਪਾਣੀ ਵਰਤਿਆ ਜਾਂਦਾ ਹੈ।

ਤੁਸੀਂ ਗੁਰੂ ਘਰ ਦੇ ਕਮਰਿਆਂ ਵਿਚ ਰਹਿ ਸਕਦੇ ਹੋ ਜਿੱਥੇ ਗਰਮ ਅਤੇ ਠੰਢੇ ਪਾਣੀ ਦਾ ਪ੍ਰਬੰਧ ਹੈ। ਗੁਰੂ ਘਰ ਦੇ ਅੰਦਰ ਇਕ ਗਰਮ ਗੁਫ਼ਾ ਹੈ, ਜਿੱਥੇ ਲੋਕ ਦਰਸ਼ਨ ਕਰਨ ਜਾਂਦੇ ਹਨ, ਜਿਨ੍ਹਾਂ ਲੋਕਾਂ ਦੇ ਸਰੀਰ ਦੇ ਜੋੜ ਜਾਮ ਹੋਏ ਹਨ, ਉਨ੍ਹਾਂ ਨੂੰ ਇਸ ਗਰਮ ਗੁਫ਼ਾ ਵਿਚ ਬਹੁਤ ਆਰਾਮ ਮਿਲਦਾ ਹੈ। ਇੱਥੇ ਸੰਗਤਾਂ ਦੇ ਇਸ਼ਨਾਨ ਕਰਨ ਲਈ ਗਰਮ ਅਤੇ ਠੰਢੇ ਪਾਣੀ ਦੇ ਕੁੰਡ ਬਣੇ ਹੋਏ ਹਨ। ਬਰਸਾਤ ਦੇ ਦਿਨਾਂ ਵਿਚ ਕਈ ਵਾਰ ਪਹਾੜ ਅਤੇ ਸੜਕਾਂ ਟੁੱਟ ਜਾਂਦੀਆਂ ਹਨ। ਬਰਸਾਤ ਵਿਚ ਜਾਣ ਤੋਂ ਗੁਰੇਜ਼ ਕਰੋ।

ਪ੍ਰਿੰ. ਸੁਖਦੇਵ ਸਿੰਘ ਰਾਣਾ

99149-00559

Posted By: Harjinder Sodhi