ਭਾਰਤ ਸਾਰੀ ਦੁਨੀਆ ਵਿਚ ਅਜਿਹਾ ਮੁੱਖ ਸਥਾਨ ਹੈ ਜਿਸ ਦੀ ਪ੍ਰਸੰਸਾ ਇਸ ਕਰਕੇ ਕੀਤੀ ਜਾਂਦੀ ਹੈ ਕਿ ਇਸ ਮੁਲਕ ਵਿਚ ਅਨੇਕਾਂ ਸੈਲਾਨੀ ਸਥਾਨ ਹਨ। ਇਨ੍ਹਾਂ ਵਿੱਚੋਂ ਜੇ ਚੋਣਵੇਂ 9 ਸੈਲਾਨੀ ਥਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਪਹਿਲੀ ਨਜ਼ਰ ਵਿਚ ਇਹ ਸਥਾਨ ਹਨ ਜੋ ਦੁਨੀਆ ਵਿਚ ਸਾਰੇ ਲੋਕਾਂ ਨੂੰ ਮਜਬੂਰ ਕਰ ਦੇਂਦੇ ਹਨ ਕਿ ਉਹ ਭਾਰਤ ਜਾ ਕੇ ਇਨ੍ਹਾਂ ਥਾਵਾਂ ਨੂੰ ਦੇਖ ਸਕਣ। ਇਹ ਸਥਾਨ ਇਸ ਤਰ੍ਹਾਂ ਹਨ :-

ਆਗਰਾ

ਭਾਰਤ ਵਿਚ ਆਗਰਾ ਇਕ ਪ੍ਰਮੁੱਖ ਸੈਲਾਨੀ ਸਥਾਨ ਵਜੋਂ ਜਾਣਿਆ ਜਾਂਦਾ ਹੈ। ਆਗਰੇ ਵਿਚ ਤਾਜ ਮਹੱਲ ਤੋਂ ਬਿਨਾਂ ਸੈਲਾਨੀਆਂ ਦੇ ਮਾਣਨ ਲਈ ਕਈ ਸਥਾਨ ਹਨ ਪਰ ਜੋ ਰੁਤਬਾ ਤਾਜ ਮਹੱਲ ਨੂੰ ਪ੍ਰਾਪਤ ਹੈ ਉਸ ਦਾ ਕੋਈ ਮੁਕਾਬਲਾ ਨਹੀ। ਕੇਵਲ ਤਾਜ ਮਹੱਲ ਸਦਕਾ ਹੀ ਆਗਰਾ ਸ਼ਹਿਰ ਦੀ ਸੰਸਾਰ ਵਿਚ ਮਸ਼ਹੂਰੀ ਹੋਈ ਹੈ। ਤਾਜ ਮਹੱਲ ਨੂੰ ਦੁਨੀਆ ਦੇ ਸੱਤ ਅਜੂਬਿਆਂ ਵਿਚ ਸ਼ਾਮਲ ਕੀਤਾ ਗਿਆ ਹੈ। ਆਗਰੇ ਦੇ ਹੋਰ ਪ੍ਰਸਿੱਧ ਸੈਲਾਨੀ ਸਥਾਨਾਂ ਵਿੱਚੋਂ ਆਗਰੇ ਦਾ ਕਿਲ੍ਹਾ ਇਕ ਹੋਰ ਵਿਸ਼ੇਸ਼ ਸਥਾਨ ਹੈ। ਇਸ ਨੂੰ ਆਲਮੀ ਸੰਸਥਾ ਯੂਨੈਸਕੋ ਵਲੋਂ ਵਿਰਾਸਤੀ ਸਥਾਨ ਦਾ ਦਰਜਾ ਪ੍ਰਾਪਤ ਹੈ। ਅਕਬਰ ਨੇ ਇਸ ਪੁਰਾਣੇ ਕਿਲ੍ਹੇ ਨੂੰ ਨਿਖਾਰਿਆ ਤੇ ਜਦੋਂ ਸ਼ਾਹਜਹਾਨ ਦਾ ਸਮਾਂ ਅਇਆ ਤਾਂ ਉਸ ਨੇ ਇਸ ਨੂੰ ਹੋਰ ਤਰਾਸ਼ਿਆ। ਇਸ ਸਥਾਨ 'ਤੇ ਕਈ ਬਾਦਸ਼ਾਹ ਆਪਣਾ ਘਰ ਬਣਾ ਕੇ ਰਹੇ। ਇਸ ਲਈ ਆਗਰੇ ਦੇ ਕਿਲ੍ਹੇ ਨੂੰ ਬਾਦਸ਼ਾਹਾਂ ਦਾ ਨਿਵਾਸ ਸਥਾਨ ਵੀ ਕਿਹਾ ਜਾਂਦਾ ਹੈ। ਇਹ ਦੋਵੇਂ ਸਥਾਨ ਇਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਜਦੋਂ ਸ਼ਾਹ ਜਹਾਨ ਨੂੰ ਇਸ ਕਿਲ੍ਹੇ ਵਿਚ ਕੈਦ ਕੀਤਾ ਗਿਆ ਤਾਂ ਉਹ ਆਪਣੀ ਮਹਿਬੂਬ ਰਾਣੀ ਦਾ ਮਕਬਰਾ ਇਸ ਸਥਾਨ ਤੋਂ ਦੇਖ ਸਕਦਾ ਸੀ। ਆਗਰੇ ਦਾ ਤਾਜ ਮਹੱਲ ਸੰਗਮਰਮਰ ਨਾਲ ਬਣਿਆ ਹੋਇਆ ਹੈ। ਇਹ ਅਸਲ ਵਿਚ ਸ਼ਾਹਜਹਾਂ ਬਾਦਸ਼ਾਹ ਦਾ ਆਪਣੀ ਪਤਨੀ ਮੁਮਤਾਜ ਬੇਗ਼ਮ ਦੇ ਸਦੀਵੀ ਪਿਆਰ ਦਾ ਸੂਚਕ ਹੈ। ਯਮੁਨਾ ਨਦੀ 'ਤੇ ਬਣਿਆ ਹੋਇਆ ਇਹ ਆਲੀਸ਼ਾਨ ਮਕਬਰਾ ਭਾਰਤੀ ਤੇ ਮੁਗ਼ਲ ਇਮਾਰਤ ਕਲਾ ਦਾ ਸੁੰਦਰ ਨਮੂਨਾ ਹੈ। ਇਹ ਗੱਲ ਵੀ ਬਹੁਤ ਦਿਲਚਸਪੀ ਨਾਲ ਦੱਸੀ ਜਾਂਦੀ ਹੈ ਕਿ ਸ਼ਾਹਜਹਾਨ ਜਦੋਂ ਭਾਰਤ ਦਾ ਬਾਦਸ਼ਾਹ ਸੀ ਇਸ ਨੂੰ ਸ਼ੰਗਾਰਨ ਦਾ ਸਭ ਤੋਂ ਜ਼ਿਆਦਾ ਕੰਮ ਕੀਤਾ। ਆਖ਼ਰੀ ਉਮਰ 'ਚ ਉਸ ਨੂੰ ਇਸੇ ਕਿਲ੍ਹੇ 'ਚ ਕੈਦ ਕਰ ਦਿੱਤਾ ਗਿਆ।


ਕਸ਼ਮੀਰ

ਭਾਰਤ ਵਿਚ ਹੀ ਇਕ ਪ੍ਰਦੇਸ਼ ਕਸ਼ਮੀਰ ਹੈ ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕਸ਼ਮੀਰ ਇਕ ਪ੍ਰਕਿਰਤੀ ਰਾਹੀਂ ਬਣੀ ਹੋਈ ਅਜਿਹੀ ਵੈਲੀ ਹੈ ਜਿਸ ਵਿਚ ਕੁਦਰਤ ਦੀ ਗੋਦ ਵਿਚ ਬਣੇ ਹੋਏ ਪਹਾੜ ਤੇ ਉਨ੍ਹਾਂ ਦੇ ਪੈਰਾਂ ਵਿਚ ਬਣੇ ਹੋਏ ਮੈਦਾਨੀ ਸਥਾਨ ਜਿਨ੍ਹਾਂ ਵਿਚ ਖੂਬਸੂਰਤ ਚਸ਼ਮੇ, ਬਾਗ਼ ਬਗ਼ੀਚੇ ਤੇ ਸੁਹਾਵਣੀ ਪ੍ਰਕਿਰਤੀ ਨਾਲ ਉਸਰੇ ਹੋਏ ਉੱਚੇ ਦਿਉਦਾਰ, ਚੀਲ ਤੇ ਪਦਮ ਦੇ ਦਰੱਖ਼ਤ, ਸੁਗੰਧੀ ਵਾਲੇ ਸੇਬਾਂ, ਨਾਸ਼ਪਾਤੀਆਂ, ਅਖਰੋਟ ਦੇ ਬਾਗ਼, ਨਦੀਆਂ ਨਾਲੇ ਆਦਿ ਇਸ ਸਥਾਨ ਦੀ ਸ਼ੋਭਾ ਇੰਨੀ ਵਧਾ ਦੇਂਦੇ ਹਨ ਕਿ ਸਾਰੀ ਦੁਨੀਆ ਵਿੱਚੋਂ ਲੋਕ ਇਥੇ ਧਰਤੀ 'ਤੇ ਬਣੇ ਹੋਏ ਸਵਰਗ ਨੂੰ ਮਾਣਨ ਲਈ ਆਉਂਦੇ ਹਨ। ਮਨੁੱਖ ਨੇ ਇਸ ਖ਼ੂਬਸੂਰਤੀ ਵਿਚ ਆਪਣੇ ਕਲਾਮਈ ਸੂਖ਼ਮ ਹੱਥਾਂ ਨਾਲ ਇਥੇ ਕਈ ਮੁਗ਼ਲ ਗਾਰਡਨ ਆਦਿ ਨੂੰ ਆਪਣੀ ਕਲਾਮਈ ਛੋਹ ਨਾਲ ਸਾਨੂੰ ਕਈ ਬਾਗ਼ ਕੁਦਰਤ ਦੀ ਸੁੰਦਰਤਾ ਨੂੰ ਮਾਣਨ ਲਈ ਦਿੱਤੇ ਹਨ। ਇਨ੍ਹਾਂ ਬਾਗ਼ਾਂ ਵਿੱਚੋਂ ਸ਼ਾਲੀਮਾਰ ਤੇ ਨਿਸ਼ਾਤ ਬਾਗ਼ ਆਦਿ ਵਿਸ਼ੇਸ਼ ਹਨ। ਅਨੇਕਾਂ ਸੈਲਾਨੀ ਥਾਂ ਹੋਣ ਕਰਕੇ ਕਸ਼ਮੀਰ ਨੂੰ ਸੈਲਾਨੀ ਵਾਪਾਰ ਦਾ ਮੁੱਖ ਕੇਂਦਰ ਕਿਹਾ ਜਾਂਦਾ ਹੈ। ਇਸ ਦੀ ਖ਼ੂਬਸੂਰਤੀ ਵਿਚ ਵਾਧਾ ਹੋਰ ਹੋ ਜਾਂਦਾ ਹੈ ਜਦੋਂ ਕਸ਼ਮੀਰ ਵਿਚ ਬਣੀ ਹੋਈ ਡੱਲ ਲੇਕ ਤੇ ਉਸ ਵਿਚ ਬਣੇ ਹੋਏ ਰਹਿਣ ਬਸੇਰੇ ਸ਼ਿਕਾਰੇ ਮਨੁੱਖ ਨੂੰ ਕੁਦਰਤ ਨਾਲ ਜੋੜਦੇ ਹਨ। ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਕਸ਼ਮੀਰ ਹਮੇਸ਼ਾ ਤੋਂ ਹੀ ਮੁਸੀਬਤਾਂ ਦਾ ਸਾਹਮਣਾ ਕਰਦਾ ਰਿਹਾ ਹੈ ਤੇ ਇਸ ਦਾ ਮੁੱਖ ਰੋਜ਼ੀ-ਰੋਟੀ ਦਾ ਸਾਧਨ ਸੈਲਾਨੀ ਵਪਾਰ ਪੂਰੀ ਤਰ੍ਹਾਂ ਚਮਕ ਨਹੀਂ ਸਕਿਆ ਤੇ ਕਸ਼ਮੀਰ ਦਾ ਗ਼ਰੀਬੀ ਦਾ ਕਾਰਨ ਬਣਿਆ ਹੈ।

ਦਿੱਲੀ

ਭਾਰਤ ਦੀ ਰਾਜਧਾਨੀ ਦਿੱਲੀ ਇਕ ਅਜਿਹਾ ਸੈਲਾਨੀ ਸਥਾਨ ਹੈ ਜਿਸ ਵਿਚ ਜੇ ਸੈਲਾਨੀ ਥਾਵਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਨ੍ਹਾਂ ਦੀ ਇਕ ਲੰਮੀ ਸੂਚੀ ਬਣਾਈ ਜਾ ਸਕਦੀ ਹੈ। ਦਿੱਲੀ ਦਾ ਬਹੁਤ ਲੰਮਾ ਇਤਿਹਾਸ ਹੈ। ਜੋ ਘਟਨਾਵਾਂ ਇੱਥੇ ਹੋਈਆਂ ਹਨ ਉਨ੍ਹਾਂ ਨਾਲ ਸਬੰਧਤ ਮੁੱਖ ਥਾਵਾਂ ਨੂੰ ਮਾਣਨ ਤੇ ਦੇਖਣ ਲਈ ਕਾਫੀ ਲੰਮਾ ਸਮਾਂ ਖ਼ਰਚ ਕਰਨਾ ਪੈਂਦਾ ਹੈ। ਇਨ੍ਹਾਂ ਸੈਲਾਨੀ ਥਾਵਾਂ ਦੀਆਂ ਕਈ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ। ਇਤਿਹਾਸਕ ਤੌਰ 'ਤੇ ਦਿੱਲੀ ਦਾ ਲਾਲ ਕਿਲ੍ਹਾ। ਇੱਥੇ ਹਰ ਸਾਲ 15 ਅਗਸਤ ਵਾਲੇ ਦਿਨ ਝੰਡਾ ਲਹਿਰਾਇਆ ਜਾਂਦਾ ਹੈ। ਇਥੇ ਨੇੜੇ ਹੀ ਗੁਰਦੁਆਰਾ ਸੀਸ ਗੰਜ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਅਸਥਾਨ ਹੈ। ਮੁਸਲਮਾਨਾਂ ਦੀ ਜਾਮਾ ਮਸਜਿਦ, ਕੁੱਤਬ ਮੀਨਾਰ, ਭਾਰਤੀ ਆਜ਼ਾਦੀ ਦਾ ਪ੍ਰਤੀਕ ਇੰਡੀਆ ਗੇਟ, ਪਰੇਡ ਗਰਾਊਂਡ ਆਦਿ ਥਾਵਾਂ ਰਾਜਧਾਨੀ ਦਿੱਲੀ ਨੂੰ ਇਕ ਨਿਆਰੀ ਸੈਲਾਨੀ ਸਥਾਨ ਦੀ ਪਦਵੀ ਪ੍ਰਦਾਨ ਕਰਦੀਆਂ ਹਨ।

ਦਰਬਾਰ ਸਾਹਿਬ ਅੰਮ੍ਰਿਤਸਰ

ਭਾਰਤ ਦੀਆਂ ਪਹਿਲੀਆਂ ਨੌਂ ਸੈਲਾਨੀ ਥਾਵਾਂ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੱਲ ਕਰਨੀ ਵਧੇਰੇ ਸਾਰਥਿਕ ਹੋਵੇਗੀ। ਇਹ ਸਿਫ਼ਤੀ ਦਾ ਘਰ ਮੁੱਖ ਰੂਪ ਵਿਚ ਸਿੱਖੀ ਦਾ ਧੁਰਾ ਹੈ। ਇਸ ਧਰਤੀ ਦੇ ਚੱਪੇ-ਚੱਪੇ 'ਤੇ ਸਿੱਖ ਇਤਿਹਾਸ ਉਕਰਿਆ ਹੋਇਆ ਹੈ। ਗੁਰੂ ਰਾਮਦਾਸ ਜੀ ਨੇ ਪਹਿਲਾਂ ਇਸ ਨੂੰ ਚੱਕ ਰਾਮਦਾਸ ਦੇ ਰੂਪ ਵਿਚ ਵਸਾਇਆ। ਗੁਰੂ ਅਰਜਨ ਦੇਵ ਜੀ ਨੇ ਇੱਥੇ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਥਾਂ ਦਾ ਪਹਿਲਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਤੇ ਕੀਰਤਨ ਦੀ ਪ੍ਰੰਪਰਾ ਆਰੰਭ ਹੋਈ। ਇਸ ਨਾਲ ਇਸ ਸ਼ਹਿਰ ਨੂੰ ਅੰਮ੍ਰਿਤ ਸਰੋਵਰ ਬਣਨ ਕਰਕੇ ਅੰ੍ਿਰਮਤਸਰ ਕਹਿਣਾ ਸ਼ੁਰੂ ਹੋਇਆ। ਹਰਿਮੰਦਰ ਸਾਹਿਬ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਦੇਣ ਹੈ। ਇੱਥੇ ਹੀ ਗੁਰੂ ਸਾਹਿਬ ਨੇ ਮੀਰੀ ਪੀਰੀ ਦੀ ਕਿਰਪਾਨ ਧਾਰਨ ਕੀਤੀ ਤੇ ਸਿੱਖਾਂ ਨੇ ਆਪਣੀ ਅਣਖ ਖ਼ਾਤਰ ਤਲਵਾਰ ਚੁੱਕ ਕੇ ਇਹ ਸਾਬਤ ਕਰ ਦਿੱਤਾ ਕਿ ਸਿੱਖੀ ਵਿਚ ਦੋਵੇਂ ਹਲ ਸਹੀ ਹਨ। ਜ਼ੁਲਮ ਨੂੰ ਰੋਕਣ ਲਈ ਤਲਵਾਰ ਚੁੱਕਣੀ ਜ਼ਰੂਰੀ ਹੋ ਜਾਂਦੀ ਹੈ। ਇਸ ਦੇ ਨੇੜੇ ਹੀ ਬਾਬਾ ਅਟੱਲ ਹੈ। ਗੁਰੂ ਦਰਬਾਰ ਦੀ ਥੋੜ੍ਹੀ ਦੂਰੀ 'ਤੇ ਹੀ ਜਲ੍ਹਿਆਂ ਵਾਲਾ ਬਾਗ਼ ਹੈ, ਜਿੱਥੇ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਨਿਰਦੋਸ਼ ਆਜ਼ਾਦੀ ਦੇ ਪ੍ਰਵਾਨੇ ਗੋਲੀਆਂ ਨਾਲ ਭੁੰਨ ਦਿੱਤੇ ਤੇ ਆਜ਼ਾਦੀ ਲਈ ਇਕ ਦੁਖਾਂਤ ਵਾਪਰਿਆ। ਇਸ ਦੇ ਨੇੜੇ ਦੇ ਇਲਾਕੇ ਵਿਚ ਕਈ ਤਰ੍ਹਾਂ ਦੇ ਇਤਿਹਾਸਕ ਥਾਂ ਹਨ। ਅੰਮ੍ਰਿਤਸਰ ਦਾ ਸਥਾਨ ਸੈਲਾਨੀਆਂ ਲਈ ਬਹੁਤ ਮਹੱਤਵ ਦਾ ਸਥਾਨ ਹੈ। ਸਾਰੇ ਸੰਸਾਰ ਵਿੱਚੋਂ ਏਥੇ ਲੋਕ ਆਉਂਦੇ ਹਨ।

ਅਜੰਤਾ ਤੇ ਇਲੋਰਾ ਦੀਆਂ ਗੁਫ਼ਾਵਾਂ

ਬਾਹਰਲੇ ਲੋਕਾਂ ਦੀ ਵਿਸ਼ੇਸ਼ ਰੁਚੀ ਅਜੰਤਾ ਤੇ ਇਲੋਰਾ ਦੀਆਂ ਗੁਫ਼ਾਵਾਂ ਨੂੰ ਦੇਖਣ ਦੀ ਹੁੰਦੀ ਹੈ। ਇਹ ਥਾਵਾਂ ਭਾਰਤੀ ਸੱਭਿਆਚਾਰ ਨੂੰ ਪ੍ਰਗਟ ਕਰਦੀਆਂ ਹਨ।

ਮੈਸੂਰ

ਇਹ ਕਰਨਾਟਕਾ ਦੀ ਰਾਜਧਾਨੀ ਹੈ। ਇੱਥੋਂ ਦੇ ਬਾਗ਼ ਖ਼ਾਸ ਤੌਰ 'ਤੇ ਲੋਕ ਦੇਖਣ ਆਉਂਦੇ ਹਨ। ਇਸ ਸ਼ਹਿਰ ਨੂੰ ਸਿਟੀ ਆਫ ਯੋਗਾ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਸ ਥਾਂ ਦੇ ਮਹੱਲ ਬਹੁਤ ਪ੍ਰਸਿੱਧ ਹਨ। ਭਾਰਤ ਵਿਚ ਮੈਸੂਰ ਦੇ ਕਈ ਮੰਦਰ, ਆਲੀਸ਼ਾਨ ਹੋਟਲ, ਮੈਦਾਨ, ਘਾਟੀਆਂ, ਚਸ਼ਮੇ ਆਦਿ ਇਕ ਅਦਭੁੱਤ ਨਜ਼ਾਰਾ ਪੇਸ਼ ਕਰਦੇ ਹਨ ਜਿਸ ਨੂੰ ਦੇਖਣ ਵਾਸਤੇ ਲੋਕ ਇੱਥੇ ਵਹੀਰਾਂ ਘਤਕੇ ਜਾਂਦੇ ਹਨ।

ਹਰਿਦੁਆਰ ਦਾ ਗੰਗਾ ਸਥਾਨ

ਹਰਿਦੁਆਰ ਭਾਰਤ ਦਾ ਇਕ ਅਜਿਹਾ ਸਥਾਨ ਹੈ ਜਿੱਥੇ ਹਿੰਦੂ ਧਰਮ ਦੇ ਅਨੇਕਾਂ ਮੰਦਰ ਬਣੇ ਹੋਏ ਹਨ। ਪਵਿੱਤਰ ਗੰਗਾ ਇਸ ਥਾਂ ਦਾ ਵਿਸ਼ੇਸ਼ ਆਕਰਸ਼ਣ ਹੈ। ਗੰਗਾ ਦੇ ਰਾਹ ਵਿਚ ਹੀ ਇਕ ਅਦਭੁਤ ਨਮੂਨਾ ਲਛਮਣ ਝੂਲਾ ਬਣਿਆ ਹੋਇਆ ਹੈ। ਇਸ ਦੇ ਰਾਹ ਵਿਚ ਹੀ ਹਰਿਦੁਆਰ ਤੇ ਹਰਿ ਕੀ ਪਉੜੀ ਹੈ ਜੋ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਖਿੱਚ ਪਾਉਂਦੀ ਹੈ ਜਿਸ ਨਾਲ ਹਰ ਸਮੇਂ ਇੱਥੇ ਰੌਣਕ ਦੇਖਣ ਨੂੰ ਮਿਲਦੀ ਹੈ।

ਗੋਆ ਦਾ ਰਮਣੀਕ ਕਿਨਾਰਾ

ਭਾਰਤ ਵਿਚ ਗੋਆ ਪ੍ਰਦੇਸ਼ ਸੈਰ ਸਪਾਟੇ ਦਾ ਮੁੱਖ ਸਾਧਨ ਬਣ ਗਿਆ ਹੈ। ਨਵੇਂ ਵਰ੍ਹੇ 'ਤੇ ਨਵਾਂ ਸਾਲ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਲੋਕ ਇੱਥੇ ਆਉਂਦੇ ਹਨ। ਗੋਆ ਬੀਚ ਦੇ ਕਿਨਾਰਿਆਂ ਤੇ ਹਰ ਪ੍ਰਕਾਰ ਦੇ ਹੋਟਲ ਬਣੇ ਹੋਏ ਹਨ।

ਜੈਪੁਰ

ਰਾਜਸਥਾਨ ਵਿਚ ਬਣਿਆ ਹੋਇਆ ਜੈਪੁਰ ਸੰਸਾਰ ਦੇ ਸੈਲਾਨੀਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕਾਰਨ ਹੈ। ਇਸ ਨੁੰ ਪਿੰਕ ਸਿਟੀ ਦਾ ਨਾਂ ਵੀ ਦਿੱਤਾ ਜਾਂਦਾ ਹੈ। ਇਹ ਰਾਜਸਥਾਨ ਦੀ ਰਾਜਧਾਨੀ ਵੀ ਹੈ। ਸੈਲਾਨੀ ਇਥੇ ਦੂਰ-ਦੂਰ ਤੋਂ ਹਵਾ ਮੱਹਲ, ਜੰਤਰ ਮੰਤਰ, ਅੰਬਰ ਕਿਲ੍ਹਾ ਵੇਖਣ ਆਉਂਦੇ ਹਨ। ਇਥੇ ਦੇ ਰੇਗਿਸਤਾਨ 'ਤੇ ਚੱਲਦੇ ਹੋਏ ਊਠ ਬੜਾ ਰਮਣੀਕ ਦ੍ਰਿਸ਼ ਪੇਸ਼ ਕਰਦੇ ਹਨ। ਏਥੇ ਦੇ ਕਈ ਆਲੀਸ਼ਾਨ ਹੋਟਲਾਂ ਵਿਚ ਕਈ ਸੀਰੀਅਲਾਂ ਦਾ ਨਿਰਮਾਣ ਹੋਇਆ ਹੈ।

- ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ

98152-55295

Posted By: Harjinder Sodhi