ਦੱਖਣੀ ਭਾਰਤ ਦੀਆਂ ਨੀਲਗਿਰੀ ਦੀਆਂ ਪਹਾੜੀਆਂ ਵਿਚ ਘੁੰਮਣ ਦਾ ਸੁਫ਼ਨਾ ਬੜੀ ਦੇਰ ਤੋਂ ਜ਼ਿਹਨ ਵਿਚ ਚੱਲਿਆ ਆ ਰਿਹਾ ਸੀ। ਮਨ ਵਿਚ ਬਹੁਤ ਉਤਸੁਕਤਾ ਸੀ ਕਿ ਕਈ ਹਿੰਦੀ ਫਿਲਮਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਵਾਲੀਆਂ ਊਟੀ ਦੀਆਂ ਹਰੀਆਂ ਭਰੀਆਂ ਅਤੇ ਮਨਮੋਹਕ ਪਹਾੜੀਆਂ ਨੂੰ ਨੇੜੇ ਤੋਂ ਰੂਹ ਭਰ ਕੇ ਤੱਕਿਆ ਜਾਵੇ। ਚੰਡੀਗੜ੍ਹ ਤੋਂ 2700 ਕਿਲੋਮੀਟਰ ਤੋਂ ਵੱਧ ਦਾ ਲੰਮਾ ਸਫ਼ਰ ਦੇਖਕੇ ਊਟੀ ਦੇਖਣ ਦਾ ਪ੍ਰੋਗਰਾਮ ਅੱਗੇ ਤੋਂ ਅੱਗੇ ਪੈਂਦਾ ਰਿਹਾ ਪ੍ਰੰਤੂ ਇਸ ਵਾਰ ਮੇਰੇ ਦੋਸਤਾਂ ਨੇ ਪੱਕਾ ਮਨ ਬਣਾਉਂਦਿਆਂ ਚੰਡੀਗੜ੍ਹ ਤੋਂ ਬੈਂਗਲੋਰ ਤਕ ਦੀਆਂ ਹਵਾਈ ਟਿਕਟਾਂ ਬੁੱਕ ਕਰਵਾ ਦਿੱਤੀਆਂ। 5 ਦਿਨਾਂ ਦੇ ਸੈਰ ਸਪਾਟੇ ਲਈ ਖ਼ਰੀਦ ਫਰੋਖਤ ਕਰਨ ਤੋਂ ਬਾਅਦ ਆਖ਼ਰ ਉਹ ਦਿਨ ਆ ਗਿਆ ਜਿਸ ਦਿਨ ਅਸੀਂ ਜਹਾਜ਼ ਚੜ੍ਹਨਾ ਸੀ। ਸਵੇਰੇ 7 ਵਜੇ ਦੀ ਫਲਾਇਟ ਹੋਣ ਕਰਕੇ ਅਸੀਂ ਤੜਕੇ 4 ਵਜੇ ਦੇ ਕਰੀਬ ਸਮਰਾਲਾ ਤੋਂ ਚੰਡੀਗੜ੍ਹ ਨੂੰ ਰਵਾਨਾ ਹੋ ਗਏ। ਕਰੀਬ 3 ਘੰਟੇ ਦੀ ਉਡਾਨ ਤੋਂ ਬਾਅਦ ਅਸੀਂ ਬੈਂਗਲੋਰ ਦੇ ਏਅਰਪੋਰਟ ’ਤੇ ਉੱਤਰੇ ਜਿੱਥੋਂ ਅਸੀਂ ਇੰਨੋਵਾ ਕਾਰ ਕਿਰਾਏ ’ਤੇ ਕੀਤੀ ਅਤੇ ਦੱਖਣੀ ਭਾਰਤ ਦੇ ਸਫ਼ਰ ਦਾ ਅਗਲਾ ਪੜ੍ਹਾਅ ਸ਼ੁਰੂ ਕਰ ਦਿੱਤਾ। ਬੈਂਗਲੋਰ ਸ਼ਹਿਰ ਦੀਆਂ ਉੱਚੀਆਂ ਅਤੇ ਖ਼ੂਬਸੂਰਤ ਇਮਾਰਤਾਂ ਨੂੰ ਦੇਖਦੇ ਹੋਏ ਅਸੀਂ ਕੂਇੰਬਟੂਰ ਸ਼ਹਿਰ ਵੱਲ ਨੂੰ ਚਾਲੇ ਪਾ ਲਏ। ਅਸੀਂ 5 ਦਿਨ 2 ਸੂਬਿਆਂ ਦੀਆਂ ਵੱਖਵੱਖ ਥਾਵਾਂ ’ਤੇ ਘੁੰਮੇ ’ਤੇ ਬਹੁਤ ਸਾਰੀਆਂ ਯਾਦਾਂ ਤੇ ਜਾਣਕਾਰੀਆਂ ਤੋਂ ਇਲਾਵਾ ਹਰੀਭਰੀ ਪ੍ਰਕਿਰਤੀ ਦੇ ਰੂਪ ਵਿਚ ਵਸਦੀ ਕੁਦਰਤ ਨਾਲ ਇਕਮਿਕ ਹੋ ਕੇ ਵਾਪਸ ਪਰਤ ਆਏ।

ਕੂਇੰਬਟੂਰ ਸ਼ਹਿਰ ਵਿਚ ਕੁੱਝ ਦਿਲਚਸਪ ਤੇ ਯਾਦਗਾਰੀ ਥਾਵਾਂ ਦੇਖਣ ਤੋਂ ਬਾਅਦ ਅਸੀਂ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਰੁਕੇ, ਹਾਲਾਂ ਕਿ ਅਸੀਂ ਸੁਣਿਆ ਸੀ ਕਿ ਇਸ ਖੇਤਰ ਦਾ ਰਿਵਾਇਤੀ ਖਾਣਾ ਡੋਸਾ ਹੈ ਪ੍ਰੰਤੂ ਜੋ ਡੋਸਾ ਸਾਨੂੰ ਇੱਥੇ ਖਾਣ ਨੂੰ ਮਿਲਿਆ ਉਹ ਅਤਿਅੰਤ ਸਵਾਦ ਅਤੇ ਹੈਰਾਨੀਜਨਕ ਸੀ। ਹੈਰਾਨੀ ਇਸ ਗੱਲ ਦੀ ਸੀ ਕਿ ਸਾਨੂੰ 5 ਜਾਣਿਆਂ ਨੂੰ ਇਕ ਟੇਬਲ ’ਤੇ ਬਿਠਾ ਕੇ ਸਾਡੇ ਸਾਹਮਣੇ ਕੇਲੇ ਦੇ ਦਰੱਖ਼ਤ ਦੇ ਪੱਤੇ ਪਲੇਟਾਂ ਦੇ ਬਦਲ ਵੱਜੋਂ ਵਿਛਾ ਦਿੱਤੇ ਗਏ ਅਤੇ ਉਸ ਤੋਂ ਬਾਅਦ ਕਿਚਨ ਵਿੱਚੋਂ ਦੋ ਵੇਟਰ 6 ਫੁੱਟ ਦਾ ਡੋਸਾ ਚੁੱਕੀ ਸਾਡੇ ਵੱਲ ਵਧਣ ਲੱਗੇ। ਅਸੀਂ ਆਪਣੀ ਜ਼ਿੰਦਗੀ ਵਿਚ ਅਜਿਹਾ ਡੋਸਾ ਪਹਿਲੀ ਵਾਰ ਵੇਖਿਆ। ਅਸੀਂ ਸਾਰੇ ਜਾਣਿਆਂ ਨੇ ਪੂਰੇ ਸਵਾਦ ਨਾਲ ਰੱਜਕੇ ਨਾਲ਼ ਡੋਸੇ ਦਾ ਆਨੰਦ ਮਾਣਿਆ।

ਊਟੀ ਸ਼ਹਿਰ ਵਿਚ ਬਸ ਅੱਡੇ ਤੋਂ ਸਿਰਫ਼ 1 ਕਿਲੋਮੀਟਰ ਦੀ ਦੂਰੀ ’ਤੇ ਲੇਕ ਅੰਦਰ ਬੋਟ ਹਾਊਸ ਬਣਿਆ ਹੋਇਆ ਹੈ ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਦਰਤ ਕਿੰਨੀ ਖ਼ੂਬਸੂਰਤ ਹੈ। ਇੱਥੇ ਦਾਖ਼ਲ ਹੁੰਦਿਆਂ ਹੀ ਅਸੀਂ ਸਾਹਮਣੇ ਦੇਖਿਆ ਕਿ ਆਈ ਲਵ ਊਟੀ ਦੇ ਸਿਰਲੇਖ ਹੇਠ ਸੈਲਾਨੀਆਂ ਦੇ ਫੋਟੋਆਂ ਖਿੱਚਣ ਲਈ ਗੈਲਰੀ ਤਿਆਰ ਕੀਤੀ ਗਈ ਸੀ। ਇਹ ਗੈਲਰੀ ਐਨੀ ਖ਼ੂਬਸੂਰਤ ਹੈ ਕਿ ਇਸ ਥਾਂ ’ਤੇ ਫੋਟੋ ਖਿਚਵਾਉਣ ਲਈ ਸੈਲਾਨੀਆਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਟਿਕਟ ਖ਼ਰੀਦਣ ਤੋਂ ਬਾਅਦ ਇਸ ਥਾਂ ਨੂੰ ਵੇਖਣ ਦੀ ਮਨਜ਼ੂਰੀ ਮਿਲ ਜਾਂਦੀ ਹੈ। ਸਾਡਾ 6 ਦੋਸਤਾਂ ਦਾ ਇਕ ਗਰੁੱਪ ਸੀ। ਅਸੀਂ 8 ਸੌ ਰੁਪਏ ਵਿਚ ਇਕ ਕਿਸ਼ਤੀ ਝੀਲ ਅੰਦਰ ਬੋਟਿੰਗ ਕਰਨ ਲਈ ਕਿਰਾਏ ’ਤੇ ਚਾਲਕ ਸਮੇਤ ਲੈ ਲਈ।

ਪਹਾੜਾਂ ਦੀ ਗੋਦ ’ਚ ਬੱਦਲਾਂ ’ਚੋਂ ਡਿੱਗਦੀ ਭੂਰ ਵਿਚ ਕੀਤੀ ਬੋਟਿੰਗ ਦਾ ਨਜ਼ਾਰਾ ਲਾਜਵਾਬ ਸੀ। ਦੱਸਣਯੋਗ ਹੈ ਕਿ ਇਹ ਖ਼ੂਬਸੂਰਤ ਲੇਕ 1820 ਵਿਚ ਜੌਹਨ ਸੁਲੀਵਨ ਦੀ ਤਜਵੀਜ਼ ਅਨੁਸਾਰ ਬਣੀ ਸੀ। ਪਹਾੜਾਂ ਵਿਚ ਵਰ੍ਹਦੇ ਮੀਂਹ ਨੂੰ ਇਕ ਥਾਂ ’ਤੇ ਇਕੱਠਾ ਕਰ ਕੇ ਉਸ ਨੂੰ ਝੀਲ ਦੇ ਰੂਪ ਵਿਚ ਬਦਲਿਆ ਗਿਆ। ਸੈਲਾਨੀਆਂ ਦਾ ਹੋਰ ਧਿਆਨ ਖਿੱਚਣ ਲਈ ਤਾਮਿਲਨਾਡੂ ਦੇ ਸੈਰ ਸਪਾਟਾ ਵਿਭਾਗ ਵੱਲੋਂ 1973 ਵਿੱਚ ਇਥੇ ਕਿਸ਼ਤੀਆਂ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ। ਇਸ ਝੀਲ ਦੀ ਲੰਬਾਈ 2.5 ਕਿਲੋ ਮੀਟਰ ਹੈ ਅਤੇ ਇਸ ਡੂੰਘਾਈ 40 ਫੁੱਟ ਤੋਂ ਲੈ ਕੇ 460 ਫੁੱਟ ਦੇ ਕਰੀਬ ਹੈ।

ਲਾਜਵਾਬ ਹੈ ਊਟੀ ਦਾ ਸ਼ੂਟਿੰਗ ਪੁਆਇੰਟ

ਜਿਸ ਧਰਤੀ ਦੀ ਖ਼ੂਬਸੂਰਤੀ ਨੂੰ ਦੇਖ ਕੇ ਅਸੀਂ ਵਾਹਵਾਹ ਕਿਹਾ ਹੋਵੇ ਜੇਕਰ ਉਸ ਧਰਤੀ ’ਤੇ ਸਾਨੂੰ ਖ਼ੁਦ ਜਾਣ ਦਾ ਹੀ ਮੌਕਾ ਮਿਲ ਜਾਵੇ ਤਾਂ ਸਾਡੀ ਜ਼ੁਬਾਨ ’ਚੋਂ ਸੁਭਾਨ ਅੱਲਾ ਨਿਕਲ ਜਾਣਾ ਸੁਭਾਵਿਕ ਹੈ।

ਅਜਿਹਾ ਹੀ ਮੌਕਾ ਸਾਨੂੰ ਊਟੀ ਸ਼ਹਿਰ ਤੋਂ 15 ਕੁ ਕਿਲੋਮੀਟਰ ਦੀ ਦੂਰੀ ’ਤੇ ਆ ਕੇ ਮਿਲਿਆ। ਅਸੀਂ ਮੈਸੂਰ ਵਾਲੇ ਰੋਡ ਵੱਲ ਨੂੰ ਆਏ ਤਾਂ ਸਾਨੂੰ ਇੱਥੇ ਇਕ ਸ਼ੂਟਿੰਗ ਪੁਆਇੰਟ ਦੇਖਣ ਨੂੰ ਮਿਲਿਆਂ ਇਸ ਥਾਂ ’ਤੇ ਰਾਜਾ ਹਿੰਦੋਸਤਾਨੀ, ਦੀਵਾਨਾ ਵਰਗੀਆਂ ਕਈ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਸ ਪੁਆਇੰਟ ਦੇ ਅੰਦਰ ਜਾਣ ਲਈ ਇਕ ਮੁੱਖ ਦਰਵਾਜ਼ਾ ਅਤੇ ਨਾਲ ਬਹੁਤ ਹੀ ਖ਼ੂਬਸੂਰਤ ਛੋਟੇ ਦਰਵਾਜ਼ੇ ਹਨ। ਵੈਸੇ ਇਸ ਥਾਂ ਦਾ ਨਾਮ ਵੈਨਲੌਕ ਡਾਊਟਜ਼ ਨੈਚੁਰਲ ਟਰਾਇਲ ਹੈ ਜਿਸ ਦੇ ਐਂਟਰੀ ਗੇਟ ਦੇ ਸੱਜੇ ਹੱਥ ਤੋਂ ਬਣੇ ਕੈਬਿਨ ਤੋਂ ਟਿਕਟਾਂ ਖ਼ਰੀਦ ਕੇ ਅਸੀਂ ਉਸ ਖ਼ੂਬਸੂਰਤ ਥਾਂ ਦਾ ਆਨੰਦ ਲੈਣ ਲਈ ਅੰਦਰ ਵੱਲ ਨੂੰ ਤੁਰ ਪਏ ਤਕਰੀਬਨ 15 ਕੁ ਮਿੰਟਾਂ ਦੀ ਦੂਰੀ ਤੋਂ ਬਾਅਦ ਕੁਦਰਤ ਦਾ ਬਾਕਮਾਲ ਨਜ਼ਾਰਾ ਵੇਖਣ ਨੂੰ ਮਿਲਿਆ। ਠੰਢੀਠੰਢੀ ਹਵਾ ਦੇ ਬੁੱਲੇ ਅਤੇ ਹਲਕੀਹਲਕੀ ਕਿਣਮਿਣ ਵਿਚ ਪਹਾੜਾਂ ’ਚ ਉਡਦੇ ਬੱਦਲਾਂ ਨੂੰ ਨੇੜਿਓ ਤੱਕਿਆ।

ਅਸੀਂ ਇਸ ਮਨਮੋਹਕ ਥਾਂ ’ਤੇ ਘੰਟਿਆਂ ਬੱਧੀ ਰੱਜ ਕੇ ਮਨੋਰੰਜਨ ਕੀਤਾ। ਇਸ ਥਾਂ ਦੀ ਉਚਾਈ ’ਤੇ ਜਾਣ ਲਈ ਭਾਵੇਂ ਘੋੜਿਆਂ ਦਾ ਵਿਸ਼ੇਸ਼ ਪ੍ਰਬੰਧ ਹੈ ਫਿਰ ਵੀ ਬਹੁਤੇ ਸੈਲਾਨੀ ਪੈਦਲ ਜਾਣਾ ਹੀ ਪਸੰਦ ਕਰਦੇ ਹਨ। ਇੱਥੋਂ ਦੀ ਖ਼ੂਬਸੂਰਤੀ ਦੇ ਨਾਲਨਾਲ ਇੱਥੋਂ ਦੀ ਸਾਫ਼ ਸਫ਼ਾਈ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ। ਗੇਟ ਦੇ ਬਾਹਰ ਰੋਡ ਉਪਰ ਰੇਹੜੀਫੜੀਆਂ ਵਾਲੇ ਸੈਲਾਨੀਆਂ ਲਈ ਚਾਹ ਕੌਫੀ ,ਅੰਡਾ, ਆਮਲੇਟ, ਮੈਗੀ ਸਮੇਤ ਵੱਖਵੱਖ ਖਾਣੇ ਤਿਆਰ ਕਰ ਰਹੇ ਸਨ। ਇਨ੍ਹਾਂ ਦੁਕਾਨਦਾਰਾਂ ਵਿੱਚੋਂ ਇਕ ਉਦੈ ਨਾਮ ਦੇ ਦੁਕਾਨਦਾਰ ਨੇ ਦੱਸਿਆ ਕਿ ਇੱਥੋਂ ਦੀ ਸਰਕਾਰ ਵੱਲੋਂ ਇਥੇ 20 ਦੁਕਾਨਦਾਰਾਂ ਨੂੰ ਸਮਾਨ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸਦੇ ਬਦਲੇ ਸਰਕਾਰ ਕੋਈ ਕਿਰਾਇਆਂ ਨਹੀਂ ਵਸੂਲਦੀ ਸਗੋਂ ਦੁਕਾਨਦਾਰਾਂ ਨੂੰ ਇਹ ਡਿਊਟੀ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਥਾਂ ਦੀ ਸਾਫ਼ਸਫ਼ਾਈ ਦਾ ਧਿਆਨ ਖ਼ੁਦ ਰੱਖਣਾ ਹੈ। ਇਸ ਰਮਣੀਕ ਥਾਂ ’ਤੇ ਗੁਜ਼ਾਰੇ ਸੁਹਾਵਣੇ ਪਲ ਸਾਨੂੰ ਹਮੇਸ਼ਾ ਯਾਦ ਰਹਿਣਗੇ।

ਕੁਦਰਤ ਦਾ ਖ਼ੂਬਸੂਰਤ ਤੋਹਫਾ ਹੈ ਬੋਟਨੀਕਲ ਗਾਰਡਨ

ਊਟੀ ਸ਼ਹਿਰ ਕਿਸੇ ਇਕ ਥਾਂ ਦੀ ਖ਼ੂਬਸੂਰਤੀ ਦਾ ਮੁਹਤਾਜ਼ ਨਹੀਂ ਹੈ। ਇਹ ਸ਼ਹਿਰ ਅੰਦਰ ਤੋਂ ਲੈਕੇ ਦੂਰਦੂਰ ਤਕ ਕੁਦਰਤ ਦੀਆਂ ਅਨਮੋਲ ਵੰਨਗੀਆਂ ਨਾਲ਼ ਸਜਿਆ ਹੋਇਆ ਹੈ। ਇਨ੍ਹਾਂ ਵੰਨਗੀਆਂ ’ਚ ਬੋਟਨੀਕਲ ਗਾਰਡਨ ਵਿਚ ਹੂ-ਬ-ਹੂ ਵਸੀ ਹੋਈ ਕੁਦਰਤ ਮਹਿਕਦੀ ਅਤੇ ਟਹਿਕਦੀ ਹੋਈ ਦੇਖੀ ਜਾ ਸਕਦੀ ਹੈ। ਜਿਸ ਦਿਨ ਅਸੀਂ ਊਟੀ ਵਿਚ ਪਹੁੰਚੇ ਤਾਂ ਸਾਨੂੰ ਉੱਥੋਂ ਦੇ ਕਈ ਵਿਅਕਤੀਆਂ ਨੇ ਕਿਹਾ ਕਿ ਬੋਟਨੀਕਲ ਗਾਰਡਨ ਦੇਖੇ ਬਿਨਾਂ ਊਟੀ ਦਾ ਸੈਰ ਸਪਾਟਾ ਅਧੂਰਾ ਹੈ। ਅਸੀਂ ਸਾਰੇ ਦੋਸਤ ਸਵੇਰੇ 10 ਵਜੇ ਦੇ ਕਰੀਬ ਨਾਸ਼ਤਾ ਕਰਨ ਉਪਰੰਤ ਇਸ ਗਾਰਡਨ ਦਾ ਲੁਤਫ ਲੈਣ ਲਈ ਪਹੁੰਚ ਗਏ।

ਮੇਨ ਗੇਟ ’ਤੇ 50 ਰੁਪਏ ਪ੍ਰਤੀ ਮੈਂਬਰ ਦੀ ਟਿਕਟ ਲੈ ਕੇ ਅਸੀਂ ਗਾਰਡਨ ਅੰਦਰ ਦਾਖ਼ਲ ਹੋਏ ਤਾਂ ਸਾਹਮਣੇ ਭਾਂਤਭਾਂਤ ਦੇ ਫੁੱਲ, ਮਨਮੋਹਕ ਕਲਾਕਿ੍ਰਤੀਆਂ, ਪਾਣੀ ਦੇ ਖ਼ੂਬਸੂਰਤ ਤਲਾਬ, ਜਾਨਵਰਾਂ ਦੇ ਬੁੱਤ, ਹੈੱਜ਼ ਦੇ ਬੂਟਿਆਂ ਨਾਲ਼ ਬਣਾਇਆ ਭਾਰਤ ਦੇਸ਼ ਦਾ ਨਕਸ਼ਾ ਆਦਿ ਨੂੰ ਵੇਖਣ ਲਈ ਸੈਲਾਨੀਆਂ ਦੀ ਭੀੜ ਉਮੜੀ ਹੋਈ ਸੀ। ਇੱਥੇ ਜਾ ਕੇ ਪਤਾ ਚੱਲਿਆ ਕਿ ਇਹ ਗਾਰਡਨ 55 ਏਕੜ ਵਿਚ ਬਣਿਆ ਹੋਇਆ ਹੈ। ਇਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ਼ ਪੌੜੀਦਾਰ ਬਣਤਰ ਵਿਚ ਤਿਆਰ ਕੀਤਾ ਹੋਇਆ ਹੈ। ਇੱਥੇ 650 ਤੋਂ ਵੱਧ ਕਿਸਮ ਦੇ ਫੁੱਲਬੂਟੇ ਅਤੇ ਦਰੱਖ਼ਤ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ। ਇਹ ਗਾਰਡਨ 1848 ਵਿਚ ਵੀਲੀਅਮ ਗ੍ਰਾਹਮ ਮਾਇਕਲ ਬੋਰ ਵੱਲੋਂ ਯੂਰਪੀਅਨ ਲੋਕਾਂ ਨੂੰ ਸਸਤੇ ਰੇਟਾਂ ’ਤੇ ਸਬਜ਼ੀਆਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ਼ ਤਿਆਰ ਕਰਵਾਇਆ ਸੀ। ਬਿ੍ਰਟਿਸ਼ ਰਾਜ ਤੋਂ ਬਾਅਦ ਤਾਮਿਲਨਾਡੂ ਸਰਕਾਰ ਵੱਲੋਂ ਇਸ ਥਾਂ ਨੂੰ ਊਟੀ ਦੀ ਖ਼ੂਬਸੂਰਤੀ ਵਧਾਉਣ ਅਤੇ ਸੈਲਾਨੀਆਂ ਦਾ ਧਿਆਨ ਖਿਚਣ ਹਿੱਤ ਇਸਨੂੰ ਗਾਰਡਨ ਵਿਚ ਤਬਦੀਲ ਕਰ ਦਿੱਤਾ ਗਿਆ। ਹੁਣ ਇੱਥੇ ਹਰ ਸਾਲ ਲੱਖਾਂ ਹੀ ਸੈਲਾਨੀ ਕੁਦਰਤ ਨਾਲ ਇਕਮਿਕ ਹੋਣ ਦਾ ਆਨੰਦ ਮਾਣਦੇ ਹਨ।

ਡੋਡਾਬੇਟਾ ਵਿਊ ਪੁਆਇੰਟ

ਊਟੀ ਤੋਂ 9 ਕਿਲੋਮੀਟਰ ਦੂਰ ਕੋਟਾਗਿਰੀ ਰੋਡ ਉਪਰ ਨੀਲਗਿਰੀ ਪਹਾੜਾਂ ਦੇ ਸਭ ਤੋਂ ਉਚਾਈ ਵਾਲ਼ੇ ਪੁਆਇੰਟ ਦਾ ਨਾਮ ਹੈ ਡੋਡਾਬੇਟਾ ਵਿਊ ਪੁਆਇੰਟ। ਇਸ ਸਥਾਨ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਬਣੇ ਟੈਲੀਸਕੋਪ ਹਾਊਸ ਉਪਰ ਖੜ੍ਹਕੇ ਅਸੀਂ ਊਟੀ ਅਤੇ ਆਸਪਾਸ ਦੇ ਇਲਾਕੇ ਦੀ ਖ਼ੂਬਸੂਰਤੀ ਦਾ ਆਨੰਦ ਮਾਣ ਸਕਦੇ ਹਾਂ। 18 ਜੂਨ 1983 ਤੋਂ ਤਾਮਿਲਨਾਡੂ ਦੇ ਸੈਰਸਪਾਟਾ ਵਿਭਾਗ ਵੱਲੋਂ ਇਸ ਥਾਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਗਏ ਜਿਸ ਤੋਂ ਬਾਅਦ ਇੱਥੇ ਸੀਜ਼ਨ ਵਾਲੇ ਦਿਨਾਂ ਵਿਚ ਹਰ ਰੋਜ਼ 3500 ਤੋਂ ਵੱਧ ਸੈਲਾਨੀ ਪੁੱਜਣ ਲੱਗੇ ਹਨ। ਵਿਭਾਗ ਵੱਲੋਂ 2 ਵਿਸ਼ੇਸ਼ ਦੂਰਬੀਨਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ਼ ਅਸੀਂ ਊਟੀ ਸ਼ਹਿਰ ਦੇ ਨਾਲ਼ਨਾਲ਼ ਜੰਗਲ ਦੇ ਏਰੀਏ ਨੂੰ ਵੀ ਨੇੜੇ ਤੋਂ ਦੇਖ ਸਕਦੇ ਹਾਂ।

ਜੰਨਤ ਦਾ ਅਹਿਸਾਸ ਕਰਾਉਂਦੀ ਹੈ ਊਸੀ ਮਲਾਈ ਪਹਾੜੀ

ਊਟੀ ਤੋਂ ਮੈਸੂਰ ਵੱਲ ਨੂੰ ਜਾਂਦਿਆਂ ਤਕਰੀਬਨ 55 ਕਿਲੋਮੀਟਰ ’ਤੇ ਕੁਦਰਤ ਨੇ ਸਾਡੇ ਲਈ ਇਕ ਬਹੁਤ ਹੀ ਖੂਬਸੂਰਤ ਤੋਹਫਾ ਉਸਾਰ ਕੇ ਰੱਖਿਆ ਹੋਇਆ ਹੈ ਜਿਸ ਦਾ ਨਾਂ ਹੈ ਊਸੀ ਮਲਾਈ। ਊਸੀ ਮਲਾਈ ਤਾਮਿਲ ਭਾਸ਼ਾ ਵਿੱਚ ਸੂਈਦਾਰ ਪਹਾੜ ਨੂੰ ਕਿਹਾ ਜਾਂਦਾ ਹੈ। ਨੀਡਲ ਰੌਕ ਵਿਊ ਪੁਆਇੰਟ ਜੋ ਕਿ ਗੁਡਲੌਰ ਦੀਆਂ ਨੀਲਗਿਰੀ ਪਹਾੜੀਆਂ ਵਿੱਚ ਸਥਿਤ ਹੈ, ਨੂੰ ਵੇਖਣ ਲਈ ਆਪਣੇ ਦੋਸਤਾਂ ਨਾਲ਼ ਅੱਗੇ ਵੱਧਣ ਲੱਗੇ ਤਾਂ ਕੁਦਰਤ ਦੇ ਇਸ ਅਲੌਕਿਕ ਨਜ਼ਾਰੇ ਨੂੰ ਵੇਖ ਕੇ ਬਾਗੋਬਾਗ ਹੋ ਗਏ। ਇਥੋਂ ਦੀ ਇਹ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਥੇ ਖੜ੍ਹਕੇ 360 ਡਿਗਰੀ ਦਾ ਵਿਊ ਨਜ਼ਰ ਆਉਂਦਾ ਹੈ। ਇਥੇ ਪ੍ਰੀ ਵੈਡਿੰਗ ਅਤੇ ਹੋਰ ਸ਼ੂਟਿੰਗ ਵਗੈਰਾ ਲਈ ਲੋਕ ਆਉਂਦੇਜਾਂਦੇ ਰਹਿੰਦੇ ਹਨ।

- ਰਾਮਦਾਸ ਬੰਗੜ

Posted By: Harjinder Sodhi