ਕਿਸੇ ਨੂੰ ਵੀ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ 'ਚ ਕਦੇ ਮਿਊਂਸਪਲ ਦਾ ਕੂੜਾ ਰੇਲ ਰਾਹੀਂ ਢੋਇਆ ਜਾਂਦਾ ਸੀ। ਇਸ ਗੱਲ 'ਤੇ ਸੌਖਿਆਂ ਕਿਸੇ ਨੂੰ ਵਿਸ਼ਵਾਸ ਨਹੀਂ ਹੋਵੇਗਾ। ਹੋਣਾ ਵੀ ਨਹੀਂ ਚਾਹੀਦਾ। ਕਿਉਂਕਿ ਜਿਸ ਦੇਸ਼ 'ਚ ਮੁਸਾਫਿਰਾਂ ਨੂੰ ਲਿਆਉਣ ਲਿਜਾਣ ਲਈ ਰੇਲਗੱਡੀਆਂ ਦੀ ਕਮੀ ਹੋਵੇ ਭਲਾ ਉਸ ਦੇਸ਼ 'ਚ ਟਰੇਨ ਨਾਲ ਕੂੜਾ ਢੋਏ ਜਾਣ ਦੀ ਗੱਲ ਆਪਣੇ ਆਪ 'ਚ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਪਰ ਇਸ ਤੋਂ ਪਹਿਲਾਂ ਅੰਮ੍ਰਿਤਸਰ ਮਿਊਂਸਪਲ ਕਾਰੋਪੇਰੇਸ਼ਨ ਬਾਰੇ ਜਾਣ ਲੈਣਾ ਜ਼ਰੂਰੀ ਹੈ। ਜੋ ਪਹਿਲਾਂ ਟਾਊਨਹਾਲ, ਘੰਟਾ ਘਰ ਜਾਂ ਨਗਰ ਨਿਗਮ ਦਫ਼ਤਰ ਦੇ ਰੂਪ 'ਚ ਜਾਣਿਆ ਜਾਂਦਾ ਸੀ ਹੁਣ ਇਸ ਇਤਿਹਾਸਕ ਵਿਰਾਸਤ ਨੂੰ ਪਾਰਟੀਸ਼ਨ ਮਿਊਜ਼ੀਅਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

1886 'ਚ ਬਣਿਆ ਟਾਊਨ ਹਾਲ, ਹੁਣ ਪਾਰਟੀਸ਼ਨ ਮਿਊਜ਼ੀਅਮ

ਪੰਜਾਬ 'ਤੇ ਆਪਣਾ ਕਬਜ਼ਾ ਜਮਾਉਣ ਪਿੱਛੋਂ ਅੰਗਰੇਜ਼ ਸਰਕਾਰ ਨੇ ਸੰਨ 1849 'ਚ ਅੰਮ੍ਰਿਤਸਰ ਨੂੰ ਜ਼ਿਲ੍ਹਾ ਬਣਾਇਆ ਅਤੇ ਇੱਥੇ ਆਪਣਾ ਪਹਿਲਾ ਡਿਪਟੀ ਕਮਿਸ਼ਨਰ ਐੱਲ ਸਾਂਡਰਸ ਨੂੰ ਨਿਯੁਕਤ ਕੀਤਾ। ਸਾਂਡਰਸ ਦਾ ਦਫ਼ਤਰ 1852 ਤਕ ਰਿਹਾ। ਇਸ ਦੌਰਾਨ ਅੰਮ੍ਰਿਤਸਰ ਨੂੰ 1850 'ਚ ਟਾਊਨ ਕਮੇਟੀ ਤਹਿਤ ਲਿਆਂਦਾ ਗਿਆ। ਇਸ ਦੇ ਨਾਲ ਹੀ ਅੰਗਰੇਜ਼ ਅਧਿਕਾਰੀਆਂ ਨੇ ਅੰਮ੍ਰਿਤਸਰ 'ਚ ਸਥਾਈ ਨਿਵਾਸ ਅਤੇ ਛਾਉਣੀ ਸਥਾਪਤ ਕਰ ਕੇ ਇਸ ਦਾ ਵਿਕਾਸ ਆਪਣੇ ਮੁਤਾਬਕ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ 1866 'ਚ ਟਾਊਨ ਹਾਲ ਦਾ ਨਿਰਮਾਣ ਕਰਵਾਇਆ ਗਿਆ। ਹਾਲਾਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਹਾਰਾਣੀ ਸਦਾ ਕੌਰ ਦੀ ਹਵੇਲੀ ਸੀ, ਜਿਸ ਨੂੰ ਢਾਹ ਕੇ ਅੰਗਰੇਜ਼ਾਂ ਨੇ ਟਾਊਨ ਹਾਲ ਦੀ ਨੀਂਹ ਰੱਖੀ ਸੀ। ਸ਼ਹਿਰ ਦੇ ਵਿਚਾਲੇ ਸਥਿਤ ਇਸ ਟਾਊਨ ਹਾਲ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਬਣਾਏ ਗਏ। ਬ੍ਰਿਟਿਸ਼ ਵਾਸਤੂਕਲਾ ਦੇ ਉਤਮ ਨਮੂਨੇ ਵਾਲੀ ਇਮਾਰਤ 'ਚ ਮਿਊਂਸਪਲ ਦਾ ਦਫ਼ਤਰ ਵੀ ਬਣਾਇਆ ਗਿਆ। ਇਸ ਜਗ੍ਹਾ ਨੂੰ ਲੋਕ ਘੰਟਾਘਰ, ਟਾਊਨ ਹਾਲ ਅਤੇ ਨਗਰ ਨਿਗਮ ਦਫ਼ਤਰ ਦੇ ਤੌਰ 'ਤੇ ਜਾਣਦੇ ਸਨ, ਜੋ ਮੌਜੂਦਾ ਸਮੇਂ ਪਾਰਟੀਸ਼ਨ ਮਿਊਜ਼ੀਅਮ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ।

ਬਿਜਲੀ, ਪਾਣੀ ਤੇ ਸੜਕਾਂ ਸਨ ਪਹਿਲੀ ਤਰਜੀਹ

ਡੀਪੀ ਗੁਪਤਾ ਅਨੁਸਾਰ ਭਾਰਤ 'ਚ ਮਿਊਂਸਪਲ ਐਕਟ 1911 'ਚ ਆਇਆ ਸੀ ਤੇ ਇਸ ਤਹਿਤ ਬਿਜਲੀ, ਪਾਣੀ ਤੇ ਸੜਕਾਂ ਅੰਗਰੇਜ਼ ਸਰਕਾਰ ਦੀ ਪਹਿਲੀ ਤਰਜੀਹ ਸਨ। ਗੁਪਤਾ ਮੁਤਾਬਕ ਪਹਿਲਾਂ ਅੰਮ੍ਰਿਤਸਰ 1850 'ਚ ਟਾਊਨ ਕਮੇਟੀ ਅਧੀਨ ਸੀ। ਇਸ ਤੋਂ ਬਾਅਦ 1868 'ਚ ਅੰਗਰੇਜ਼ਾਂ ਨੇ ਅੰਮ੍ਰਿਤਸਰ ਨੂੰ ਨਗਰ ਨਿਗਮ ਬਣਾਇਆ ਤੇ ਇਸ ਨੂੰ 9 ਵਾਰਡਾਂ 'ਚ ਵੰਡਿਆ, ਜਿਨ੍ਹਾਂ 'ਚੋਂ ਕੌਂਸਲਰ ਚੁਣ ਕੇ ਆਉਂਦੇ ਸਨ। ਇਨ੍ਹਾਂ ਦਾ ਕਾਰਜਕਾਲ ਇਕ ਸਾਲ ਹੁੰਦਾ ਸੀ।

10ਵੀਂ ਪਾਸ ਵਿਅਕਤੀ ਹੀ ਪਾਉਂਦਾ ਸੀ ਵੋਟ

ਸਾਬਕਾ ਸੰਯੁਕਤ ਕਮਿਸ਼ਨਰ ਕਹਿੰਦੇ ਹਨ ਕਿ ਉਸ ਦੌਰ 'ਚ ਵੋਟ ਪਾਉਣ ਦਾ ਹੱਕ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਸੀ ਜੋ ਦਸਵੀਂ ਪਾਸ ਹੋਣ ਜਾਂ ਜਿਨ੍ਹਾਂ ਦੀ ਆਮਦਨੀ ਦੋ ਰੁਪਏ ਮਹੀਨਾ ਹੋਵੇ ਜਾਂ ਫਿਰ ਉਨ੍ਹਾਂ ਦੀ ਪ੍ਰਾਪਰਟੀ ਹੋਵੇ। ਉਹ ਕਹਿੰਦੇ ਹਨ ਕਿ ਉਸ ਸਮੇਂ ਪਾਣੀ ਦਾ ਬਿੱਲ ਲਿਆ ਜਾਂਦਾ ਸੀ। ਇਹੋ ਨਹੀਂ ਅੰਮ੍ਰਿਤਸਰ ਦੇ ਤਾਰਾਵਲਾ ਨਹਿਰ 'ਤੇ ਬੰਨ੍ਹ ਬਣਾ ਕੇ ਬਿਜਲੀ ਵੀ ਤਿਆਰ ਕੀਤੀ ਜਾਂਦੀ ਸੀ ਜਿਸ ਨੂੰ ਨਗਰ ਨਿਗਮ ਅੰਮ੍ਰਿਤਸਰ ਸਪਲਾਈ ਕਰਦਾ ਸੀ।

137 ਸਾਲ ਪਹਿਲਾਂ ਸ਼ੁਰੂ ਹੋਈ ਇਹ ਸੇਵਾ

ਪੰਜਾਬ 'ਚ ਰੇਲ ਗੱਡੀਆਂ ਸ਼ੁਰੂ ਹੋਣ ਦੇ ਕਰੀਬ 21 ਸਾਲ ਬਾਅਦ 1882 'ਚ ਅੰਮ੍ਰਿਤਸਰ ਸ਼ਹਿਰ ਦਾ ਕੂੜਾ ਚੁੱਕਣ ਲਈ ਟਰੇਨ ਸੇਵਾ ਸ਼ੁਰੂ ਹੋ ਗਈ। ਕੂੜਾ ਢੋਣ ਲਈ ਇਹ ਰੇਲ ਗੱਡੀ ਅੰਮ੍ਰਿਤਸਰ ਫਸਟ ਕਲਾਸ ਮਿਊਂਸਪਲ ਕਮੇਟੀ ਨੇ ਇੰਗਲੈਂਡ ਤੋਂ ਖ਼ਰੀਦੀ ਸੀ। ਉਸ ਸਮੇਂ ਲਾਹੌਰ ਤੋਂ ਦਿੱਲੀ ਵਿਚਾਲੇ ਅੰਮ੍ਰਿਤਸਰ ਮਿਊਂਸਪਲ ਕਮੇਟੀ ਇਕਲੌਤੀ ਫਸਟ ਕਲਾਸ ਮਿਊਂਸਪਲ ਕਮੇਟੀ ਸੀ। 137 ਸਾਲ ਪਹਿਲਾਂ ਇਹ ਰੇਲਗੱਡੀ ਦੋ ਸਵਾਰੀ ਡੱਬਿਆਂ ਨਾਲ ਚੱਲਦੀ ਸੀ।

46 ਹਜ਼ਾਰ ਰੁਪਏ 'ਚ ਖ਼ਰੀਦੀ ਗਈ ਸੀ ਟਰੇਨ

ਰੇਲਵੇ ਹੈਰੀਟੇਜ ਕਮੇਟੀ ਮੈਂਬਰ ਐੱਸਪੀ ਸਿੰਘ ਮੁਤਾਬਕ ਰੌਬਟ ਹੁਡਸਨ ਨਾਂ ਦੇ ਇਸ ਇੰਜਣ ਨੂੰ ਤਤਕਾਲੀ ਮਿਊਂਸਪਲ ਕਮੇਟੀ ਨੇ 46466 ਰੁਪਏ 'ਚ ਇੰਗਲੈਂਡ ਦੀ ਨਿਰਮਾਤਾ ਕੰਪਨੀ ਹੁਡਸਵੈੱਲ ਕਲਾਰਕ ਕੰਪਨੀ ਤੋਂ ਖ਼ਰੀਦਿਆ ਸੀ। ਇਸ ਲਈ ਅਪ੍ਰੈਲ 1882 'ਚ ਕੰਪਨੀ ਨੂੰ ਆਰਡਰ ਕੀਤਾ ਗਿਆ ਸੀ।

ਮਿਊਂਸਪਲ ਕਮੇਟੀ ਨੇ ਖ਼ਰੀਦੀ ਸੀ ਟਰੇਨ

ਐੱਸਪੀ ਸਿੰਘ ਕਹਿੰਦੇ ਹਨ ਕਿ ਇਸ ਟਰੇਨ ਦਾ ਸਿੱਧੇ ਤੌਰ 'ਤੇ ਰੇਲਵੇ ਨਾਲ ਕੋਈ ਸਬੰਧ ਨਹੀਂ ਸੀ। ਕਿਉਂਕਿ ਇਹ ਟਰੇਨ ਅੰਮ੍ਰਿਤਸਰ ਫਸਟ ਕਲਾਸ ਮਿਊਂਸਪਲ ਕਮੇਟੀ ਨੇ ਸ਼ਹਿਰ ਦਾ ਕੂੜਾ ਚੁੱਕਣ ਲਈ ਖ਼ਰੀਦੀ ਸੀ। ਉਨ੍ਹਾਂ ਨੇ ਦੱਸਿਆ ਕਿ 14 ਪੌਂਡ ਭਾਰੀ ਇਹ ਟਰੇਨ ਪੰਜ ਕਿਲੋਮੀਟਰ ਲੰਬੇ ਰੇਲਵੇ ਟਰੈਕ 'ਤੇ ਚੱਲਦੀ ਸੀ। ਦਸਤਾਵੇਜ਼ਾਂ ਮੁਤਾਬਕ ਕੁਝ ਹੀ ਦਿਨਾਂ 'ਚ ਪੰਜ ਕਿਮੀ. ਲੰਬਾ ਰੇਲ ਟਰੈਕ ਵਿਛਾ ਕੇ 14 ਦਸੰਬਰ, 1882 ਨੂੰ ਇਸ ਟਰੇਨ ਦੀ ਸ਼ੁਰੂਆਤ ਕੀਤੀ ਗਈ ਸੀ।

ਦੇਸ਼ ਦੀ ਇਕਲੌਤੀ ਸੀ ਕੂੜਾ ਢੋਣ ਵਾਲੀ ਟਰੇਨ

ਰੇਲ ਮੰਡਲ ਫ਼ਿਰੋਜ਼ਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੇਸ਼ ਦੀ ਇਕੋ ਇਕ ਅਜਿਹੀ ਟਰੇਨ ਸੀ ਜਿਸ ਤੋਂ ਸ਼ਹਿਰ ਦਾ ਕੂੜਾ ਢੋਣ ਦਾ ਕੰਮ ਲਿਆ ਜਾਂਦਾ ਸੀ। ਹਾਲਾਂਕਿ ਬਦਲਦੇ ਸਮੇਂ ਅਤੇ ਦੇਸ਼ ਦੀ ਆਜ਼ਾਦੀ ਪਿੱਛੋਂ ਇਸ ਟਰੇਨ ਅਤੇ ਰੇਲ ਟਰੈਕ ਦਾ ਕਿਤੇ ਨਿਸ਼ਾਨ ਤਕ ਨਹੀਂ ਹੈ ਅਤੇ ਨਾ ਹੀ ਭਾਰਤੀ ਰੇਲਵੇ ਦੇ ਰਿਕਾਰਡ 'ਚ ਕਿਤੇ ਇਸ ਦਾ ਨਾਂ ਦਰਜ ਹੈ ਅਤੇ ਨਾ ਹੀ ਸੰਭਾਲੀ ਗਈ ਹੈ। ਇੰਗਲੈਂਡ ਸਰਕਾਰ ਨੇ ਇਸ ਟਰੇਨ ਨੂੰ ਇਤਿਹਾਸਕ ਸ਼ੁਰੂਆਤ ਦੱਸਦੇ ਹੋਏ ਲੰਡਨ 'ਚ ਆਪਣੇ ਅਜਾਇਬਘਰ 'ਚ ਫੋਟੋ ਅਤੇ ਰਿਕਾਰਡ ਨਾਲ ਸੁਰੱਖਿਅਤ ਰੱਖਿਆ ਹੈ ਤਾਂ ਜੋ ਲੋਕਾਂ ਨੂੰ ਅੱਜ ਤੋਂ ਕਰੀਬ 137 ਸਾਲ ਪਹਿਲਾਂ ਦੇ ਰੇਲਵੇ ਦੇ ਵਿਕਾਸ ਦੀ ਗੌਰਵ ਗਾਥਾ ਸੁਣਾਈ ਜਾ ਸਕੇ।

40 ਡੱਬਿਆਂ ਨਾਲ ਇੰਗਲੈਂਡ ਤੋਂ ਭਾਰਤ ਆਈ ਸੀ ਟਰੇਨ

ਲੰਡਨ ਮਿਊਜ਼ੀਅਮ 'ਚ ਰੱਖੇ ਦਸਤਾਵੇਜ਼ਾਂ ਮੁਤਾਬਕ ਇੰਗਲੈਂਡ ਦੀ ਮਾਰਟਿਨ ਐਂਡ ਕੰਪਨੀ ਨੇ 1882 'ਚ 40 ਡੱਬਿਆਂ ਨਾਲ ਭਾਰਤ 'ਚ ਅੰਮ੍ਰਿਤਸਰ ਮਿਊਂਸਪਲ ਕਮੇਟੀ ਨੂੰ ਸਪਲਾਈ ਕੀਤਾ ਸੀ। ਉਸ ਸਮੇਂ ਇਹ ਟਰੇਨ ਸਵਾਰੀ ਡੱਬਿਆਂ ਨਾਲ ਦੋ ਫੁੱਟ ਚੌੜੇ ਟਰੈਕ 'ਤੇ ਸ਼ਹਿਰ ਦਾ ਕੂੜਾ ਲੈ ਕੇ ਚੱਲਦੀ ਸੀ।

ਅੰਮ੍ਰਿਤਸਰ ਦੇ ਲੋਕਾਂ ਨੂੰ ਹੀ ਨਹੀਂ ਹੈ ਪਤਾ

ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਜਿਸ ਸ਼ਹਿਰ ਦਾ ਕੂੜਾ ਟਰੇਨ ਨਾਲ ਢੋਇਆ ਜਾਂਦਾ ਸੀ ਉਸੇ ਸ਼ਹਿਰ ਦੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਹੋਰ ਤਾਂ ਹੋਰ ਅੰਮ੍ਰਿਤਸਰ ਨਗਰ ਨਿਗਮ ਦੇ ਦਸਤਾਵੇਜ਼ਾਂ 'ਚ ਵੀ ਇਸ ਦੇ ਦੂਰ-ਦੂਰ ਤਕ ਕੋਈ ਜ਼ਿਕਰ ਨਹੀਂ ਹੈ। ਇਹ ਵੀ ਪਤਾ ਨਹੀਂ ਸ਼ਹਿਰ ਦਾ ਕਚਰਾ ਢੋਣ ਵਾਲੀ ਇਸ ਟਰੇਨ ਦਾ ਟਰੈਕ ਕਿੱਧਰ ਵਿਛਾਇਆ ਗਿਆ ਸੀ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਅੰਮ੍ਰਿਤਸਰ-ਤਰਨਤਾਰਨ ਰੇਲਵੇ ਟਰੈਕ ਹੀ ਇਸ ਟਰੇਨ ਦਾ ਟਰੈਕ ਰਿਹਾ ਹੋਵੇਗਾ।

ਸੰਭਾਲ ਨਹੀਂ ਸਕੇ ਵਿਰਾਸਤ

ਰੇਲ ਮੰਡਲ ਫ਼ਿਰੋਜ਼ਪੁਰ ਦੇ ਮੰਡਲ ਸੰਚਾਲਣ ਪ੍ਰਬੰਧਕ ਅਤੇ ਰੇਲਵੇ ਹੈਰੀਟੇਜ ਕਮੇਟੀ ਦੇ ਮੰਡਲ ਅਧਿਕਾਰੀ ਐੱਸਪੀ ਸਿੰਘ ਭਾਟੀਆ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ 'ਚ 1882 'ਚ ਹੀ ਕੂੜਾ ਢੋਣ ਲਈ ਸ਼ਹਿਰ 'ਚ ਰੇਲ ਗੱਡੀ ਚਲਾਈ ਗਈ ਸੀ ਪਰ ਦੁੱਖ ਇਸ ਗੱਲ ਦਾ ਹੈ ਕਿ ਆਪਣੀ ਇਸ ਗੌਰਵਮਈ ਵਿਰਾਸਤ ਨੂੰ ਅਸੀਂ ਸੰਭਾਲ ਨਹੀਂ ਸਕੇ।

- ਦੁਰਗੇਸ਼ ਮਿਸ਼ਰਾ

88375-61802

Posted By: Harjinder Sodhi