ਕੁਦਰਤ ਦੀ ਗੋਦ 'ਚ ਵਸਿਆ ਨਾਰਕੰਡਾ

ਹਿਮਾਲਿਆ ਦੀ ਗੋਦ 'ਚ ਵਸੇ ਸ਼ਿਮਲਾ ਤੋਂ ਕਰੀਬ 70 ਕਿਲੋਮੀਟਰ ਦੂਰ 2708 ਮੀਟਰ ਦੀ ਉਚਾਈ 'ਤੇ ਸਥਿਤ ਨਾਰਕੰਡਾ ਨੂੰ ਆਪਣੀ ਖ਼ੂਬਸੂਰਤੀ ਅਤੇ ਸ਼ਹਿਰ ਦੀ ਭੀੜ ਤੋਂ ਅਲੱਗ ਆਪਣੀ ਸ਼ਾਂਤੀ ਲਈ ਜਾਣਿਆ ਜਾਂਦਾ ਹੈ। ਸਰਦੀਆਂ ਦੌਰਾਨ ਹਾਲਾਂਕਿ ਇਥੋਂ ਦਾ ਤਾਪਮਾਨ ਬਹੁਤ ਹੀ ਘੱਟ ਹੋ ਜਾਂਦਾ ਹੈ, ਪਰ ਸਕੀਇੰਗ ਅਤੇ ਟ੍ਰੈਕਿੰਗ 'ਚ ਰੁਚੀ ਰੱਖਣ ਵਾਲਿਆਂ ਲਈ ਬਿਹਤਰੀਨ ਜਗ੍ਹਾ ਹੈ। ਇਸ ਸਮੇਂ ਯਾਨੀ ਕਿ ਗਰਮੀ ਦੌਰਾਨ ਨਾਰਕੰਡਾ 'ਚ ਹਲਕੇ ਮੌਸਮ ਦਾ ਅਨੁਭਵ ਹੁੰਦਾ ਹੈ। ਇਥੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਲੜੀਵਾਰ 30 ਡਿਗਰੀ ਸੈਲਸੀਅਸ ਅਤੇ 10 ਡਿਗਰੀ ਸੈਲਸੀਅਸ ਰਹਿੰਦਾ ਹੈ। ਇਹੀ ਕਾਰਨ ਹੈ ਕਿ ਨਾਰਕੰਡਾ ਸ਼ਿਮਲਾ ਆਉਣ ਜਾਣ ਵਾਲੇ ਸੈਲਾਨੀਆਂ ਦੀ ਮਨਪਸੰਦ ਥਾਂ ਬਣ ਕੇ ਉਭਰਿਆ ਹੈ।

ਖ਼ੂਬਸੂਰਤ ਅਤੇ ਸ਼ਾਂਤ ਵਾਤਾਵਰਨ

ਇਸ ਜਗ੍ਹਾ ਦੀ ਸਭ ਤੋਂ ਖ਼ਾਸ ਗੱਲ ਇਥੋਂ ਦੀ ਖ਼ੂਬਸੂਰਤੀ ਅਤੇ ਸ਼ਾਂਤ ਵਾਤਵਰਨ ਹੈ। ਇਸ ਸ਼ਾਂਤ ਵਾਦੀ ਦੀ ਸੁੰਦਰਤਾ ਸੈਲਾਨੀਆਂ ਦੇ ਮਨ ਨੂੰ ਮੱਲੋਮੱਲੀ ਆਪਣੇ ਵੱਲ ਖਿੱਚਦੀ ਹੈ। ਦੇਵਦਾਰ ਦੇ ਆਸਮਾਨ ਨੂੰ ਛੂੰਹਦੇ ਰੁੱਖ, ਘੁੰਮਣਘੇਰੀ ਵਾਲੀਆਂ ਤੰਗ ਜੋਖ਼ਮ ਭਰੀਆਂ ਸੜਕਾਂ ਅਤੇ ਉਨ੍ਹਾਂ ਸੜਕਾਂ ਨਾਲ ਚੱਲ ਰਹੀਆਂ ਗਹਿਰੀਆਂ ਖਾਈਆਂ ਸ਼ਿਮਲਾ ਤੋਂ ਨਾਰਕੰਡਾ ਤਕ ਦੇ ਪੂਰੇ ਸਫ਼ਰ ਨੂੰ ਕਾਫੀ ਸਾਹਸਪੂਰਨ ਅਤੇ ਮਜ਼ੇਦਾਰ ਬਣਾ ਦਿੰਦੀਆਂ ਹਨ। ਇਥੇ ਨਜ਼ਰਾਂ ਦੌੜਦੀਆਂ ਹੋਈਆਂ ਰਸਤਿਆਂ 'ਤੇ ਠਹਿਰ ਜਾਂਦੀਆਂ ਹਨ। ਲੋਕ ਥਾਂ-ਥਾਂ ਰੁਕਦੇ ਹਨ ਅਤੇ ਆਪਣੇ ਆਲੇ ਦੁਆਲੇ ਫੈਲੇ ਮਨਮੋਹਕ ਦ੍ਰਿਸ਼ਾਂ ਨੂੰ ਕਦੇ ਆਪਣੀਆਂ ਅੱਖਾਂ 'ਚ ਸੰਜੋਦੇ ਅਤੇ ਕਦੇ ਕੈਮਰੇ 'ਚ ਕੈਦ ਕਰ ਕੇ ਸਫ਼ਰ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਤਕਰੀਬਨ ਢਾਈ-ਤਿੰਨ ਘੰਟੇ ਦੇ ਸਫ਼ਰ ਨੂੰ ਪੂਰਾ ਕਰ ਕੇ ਜਦ ਇਸ ਛੋਟੇ ਜਿਹੇ ਸ਼ਹਿਰ 'ਚ ਪਹੁੰਚਦੇ ਹਾਂ ਤਾਂ ਮਨ 'ਚ ਬਸ ਇਕ ਹੀ ਖ਼ਿਆਲ ਆਉਂਦਾ ਹੈ ਕਿ ਕੁਝ ਦਿਨ ਲਈ ਇਨ੍ਹਾਂ ਮਹਿਕਦੀਆਂ ਵਾਦੀਆਂ 'ਚ ਛੱਡ ਦਿੱਤਾ ਜਾਵੇ।

ਪਰਿਵਾਰਕ ਟ੍ਰਿਪ ਲਈ ਢੁੱਕਵਾਂ

ਵੈਸੇ ਤਾਂ ਸ਼ਿਮਲਾ ਤੋਂ ਨਾਰਕੰਡਾ ਜਾ ਕੇ ਇਕ ਦਿਨ 'ਚ ਵਾਪਸ ਜਾ ਸਕਦੇ ਹੋ, ਪਰ ਜੇ ਇਥੇ ਤੁਸੀਂ ਠਹਿਰੇ ਹੋ ਤਾਂ ਇਹ ਇਕ ਅਲਹਿਦਾ ਕਿਸਮ ਦਾ ਅਨੁਭਵ ਹੋਵੇਗਾ। ਸਕੀਇੰਗ ਅਤੇ ਟ੍ਰੈਕਿੰਗ 'ਚ ਰੁਚੀ ਰੱਖਦੇ ਲੋਕ ਇਥੇ ਇਕ ਵੱਖਰੀ ਤਰ੍ਹਾਂ ਦੇ ਅਨੁਭਵ ਲਈ ਆਉਂਦੇ ਅਤੇ ਟੈਂਟ 'ਚ ਰੁਕਣਾ ਪਸੰਦ ਕਰਦੇ ਹਨ, ਪਰ ਇਥੇ ਲੋਕ ਨਿਰਮਾਣ ਵਿਭਾਗ ਦੁਆਰਾ ਬਣਾਇਆ ਗਿਆ ਹੋਟਲ ਅਤੇ ਗੈਸਟ ਹਾਊਸ ਵੀ ਹਨ, ਜੋ ਤੁਹਾਡੀ ਪਰਿਵਾਰਕ ਟ੍ਰਿਪ ਨੂੰ ਕਾਫ਼ੀ ਲਾਜਵਾਬ ਬਣਾ ਦਿੰਦੇ ਹਨ। ਇਹ ਗੱਲ ਇਥੇ ਪਹੁੰਚਣ 'ਤੇ ਪਤਾ ਲੱਗਦੀ ਹੈ ਕਿ ਸੈਰ ਸਪਾਟਾ ਦੇ ਨਜ਼ਰੀਏ ਤੋਂ ਨਵੀਂ-ਨਵੀਂ ਬਣੀ ਇਸ ਜਗ੍ਹਾ ਦੀ ਵਸਾ ਕਿੰਨੀ ਪੁਰਾਣੀ ਅਤੇ ਖ਼ਾਸ ਹੈ। ਇਥੋਂ ਦੇ ਸਥਾਨਕ ਲੋਕ ਦੱਸਦੇ ਹਨ ਕਿ ਇਹ ਕਸਬਾ ਪਠਾਣਾਂ ਦੇ ਹਮਲੇ ਨਾਲ ਵਸਣਾ ਸ਼ੁਰੂ ਹੋਇਆ ਜਦ ਮੁਹੰਮਦ ਗੌਰੀ ਨੇ ਭਾਰਤ 'ਤੇ ਹਮਲਾ ਕੀਤਾ ਤਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਦੌੜ ਕੇ ਆਏ ਅਤੇ ਇਸ ਜਗ੍ਹਾ ਆ ਕੇ ਵਸ ਗਏ। ਬਾਅਦ 'ਚ ਜਦ ਗੋਰਖਾ ਹਮਲਾ ਹੋਇਆ ਤੰ ਇਨ੍ਹਾਂ ਦੀ ਇਕਜੁਟਤਾ ਨੇ ਮਿਸਾਲ ਕਾਇਮ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।

ਅੰਗਰੇਜ਼ਾਂ ਦੀ ਮਨਪਸੰਦ ਥਾਂ

ਆਜ਼ਾਦੀ ਤੋਂ ਪਹਿਲਾਂ ਇਥੇ ਅੰਗਰੇਜ਼ਾਂ ਦੀ ਮਨਪਸੰਦ ਜਗ੍ਹਾ ਸੀ। ਜਦ ਸ਼ਿਮਲਾ ਤੋਂ ਇਲਾਵਾ ਯਾਤਰੀਆਂ ਦੇ ਠਹਿਰਨ ਲਈ ਕੋਈ ਹੋਰ ਜਗ੍ਹਾ ਨਹੀਂ ਸੀ,ਤਾਂ ਨਾਰਕੰਡਾ ਨੂੰ ਹੀ ਉਨ੍ਹਾਂ ਸੈਰ ਸਪਾਟਾ ਸਥਾਨ ਬਣਾਇਆ ਹੋਇਆ ਸੀ। ਉਸ ਸਮੇਂ ਵੀ ਤਕਰੀਬਨ ਦਸ ਕਮਰਿਆਂ ਦਾ ਇਕ ਗੈਸਟ ਹਾਊਸ ਹੋਇਆ ਕਰਦਾ ਸੀ, ਜੋ ਸਾਲ ਭਰ ਪਹਿਲਾਂ ਤੋਂ ਹੀ ਬੁਕ ਹੋ ਜਾਇਆ ਕਰਦਾ ਸੀ। ਕਈ ਵਾਰ ਕਮਰੇ ਦੀ ਉਪਲੱਬਧਾ ਨਾ ਹੋਣ ਦੇ ਬਾਵਜੂਦ ਵੀ ਅੰਗਰੇਜ਼ ਇਥੇ ਆਉਂਦੇ ਅਤੇ ਖੁੱਲ੍ਹੇ ਆਸਮਾਨ ਹੇਠ ਤੰਬੂ ਲੈ ਕੇ ਰੁਕਦੇ ਸਨ। ਹਿਮਾਲਿਆ ਦੀ ਜਾਣਕਾਰੀ ਉਪਲੱਬਧਾ ਕਰਾਉਣ ਵਾਲੇ ਕੁਝ ਚੰਗੇ ਗਾਈਡ ਵੀ ਹੋਇਆ ਕਰਦੇ ਸਨ, ਜੋ ਲੋਕਾਂ ਨੂੰ ਵਿਸਥਾਰ 'ਚ ਜਾਣਕਾਰੀ ਦਿੰਦੇ ਸਨ।

ਖਿੱਚੇ ਆਉਂਦੇ ਹਨ ਸੈਲਾਨੀ

ਨਾਰਕੰਡਾ ਭਾਰਤ ਤਿੱਬਤ ਉੱਚ ਹਾਈਵੇ ਦੇ ਦੋਵੇਂ ਪਾਸੇ ਵਸਿਆ ਹੋਇਆ ਹੈ। ਸੜਕ ਦੇ ਦੋਵੇਂ ਪਾਸੇ ਛੋਟਾ ਬਾਜ਼ਾਰ ਹੈ, ਜਿੱਥੇ ਸਥਾਨਕ ਲੋਕ ਆਪਣੀਆਂ ਰੋਜ਼ਾਨਾ ਦੀਆਂ ਲੋੜੀਂਦੇ ਚੀਜ਼ਾਂ ਖ਼ਰੀਦਣ ਲਈ ਅਕਸਰ ਆਉਂਦੇ ਰਹਿੰਦੇ ਹਨ। ਬਾਜ਼ਾਰ ਵਿਚ ਇਕ ਪ੍ਰਾਚੀਨ ਮੰਦਰ ਹੈ, ਜੋ ਕਾਲੀ ਮਾਤਾ ਦੇ ਮੰਦਰ ਦੇ ਰੂਪ 'ਚ ਪ੍ਰਸਿੱਧ ਹੈ। ਸਥਾਨਕ ਬਾਜ਼ਾਰ ਤੋਂ ਦੂਰ ਕਿਲੋਮੀਟਰ ਦੀ ਦੂਰੀ 'ਤੇ ਧਮੜੀ ਨਾਮੀ ਜਗ੍ਹਾ ਤੇ ਸਕੀਇੰਗ ਕੇਂਦਰ ਸਥਿਤ ਹੈ। ਰਈ, ਕੋਲ ਅਤੇ ਤੋਸ਼ ਦੇ ਰੁੱਖਾਂ ਨਾਲ ਘਿਰੀ ਇਹ ਜਗ੍ਹਾ ਖ਼ੂਬਸੂਰਤੀ ਲਈ ਜਾਣੀ ਜਾਂਦੀ ਹੈ। ਇਥੇ ਹਰ ਸਾਲ ਸਕੀਇੰਗ ਦੇ ਸਿਖਲਾਈ ਕੈਂਪ ਲਗਾਏ ਜਾਂਦੇ ਹਨ, ਜਿਸ 'ਚ ਦੇਸ਼ ਭਰ 'ਚੋਂ ਲੋਕ ਆਉਂਦੇ ਹਨ। ਅਡਵੈਂਚਰ ਦੇ ਸ਼ੌਕੀਨ ਨਾਰਕੰਡਾ ਹਿੱਲ ਸਟੇਸ਼ਨ ਦੇ ਹਾਰਟ ਪੀਕ 'ਤੇ ਪਹੁੰਚਦੇ ਹਨ। ਪਹਾੜਾਂ 'ਤੇ ਟ੍ਰੈਕਿੰਗ ਕਰਨ ਲਈ ਵੀ ਇਹ ਹਿੱਲ ਸਟੇਸ਼ਨ ਬੜਾ ਮਸ਼ਹੂਰ ਹੈ। ਭੀੜ ਪਸੰਦ ਨਾ ਕਰਨ ਵਾਲੇ ਲੋਕ ਇਥੇ ਆਉਂਦੇ ਹਨ ਕਿਉਂਕਿ ਹਾਰਟ ਪਿਕ 'ਤੇ ਆ ਕੇ ਉਨ੍ਹਾਂ ਨੂੰ ਕੁਦਰਤ ਦਾ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਥੇ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਸੜਕਾਂ ਨਾਲ ਵੀ ਲੋਕਾਂ ਦਾ ਵਾਸਤਾ ਪੈਂਦਾ ਹੈ। ਨਾਰਕੰਡਾ ਤੋਂ ਰਾਮਪੁਰ, ਸਰਾਹਨ, ਵਾਂਗਟੂ ਜਾਣ ਵਾਲੀਆਂ ਸੜਕਾਂ ਨੂੰ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ।

ਹਾਟੂ ਮੰਦਰ (ਮੰਦੋਦਰੀ ਮੰਦਰ)

ਨਾਰਕੰਡਾ ਬੱਸ ਸਟੇਸ਼ਨ ਤੋਂ ਤਕਰੀਬਨ ਅੱਠ ਕਿਲੋਮੀਟਰ ਦੀ ਦੂਰੀ 'ਤੇ ਇਥੋਂ ਦੀ ਸਭ ਤੋਂ ਉੱਚੀ ਚੋਟੀ ਹਾਟੂ ਹਿੱਲ ਆਉਂਦੀ ਹੈ, ਜਿੱਥੇ ਹਾਟੂ ਮੰਦਿਰ ਸਥਿਤ ਹੈ। ਇਸ ਮੰਦਰ ਨੂੰ ਲੋਕ ਰਾਵਣ ਦੀ ਪਤਨੀ ਮੰਦੋਦਰੀ ਦਾ ਮੰਦਰ ਕਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੰਦੋਦਰੀ ਨੇ ਹਾਟੂ ਮਾਤਾ ਦੀ ਪੂਜਾ ਲਈ ਇਸ ਮੰਦਰ ਨੂੰ ਬਣਵਾਇਆ ਸੀ। ਅਜਿਹੀ ਮਾਨਤਾ ਹੈ ਕਿ ਰਾਵਣ ਦੀ ਪਤਨੀ ਹਾਟੂ ਮਾਤਾ ਦੀ ਭਗਤ ਸੀ। ਉਹ ਹਰ ਦਿਨ ਇਥੇ ਆ ਕੇ ਪੂਜਾ ਕਰਦੀ ਸੀ। ਇਸ ਮੰਦਰ ਦੀ ਬਨਾਵਟ ਵੀ ਅਨੋਖੀ ਹੈ। ਪੂਰੇ ਮੰਦਰ 'ਚ ਲੱਕੜੀ ਦੀ ਹੀ ਵਰਤੋਂ ਕੀਤੀ ਗਈ ਹੈ। ਮੰਦਰ ਦੇ ਆਲੇ ਦੁਆਲੇ ਦੇਵਦਾਰ ਦੇ ਰੁੱਖ ਹਨ। ਜਿਨ੍ਹਾਂ ਨਾਲ ਇਥੋਂ ਦੀ ਖ਼ੂਬਸੂਰਤੀ ਹੋਰ ਵੱਧ ਜਾਂਦੀ ਹੈ। ਇਹ ਰਸਤਾ ਕਾਫ਼ੀ ਤੰਗ ਅਤੇ ਜੋਖ਼ਮ ਭਰਿਆ ਹੈ। ਅਜੇ ਵੀ ਲੋਕਾਂ ਨੂੰ ਹਾਟੂ ਮਾਤਾ ਦੇ ਮੰਦਰ ਤਕ ਪਹੁੰਚਣ ਲਈ ਪਹਾੜਾਂ ਅਤੇ ਨਦੀਆਂ 'ਚੋਂ ਲੰਘਣਾ ਪੈਂਦਾ ਹੈ।

ਸੇਬਾਂ ਦੇ ਬਾਗ਼

ਥਾਨੇਦਾਰ 'ਚ ਸਥਿਤ ਪ੍ਰਸਿੱਧ ਸਟੋਕਸ ਫਾਰਮ, ਨਾਰਕੰਡਾ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ, ਜਿਸ ਨੂੰ ਵਿਆਪਕ ਤੌਰ 'ਤੇ ਆਪਣੇ ਸੇਬਾਂ ਦੇ ਬਗ਼ੀਚੇ ਲਈ ਮਾਨਤਾ ਪ੍ਰਾਪਤ ਹੈ, ਨਾਲ ਹੀ ਇਸ ਨੂੰ ਕੌਮਾਂਤਰੀ ਪ੍ਰਸਿੱਧੀ ਵੀ ਮਿਲੀ ਹੋਈ ਹੈ। ਇਹ ਫਾਰਮ ਦੀ ਸ਼ੁਰੂਆਤ ਅਮਰੀਕੀ ਵਿਅਕਤੀ ਸੈਮੂਅਲ ਸਟੋਕਸ ਨੇ ਕੀਤੀ ਸੀ। ਇਸ ਨੂੰ 18 ਵੀਂ ਸਦੀ ਦੀ ਸ਼ੁਰੂਆਤ 'ਚ ਸ਼ੁਰੂ ਕੀਤਾ ਸੀ।

ਨਰਕੰਡਾ 'ਚ ਯਾਤਰੀ ਕੋਟਗੜ੍ਹ ਦੀ ਵੀ ਯਾਤਰਾ ਕਰ ਸਕਦੇ ਹਨ ਜੋ ਇਕ ਪ੍ਰਾਚੀਨ ਪਿੰਡ ਹੈ ਅਤੇ ਸਤਲੁਜ ਨਦੀ ਦੇ ਖੱਬੇ ਕਿਨਾਰੇ ਸਥਿਤ ਹੈ। ਇਹ ਪਿੰਡ ਨਾਰਕੰਡਾ ਤੋਂ 17 ਕਿਮੀ. ਦੀ ਦੂਰੀ 'ਤੇ ਹੈ। ਪਿੰਡ ਵਾਦੀ 'ਚ ਸਥਿਤ ਹੈ ਆਪਣੇ 'ਯੂ' ਆਕਾਰ ਲਈ ਜਾਣਿਆ ਜਾਂਦਾ ਹੈ। ਇਸ ਮੌਸਮ 'ਚ ਆਪਣੀ ਖ਼ੂਬਸੂਰਤੀ ਲਈ ਜਾਣੀ ਜਾਣ ਵਾਲੀ ਆਛਾਦਿਤ ਹਿਮਾਲਿਆ ਦੀ ਬਰਫ਼ ਤਾਂ ਨਹੀਂ ਮਿਲੇਗੀ, ਪਰ ਆਉਣ ਵਾਲੇ ਕੁਲੂ ਵਾਦੀ ਦੇ ਮਨਮੋਹਕ ਦ੍ਰਿਸ਼, ਸੁਹਾਵਣੇ ਮੌਸਮ, ਸੜਕਾਂ ਅਤੇ ਪਹਾੜਾਂ ਦਾ ਭਰਪੂਰ ਆਨੰਦ ਲੈ ਸਕਦੇ ਹਨ। ਹਿਮਾਲਿਆ ਪਰਬਤ ਲੜੀ ਅਤੇ ਇਸ ਦੀ ਤਲਹਟੀ 'ਤੇ ਹਰੇ ਜੰਗਲਾਂ ਦੇ ਸ਼ਾਨਦਾਰ ਦ੍ਰਿਸ਼ ਇਥੇ ਆਉਣ ਵਾਲਿਆਂ ਨੂੰ ਮੰਤਰ ਮੁਗਧ ਕਰ ਦਿੰਦੇ ਹਨ

ਕਿੱਦਾਂ ਪਹੁੰਚੀਏ

ਸ਼ਿਮਲਾ ਤੋਂ ਨਾਰਕੰਡਾ ਲਈ ਬੱਸਾ ਮਿਲ ਜਾਂਦੀਆਂ ਹਨ। ਨੇੜਲਾ ਰੇਲਵੇ ਸਟੇਸ਼ਨ ਸ਼ਿਮਲਾ 'ਚ ਹੀ ਹੈ। ਨੈਸ਼ਨਲ ਹਾਈਵੇ 5 'ਤੇ ਸ਼ਿਮਲਾ ਤੋਂ ਨਾਰਕੰਡਾ ਤਕ ਦਾ ਸਫ਼ਰ ਲਗਪਗ 2 ਘੰਟੇ ਦਾ ਹੈ। ਸ਼ਿਮਲਾ ਤੋਂ 65ਕਿਮੀ. ਦੀ ਦੂਰੀ ਤਹਿ ਕਰ ਕੇ ਲੋਕ ਨਾਰਕੰਡਾ ਪਹੁੰਚ ਸਕਦੇ ਹਨ।