ਦੁਨੀਆ ਵਿਚ ਅਜਿਹੀਆਂ ਖ਼ੂਬਸੂਰਤ ਕਲਾ ਕ੍ਰਿਤੀਆਂ, ਇਮਾਰਤਾਂ ਤੇ ਵੇਖਣਯੋਗ ਥਾਵਾਂ ਹਨ ਜੋ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ। ਪੁਰਾਤਨ ਸਮੇਂ ਤੋਂ ਹੁਣ ਤਕ ਪੂਰੀ ਦੁਨੀਆ 'ਚੋਂ ਵੱਖ-ਵੱਖ ਸੱਤ ਅਜੂਬਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਸਨ। ਲਗਪਗ ਦੋ ਹਜ਼ਾਰ ਸਾਲ ਪਹਿਲਾਂ ਯੂਨਾਨ ਦੇ ਵਿਦਵਾਨਾਂ ਨੇ ਦੁਨੀਆ ਦੇ ਸੱਤ ਅਜੂਬਿਆਂ ਦੀ ਸੂਚੀ ਤਿਆਰ ਕੀਤੀ ਸੀ। ਇਹ ਸੱਤ ਅਜੂਬੇ ਤਕਰੀਬਨ ਇੱਕੀ ਸੌ ਸਾਲਾਂ ਤਕ ਇਸ ਦੁਨੀਆ 'ਤੇ ਮਸ਼ਹੂਰ ਰਹੇ। ਹੁਣ ਪਿਛਲੇ ਕੁਝ ਸਾਲਾਂ ਦੌਰਾਨ ਲਗਪਗ 1999 'ਚ ਇਨ੍ਹਾਂ ਸੱਤ ਅਜੂਬਿਆਂ 'ਚ ਤਬਦੀਲੀ ਦੀ ਮੰਗ ਉੱਠੀ ਹੈ। ਇਹ ਮੰਗ ਇਸ ਲਈ ਉੱਠੀ ਕਿ ਇਹ ਇਮਾਰਤਾਂ ਜਾਂ ਵਸਤੂਆਂ ਜੋ ਵੀ ਸਨ, ਬਹੁਤ ਹੀ ਪੁਰਾਣੀਆਂ ਤੇ ਖਸਤਾ ਹਾਲ ਹੋ ਗਈਆਂ ਸਨ ਤੇ ਰਿਪੇਅਰ ਮੰਗਦੀਆਂ ਸਨ। ਇਸ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਟਰਨੈੱਟ ਤੋਂ ਪ੍ਰਤੀਯੋਗੀਆਂ ਦੇ ਹਵਾਲੇ ਨਾਲ ਇਕ ਸੂਚੀ ਤਿਆਰ ਕੀਤੀ ਗਈ। ਇਸ ਮੰਗ ਲਈ 2005 'ਚ ਮੱਤਦਾਨ ਸ਼ੁਰੂ ਹੋ ਗਿਆ ਸੀ, ਜਿਸ ਵਿਚ ਵਿਸ਼ਵ ਭਰ ਦੇ ਲੋਕ ਸ਼ਾਮਲ ਹੋਏ। ਸਾਲ 2007 ਵਿਚ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਦੁਨੀਆ ਦੇ ਨਵੇਂ ਸੱਤ ਅਜੂਬਿਆਂ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਸੱਤ ਪੁਰਾਣੇ ਤੇ ਸੱਤ ਨਵੇਂ ਅਜੂਬੇ ਹੋ ਗਏ।

ਸਭ ਤੋਂ ਪਹਿਲਾਂ ਸੱਤ ਅਜੂਬੇ ਬਣਾਉਣ ਦਾ ਵਿਚਾਰ ਲਗਪਗ 2200 ਸਾਲ ਪਹਿਲਾਂ ਆਇਆ ਸੀ। ਪ੍ਰਾਚੀਨ ਵਿਸ਼ਵ ਵਿਚ ਪਹਿਲੇ ਯਾਨਿ ਪੁਰਾਣੇ ਅਜੂਬੇ ਬਣਾਉਣ ਦਾ ਵਿਚਾਰ ਹੈਰੋਡੋਟਸ ਅਤੇ ਕਲਿਲਮਚੁਸ ਨੂੰ ਆਇਆ ਸੀ। ਇਨ੍ਹਾਂ ਪੁਰਾਣੇ ਸੱਤ ਅਜੂਬਿਆਂ 'ਚੋਂ ਸਿਰਫ਼ ਗ੍ਰੇਟ ਪਿਰਾਮਿਡ ਆਫ ਗਿਜ਼ਾ ਬਚਿਆ ਹੋਇਆ ਹੈ। ਹੁਣ ਇਸ ਨੂੰ ਸੱਤ ਅਜੂਬਿਆਂ ਤੋਂ ਵੱਖਰਾ ਇਕ ਨਾਂ ਦਿੱਤਾ ਗਿਆ ਹੈ, ਬਾਕੀ ਪੁਰਾਣੇ ਅਜੂਬੇ ਲਗਪਗ ਨਸ਼ਟ ਹੋ ਚੁੱਕੇ ਹਨ।

ਨਵੇਂ-ਪੁਰਾਣੇ ਅਜੂਬਿਆਂ ਦੇ ਨਾਂ

ਸਭ ਤੋਂ ਪੁਰਾਣੇ ਸੱਤ ਅਜੂਬਿਆਂ 'ਚ 'ਗਿਜ਼ਾ ਦਾ ਵਿਸ਼ਾਲ ਪਿਰਾਮਿਡ', 'ਬੇਬੀਲੋਨ ਦਾ ਝੂਲਨਾ ਮਹਿਲ', 'ਰੋਸ਼ਨੀ ਦਾ ਘਰ', 'ਉਲੰਪਿਆ ਵਿਚ ਯਿਸ਼ੂ ਦੀ ਮੂਰਤੀ', 'ਮਾਉਸੋਲਸ ਦਾ ਮਕਬਰਾ', 'ਆਰਟੇਮਿਸ ਦਾ ਮੰਦਰ', 'ਰੋਡੇਸ਼ ਦੀ ਵਿਸ਼ਾਲ ਮੂਰਤੀ' ਆਦਿ ਸ਼ਾਮਲ ਹਨ। ਨਵੇਂ ਸੱਤ ਅਜੂਬਿਆਂ 'ਚ 'ਤਾਜ ਮਹਿਲ' , 'ਕਰਾਈਸਟ ਦਿ ਰਿੜੀਮਰ ਦੀ ਮੂਰਤੀ', 'ਚੀਨ ਦੀ ਵਿਸ਼ਾਲ ਦੀਵਾਰ', 'ਪੇਟਰਾ', 'ਕੋਲੋਸੀਅਮ', 'ਮਾਚੂ ਪਿਕਚੂ' ਤੇ 'ਚੀਚੇਨ ਇਟਜ਼ਾ' ਸ਼ਾਮਲ ਹਨ।

ਨਵੇਂ ਸੱਤ ਅਜੂਬੇ

21ਵੀਂ ਸਦੀ ਸ਼ੁਰੂ ਹੋਣ ਤੋਂ ਪਹਿਲਾਂ 1999 ਵਿਚ ਜਦ ਸੱਤ ਨਵੇਂ ਅਜੂਬਿਆਂ ਨੂੰ ਨਵੇਂ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਲਿਆਉਣ ਦੀਆਂ ਕਿਆਸ ਅਰਾਈਆਂ ਸ਼ੁਰੂ ਹੋਈਆਂ ਤਾਂ ਇਸ ਲਈ ਸਵਿਟਜ਼ਰਲੈਂਡ ਦੇ ਜਯੂਰਿਕ ਵਿਚ ਨਿਊ ਸੈਵਨ ਵੰਡਰ ਫਾਊਂਡੇਸ਼ਨ ਬਣਾਇਆ ਗਿਆ। ਇਨ੍ਹਾਂ ਕੈਨੇਡਾ ਵਿਚ ਇਕ ਸਾਈਟ ਬਣਵਾਈ, ਜਿਸ 'ਚ ਵਿਸ਼ਵ ਭਰ ਦੀਆਂ 200 ਕਲਾ ਕ੍ਰਿਤੀਆਂ ਦੀ ਜਾਣਕਾਰੀ ਸੀ। ਇਸ ਲਈ ਇਕ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਵਿਚ 200 ਕਲਾ ਕ੍ਰਿਤੀਆਂ 'ਚੋਂ 7 ਦੀ ਚੋਣ ਕਰਨੀ ਸੀ। ਨਵੀਆਂ 7 ਵੰਡਰ ਫਾਊਂਡੇਸ਼ਨ ਦੇ ਅਨੁਸਾਰ ਇਸ ਮੁਕਾਬਲੇ 'ਚ ਲਗਪਗ 1000 ਮਿਲੀਅਨ ਲੋਕਾਂ ਨੇ ਇੰਟਰਨੈੱਟ ਤੇ ਫੋਨ ਜ਼ਰੀਏ ਆਪਣਾ ਵੋਟ ਦਿੱਤਾ। ਇੰਟਰਨੈੱਟ ਰਾਹੀਂ ਇਕ ਇਨਸਾਨ ਇਕ ਹੀ ਵਾਰ 7 ਅਜੂਬੇ ਚੁਣ ਕੇ ਵੋਟ ਕਰ ਸਕਦਾ ਸੀ ਪਰ ਫੋਨ ਦੁਆਰਾ ਇਕ ਇਨਸਾਨ ਕਈ ਵੋਟ ਦੇ ਸਕਦਾ ਸੀ। ਇਹ ਵੋਟਿੰਗ 2007 ਤਕ ਚਲੀ ਸੀ ਜਿਸ ਦਾ ਨਤੀਜਾ 7 ਜੁਲਾਈ 2007 'ਚ ਸਭ ਦੇ ਸਾਹਮਣੇ ਆਇਆ। ਨਵੇਂ ਸੱਤ ਅਜੂਬਿਆਂ ਬਾਰੇ ਜਾਣਕਾਰੀ ਇਸ ਤਰ੍ਹਾਂ ਹੈ।

ਪਿਰਾਮਿਡ ਚੀਚੇਨ ਇਟਜ਼ਾ

ਚੀਚੇਨ ਦਾ ਅਰਥ ਹੈ ਜਾਲ ਦਾ ਜਾਦੂਗਰ। ਇਹ ਪਿਰਾਮਿਡ ਚੀਚੇਨ ਦੇ ਵਿਚਕਾਰ ਸਥਿਤ ਹੈ ਜੋ 79 ਫੁੱਟ ਉੱਚਾ ਹੈ। ਇਸ ਦਾ ਆਧਾਰ ਚੌਰਸ ਹੈ। ਇਸ ਦੇ ਚਾਰੇ ਪਾਸੇ ਪੌੜੀਆਂ ਬਣਾਈਆਂ ਗਈਆਂ ਹਨ। ਹਰ ਪਾਸੇ 91 ਸਟੈੱਪ ਹਨ। ਇਸ ਪਿਰਾਮਿਡ ਦੀ ਖ਼ਾਸੀਅਤ ਇਹ ਹੈ ਕਿ ਕੁਕਲਭਨ ਜਾਂ ਕੁਵੇਤਜਲ ਕੋਟਲ ਇਨ੍ਹਾਂ ਦੋ ਤਿਉਹਾਰਾਂ 'ਤੇ ਇਸ ਦੇ ਕੋਨਿਆਂ ਦਾ ਪਰਛਾਵਾਂ ਸੂਰਜ ਦੀ ਹਰਕਤ ਨਾਲ ਪਿਰਾਮਿਡ ਦੇ ਉੱਤਰ ਵੱਲ ਡਿੱਗਦਾ ਹੈ, ਜੋ ਸੱਪ ਦੇ ਸਿਰ ਤਕ ਜਾਂਦਾ ਹੈ। ਇਹ ਸੱਪ ਦਾ ਸਿਰ ਕੀ ਹੈ। ਬਸੰਤ ਤੇ ਸਰਦ ਰੁੱਤ ਸਮੇਂ ਸੂਰਜ ਦੇ ਚੜ੍ਹਨ ਤੇ ਡੁੱਬਣ 'ਤੇ ਉੱਤਰ ਦੀ ਪੌੜੀ ਦੇ ਪੱਛਮ 'ਤੇ ਇਕ ਸੱਪ ਦੇ ਪਰਛਾਵੇਂ ਦਾ ਨਿਰਮਾਣ ਕਰਦੀ ਹੈ। 1930 ਦੇ ਅੱਧ 'ਚ ਮੈਕਸੀਕੋ ਦੀ ਸਰਕਾਰ ਨੇ ਅਲਕੈਸਟਿਲੋ ਦੀ ਖ਼ੁਦਾਈ ਕੀਤੀ। ਇਸ ਖ਼ੁਦਾਈ ਦੀ ਸ਼ੁਰੂਆਤ ਸਮੇਂ ਨਾਲ ਪਿਰਾਮਿਡ ਦੇ ਉੱਤਰ ਵਾਲੇ ਪਾਸੇ ਅੰਦਰ ਉਨ੍ਹਾਂ ਨੂੰ ਇਕ ਪੌੜੀ ਮਿਲੀ। ਉੱਪਰੋਂ ਖ਼ੁਦਾਈ ਕਰਨ ਨਾਲ ਉਨ੍ਹਾਂ ਨੂੰ ਇਕ ਹੋਰ ਮੰਦਰ ਥੱਲੇ ਦੱਬਿਆ ਹੋਇਆ ਮਿਲਿਆ। ਥੱਲੇ ਵਾਲੇ ਮੰਦਰ ਦੇ ਅੰਦਰ ਇਕ ਚਾਕ ਮੂਲ ਮੂਰਤੀ ਸੀ ਅਤੇ ਤੇਂਦੂਏ ਦੇ ਆਕਾਰ ਦਾ ਇਕ ਸਿੰਘਾਸਨ ਵੀ ਮਿਲਿਆ। ਮੈਕਸੀਕੋ ਸਰਕਾਰ ਨੇ ਪੁਰਾਣੇ ਪਿਰਾਮਿਡ ਦੇ ਗੁਪਤ ਮੰਦਰ ਤਕ ਜਾਣ ਵਾਲੀ ਪੌੜੀ ਲਈ ਉੱਤਰੀ ਪੌੜੀ ਦੇ ਹੇਠ ਇਕ ਸੁਰੰਗ ਬਣਾਈ। ਇਹ ਦਰਸ਼ਕਾਂ ਲਈ 2006 'ਚ ਖੋਲ੍ਹ ਦਿੱਤੀ ਪਰ ਸਿੰਘਾਸਨ ਵਾਲੇ ਕਮਰੇ ਨੂੰ ਬੰਦ ਕਰ ਦਿੱਤਾ ਗਿਆ ਸੀ।

ਚੀਨ ਦੀ ਮਹਾਨ ਦੀਵਾਰ

ਚੀਨ ਦੀ ਇਹ ਦੀਵਾਰ ਨਵੇਂ ਸੱਤ ਅਜੂਬਿਆਂ 'ਚ ਸ਼ਾਮਲ ਹੈ। ਇਹ ਦੀਵਾਰ, ਚੀਨ ਦੇ ਮਾਣਮੱਤੇ ਇਤਿਹਾਸ ਸੱਭਿਆਚਾਰ ਤੇ ਆਰਥਿਕ ਵਿਕਾਸ ਦਾ ਸਮੁੱਚਾ ਸਰੋਤ ਪੇਸ਼ ਕਰਦੀ ਹੈ। ਇਹ ਦੀਵਾਰ ਚੀਨ ਦੇ ਪੂਰਬ ਤੋਂ ਲੈ ਕੇ ਪੱਛਮ ਤਕ ਮਾਰੂਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ 'ਚ ਦੀ ਸੱਪ ਵਾਂਗ ਮੇਲ਼ਦੀ ਹੋਈ ਕਈ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਦੀਵਾਰ ਦਾ ਇਤਿਹਾਸ 2000 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਹੁਣ ਇਸ ਦੇ ਬਹੁਤ ਸਾਰੇ ਹਿੱਸੇ ਖੰਡਰ ਬਣ ਚੁੱਕੇ ਹਨ ਤੇ ਤਕਰੀਬਨ ਅਲੋਪ ਹੋ ਚੁੱਕੇ ਹਨ। ਫਿਰ ਵੀ ਇਹ ਦੁਨੀਆ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਵਿਸ਼ਵ ਦੀ ਪੁਰਾਤਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਪੇਸ਼ ਕਰਦੀ ਹੈ। ਚੀਨ ਦੇ ਤਿੰਨ ਮਹਾਨ ਰਾਜ ਘਰਾਣਿਆਂ ਕਿਨ, ਹੈਨ ਤੇ ਮਿੰਗ ਦੇ ਇਸ ਮਹਾਨ ਦੀਵਾਰ ਨੂੰ ਬਣਾਉਣ ਦਾ ਸਿਹਰਾ ਜਾਂਦਾ ਹੈ। ਸ਼ੁਰੂਆਤੀ ਦੌਰ 'ਚ ਇਹ ਦੀਵਾਰ ਐਨੀ ਲੰਬੀ ਨਹੀਂ ਸੀ ਇਸ ਦੀਵਾਰ ਦੇ ਨਿਰਮਾਣ ਬਾਰੇ ਕੋਈ ਪੱਕੀ ਤਰ੍ਹਾਂ ਤਾਂ ਨਹੀਂ ਆਖਿਆ ਜਾ ਸਕਦਾ ਕਿ ਇਸ ਦੀ ਉਸਾਰੀ ਕਦੋਂ ਸ਼ੁਰੂ ਹੋਈ ਸੀ ਪਰ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਜ਼ਹਾਊਂ ਖ਼ਾਨਦਾਨ ਦੇ ਸਮੇਂ ਉੱਤਰੀ ਸਰਹੱਦ ਵੱਲੋਂ ਦੁਸ਼ਮਣ ਕਬੀਲਿਆਂ ਦੇ ਹਮਲਿਆਂ ਨੂੰ ਰੋਕਣ ਲਈ ਇਸ ਦੀਵਾਰ ਦੇ ਬਣਾਉਣ ਦਾ ਮੁੱਢ ਆਰੰਭ ਹੋਇਆ ਸੀ। ਫਿਰ ਮਿੱਤਰ ਰਾਜਾਂ ਨੇ ਦੂਜੇ ਦੁਸ਼ਮਣ ਰਾਜਾਂ ਦੇ ਹਮਲਿਆਂ ਦੀ ਰੋਕਥਾਮ ਲਈ ਆਪਣੀ ਰੱਖਿਆ ਮਜ਼ਬੂਤ ਕਰਨ ਲਈ ਇਸ ਦੀਵਾਰ ਨੂੰ ਅੱਗੇ ਵਧਾਉਣ ਦਾ ਕੰਮ ਸ਼ੁਰੂ ਕੀਤਾ। ਕਿਨ ਖ਼ਾਨਦਾਨ ਦੇ ਸਮਰਾਟ 'ਕਿਨ ਸ਼ੀ ਹੁਆਂਗ' ਨੇ ਯੈਨ ਅਤੇ ਜ਼੍ਹਾਉ ਰਾਜਾਂ ਵੱਲੋਂ ਬਣਾਈਆਂ ਅੱਡ-ਅੱਡ ਦੀਵਾਰਾਂ ਨੂੰ ਜੋੜ ਕੇ ਉੱਤਰੀ ਸਰਹੱਦ 'ਤੇ ਇਕ ਵੱਡੀ ਰੱਖਿਆ ਦੀਵਾਰ ਬਣਾ ਲਈ। ਇਹ ਸਮਰਾਟ ਚੀਨ ਨੂੰ ਇਕ ਵੱਡੇ ਰਾਜ ਵਜੋਂ ਸਥਾਪਤ ਕਰਨ 'ਚ ਵੀ ਕਾਮਯਾਬ ਹੋ ਗਿਆ ਸੀ। ਇਹ ਸਾਰੀ ਦੀਵਾਰ ਸਮਰਾਟ 'ਕਿਨ ਸ਼ੀ ਹੁਆਂਗ' ਦੀ ਤਾਕਤ ਦਾ ਚਿੰਨ੍ਹ ਬਣ ਗਈ। ਇਹ ਦੀਵਾਰ ਜਿਸ ਸਮੇਂ ਦੀ ਬਾਤ ਪਾਉਂਦੀ ਹੈ, ਉਸ ਸਮੇਂ ਜੰਗੀ ਹਥਿਆਰ, ਕਿਰਪਾਨਾਂ, ਭਾਲੇ, ਛਵੀਆਂ, ਤੀਰ ਕਮਾਨ ਆਦਿ ਹੁੰਦੇ ਸਨ। ਦੀਵਾਰ 'ਚ ਦੱਰਰੇ ਹੁੰਦੇ ਸਨ। ਦੀਵਾਰ 'ਤੇ ਚੌਕਸੀ ਬੁਰਜ਼ ਬਣਵਾਏ ਗਏ ਸਨ। ਦੀਵਾਰ ਦੇ ਨਾਲ ਖ਼ਾਲ਼ੀ (ਨਾਲੀ) ਬਣਾਈ ਗਈ ਸੀ। ਇਹ ਦੀਵਾਰ ਬਣਾਉਣ ਦੀ ਸਮੱਗਰੀ ਮਨੁੱਖਾਂ ਦੀਆਂ ਪਿੱਠਾਂ, ਟੋਕਰੀਆਂ ਦੀਆਂ ਬਣਾਈਆਂ ਵਹਿੰਗੀਆਂ ਅਤੇ ਮਨੁੱਖੀ ਚੇਨ ਬਣਾ ਕੇ ਹੱਥੋ-ਹੱਥੀ ਲੈ ਲਈ ਜਾਂਦੀ ਸੀ। ਇਸ ਦੀਵਾਰ ਦੀਆਂ ਨੀਹਾਂ 'ਚ ਇੱਟਾਂ ਅਤੇ ਗਰੇਨਾਈਟ ਪੱਥਰ ਵਰਤਿਆ ਗਿਆ। ਇਸ ਦੀਵਾਰ ਨੂੰ ਬਣਾਉਣ ਲਈ 20 ਲੱਖ ਤੋਂ 30 ਲੱਖ ਲੋਕਾਂ ਨੇ ਆਪਣਾ ਸਾਰਾ-ਸਾਰਾ ਜੀਵਨ ਲਗਾ ਦਿੱਤਾ। ਇਹ ਦੀਵਾਰ 6700 ਕਿਲੋਮੀਟਰ ਲੰਬੀ, 35 ਫੁੱਟ ਉੱਚੀ ਤੇ 5 ਮੀਟਰ ਚੌੜੀ ਹੈ। ਇਹ ਦੀਵਾਰ ਕਿਲ੍ਹੇ ਦੇ ਸਮਾਨ ਬਣੀ ਹੋਈ ਹੈ। ਇਸ 'ਚ 10-15 ਲੋਕ ਆਰਾਮ ਨਾਲ ਚੱਲ ਸਕਦੇ ਹਨ। ਕਹਿੰਦੇ ਹਨ ਕਿ ਜਦੋਂ ਵਿਗਿਆਨੀ ਚੰਦਰਮਾ 'ਤੇ ਗਏ ਸਨ ਤਾਂ ਉਨ੍ਹਾਂ ਨੇ ਆ ਕੇ ਇਹ ਦਾਅਵਾ ਕੀਤਾ ਕਿ ਚੀਨ ਦੀ ਇਹ ਮਹਾਨ ਦੀਵਾਰ ਚੰਦਰਮਾ ਤੋਂ ਵੀ ਦਿਖਾਈ ਦਿੰਦੀ ਹੈ ਪਰ ਕੁਝ ਲੋਕ ਨਹੀਂ ਮੰਨਦੇ।

ਕੋਲੋਜ਼ੀਅਮ

ਇਟਲੀ ਰੋਮ ਨਗਰ ਦੇ ਰੋਮਨ ਸਾਮਰਾਜ ਦਾ ਸਭ ਤੋਂ ਵੱਡਾ ਏਲਿਪਟੀਕਲ ਏਫੀਥੀਏਟਰ ਹੈ। ਇਹ 24000 ਵਰਗ ਮੀਟਰ ਦੇ ਘੇਰੇ 'ਚ ਫ਼ੈਲਿਆ ਹੋਇਆ ਹੈ। ਇਸ ਥੀਏਟਰ ਦਾ ਨਿਰਮਾਣ ਵੇ-ਸ਼ਿਪਅਨ ਨੇ 70ਵੀਂ 72ਵੀਂ ਈ. ਦੇ ਅੱਧ 'ਚ ਸ਼ੁਰੂ ਕੀਤਾ ਸੀ। ਇਹ 80ਵੀਂ ਈ. 'ਚ ਸਮਰਾਟ ਟਾਇਟਸ ਨੇ ਪੂਰਾ ਕੀਤਾ ਸੀ। ਇਹ 81 ਅਤੇ 96 ਸਾਲਾਂ ਦੇ ਵਿਚਕਾਰ ਡੋਮੀਸ਼ੀਅਨ ਦੇ ਰਾਜ 'ਚ ਇਸ 'ਚ ਕੁਝ ਤਬਦੀਲੀ ਕਰਵਾਈ ਗਈ। ਇਸ ਭਵਨ ਦਾ ਨਾਂ ਏਫੀਥੀਏਟਰਸ ਫਲੇਵਿਅਮ, ਵੇ-ਸ਼ਿਪਅਨ ਤੇ ਟਾਈਟਸ ਦੇ ਪਰਿਵਾਰਕ ਨਾਂ ਫਲੇਵਿਅਮ ਕਾਰਨ ਪਿਆ ਹੈ। ਇਸ ਅੰਡਾਕਾਰ ਕੋਲੋਜ਼ੀਅਮ 'ਚ 50,000 ਤੋਂ 80,000 ਤਕ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਸੀ ਜੋ ਉਸ ਸਮੇਂ ਬੜੀ ਵੱਡੀ ਗੱਲ ਸੀ। ਇਸ ਸਟੇਡੀਅਮ 'ਚ ਯੋਧਿਆਂ 'ਚ ਖ਼ੂਨੀ ਲੜਾਈਆਂ ਦਰਸ਼ਕਾਂ ਨੂੰ ਦਿਖਾਈਆਂ ਜਾਂਦੀਆਂ ਸਨ। ਕਈ ਵਾਰ ਇਨ੍ਹਾਂ ਯੋਧਿਆ ਨੂੰ ਖੂੰਖਾਰ ਜਾਨਵਰਾਂ ਨਾਲ ਵੀ ਲੜਾਇਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਸਟੇਡੀਅਮ 'ਚ ਪੁਰਾਤਨ ਕਥਾਵਾਂ 'ਤੇ ਆਧਾਰਿਤ ਨਾਟਕ ਵੀ ਖੇਡੇ ਜਾਂਦੇ ਸਨ। ਰੋਮਨ ਵਾਸੀ ਇਸ ਖੇਲ ਨੂੰ ਬਹੁਤ ਪਸੰਦ ਕਰਦੇ ਸਨ। ਕੁਝ ਸਮੇਂ ਤੋਂ ਇਸ ਸਥਾਨ ਨੂੰ ਬੰਦ ਕਰ ਦਿੱਤਾ ਗਿਆ ਪਰ ਬਾਅਦ 'ਚ ਇਸ ਨੂੰ ਨਿਵਾਸ, ਧਾਰਮਿਕ ਕੰਮਾਂ ਤੇ ਤੀਰਥ ਅਸਥਾਨਾਂ ਦੇ ਰੂਪ 'ਚ ਵਰਤਿਆ ਜਾਣ ਲੱਗਾ। ਹੁਣ ਇਹ ਮੌਸਮ ਦੀ ਮਾਰ ਝਲਦੀ ਹੋਈ ਖੰਡਰ ਦਾ ਰੂਪ ਧਾਰ ਰਹੀ ਹੈ। ਯੂਨੈਸਕੋ ਦੁਆਰਾ ਇਸ ਇਮਾਰਤ ਨੂੰ ਸੱਤ ਨਵੇਂ ਅਜੂਬਿਆਂ ਵਜੋਂ ਚੁਣਿਆ ਗਿਆ ਹੈ। ਇਹ ਸਟੇਡੀਅਮ ਅੱਜ ਵੀ ਦਰਸ਼ਕਾਂ ਦੀ ਮਨਪਸੰਦ ਜਗ੍ਹਾ ਹੈ। ਇਹ ਸਟੇਡੀਅਮ ਰੋਮਨ ਚਰਚ ਨਾਲ ਨੇੜੇ ਦਾ ਸਬੰਧ ਰੱਖਦਾ ਹੈ। ਹਰ ਗੁੱਡ ਫ੍ਰਾਈਡੇ 'ਤੇ ਪੋਪ ਇੱਥੋਂ ਹੀ ਇਕ ਬਹੁਤ ਵੱਡਾ ਮਾਰਚ ਕੱਢਦੇ ਹਨ। ਕਹਿੰਦੇ ਹਨ ਕਿ ਇਸ ਸਟੇਡੀਅਮ ਵਰਗੀ ਇਮਾਰਤ ਬਣਾਉਣ ਦੀ ਕਈ ਇੰਜੀਨੀਅਰਾਂ ਨੇ ਕੋਸ਼ਿਸ਼ ਕੀਤੀ ਪਰ ਬਣਾ ਨਹੀਂ ਸਕੇ।

ਪੇਟਰਾ

ਜਾਰਡਨ ਸ਼ਹਿਰ ਦੇ ਮਆਨ ਪ੍ਰਾਂਤ 'ਚ ਇਹ ਇਕ ਇਤਿਹਾਸਕ ਨਗਰੀ ਹੈ ਜੋ ਆਪਣੇ ਪੱਥਰਾਂ ਨਾਲ ਹੀ ਤਰਾਸ਼ੀ ਗਈ ਹੈ। ਇਹ ਇਮਾਰਤਾਂ ਅਤੇ ਵਾਹਨ ਪ੍ਰਣਾਲੀ ਲਈ ਪ੍ਰਸਿੱਧ ਹੈ। ਇਹ ਸਾਊਥ ਜਾਰਡਨ 'ਚ ਵੱਸਿਆ ਹੋਇਆ ਸ਼ਹਿਰ ਹੈ। ਇਸ ਸ਼ਹਿਰ ਦੀ ਕਲਾਕ੍ਰਿਤੀ ਨਵੇਂ ਸੱਤ ਅਜੂਬਿਆਂ 'ਚ ਸ਼ਾਮਲ ਹੈ। ਚਟਾਨਾਂ ਨੂੰ ਕੱਟ ਕੇ ਇਸ ਸ਼ਹਿਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੀ ਜੋ ਪਾਣੀਨੁਮਾ ਪ੍ਰਣਾਲੀ ਹੈ, ਉਸ ਤਹਿਤ ਪੱਥਰਾਂ ਦੇ ਇਸ ਸ਼ਹਿਰ 'ਚ 30000 ਲੋਕਾਂ ਦੇ ਪੀਣ ਲਈ ਹਰ ਸਮੇਂ ਪਾਣੀ ਦੀ ਵਿਵਸਥਾ ਰਹਿੰਦੀ ਸੀ ਤੇ ਉੱਥੋਂ ਦੇ ਫੁੱਲ ਬੂਟਿਆਂ ਲਈ ਵੀ ਪਾਣੀ ਵਰਤਿਆ ਜਾਂਦਾ ਸੀ। ਇਸ ਨੂੰ ਨਬਾਤਿਉਂ ਨੇ ਆਪਣੀ ਰਾਜਧਾਨੀ ਦੇ ਤੌਰ 'ਤੇ ਸਥਾਪਤ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਇਸ ਸ਼ਹਿਰ ਦਾ ਨਿਰਮਾਣ 1200 ਈ. ਪੂਰਵ ਦੇ ਆਸ-ਪਾਸ ਸ਼ੁਰੂ ਹੋਇਆ ਸੀ। ਇਹ ਸ਼ਹਿਰ ਪਹਾੜ ਦੀ ਢਲਾਨ 'ਤੇ ਬਣਿਆ ਹੋਇਆ ਹੈ ਤੇ ਇਹ ਪਹਾੜਾਂ ਨਾਲ ਘਿਰੀ ਹੋਈ ਜਗ੍ਹਾ ਹੈ। ਇਹ ਪਹਾੜ ਮ੍ਰਿਤ ਸਾਗਰ ਤੋਂ ਅਕਾਬਾ ਦੀ ਖਾੜੀ ਤਕ ਚੱਲਣ ਵਾਲੀ ਅਰਬਾ ਨਾਂ ਦੀ ਘਾਟੀ ਦੀ ਸੀਮਾ ਹੈ।

ਬੀਬੀਸੀ ਨੇ ਆਪਣੀ ਇਕ ਰਿਪੋਰਟ 'ਮਰਨੇ ਤੋਂ ਪਹਿਲਾਂ 40 ਵੇਖਣਯੋਗ ਥਾਵਾਂ' 'ਚ ਪੇਂਟਰਾ ਨੂੰ ਵੀ ਸ਼ਾਮਲ ਕੀਤਾ ਸੀ। ਇਹ ਸ਼ਹਿਰ 1812 ਤਕ ਪੱਛਮੀ ਜਗਤ 'ਚ ਪੂਰੀ ਤਰ੍ਹਾਂ ਗੁਪਤ ਸੀ। ਸਵਿਸ ਖੋਜੀ ਜੋਹਾਨ ਲੁਤਵਿਮ ਬੁਰਖਾਰਡਟ ਨੇ ਇਸ ਬਾਰੇ ਜਾਣ-ਪਛਾਣ ਕਰਵਾਈ ਸੀ। ਇਸ ਸ਼ਹਿਰ ਨੂੰ ਰੋਜ਼ ਸਿਟੀ (ਗੁਲਾਬੀ ਸ਼ਹਿਰ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇਸ ਲਈ ਕਿ ਇਹ ਪੂਰਾ ਸ਼ਹਿਰ ਲਾਲ ਗੁਲਾਬ ਰੰਗੀਆਂ ਚੱਟਾਨਾਂ ਨੂੰ ਕੱਟ ਕੇ ਬਣਾਇਆ ਗਿਆ ਹੈ। ਇਸ ਸ਼ਹਿਰ ਦਾ ਨਿਰਮਾਣ 312 ਬੀਸੀ ਦੇ ਦਰਮਿਆਨ ਹੋਇਆ ਸੀ। ਇਹ ਜਾਰਡਨ ਦਾ ਮੁੱਖ ਆਕਰਸ਼ਣ ਹੈ। ਇਕ ਵਿਨਾਸ਼ਕਾਰੀ ਭੂਚਾਲ ਨਾਲ ਇਹ ਅੱਧਾ ਸ਼ਹਿਰ ਤਬਾਹ ਹੋ ਗਿਆ ਸੀ। ਸਮਿਥ ਸੋਨੀਅਨ ਰਸਾਲੇ ਨੇ ਵੀ 'ਇਨਸਾਨ ਦੇ ਮਰਨ ਤੋਂ ਪਹਿਲਾਂ ਵੇਖਣਯੋਗ 20 ਥਾਵਾਂ' 'ਚ ਇਸ ਸ਼ਹਿਰ ਨੂੰ ਰੱਖਿਆ ਗਿਆ ਸੀ।

ਕ੍ਰਾਈਸਟ ਦਿ ਰੈਡੀਮਰ ਦੀ ਮੂਰਤੀ

ਬ੍ਰਾਜ਼ੀਲ ਦੇ ਰੀਉ ਡੀ ਜ਼ੇਨੇਰਿਓ ਵਿਚ ਈਸਾ ਮਸੀਹ ਦੀ ਇਕ ਮੂਰਤੀ ਹੈ ਜਿਸ ਨੂੰ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਆਰਟ ਡੇਕੋ ਸਟੈਚੂ ਮੰਨਿਆ ਜਾਂਦਾ ਹੈ। ਇਸ ਮੂਰਤੀ ਦਾ ਆਧਾਰ 9.5 ਮੀ. (31 ਫੁੱਟ) ਅਤੇ 39.6 ਮੀ. (130 ਫੁੱਟ) ਲੰਬੀ ਅਤੇ 30 ਮੀ. (98 ਫੁੱਟ) ਚੌੜੀ ਹੈ। ਇਸ ਦਾ ਵਜ਼ਨ 635 ਟਨ ਹੈ। ਇਹ ਮੂਰਤੀ ਡਿਕੂਜ਼ਾ ਫੋਰੇਸਟ ਨੈਸ਼ਨਲ ਪਾਰਕ ਦੇ ਕੋਕਰੋਵਾਡੋ ਪਰਬਤ ਦੀ 700 ਮੀ. ਉੱਚੀ ਚੋਟੀ 'ਤੇ ਸਥਿਤ ਹੈ। ਇਸ 700 ਮੀ. (2300 ਫੁੱਟ) ਉੱਚੀ ਚੋਟੀ ਤੋਂ ਪੂਰਾ ਸ਼ਹਿਰ ਵਿਖਾਈ ਦਿੰਦਾ ਹੈ। ਇਹ ਮੂਰਤੀ ਮਜ਼ਬੂਤ ਕੰਕਰੀਟ ਅਤੇ ਸੋਪਸਟੋਨ ਤੋਂ ਬਣੀ ਹੈ। ਇਸ ਮੂਰਤੀ ਨੂੰ ਬ੍ਰਾਜ਼ੀਲ ਦੇ ਸਿਲਵਾ ਕੋਸਟਾ ਨੇ ਡਿਜ਼ਾਇਨ ਕੀਤਾ ਸੀ ਤੇ ਫਰੈਂਚ ਦੇ ਮਹਾਨ ਮੂਰਤੀਕਾਰ ਲੇਨਦਵੋਸਕੀ ਨੇ ਇਸ ਮੂਰਤੀ ਨੂੰ ਬਣਾ ਕੇ ਤਿਆਰ ਕੀਤਾ ਸੀ। ਇਹ ਮੂਰਤੀ 1922 ਤੋਂ 1931 ਦੇ ਵਿਚਕਾਰ ਬਣੀ ਹੈ। ਇਸ ਨੂੰ ਬਣਾਉਣ ਲਈ ਲਗਪਗ 9 ਸਾਲ ਦਾ ਸਮਾਂ ਲੱਗਾ ਹੈ। ਇਸ ਮੂਰਤੀ ਦੀ ਲਾਗਤ 2009 ਤਕ 3.5 ਮਿਲੀਅਨ ਅਮਰੀਕੀ ਡਾਲਰ ਸੀ। ਇਸ 'ਤੇ ਪੰਛੀ ਨਾ ਬੈਠਣ, ਇਸ ਲਈ ਸਭ ਤੋਂ ਉੱਪਰ ਛੋਟੀਆਂ-ਛੋਟੀਆਂ ਕਿੱਲਾਂ ਲਗਾਈਆਂ ਗਈਆਂ ਹਨ। ਇਸ ਸਮਾਰਕ ਨੂੰ 12 ਅਕਤੂਬਰ 1931 ਨੂੰ ਲੋਕਾਂ ਲਈ ਖੋਲ੍ਹਿਆ ਗਿਆ ਸੀ। ਅਕਤੂਬਰ 2006 ਵਿਚ ਇਸ ਮੂਰਤੀ ਦੇ ਥੱਲੇ ਇਕ ਚੈਪਲ ਦੀ ਸਥਾਪਨਾ ਕੀਤੀ ਗਈ ਸੀ। ਇਹ ਲੋਕਾਂ ਨੂੰ ਉੱਥੇ ਨਾਮਕਰਣ ਤੇ ਸ਼ਾਦੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ। 10 ਫਰਵਰੀ 2008 ਨੂੰ ਕੁਦਰਤੀ ਬਿਜਲੀ ਡਿੱਗਣ ਨਾਲ ਇਸ ਮੂਰਤੀ ਦੀਆਂ ਹੱਥ ਦੀਆਂ ਉਂਗਲਾਂ, ਸਿਰ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਿਆ ਸੀ। ਮੂਰਤੀ ਦੇ ਖ਼ਰਾਬ ਹੋਏ ਹਿੱਸੇ ਨੂੰ ਬਦਲਿਆ ਗਿਆ।

ਮਾਚੂ ਪਿੱਚੂ

ਦੱਖਣੀ ਅਮਰੀਕਾ ਦੇ ਪੇਰੂ 'ਚ ਸਥਿਤ ਇਕ ਕੋਲੰਬਸ ਦੇ ਯੁੱਗ ਨਾਲ ਸਬੰਧ ਰੱਖਦਾ ਇਤਿਹਾਸਕ ਥਾਂ ਹੈ। ਇਸ ਦੇ ਨਾਂ ਦਾ ਅਰਥ ਹੈ 'ਪੁਰਾਣੀ ਚੋਟੀ'। ਇਹ ਸਮੁੰਦਰੀ ਤਲ ਤੋਂ 2430 ਮੀਟਰ ਦੀ ਉਚਾਈ 'ਤੇ ਹੈ ਜਿੱਥੇ ਉਰਬਾਮਾ ਨਦੀ ਵਹਿੰਦੀ ਹੈ। ਇੰਨੀ ਉਚਾਈ 'ਤੇ ਇਹ ਸ਼ਹਿਰ ਕਿਵੇਂ ਬਣਿਆ, ਕੋਈ ਨਹੀਂ ਜਾਣਦਾ ਇਸੇ ਲਈ ਸ਼ਾਇਦ ਦੁਨੀਆ ਦਾ ਇਹ ਸੱਤਵਾਂ ਅਜੂਬਾ ਹੈ। ਇਹ ਕੁਜ਼ਕੋ ਤੋਂ 80 ਕਿਲੋਮੀਟਰ ਉੱਤਰ ਪੱਛਮ 'ਚ ਸਥਿਤ ਹੈ। ਲਗਪਗ 1430 ਈ. ਦੇ ਦਰਮਿਆਨ ਇਸ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਪਰ ਸੌ ਸਾਲ ਬਾਅਦ 1530 ਈ: ਨੂੰ ਸਪੇਨੀਆਂ ਨੇ ਜਿੱਤ ਪ੍ਰਾਪਤ ਕਰ ਲਈ ਤਾਂ ਇਸ ਨੂੰ ਇਵੇਂ ਹੀ ਛੱਡ ਦਿੱਤਾ ਗਿਆ। ਇਸ ਦੀ ਖੋਜ ਅਮਰੀਕੀ ਇਤਿਹਾਸਕਾਰ ਹੀਰ ਬਿੰਗਮ ਨੇ 1911 'ਚ ਕੀਤੀ ਸੀ। ਉਸ ਸਮੇਂ ਤੋਂ ਮਾਚੂ ਪਿੱਚੂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ। ਇਸ ਨੂੰ ਪੁਰਾਤਨ ਸ਼ੈਲੀ ਨਾਲ ਬਣਾਇਆ ਗਿਆ ਹੈ ਜਿਸ 'ਚ ਪਾਲਿਸ਼ ਕੀਤੇ ਹੋਏ ਪੱਥਰ ਲਗਾਏ ਗਏ ਹਨ।

ਇਹ ਭਾਰਤ ਦੇ ਆਗਰਾ ਸ਼ਹਿਰ ਵਿਚ ਇਕ ਮਕਬਰਾ ਹੈ, ਜਿਸ ਨੂੰ ਪਿਆਰ ਦੀ ਨਿਸ਼ਾਨੀ ਕਹਿੰਦੇ ਹਨ। ਇਸ ਮਕਬਰੇ ਦਾ ਨਿਰਮਾਣ ਮੁਗ਼ਲ ਸਮਰਾਟ ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਦੀ ਯਾਦ ਵਿਚ ਕਰਵਾਇਆ ਸੀ। ਤਾਜ ਮਹਿਲ ਨੂੰ ਭਾਰਤ ਦੀ ਇਸਲਾਮੀ ਕਲਾ ਦਾ ਰਤਨ ਵੀ ਐਲਾਨਿਆ ਗਿਆ ਹੈ। ਗੁੰਬਦ ਵਾਲੇ ਇਸ ਆਕਾਰ ਨੂੰ ਸੰਗਮਰਮਰ ਦੇ ਪੱਥਰ ਨਾਲ ਢੱਕਿਆ ਹੋਇਆ ਹੈ। ਇਹ ਮਕਬਰਾ ਆਪਣੀ ਖ਼ੂਬਸੂਰਤੀ ਨਾਲ ਸਭ ਨੂੰ ਮੰਤਰ-ਮੁਗਧ ਕਰਦਾ ਹੈ। ਇਸ ਦਾ ਨਿਰਮਾਣ 1647 ਈ. ਦੇ ਲਗਪਗ ਹੋਇਆ ਸੀ। ਇਸ 'ਚ 28 ਤਰ੍ਹਾਂ ਦੇ ਕੀਮਤੀ ਪੱਥਰਾਂ ਨੂੰ ਲਗਾਇਆ ਗਿਆ ਹੈ, ਜੋ ਚੀਨ, ਤਿੱਬਤ ਤੋਂ ਲੈ ਕੇ ਸ੍ਰੀ ਲੰਕਾ ਤਕ ਤੋਂ ਲਿਆਂਦੇ ਗਏ ਸਨ। ਬ੍ਰਿਟਿਸ਼ ਕਾਲ ਦੇ ਸਮੇਂ ਇਨ੍ਹਾਂ ਬੇਸ਼ਕੀਮਤੀ ਪੱਥਰਾਂ ਨੂੰ ਕੱਢ ਦਿੱਤਾ ਗਿਆ ਸੀ। ਇਸ ਲਈ ਕਿ ਇੰਨੇ ਬੇਸ਼ਕੀਮਤੀ ਪੱਥਰਾਂ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਚੁੰਧਿਆ ਸਕਦੀਆਂ ਹਨ। ਇਸ ਦੀ ਲੰਬਾਈ ਕੁਤਬਮੀਨਾਰ ਤੋਂ ਵੀ ਜ਼ਿਆਦਾ ਮੰਨੀ ਗਈ ਹੈ। ਇਸ ਦਾ ਖ਼ਰਚਾ ਮਿਲੀਅਨਜ਼ ਤਕ ਪਹੁੰਚ ਗਿਆ ਸੀ। ਇਸ ਵਿਚ ਜੋ ਫੁਹਾਰੇ ਵਿਖਾਈ ਦਿੰਦੇ ਹਨ ਜੋ ਇਕ ਹੀ ਸਮੇਂ ਕੰਮ ਕਰਦੇ ਹਨ। ਕੋਈ ਵੀ ਫੁਹਾਰਾ ਕਿਸੇ ਪਾਈਪ ਨਾਲ ਜੁੜਿਆ ਹੋਇਆ ਨਹੀਂ ਹੈ। ਹਰ ਫੁਹਾਰੇ ਦੇ ਥੱਲੇ ਇਕ ਤਾਂਬੇ ਦਾ ਟੈਂਕ ਬਣਿਆ ਹੋਇਆ ਹੈ ਜੋ ਇਕ ਹੀ ਸਮੇਂ ਭਰਦਾ ਹੈ ਤੇ ਇਕ ਹੀ ਸਮੇਂ ਦਬਾਅ ਪੈਣ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਜ ਮਹਿਲ ਵੇਖਣ ਲਈ ਦੁਨੀਆ ਭਰ ਤੋਂ 12,000 ਸੈਲਾਨੀ ਹਰ ਰੋਜ਼ ਆਉਂਦੇ ਹਨ। ਕਹਿੰਦੇ ਹਨ ਕਿ ਸ਼ਾਹਜਹਾਂ ਦੀ ਇਕ ਤਮੰਨਾ ਇਹ ਵੀ ਸੀ ਕਿ ਜਿਸ ਤਰ੍ਹਾਂ ਇਹ ਸਫ਼ੈਦ ਤਾਜ ਮਹਿਲ ਬਣਵਾਇਆ ਹੈ। ਇਸੇ ਤਰ੍ਹਾਂ ਹੀ ਇਸ ਦੇ ਸਾਹਮਣੇ ਪੂਰੇ ਕਾਲੇ ਪੱਥਰਾਂ ਦਾ ਤਾਜ ਮਹਿਲ ਬਣਵਾਏ ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੋਈ ਸੀ ਕਿਉਂਕਿ ਉਸ ਦੇ ਪੁੱਤਰ ਔਰੰਗਜ਼ੇਬ ਨੇ ਉਸ ਨੂੰ ਕੈਦ ਕਰ ਲਿਆ ਸੀ। ਜਾਰਜ ਹਰੀਸਨ ਨਾਮੀ ਇਕ ਵਿਅਕਤੀ ਨੇ ਤਾਜ ਮਹਿਲ ਨਾਲ ਪਹਿਲੀ ਸੈਲਫੀ ਖਿੱਚੀ ਸੀ। ਇਹ ਗੱਲ ਉਨ੍ਹਾਂ ਸਮਿਆਂ ਦੀ ਹੈ, ਜਦੋਂ ਸੈਲਫੀ ਲੈਣੀ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਫਿਸ਼ ਆਈ ਲੈਂਜ਼ ਦੇ ਨਾਲ ਉਸ ਵਿਅਕਤੀ ਨੇ ਇਹ ਸੈਲਫੀ ਲਈ ਸੀ। ਤਾਜ ਮਹਿਲ ਦੀ ਇਕ ਖ਼ੂਬੀ ਇਹ ਵੀ ਹੈ ਕਿ ਇਸ ਦਾ ਰੰਗ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਬਦਲਦਾ ਹੈ। ਸਵੇਰ ਸਮੇਂ ਇਸ ਦਾ ਰੰਗ ਗੁਲਾਬੀ ਹੁੰਦਾ ਹੈ, ਸ਼ਾਮ ਸਮੇਂ ਇਸ ਦਾ ਰੰਗ ਦੁੱਧੀਆ ਸਫ਼ੈਦ ਹੋ ਜਾਂਦਾ ਹੈ ਤੇ ਚਾਂਦਨੀ ਰਾਤ ਨੂੰ ਸੁਨਹਿਰਾ ਹੋ ਜਾਂਦਾ ਹੈ। ਤਾਜ ਮਹਿਲ ਦੇ ਚਾਰੇ ਮੀਨਾਰ ਇਕ ਦੂਜੇ ਵੱਲ ਨੂੰ ਝੁਕੇ ਹੋਏ ਹਨ ਜੋ ਇਸ ਨੂੰ ਤੂਫ਼ਾਨ, ਭੂਚਾਲ ਆਦਿ ਦੇ ਝਟਕਿਆਂ ਤੋਂ ਬਚਾਉਣ ਲਈ ਇਸਤੇਮਾਲ ਕੀਤੀ ਹੋਈ ਤਕਨੀਕ ਦਾ ਸਿੱਟਾ ਹਨ। ਇਸ ਦੇ ਗੁੰਬਦ ਵਿਚ ਇਕ ਛੇਕ ਹੈ, ਜਿਸ 'ਚੋਂ ਪਾਣੀ ਟਪਕਦਾ ਹੈ। ਕਹਿੰਦੇ ਹਨ ਕਿ ਜਦ ਤਾਜ ਮਹਿਲ ਬਣ ਕੇ ਪੂਰਾ ਤਿਆਰ ਹੋ ਗਿਆ ਤਾਂ ਸ਼ਾਹਜਹਾਂ ਨੇ ਮਜ਼ਦੂਰਾਂ ਦੇ ਹੱਥ ਕਟਵਾਉਣ ਦਾ ਫ਼ੈਸਲਾ ਸੁਣਾਇਆ। ਇਸ ਕਰਕੇ ਮਜ਼ਦੂਰਾਂ ਨੇ ਇਹ ਇਕ ਕਮੀ ਜਾਣ-ਬੁੱਝ ਕੇ ਛੱਡ ਦਿੱਤੀ। ਇਸ ਨੂੰ ਬਣਵਾਉਣ ਵਿਚ ਪੰਦਰਾਂ ਸਾਲ ਦਾ ਸਮਾਂ ਲੱਗਿਆ ਸੀ। ਤਾਜ ਮਹਿਲ ਜਮੁਨਾ ਨਦੀ ਦੇ ਤੱਟ 'ਤੇ ਬਣਿਆ ਹੈ।

ਪੁਰਾਣੇ ਸੱਤ ਅਜੂਬਿਆਂ ਦੀ ਖ਼ਾਸੀਅਤ

ਦੁਨੀਆ 'ਚ ਬਹੁਤ ਸਾਰੀਆਂ ਵੇਖਣਯੋਗ ਇਮਾਰਤਾਂ ਅਤੇ ਥਾਵਾਂ ਹਨ ਜਿਨ੍ਹਾਂ ਦਾ ਨਿਰਮਾਣ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਹੈ ਕਿ ਲੋਕ ਸਦੀਆਂ ਤੋਂ ਉਨ੍ਹਾਂ ਨੂੰ ਦੇਖਦੇ ਆ ਰਹੇ ਹਨ। ਇਨ੍ਹਾਂ ਇਮਾਰਤਾਂ ਦੇ ਡਿਜ਼ਾਈਨ , ਆਕਾਰ ਅਤੇ ਨਿਰਮਾਣ ਸਮੱਗਰੀ ਏਨੇ ਕਮਾਲ ਦੇ ਹਨ ਕਿ ਦੇਖਣ ਵਾਲਿਆਂ ਦੀ ਉਤਸੁਕਤਾ ਕਦੇ ਫਿੱਕੀ ਨਹੀਂ ਪੈਂਦੀ।

'ਗਿਜ਼ਾ ਦਾ ਵਿਸ਼ਾਲ ਪਿਰਾਮਿਡ'

ਇਹ ਵਿਸ਼ਵ ਦੇ ਸੱਤ ਪੁਰਾਣੇ ਅਜੂਬਿਆਂ 'ਚੋਂ ਸਭ ਤੋਂ ਪੁਰਾਣਾ ਹੈ। ਵੈਸੇ ਤਾਂ ਮਿਸਰ 'ਚ 138 ਅਜਿਹੀਆਂ ਵੇਖਣਯੋਗ ਥਾਵਾਂ ਹਨ, ਜਿਨ੍ਹਾਂ 'ਚੋਂ ਗਿਜ਼ਾ ਵਿਚ ਤਿੰਨ ਹਨ। ਇਹ ਪਿਰਾਮਿਡ 450 ਫੁੱਟ ਉੱਚਾ ਹੈ। ਇਸ ਦਾ ਵਿਸ਼ਾਲ ਘੇਰਾ ਕੋਈ 13 ਏਕੜ ਵਿਚ ਫੈਲਿਆ ਹੋਇਆ ਹੈ ਜੋ ਫੁੱਟਬਾਲ ਦੇ 16 ਮੈਦਾਨਾਂ ਜਿੰਨਾ ਹੈ। ਇਹ ਲਗਪਗ 23 ਮਿਲੀਅਨ ਪੱਥਰਾਂ ਦੀਆਂ ਇੱਟਾਂ ਨਾਲ ਬਣਿਆ ਹੋਇਆ ਹੈ, ਜਿਸ ਵਿਚ ਹਰ ਇਕ ਇੱਟ ਦਾ ਵਜ਼ਨ 2 ਟਨ ਤੋਂ ਸ਼ੁਰੂ ਹੋ ਕੇ 15 ਤੋਂ 30 ਟਨ ਦੇ ਵਿਚਕਾਰ ਹੈ। ਇਹ ਪਿਰਾਮਿਡ 1,20,000 ਚੂਨੇ ਦੇ ਪੱਥਰਾਂ ਦੀਆਂ ਇੱਟਾਂ ਨਾਲ ਢੱਕਿਆ ਗਿਆ ਹੈ। ਇਸ ਪਿਰਾਮਿਡ ਦਾ ਅੰਦਰਲਾ ਭਾਗ ਕੁਝ ਇਸ ਤਰ੍ਹਾਂ ਹੈ, ਜਿਸ ਦਾ ਡਿਜ਼ਾਇਨ, ਆਕਾਰ ਤੇ ਕਿਨ੍ਹਾਂ ਧਾਤਾਂ ਦਾ ਉਪਯੋਗ ਕਰ ਕੇ ਬਣਾਇਆ ਗਿਆ ਹੈ, ਇਹ ਬੜੀ ਸੋਚ ਵਿਚ ਪਾ ਦਿੰਦਾ ਹੈ। ਇਸ ਪਿਰਾਮਿਡ ਦਾ ਪ੍ਰਵੇਸ਼ ਦੁਆਰ ਧਰਤੀ ਤਲ ਤੋਂ 17 ਮੀਟਰ ਜਾਂ 56 ਫੁੱਟ ਉੱਚਾ ਹੈ ਅਤੇ 7.29 ਮੀਟਰ ਜਾਂ 23.9 ਫੁੱਟ ਪਿਰਾਮਿਡ ਦੀ ਮੱਧ ਰੇਖਾ ਦੇ ਪੂਰਵ ਵਿਚ ਹੈ। ਇਹ ਪ੍ਰਵੇਸ਼ ਦੁਆਰ ਹਿਨ ਸਟੋਨ ਤੋਂ ਬਣਿਆ ਹੈ। ਇਹ ਇੰਨੇ ਪ੍ਰਭਾਵੀ ਢੰਗ ਨਾਲ ਬਣਾਇਆ ਗਿਆ ਹੈ ਕਿ ਜੇ ਕੋਈ ਆਪਣੇ ਸਥਾਨ ਨੂੰ ਭੁੱਲ ਜਾਏ ਤਾਂ ਸਦੀਆਂ ਤਕ ਰਸਤਾ ਨਹੀਂ ਲੱਭ ਸਕੇਗਾ। ਇਸ ਪਿਰਾਮਿਡ ਦੇ ਬਾਹਰ ਚਾਰ-ਚੁਫ਼ੇਰੇ ਪੌੜ੍ਹੀਆਂ ਬਣੀਆਂ ਹਨ। ਹਰ ਪਾਸੇ 91 ਪੌੜੀਆਂ ਹਨ ਤੇ ਚਾਰੇ ਪਾਸਿਓਂ 364 ਪੌੜੀਆਂ ਹਨ। ਕਹਿੰਦੇ ਹਨ ਕਿ ਹਰ ਇਕ ਪੌੜੀ ਇਕ ਦਿਨ ਦਾ ਪ੍ਰਤੀਕ ਹੈ। ਉੱਪਰ 365ਵੇਂ ਦਿਨ ਲਈ ਇਕ ਬੜਾ ਵੱਡਾ ਚਬੂਤਰਾ ਬਣਿਆ ਹੋਇਆ ਹੈ। ਤੱਥਾਂ ਦੇ ਅਧਾਰ 'ਤੇ ਇਹ ਨਿਰਮਾਣ ਮਿਸਰ ਦੇ ਸ਼ਾਸਨ ਖ਼ੁਫੂ ਦੇ ਚੌਥੇ ਵੰਸ਼ ਦੁਆਰਾ ਆਪਣੀ ਕਬਰ ਦੇ ਤੌਰ 'ਤੇ ਕਰਾਇਆ ਗਿਆ ਸੀ। ਇਸ ਨੂੰ ਤਿਆਰ ਹੋਣ ਵਿਚ ਕੋਈ 23 ਸਾਲ ਦਾ ਸਮਾਂ ਲੱਗਾ ਸੀ। ਮਾਹਿਰਾਂ ਅਨੁਸਾਰ ਇਸ ਪਿਰਾਮਿਡ ਦੇ ਪੱਥਰਾਂ ਨੂੰ ਇੰਨੀ ਸੂਝ-ਬੂਝ ਤੇ ਸਿਆਣਪ ਨਾਲ ਤਰਾਸ਼ਿਆ ਗਿਆ ਹੈ ਕਿ ਇਨ੍ਹਾਂ ਦੇ ਜੋ ਜੋੜ ਹਨ, ਇਨ੍ਹਾਂ ਵਿਚ ਇਕ ਬਲੇਡ ਤਕ ਵੀ ਨਹੀਂ ਲੰਘਾਇਆ ਜਾ ਸਕਦਾ। ਜਦ ਇਸ ਦੀ ਲੰਬਾਈ, ਉਚਾਈ, ਮੋਟਾਈ ਤੇ ਕੋਨਿਆਂ ਨੂੰ ਮਾਪਿਆ ਜਾਏ ਤਾਂ ਧਰਤੀ ਨਾਲ ਸਬੰਧਤ ਭਿੰਨ-ਭਿੰਨ ਚੀਜ਼ਾਂ ਦੀ ਸਟੀਕ ਗਣਨਾ ਕੀਤੀ ਜਾ ਸਕਦੀ ਹੈ। ਇਸ ਪਿਰਾਮਡ ਦੇ ਜੋ ਪੱਥਰ ਲਗਾਏ ਗਏ ਹਨ, ਉਨ੍ਹਾਂ ਨੂੰ ਲਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਜੋ ਅੰਦਰ ਦਾ ਤਾਪਮਾਨ ਹੈ ਉਹ 20 ਡਿਗਰੀ ਸੈਲਸੀਅਸ ਦੇ ਬਰਾਬਰ ਰਹੇ। ਮਾਹਿਰ ਦੱਸਦੇ ਹਨ ਕਿ ਜੇ ਇਸ ਦੇ ਮੋਟੇ ਪੱਥਰਾਂ ਨੂੰ30 ਸੈਂਟੀਮੀਟਰ ਦੀ ਮੋਟਾਈ ਵਿਚ ਕੱਟ ਦਿੱਤਾ ਜਾਏ ਤਾਂ ਫਰਾਂਸ ਦੇ ਚਾਰ-ਚੁਫ਼ੇਰੇ ਇਕ ਮੀਟਰ ਉੱਚੀ ਦੀਵਾਰ ਬਣ ਸਕਦੀ ਹੈ। ਗਰੇਟ ਪਿਰਾਮਿਡ ਆਫ ਗਿਜ਼ਾ ਜੋ ਪਿਰਾਮਿਡ ਆਫ ਖ਼ੁਫੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਤਾਜ ਮਹਿਲ

ਇਹ ਭਾਰਤ ਦੇ ਆਗਰਾ ਸ਼ਹਿਰ ਵਿਚ ਇਕ ਮਕਬਰਾ ਹੈ, ਜਿਸ ਨੂੰ ਪਿਆਰ ਦੀ ਨਿਸ਼ਾਨੀ ਕਹਿੰਦੇ ਹਨ। ਇਸ ਮਕਬਰੇ ਦਾ ਨਿਰਮਾਣ ਮੁਗ਼ਲ ਸਮਰਾਟ ਸ਼ਾਹਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਦੀ ਯਾਦ ਵਿਚ ਕਰਵਾਇਆ ਸੀ। ਤਾਜ ਮਹਿਲ ਨੂੰ ਭਾਰਤ ਦੀ ਇਸਲਾਮੀ ਕਲਾ ਦਾ ਰਤਨ ਵੀ ਐਲਾਨਿਆ ਗਿਆ ਹੈ। ਗੁੰਬਦ ਵਾਲੇ ਇਸ ਆਕਾਰ ਨੂੰ ਸੰਗਮਰਮਰ ਦੇ ਪੱਥਰ ਨਾਲ ਢੱਕਿਆ ਹੋਇਆ ਹੈ। ਇਹ ਮਕਬਰਾ ਆਪਣੀ ਖ਼ੂਬਸੂਰਤੀ ਨਾਲ ਸਭ ਨੂੰ ਮੰਤਰ-ਮੁਗਧ ਕਰਦਾ ਹੈ। ਇਸ ਦਾ ਨਿਰਮਾਣ 1647 ਈ. ਦੇ ਲਗਪਗ ਹੋਇਆ ਸੀ। ਇਸ 'ਚ 28 ਤਰ੍ਹਾਂ ਦੇ ਕੀਮਤੀ ਪੱਥਰਾਂ ਨੂੰ ਲਗਾਇਆ ਗਿਆ ਹੈ, ਜੋ ਚੀਨ, ਤਿੱਬਤ ਤੋਂ ਲੈ ਕੇ ਸ੍ਰੀ ਲੰਕਾ ਤਕ ਤੋਂ ਲਿਆਂਦੇ ਗਏ ਸਨ। ਬ੍ਰਿਟਿਸ਼ ਕਾਲ ਦੇ ਸਮੇਂ ਇਨ੍ਹਾਂ ਬੇਸ਼ਕੀਮਤੀ ਪੱਥਰਾਂ ਨੂੰ ਕੱਢ ਦਿੱਤਾ ਗਿਆ ਸੀ। ਇਸ ਲਈ ਕਿ ਇੰਨੇ ਬੇਸ਼ਕੀਮਤੀ ਪੱਥਰਾਂ ਨੂੰ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਚੁੰਧਿਆ ਸਕਦੀਆਂ ਹਨ। ਇਸ ਦੀ ਲੰਬਾਈ ਕੁਤਬਮੀਨਾਰ ਤੋਂ ਵੀ ਜ਼ਿਆਦਾ ਮੰਨੀ ਗਈ ਹੈ। ਇਸ ਦਾ ਖ਼ਰਚਾ ਮਿਲੀਅਨਜ਼ ਤਕ ਪਹੁੰਚ ਗਿਆ ਸੀ। ਇਸ ਵਿਚ ਜੋ ਫੁਹਾਰੇ ਵਿਖਾਈ ਦਿੰਦੇ ਹਨ ਜੋ ਇਕ ਹੀ ਸਮੇਂ ਕੰਮ ਕਰਦੇ ਹਨ। ਕੋਈ ਵੀ ਫੁਹਾਰਾ ਕਿਸੇ ਪਾਈਪ ਨਾਲ ਜੁੜਿਆ ਹੋਇਆ ਨਹੀਂ ਹੈ। ਹਰ ਫੁਹਾਰੇ ਦੇ ਥੱਲੇ ਇਕ ਤਾਂਬੇ ਦਾ ਟੈਂਕ ਬਣਿਆ ਹੋਇਆ ਹੈ ਜੋ ਇਕ ਹੀ ਸਮੇਂ ਭਰਦਾ ਹੈ ਤੇ ਇਕ ਹੀ ਸਮੇਂ ਦਬਾਅ ਪੈਣ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਜ ਮਹਿਲ ਵੇਖਣ ਲਈ ਦੁਨੀਆ ਭਰ ਤੋਂ 12,000 ਸੈਲਾਨੀ ਹਰ ਰੋਜ਼ ਆਉਂਦੇ ਹਨ। ਕਹਿੰਦੇ ਹਨ ਕਿ ਸ਼ਾਹਜਹਾਂ ਦੀ ਇਕ ਤਮੰਨਾ ਇਹ ਵੀ ਸੀ ਕਿ ਜਿਸ ਤਰ੍ਹਾਂ ਇਹ ਸਫ਼ੈਦ ਤਾਜ ਮਹਿਲ ਬਣਵਾਇਆ ਹੈ। ਇਸੇ ਤਰ੍ਹਾਂ ਹੀ ਇਸ ਦੇ ਸਾਹਮਣੇ ਪੂਰੇ ਕਾਲੇ ਪੱਥਰਾਂ ਦਾ ਤਾਜ ਮਹਿਲ ਬਣਵਾਏ ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੋਈ ਸੀ ਕਿਉਂਕਿ ਉਸ ਦੇ ਪੁੱਤਰ ਔਰੰਗਜ਼ੇਬ ਨੇ ਉਸ ਨੂੰ ਕੈਦ ਕਰ ਲਿਆ ਸੀ। ਜਾਰਜ ਹਰੀਸਨ ਨਾਮੀ ਇਕ ਵਿਅਕਤੀ ਨੇ ਤਾਜ ਮਹਿਲ ਨਾਲ ਪਹਿਲੀ ਸੈਲਫੀ ਖਿੱਚੀ ਸੀ। ਇਹ ਗੱਲ ਉਨ੍ਹਾਂ ਸਮਿਆਂ ਦੀ ਹੈ, ਜਦੋਂ ਸੈਲਫੀ ਲੈਣੀ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਫਿਸ਼ ਆਈ ਲੈਂਜ਼ ਦੇ ਨਾਲ ਉਸ ਵਿਅਕਤੀ ਨੇ ਇਹ ਸੈਲਫੀ ਲਈ ਸੀ। ਤਾਜ ਮਹਿਲ ਦੀ ਇਕ ਖ਼ੂਬੀ ਇਹ ਵੀ ਹੈ ਕਿ ਇਸ ਦਾ ਰੰਗ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਬਦਲਦਾ ਹੈ। ਸਵੇਰ ਸਮੇਂ ਇਸ ਦਾ ਰੰਗ ਗੁਲਾਬੀ ਹੁੰਦਾ ਹੈ, ਸ਼ਾਮ ਸਮੇਂ ਇਸ ਦਾ ਰੰਗ ਦੁੱਧੀਆ ਸਫ਼ੈਦ ਹੋ ਜਾਂਦਾ ਹੈ ਤੇ ਚਾਂਦਨੀ ਰਾਤ ਨੂੰ ਸੁਨਹਿਰਾ ਹੋ ਜਾਂਦਾ ਹੈ। ਤਾਜ ਮਹਿਲ ਦੇ ਚਾਰੇ ਮੀਨਾਰ ਇਕ ਦੂਜੇ ਵੱਲ ਨੂੰ ਝੁਕੇ ਹੋਏ ਹਨ ਜੋ ਇਸ ਨੂੰ ਤੂਫ਼ਾਨ, ਭੂਚਾਲ ਆਦਿ ਦੇ ਝਟਕਿਆਂ ਤੋਂ ਬਚਾਉਣ ਲਈ ਇਸਤੇਮਾਲ ਕੀਤੀ ਹੋਈ ਤਕਨੀਕ ਦਾ ਸਿੱਟਾ ਹਨ। ਇਸ ਦੇ ਗੁੰਬਦ ਵਿਚ ਇਕ ਛੇਕ ਹੈ, ਜਿਸ 'ਚੋਂ ਪਾਣੀ ਟਪਕਦਾ ਹੈ। ਕਹਿੰਦੇ ਹਨ ਕਿ ਜਦ ਤਾਜ ਮਹਿਲ ਬਣ ਕੇ ਪੂਰਾ ਤਿਆਰ ਹੋ ਗਿਆ ਤਾਂ ਸ਼ਾਹਜਹਾਂ ਨੇ ਮਜ਼ਦੂਰਾਂ ਦੇ ਹੱਥ ਕਟਵਾਉਣ ਦਾ ਫ਼ੈਸਲਾ ਸੁਣਾਇਆ। ਇਸ ਕਰਕੇ ਮਜ਼ਦੂਰਾਂ ਨੇ ਇਹ ਇਕ ਕਮੀ ਜਾਣ-ਬੁੱਝ ਕੇ ਛੱਡ ਦਿੱਤੀ। ਇਸ ਨੂੰ ਬਣਵਾਉਣ ਵਿਚ ਪੰਦਰਾਂ ਸਾਲ ਦਾ ਸਮਾਂ ਲੱਗਿਆ ਸੀ। ਤਾਜ ਮਹਿਲ ਜਮੁਨਾ ਨਦੀ ਦੇ ਤੱਟ 'ਤੇ ਬਣਿਆ ਹੈ।


ਬੇਬੀਲੋਨ ਦਾ ਝੂਲਨਾ ਮਹਿਲ

ਬੇਬੀਲੋਨ ਦਾ ਝੂਲਨਾ ਮਹਿਲ ਵੀ ਪੁਰਾਣੇ ਸੱਤ ਅਜੂਬਿਆਂ 'ਚ ਆਉਂਦਾ ਹੈ। ਇਸ ਮਹਿਲ ਦੀ ਸਹੀ ਲੋਕੇਸ਼ਨ ਤਾਂ ਪਤਾ ਨਹੀਂ ਲਗਾਈ ਜਾ ਸਕੀ ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਇਕ ਪੁਰਾਤਨ ਬੇਬੀਲੋਨ ਸ਼ਹਿਰ ਵਿਚ ਬਣਿਆ ਹੋਇਆ ਹੈ, ਜੋ ਇਰਾਕ 'ਚ ਮੌਜੂਦ ਹੈ। ਇਸ ਬਾਗ਼ ਨੂੰ ਰਾਜਾ ਨਵਕੁ ਤੇਸਨ ਨੇ ਖ਼ਾਸ ਤੌਰ 'ਤੇ ਆਪਣੀ ਰਾਣੀ ਲਈ ਬਣਾਇਆ ਸੀ। ਰਾਣੀ ਅਮੇਟਿਸ ਵਿਆਹ ਤੋਂ ਪਹਿਲਾਂ ਜਿੱਥੇ ਰਹਿੰਦੀ ਸੀ, ਉੱਥੇ ਵਹਿੰਦੇ ਝਰਨੇ, ਸੁੰਦਰ ਵੇਲਾਂ, ਰੰਗ-ਬਰੰਗੀਆਂ ਝਾੜੀਆਂ ਇਕ ਆਮ ਗੱਲ ਸੀ। ਇਸ ਰਾਜਾ ਨੇ ਆਪਣੀ ਰਾਣੀ ਲਈ ਕੁਝ ਵੱਖਰਾ ਕਰਨਾ ਚਾਹਿਆ। ਰਾਜਾ ਨੇ ਇਕ ਅਨੋਖਾ ਬਾਗ਼ ਬਣਵਾਇਆ। ਇਸ ਰਾਜੇ ਨੇ 605 ਤੋਂ 662 ਈ. ਪੂਰਵ ਤਕ 48 ਸਾਲ ਤਕ ਸ਼ਾਸਨ ਕੀਤਾ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਬਾਗ਼ ਇਸ ਸਮੇਂ ਦੌਰਾਨ ਹੀ ਬਣਾਏ ਗਏ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਈਸਾ ਤੋਂ ਦੋ ਸਦੀਆਂ ਪਹਿਲਾਂ ਇਕ ਭਿਆਨਕ ਭੂਚਾਲ ਆ ਜਾਣ ਕਰ ਕੇ ਇਹ ਬਾਗ਼ ਨਸ਼ਟ ਹੋ ਗਏ ਸਨ। ਪ੍ਰਾਚੀਨ ਰੋਮਨ ਇਤਿਹਾਸਕਾਰਾਂ ਦੀ ਇਹ ਖੋਜ ਹੈ ਕਿ ਇਹ ਬਾਗ਼ ਕਿਸ ਨੇ ਅਤੇ ਕਿਉਂ ਬਣਾਏ? ਉਨ੍ਹਾਂ ਦਾ ਮੰਨਣਾ ਹੈ ਕਿ ਇਹ ਬਾਗ਼ 75 ਫੁੱਟ ਦੀ ਉੱਚਾਈ 'ਤੇ ਸਥਿਤ ਸੀ ਤੇ ਇਨ੍ਹਾਂ ਦੀ ਸਿੰਚਾਈ ਲਈ 31000 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਸੀ। ਇਹ ਬਾਗ਼ ਹਵਾ 'ਚ ਝੂਲਦੇ ਨਹੀਂ ਸਨ, ਸਗੋਂ ਮਹਿਲਾਂ ਦੀਆਂ ਛੱਤਾਂ 'ਤੇ ਉਗਾਏ ਗਏ ਸਨ। ਪ੍ਰਸਿੱਧ ਇਤਿਹਾਸਕਾਰ ਡਾਇਉਡਾਰਿਸ ਸੀਕੁਲਸ ਨੇ ਵਰਨਣ ਕੀਤਾ ਹੈ ਕਿ ਇਹ ਬਾਗ਼ ਮਹਿਲਾਂ ਦੀਆਂ ਸਾਰੀਆਂ ਛੱਤਾਂ 'ਤੇ 400 ਵਰਗ ਫੁੱਟ ਦੇ ਦਾਇਰੇ 'ਚ ਫ਼ੈਲੇ ਹੋਏ ਸਨ। ਇਸ ਕਿਲ੍ਹੇ ਦੀਆਂ ਦੀਵਾਰਾਂ 80 ਫੁੱਟ ਤਕ ਉੱਚੀਆਂ ਸਨ। ਜਰਮਨ ਦੇ ਇਤਿਹਾਸਕਾਰ ਰਾਬਰਟ ਕੋਲਡਵੇ ਨੇ ਇਕ ਅਜਿਹੀ ਜਗ੍ਹਾ ਦੀ ਖੋਜ ਕੀਤੀ ਸੀ ਜੋ ਬੇਬੀਲੋਨ ਦੇ ਝੂਲਦੇ ਬਾਗ਼ਾਂ ਨਾਲ ਮਿਲਦੀ-ਜੁਲਦੀ ਸੀ। ਉਸ ਦੁਆਰਾ ਖੋਜੀ ਗਈ ਜਗ੍ਹਾ ਦੇ ਫ਼ਰਸ਼ 'ਤੇ ਤਿੰਨ ਕੁੰਡ ਵੀ ਖੋਜੇ ਗਏ। ਮੰਨਿਆ ਜਾਂਦਾ ਹੈ ਕਿ ਇਹ ਕੁੰਡ ਬੇਬੀਲੋਨ ਦੇ ਝੂਲਦੇ ਬਾਗ਼ਾਂ ਦੀ ਸਿੰਚਾਈ ਕਰਨ ਲਈ ਵਰਤੇ ਜਾਂਦੇ ਸੀ ਪਰ ਕਈ ਇਸ ਖੋਜ 'ਤੇ ਸ਼ੱਕ ਜ਼ਾਹਿਰ ਕਰਦੇ ਹਨ ਕਿ ਇਹ ਖੋਜੀ ਗਈ ਜਗ੍ਹਾ ਬੇਬੀਲੋਨ ਤੋਂ 400 ਮੀਲ ਦੂਰ ਹੈ। ਨਵੀਆਂ ਖੋਜਾਂ ਤੋਂ ਪਤਾ ਲਗਦਾ ਹੈ ਕਿ ਅਜਿਹੇ ਬਾਗ਼ ਅਸਲੀਅਤ ਵਿਚ ਹੋ ਸਕਦੇ ਹਨ ਕਿਉਂਕਿ ਉਸ ਸਮੇਂ ਅਜਿਹੇ ਬਾਗ਼ ਬਣਾਉਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਪਰ ਇਹ ਬਾਗ਼ ਕਿਸ ਜਗ੍ਹਾ 'ਤੇ ਸਥਿਤ ਸੀ ਇਸ ਬਾਰੇ ਅੱਜ ਤਕ ਸਹੀ ਉੱਤਰ ਕਿਸੇ ਨੂੰ ਨਹੀਂ ਮਿਲ ਸਕਿਆ।

ਰੋਸ਼ਨੀ ਦਾ ਘਰ

ਮਿਸਰ ਵਿਚ ਦੁਨੀਆ ਦਾ ਇਕ ਹੋਰ ਅਜੂਬਾ ਹੈ। ਇਹ ਸੀ ਸਿਕੰਦਰੀਆ ਦਾ ਪ੍ਰਕਾਸ਼ ਅਸਥਾਨ। ਸਮੁੰਦਰੀ ਯਾਤਰੀਆਂ ਨੂੰ ਰਾਹ ਵਿਖਾਉਣ ਲਈ ਇਸ ਪ੍ਰਕਾਸ਼ ਸਤੰਭ ਦਾ ਨਿਰਮਾਣ ਇਕ ਛੋਟੇ ਜਿਹੇ ਆਈਲੈਂਡ ਫਰਾਉਂ 'ਤੇ ਕੀਤਾ ਗਿਆ ਸੀ। ਇਸ ਦਾ ਨਿਰਮਾਣ 247 ਈ: ਪੂਰਵ ਤੋਂ 280 ਈ: ਪੂਰਵ ਦੇ ਮੱਧ ਵਿਚਕਾਰ ਹੋਇਆ ਸੀ। ਇਹ ਵਿਸ਼ਵ ਦੇ ਸੱਤ ਅਜੂਬਿਆਂ 'ਚੋਂ ਵਿਸ਼ਵ ਦੀ ਤੀਜੀ ਸਰਵਉਚ ਰਚਨਾ ਸੀ। ਇਸ ਦੀ ਉਚਾਈ 393 ਫੁੱਟ ਤੋਂ 450 ਫੁੱਟ ਮੰਨੀ ਜਾਂਦੀ ਹੈ। 956 ਤੋਂ 1323 ਦੇ ਮੱਧ 'ਚ ਆਏ ਤਿੰਨ ਵੱਡੇ ਭੂਚਾਲਾਂ ਨਾਲ ਇਹ ਇਮਾਰਤ ਨੁਕਸਾਨੀ ਗਈ ਸੀ। ਇਸ ਲਾਈਟ ਹਾਊਸ ਦੇ ਪੱਥਰਾਂ ਦਾ 15ਵੀਂ ਸ਼ਤਾਬਦੀ 'ਚ ਇਸੀ ਜਗ੍ਹਾ ਬਣੇ ਸਿਟਾਬਲ ਕੈਡਬਯ ਵਿਚ ਇਸਤੇਮਾਲ ਕੀਤਾ ਗਿਆ ਸੀ। ਫਰਾਂਸ ਦੇ ਮਾਹਿਰਾਂ ਨੇ ਇਸ ਲਾਈਟ ਹਾਊਸ ਦੀ ਖੋਜ ਕੀਤੀ ਸੀ।

ਉਲੰਪਿਆ ਵਿਚ ਯਿਸ਼ੂ ਦੀ ਮੂਰਤੀ

ਪ੍ਰਾਚੀਨ ਉਲੰਪਿਆ ਵਿਚ ਸਥਿਤ ਯਿਸ਼ੂ ਦੀ ਮੂਰਤੀ ਪ੍ਰਾਚੀਨ ਵਿਸ਼ਵ ਦੇ ਸੱਤ ਅਜੂਬਿਆਂ 'ਚੋਂ ਇਕ ਹੈ। ਇਸ ਮੂਰਤੀ ਦਾ ਨਿਰਮਾਣ ਈਸਾ ਤੋਂ 432 ਸਾਲ ਪਹਿਲਾਂ ਕੀਤਾ ਗਿਆ ਸੀ। ਇਹ ਮੂਰਤੀ ਜੋ ਯੂਨਾਨ ਦੇ ਉਲੰਪਿਆ ਦੇ ਯੂਸਿਸ ਦੇ ਮੰਦਰ ਵਿਚ ਸਥਾਪਤ ਕੀਤੀ ਗਈ ਹੈ। ਇਸ ਮੂਰਤੀ ਨੂੰ ਮੰਦਰ ਵਿਚ ਬੈਠੇ ਹੋਏ ਦਿਖਾਇਆ ਗਿਆ ਹੈ। ਮੂਰਤੀ ਦੀ ਉਚਾਈ 13 ਮੀਟਰ 42 ਫੁੱਟ ਹੈ। 432 ਈ. ਪੂਰਵ ਵਿਚ ਲੱਗੀ ਇਹ ਮੂਰਤੀ ਹੁਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ। ਇਸ ਮੂਰਤੀ ਦਾ ਨਿਰਮਾਣ ਯੂਨਾਨੀ ਮੂਰਤੀਕਾਰ ਫਿੜ੍ਹੀਆਸ ਨੇ ਈਸਾ ਤੋਂ 432 ਸਾਲ ਪਹਿਲਾਂ ਕੀਤਾ ਸੀ। ਇਹ ਮੂਰਤੀ475 ਈ: 'ਚ ਲੱਗੀ ਭਿਆਨਕ ਅੱਗ ਦੀ ਵਜ੍ਹਾ ਕਾਰਨ ਨਸ਼ਟ ਹੋ ਗਈ ਸੀ।

ਮਾਉਸੋਲਸ ਦਾ ਮਕਬਰਾ

ਇਹ ਵੀ ਪ੍ਰਾਚੀਨ ਅਜੂਬਿਆਂ 'ਚੋਂ ਇਕ ਹੈ। ਮਾਉਸੋਲਸ ਦੇ ਇਸ ਮਕਬਰੇ ਦੀ ਉਚਾਈ 150 ਫੁੱਟ ਉੱਚੀ ਹੈ। ਇਸ ਮਕਬਰੇ ਦਾ ਨਿਰਮਾਣ 623 ਈ: ਪੂਰਵ ਵਿਚ ਕੀਤਾ ਗਿਆ ਸੀ। ਮਾਉਸੋਲਸ ਨਾਮਕ ਦੁਆਰਾ ਬਣਾਈ ਗਈ, ਇਸ ਇਮਾਰਤ ਨੂੰ ਉਸ ਦੀ ਯਾਦ ਵਜੋਂ ਜਾਣਿਆ ਜਾਂਦਾ ਹੈ। ਇਹ ਮਕਬਰਾ 12ਵੀਂ ਸਦੀ ਤੋਂ 15ਵੀਂ ਸਦੀ ਦੇ ਵਿਚਕਾਰ ਆਏ ਭੂਚਾਲਾਂ ਕਾਰਨ ਨਸ਼ਟ ਹੋ ਗਿਆ ਸੀ।

ਆਰਟੇਮਿਸ ਦਾ ਮੰਦਰ

ਆਰਟੇਮਿਸ ਦੇ ਇਸ ਮੰਦਰ ਨੂੰ ਬਣਾਉਣ ਵਿਚ ਕਹਿੰਦੇ ਹਨ ਕਿ ਪੂਰੇ 120 ਸਾਲ ਦਾ ਲੰਬਾ ਸਮਾਂ ਲੱਗਾ ਸੀ। ਇਸ ਨੂੰ 'ਟੈਂਪਲ ਆਫ ਡਾਈਨਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 401 ਈ: ਵਿਚ ਭੂਚਾਲ ਕਾਰਨ ਹੋਈ ਤਬਾਹੀ ਹੋਣ ਸਮੇਂ ਇਹ ਮੰਦਰ ਕਈ ਵਾਰ ਨਸ਼ਟ ਹੋ ਚੁੱਕਾ ਸੀ। ਤਿੰਨ ਵਾਰ ਇਸ ਦਾ ਪੁਨਰ ਨਿਰਮਾਣ ਕਰਵਾਇਆ ਗਿਆ ਸੀ ਜਿਸ 'ਚੋਂ ਇਕ ਵਾਰ ਸਿਕੰਦਰ ਨੇ ਇਸ ਦਾ ਪੁਨਰ ਨਿਰਮਾਣ ਕਰਵਾਇਆ ਸੀ। ਡਾਇਨਾ ਜੁਪੀਟਰ ਦੇਵਤਾ ਦੀ ਪੁੱਤਰੀ ਸੀ ਅਤੇ ਪੁਰਸ਼ਾਂ ਦੀ ਸੰਗਤ ਤੋਂ ਬਚਣ ਲਈ ਦੇਵੀ ਡਾਇਨਾ ਜ਼ਿਆਦਾ ਤੋਂ ਜ਼ਿਆਦਾ ਸ਼ਿਕਾਰ ਕਰਦੀ ਰਹਿੰਦੀ ਸੀ। ਇਹ ਮੰਦਰ ਉਸ ਦੀ ਯਾਦ ਵਿਚ ਬਣਾਇਆ ਗਿਆ ਹੈ। ਇਸ ਮੰਦਰ ਵਿਚ 127 ਖੰਭੇ ਸਨ, ਜਿਸ ਦੀ ਉਚਾਈ 70 ਫੁੱਟ ਹੈ, ਜਦਕਿ ਲੰਬਾਈ425 ਫੁੱਟ ਅਤੇ ਚੌੜਾਈ 200 ਫੁੱਟ ਹੈ। ਇਸ ਮੰਦਰ ਦੇ 127 ਖੰਭਿਆਂ 'ਚੋਂ 27 ਖੰਭਿਆਂ 'ਤੇ ਬੜੀ ਹੀ ਅਨੋਖੀ ਖ਼ੁਦਾਈ ਕੀਤੀ ਗਈ ਹੈ ਤੇ ਕੁਝ ਕੁ ਖੰਭਿਆਂ 'ਤੇ ਚਮਕੀਲਾ ਰੋਗਨ ਵੀ ਕੀਤਾ ਗਿਆ ਸੀ।

ਰੋਡੇਸ ਦੀ ਵਿਸ਼ਾਲ ਮੂਰਤੀ

ਇਹ ਅਜੂਬਾ ਵੀ ਗ੍ਰੀਸ ਵਿਚ ਮੌਜੂਦ ਸੀ। ਗ੍ਰੀਸ ਦੀ ਇਕ ਹੋਰ ਵਾਸਤਵਿਕ ਕਲਾ ਨੂੰ ਸੱਤ ਅਜੂਬਿਆਂ 'ਚ ਸ਼ੁਮਾਰ ਕੀਤਾ ਗਿਆ ਸੀ। ਰੋਡੇਸ ਦੀ ਮੂਰਤੀ ਕਰੀਬ 300 ਈ: ਪੂਰਵ ਵਿਚ ਸਥਾਪਤ ਕੀਤੀ ਗਈ ਸੀ। ਇਹ ਰਾਜਾ ਰੋਡੇਸ ਦੀ ਜਿੱਤ ਦੀ ਖ਼ੁਸ਼ੀ ਵਿਚ ਬਣਾਈ ਗਈ ਸੀ। ਨਸ਼ਟ ਹੋਣ ਤੋਂ ਪਹਿਲਾਂ ਇਸ ਮੂਰਤੀ ਦੀ ਉਚਾਈ 30 ਮੀਟਰ ਸੀ, ਜੋ ਇਸ ਨੂੰ ਸਭ ਤੋਂ ਵੱਡੀ ਮੂਰਤੀ ਹੋਣ ਦਾ ਮਾਣ ਪ੍ਰਾਪਤ ਕਰਵਾਉਂਦੀ ਸੀ। ਭੂਚਾਲ ਕਾਰਨ ਇਹ ਮੂਰਤੀ ਵੀ ਨਸ਼ਟ ਹੋ ਚੁੱਕੀ ਹੈ।

- ਧਰਮਿੰਦਰ ਸਿੰਘ ਚੱਬਾ

Posted By: Harjinder Sodhi