ਕਈ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਹ ਇਕ ਗੰਭੀਰ ਸਮੱਸਿਆ ਹੈ। ਕਈ ਲੋਕ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨੀਂਦ ਦੀਆਂ ਦਵਾਈਆਂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਇਹ ਦਵਾਈਆਂ ਉਨ੍ਹਾਂ ਨੂੰ ਬੇਹੋਸ਼ੀ ਕਾਰਨ ਨੀਂਦ ਦਾ ਭਰਮ ਪੈਦਾ ਕਰ ਦਿੰਦੀਆਂ ਹਨ ਪਰ ਇਹ ਨੀਂਦ ਦੀਆਂ ਗੋਲੀਆਂ ਸੁਰੱਖਿਅਤ ਨਹੀਂ ਹਨ। ਨੀਂਦ ਦੀ ਗੋਲੀ ਖਾਣ ਨਾਲ ਤਣਾਅ ਤੋਂ ਤਾਂ ਮੁਕਤੀ ਮਿਲ ਜਾਂਦੀ ਹੈ ਪਰ ਸਿਹਤ 'ਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਕਦੇ-ਕਦੇ ਨੀਂਦ ਦੀ ਗੋਲੀ ਦਾ ਸੇਵਨ ਫ਼ਾਇਦੇਮੰਦ ਵੀ ਹੋ ਸਕਦਾ ਹੈ ਪਰ ਉਹ ਵੀ ਉਦੋਂ, ਜਦੋਂ ਡਾਕਟਰ ਤੁਹਾਨੂੰ ਦਵਾਈ ਲੈਣ ਲਈ ਕਹੇ।

ਜ਼ਰੂਰੀ ਹੈ ਡਾਕਟਰ ਦੀ ਸਲਾਹ

ਨੀਂਦ ਸਬੰਧੀ ਸਮੱਸਿਆ ਆਉਣ 'ਤੇ ਡਾਕਟਰ ਦੀ ਸਲਾਹ ਲਵੋ। ਡਾਕਟਰ ਵੱਲੋਂ ਦੱੱਸੀਆਂ ਦਵਾਈਆਂ ਹੀ ਖਾਣੀਆਂ ਚਾਹੀਦੀਆਂ ਹਨ। ਡਾਕਟਰ ਦੇ ਦੱਸੇ ਮੁਤਾਬਿਕ ਸਮੇਂ ਤਕ ਹੀ ਦਵਾਈ ਖਾਣੀ ਚਾਹੀਦੀ ਹੈ। ਡਾਕਟਰ ਵੱਲੋਂ ਦਿੱਤੀ ਹਦਾਇਤ ਅਨੁਸਾਰ ਦਵਾਈ ਖਾਣ ਨਾਲ ਸਰੀਰ ਨੂੰ ਇਨ੍ਹਾਂ ਦਵਾਈਆਂ ਦੀ ਆਦਤ ਨਹੀਂ ਪੈਂਦੀ ਅਤੇ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਜਿੱਥੋਂ ਤਕ ਹੋ ਸਕੇ ਨੀਂਦ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਮੈਡੀਟੇਸ਼ਨ, ਸਰੀਰਕ ਮਿਹਨਤ ਜਾਂ ਕਸਰਤ ਆਦਿ ਕੁਦਰਤੀ ਤਰੀਕਿਆਂ ਦਾ ਸਹਾਰਾ ਲੈਣਾ ਚਾਹੀਦਾ ਹੈ। ਜ਼ਿਆਦਾ ਚਾਹ, ਕੌਫੀ ਤੋਂ ਪਰਹੇਜ਼ ਵੀ ਵਧੀਆ ਨਤੀਜੇ ਦਿੰਦਾ ਹੈ। ਜੇ ਤੁਸੀਂ ਦਵਾਈ ਨਹੀਂ ਖਾਣਾ ਚਾਹੁੰਦੇ ਤਾਂ ਕਾਰਨੇਟਿਵ ਬੀਹੇਵੀਅਰ ਥੈਰੇਪੀ ਵੀ ਕਰਵਾਈ ਜਾ ਸਕਦੀ ਹੈ।

ਸੈਲਫ਼ ਮੈਡੀਕੇਸ਼ਨ ਤੋਂ ਬਚੋ

ਜਿਨ੍ਹਾਂ ਦਵਾਈਆਂ 'ਚ ਨਾਨ-ਬੇਂਜੋਡਿਜੇਪਾਈਨ ਤੱਤ ਪਾਇਆ ਜਾਂਦਾ ਹੈ, ਉਨ੍ਹਾਂ ਦਾ ਸਾਈਡ ਇਫੈਕਟ ਪ੍ਰੋਫਾਈਲ ਸੁਰੱਖਿਅਤ ਹੁੰਦਾ ਹੈ। ਇਸ ਦਾ ਖੁਲਾਸਾ ਇਕ ਖੋਜ ਦੌਰਾਨ ਹੋਇਆ ਹੈ। ਹਾਲਾਂਕਿ ਕੁਝ ਸਥਿਤੀਆਂ 'ਚ ਦਵਾਈ ਦਾ ਪ੍ਰਭਾਵ ਜਿਗਰ ਅਤੇ ਗੁਰਦਿਆਂ 'ਤੇ ਵੀ ਵੇਖਿਆ ਗਿਆ ਹੈ। ਇਸ ਲਈ ਮਨਮਰਜ਼ੀ ਨਾਲ ਕਦੇ ਵੀ ਇਨ੍ਹਾਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ।